--ਡੀ.ਐਸ.ਪੀ. ਸਿਟੀ ਨੂੰ ਸ਼ਿਕਾਇਤ ਦੇ ਤੱਥਾਂ ਦੀ ਪੜਤਾਲ ਕਰਕੇ ਹਫ਼ਤੇ ਵਿੱਚ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਹਦਾਇਤ ਜਾਰੀ
--ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀ ਮਾਣਹਾਨੀ ਬਰਦਾਸ਼ਤ ਨਹੀਂ ਹੋਵੇਗੀ - ਮਿਸ ਪਰਮਿਲਾ
ਮੋਗਾ 27 ਅਪ੍ਰੈਲ (ਰਣਜੀਤ ਸਿੱਧਵਾਂ) :
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ। ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਮਾਣਹਾਨੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਕੇਸਾਂ ਵਿੱਚ ਦੋਸ਼ੀ 'ਤੇ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਮਿਸ ਪਰਮਿਲਾ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਵਿਖੇ ਕੀਤਾ। ਉਹ ਅੱਜ ਇੱਥੇ ਇਸੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਸੁਣਵਾਈ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਧਰਮਪਾਲ ਸਿੰਘ ਐਡਵੋਕੇਟ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਡੀ.ਐਸ.ਪੀ. ਸਿਟੀ ਜਸ਼ਨਦੀਪ ਸਿੰਘ, ਪਿੰਡ ਦਾ ਸਰਪੰਚ ਜਰਨੈਲ ਸਿੰਘ (ਪੀੜਤ), ਪਿੰਡ ਦੇ ਮੋਹਤਬਰ ਵਿਅਕਤੀ ਅਤੇ ਹੋਰ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।
ਦਾਰਾਪੁਰ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਹਰਜੀਤ ਸਿੰਘ ਵਾਸੀ ਪਿੰਡ ਦਾਰਾਪੁਰ ਉੱਪਰ ਦੋਸ਼ ਲਗਾਇਆ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਉਸਦੇ ਘਰ ਵੜ ਕੇ ਉਸਨੂੰ ਗਾਲੀ ਗਲੋਚ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲੇ ਹਨ, ਜਿਸ ਦੇ ਸਬੂਤ ਵਜੋਂ ਉਸ ਕੋਲ ਵੀਡੀਓ ਵੀ ਮੌਜੂਦ ਹੈ। ਸਰਪੰਚ ਨੇ ਦੋਸ਼ੀ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਮਿਸ ਪਰਮਿਲਾ ਪਾਸ ਰੱਖੀ।
ਮਿਸ ਪਰਮਿਲਾ ਨੇ ਸ਼ਿਕਾਇਤ ਬਾਰੇ ਜਾਣਕਾਰੀ ਹਾਸਲ ਕਰਕੇ, ਡੀ.ਐਸ.ਪੀ. ਸਿਟੀ ਜ਼ਸ਼ਨਦੀਪ ਸਿੰਘ ਨੂੰ ਸਰਪੰਚ ਦੀ ਸ਼ਿਕਾਇਤ ਨਾਲ ਸਬੰਧਤ ਤੱਥਾਂ ਦੀ ਪੜਤਾਲ ਕਰਕੇ ਇੱਕ ਹਫ਼ਤੇ ਦੇ ਵਿੱਚ ਕਮਿਸ਼ਨ ਨੂੰ ਕਾਰਵਾਈ ਰਿਪੋਰਟ ਭੇਜਣ ਦੀ ਹਦਾਇਤ ਜਾਰੀ ਕੀਤੀ।