ਇੰਮੀਗ੍ਰੇਸ਼ਨ ਦੇ ਵਕੀਲ ਉੱਪਲ ਦਾ ਸੋਨ ਤਗਮੇ ਨਾਲ ਸਨਮਾਨ

ਲੰਡਨ, ਜੁਲਾਈ 2019- (  ਗਿਆਨੀ ਅਮਰੀਕ ਸਿੰਘ ਰਾਠੌਰ   )- ਮਸ਼ਹੂਰ ਇੰਮੀਗ੍ਰੇਸ਼ਨ ਵਕੀਲ ਗੁਰਪਾਲ ਸਿੰਘ ਉੱਪਲ ਦਾ ਯੂ.ਕੇ. 'ਚ ਰਹਿ ਰਹੇ ਪੰਜਾਬੀਆਂ ਵਲੋਂ ਸੰਗਠਿਤ 'ਸਟੇਟਲਿੱਸ ਫੈਨ ਕਲੱਬ' ਦੇ ਗੁਰਚਰਨ ਸਿੰਘ ਕੁਲਾਰ, ਕੁਲਵਿੰਦਰ ਕੌਰ ਹੁੰਦਲ, ਬਲਜੀਤ ਕੌਰ ਬਾਜਵਾ, ਕਮਲਜੀਤ ਸਿੰਘ, ਲੂਪਾ ਸੰਧੂ, ਸਤਿੰਦਰ ਸਿੰਘ, ਰਾਜਿੰਦਰ ਰਾਜ, ਗੁਰਸੇਵਕ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਅੱਜ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ । ਇਹ ਸਨਮਾਨ ਗੁਰਪਾਲ ਸਿੰਘ ਉੱਪਲ ਵਲੋਂ ਯੂ.ਕੇ. ਦੇ ਇੰਮੀਗ੍ਰੇਸ਼ਨ ਕਾਨੂੰਨ ਤਹਿਤ ਸਟੇਟਲਿੱਸ ਬੱਚਿਆਂ (ਯੂ.ਕੇ. 'ਚ ਜਨਮੇ 5 ਸਾਲ ਤੋਂ ਵਧੇਰੀ ਉਮਰ ਦੇ ਬੱਚੇ ਜਿਨ੍ਹਾਂ ਕੋਲ ਕਿਸੇ ਦੇਸ਼ ਦੀ ਨਾਗਰਿਕਤਾ ਨਹੀਂ) ਦਾ ਕੇਸ ਹਾਈਕੋਰਟ 'ਚ ਜਿੱਤ ਕੇ ਯੂ.ਕੇ. ਦੀ ਨਾਗਰਿਕਤਾ ਦਿਵਾਈ ਅਤੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਨੂੰ ਯੂ.ਕੇ. 'ਚ ਸਥਾਈ ਤੌਰ 'ਤੇ ਰਹਿਣ ਦਾ ਅਧਿਕਾਰ ਦਿਵਾਉਣ ਬਦਲੇ ਕੀਤਾ ਗਿਆ ।ਗੁਰਪਾਲ ਸਿੰਘ ਉੱਪਲ ਨੇ ਯੂ.ਕੇ. ਦੀ ਹਾਈਕੋਰਟ 'ਚ ਆਪਣੀ ਟੀਮ ਰਾਹੀਂ ਦੋ ਸਾਲ ਪਹਿਲਾਂ ਮਨਰੀਤ ਕੌਰ ਨਾਂਅ ਦੀ ਲੜਕੀ ਦਾ ਕੇਸ ਜਿੱਤਿਆ, ਜਿਸ ਕਰਕੇ ਇਹ ਕੇਸ ਐਮ.ਕੇ. ਸਟੇਟਲਿੱਸ ਦੇ ਨਾਮ ਨਾਲ ਮਸ਼ਹੂਰ ਹੋਇਆ । ਇਸ ਮੌਕੇ ਮਨਰੀਤ ਕੌਰ ਅਤੇ ਉਸ ਦੇ ਮਾਤਾ ਪਿਤਾ ਦਾ ਵੀ ਸਨਮਾਨ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਕੁਲਾਰ, ਕੁਲਵਿੰਦਰ ਕੌਰ ਹੁੰਦਲ, ਸ਼ਿੰਗਾਰਾ ਸਿੰਘ ਰੰਧਾਵਾ, ਜੀਤਾ ਸਿੰਘ, ਬੌਬੀ ਸਿੰਘ ਨੇ ਕਿਹਾ ਕਿ ਗੁਰਪਾਲ ਸਿੰਘ ਉੱਪਲ ਦੀ ਮਿਹਨਤ ਸਦਕਾ ਹਜ਼ਾਰਾਂ ਪੰਜਾਬੀਆਂ ਦੇ ਘਰਾਂ 'ਚ ਰੌਣਕਾਂ ਪਰਤੀਆਂ ਹਨ । ਸ: ਉੱਪਲ ਨੇ ਸਟੇਟਲਿੱਸ ਫੈਨ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਗੁਰੂ ਘਰ ਵਲੋਂ ਕੁਲਵੰਤ ਸਿੰਘ ਮੁਠੱਡਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ ।