ਲੰਡਨ, ਜੁਲਾਈ 2019 -( ਗਿਆਨੀ ਰਾਵਿਦਰਪਾਲ ਸਿੰਘ )- ਯੂ.ਕੇ. ਦੇ ਪ੍ਰਧਾਨ ਮੰਤਰੀ ਪਦ ਦੀ ਦੌੜ 'ਚ ਸ਼ਾਮਿਲ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਬਾਹਰਲੇ ਦੇਸ਼ਾਂ ਤੋਂ ਯੂ.ਕੇ. ਆਉਣ ਵਾਲੇ ਲੋਕਾਂ ਲਈ ਅੰਗਰੇਜ਼ੀ ਸਿੱਖਣੀ ਲਾਜ਼ਮੀ ਹੋਣੀ ਚਾਹੀਦੀ ਹੈ ।
ਉਨ੍ਹਾਂ ਕੰਜ਼ਰਵੇਟਿਵ ਐਸੋਸੀਏਸ਼ਨ ਮੈਂਬਰਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਯੂ.ਕੇ. ਆ ਕੇ ਰਹਿਣਾ ਚਾਹੁੰਦਾ ਹੈ ਉਸ ਨੂੰ ਬਰਤਾਨਵੀ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਈ ਹਿੱਸਿਆਂ 'ਚ, ਲੰਡਨ ਦੇ ਕਈ ਹਿੱਸਿਆਂ 'ਚ ਅਤੇ ਹੋਰ ਸ਼ਹਿਰਾਂ 'ਚ ਕੁਝ ਲੋਕਾਂ ਦੀ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ, ਉਨ੍ਹਾਂ ਨੂੰ ਬਦਲਣ ਦੀ ਲੋੜ ਹੈ ।
ਬੌਰਿਸ ਜੌਹਨਸਨ ਦੇ ਇਸ ਬਿਆਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਬਰਤਾਨੀਆ ਦੇ ਇੰਮੀਗ੍ਰੇਸ਼ਨ ਸਿਸਟਮ 'ਚ ਅੰਗਰੇਜ਼ੀ ਹੋਰ ਵੀ ਸਖ਼ਤੀ ਨਾਲ ਲਾਗੂ ਹੋ ਸਕਦੀ ਹੈ ।ਜ਼ਿਕਰਯੋਗ ਹੈ ਕਿ ਬੌਰਿਸ ਜੌਹਨਸਨ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਵੇਖਿਆ ਜਾ ਰਿਹਾ ਹੈ । ਯੂ ਗੌਵ ਨਾਮ ਦੀ ਸੰਸਥਾ ਵਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਪਾਰਟੀ ਦੇ 74 ਫੀਸਦੀ ਮੈਂਬਰ ਬੌਰਿਸ ਦੇ ਹੱਕ 'ਚ ਅਤੇ 26 ਫੀਸਦੀ ਜੈਰਮੀ ਹੰਟ ਦੇ ਹੱਕ 'ਚ ਹਨ ।