You are here

ਨਿਮਰ ਤੇ ਸ਼ਾਂਤ ਸੁਭਾਅ ਦੇ ਮਾਲਕ ਸਨ ਰਾਮ ਸਿੰਘ ਰਾਜੋਆਣਾ

ਹਠੂਰ, 16 ਅਪ੍ਰੈਲ(ਕੌਸ਼ਲ ਮੱਲ੍ਹਾ )- ਜਗਰਾਉਂ ਦੇ ਪਿੰਡ ਰਾਜੋਆਣਾ ਕਲਾਂ ਵਿਖੇ ਪਿਤਾ ਸਰਵਣ ਸਿੰਘ ਦੇ ਘਰ ਮਾਤਾ ਕਿਸ਼ਨ ਕੌਰ ਦੀ ਕੁਖੋਂ ਜਨਮੇ ਰਾਮ ਸਿੰਘ ਰਾਜੋਆਣਾ (84) ਬਹੁਤ ਹੀ ਨਿਮਰ ਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਰੂਹਾਨੀਅਤ ਦੇ ਮਾਰਗ ਦੇ ਰਾਹੀ ਅਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਰਾਮ ਸਿੰਘ ਦੀ ਰੂਹ ਹਰ ਘੜੀ ਹਰ ਪਲ ਗੁਰਬਾਣੀ ਸਿਮਰਨ ਨਾਲ ਜੁੜੀ ਰਹਿੰਦੀ ਸੀ। ਉਹ ਹਮੇਸ਼ਾਂ ਸ਼ਾਂਤ ਚਿੱਤ ਆਪਣੇ ਕੰਮਕਾਰ 'ਚ ਲੱਗੇ ਰਹਿੰਦੇ ਅਤੇ ਉਨ੍ਹਾਂ ਲਈ ਕਿਰਤ ਹੀ ਪੂਜਾ ਸੀ। ਉਹ ਸਿਰਫ਼ ਗੁਰੂ ਘਰ ਦੀਆਂ ਗੱਲਾਂ ਕਰਨਾ ਹੀ ਪਸੰਦ ਕਰਦੇ ਅਤੇ ਦੁਨਿਆਵੀ ਗੱਲਾਂ ਬਾਤਾਂ 'ਚ ਉਨ੍ਹਾਂ ਦਾ ਉੱਕਾ ਵੀ ਮੋਹ ਨਹੀਂ ਸੀ। ਹਰ ਕਿਸੇ ਨੂੰ ਦੋਵੇਂ ਹੱਥ ਜੋੜ ਕੇ ਸਤਿਕਾਰ ਦੇਣ ਵਾਲੀ ਸਖਸ਼ੀਅਤ ਰਾਮ ਸਿੰਘ ਨੇ ਸਖ਼ਤ ਮਿਹਨਤ ਮੁਸ਼ਕਤ ਨਾਲ ਆਪਣੇ ਦੋਵੇਂ ਪੁੱਤਰਾਂ ਕੁਲਦੀਪ ਸਿੰਘ ਤੇ ਰਣਧੀਰ ਸਿੰਘ ਬਿੱਲੂ ਨੂੰ ਪੜ੍ਹਾ ਲਿਖਾ ਕੇ ਸਰਕਾਰੀ ਨੌਕਰੀ 'ਤੇ ਲਵਾਇਆ ਅਤੇ ਜਿਸ ਤਰ੍ਹਾਂ ਆਪਣੀਆਂ ਧੀਆਂ ‌‌ਦਲਵੀਰ ਕੌਰ, ਰਣਜੀਤ ਕੌਰ ਤੇ ਮਨਜੀਤ ਕੌਰ ਦਾ ਲੜਕਿਆਂ ਦੀ ਤਰ੍ਹਾਂ ਪਾਲਣ-ਪੋਸ਼ਣ ਕੀਤਾ, ਉਸੇ ਤਰ੍ਹਾਂ ਹੀ ਨੂੰਹਾਂ ਨੂੰ ਵੀ ਧੀਆਂ-ਪੁੱਤਰਾਂ ਦੀ ਤਰ੍ਹਾਂ ਪਿਆਰ ਦਿੱਤਾ। ਉਨ੍ਹਾਂ ਦੀ ਇਕਲੌਤੀ ਪੋਤਰੀ ਪੀ.ਏ.ਯੂ. ਲੁਧਿਆਣਾ ਤੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਅਮਰੀਕਾ 'ਚ ਪੀ.ਐੱਚ.ਡੀ ਕਰ ਰਹੀ ਹੈ ਅਤੇ ਪੋਤਰੇ, ਦੋਹਤੇ ਤੇ ਦੋਹਤੀਆਂ ਵੀ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ। ਸ.ਰਾਮ ਸਿੰਘ ਦੇ ਕਰੀਬੀ ਰਿਸ਼ਤੇਦਾਰ ਸਤਨਾਮ ਸਿੰਘ ਜਗਰਾਉਂ, ਬਲਵਿੰਦਰ ਸਿੰਘ ਸੁਧਾਰ, ਸੇਵਕ ਕਾਉੰਕੇ, ਜੀਤਾ ਪੰਡੋਰੀ ਅਤੇ ਜਵਾਈ ਅਜੀਤ ਸਿੰਘ ਤੇ ਪ੍ਰਿੰ.ਸਰਬਜੀਤ ਸਿੰਘ ਦੇਹੜਕਾ ਨੇ ਦੱਸਿਆ ਕਿ ਉਹ ਦੋ-ਦੋ, ਤਿੰਨ-ਤਿੰਨ ਘੰਟਿਆਂ ਤੱਕ ਨਾਮ ਸਿਮਰਨ ਕਰਦੇ ਰਹਿੰਦੇ ਸਨ ਅਤੇ ਬੰਦਗੀ ਕਰਦਿਆਂ ਆਖਰੀ ਸਾਹ ਤੱਕ ਤੰਦਰੁਸਤੀ ਤੇ ਖੁਸ਼ੀ ਭਰਿਆ ਜੀਵਨ ਬਤੀਤ ਕੀਤਾ। ਉਨ੍ਹਾਂ ਨਮਿਤ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 19 ਅਪ੍ਰੈਲ 2022 ਦਿਨ ਮੰਗਲਵਾਰ ਨੂੰ ਗੁਰਦੁਆਰਾ ਦਸਮੇਸ਼ ਨਗਰ (ਕੱਚਾ ਮਲਕ ਰੋਡ) ਜਗਰਾਉਂ ਵਿਖੇ 1 ਵਜੇ ਹੋਵੇਗੀ।