ਤਿੰਨ ਪਿੰਡਾਂ ਦੀ 215 ਏਕੜ ਖੜੀ ਕਣਕ ਸੜ ਕੇ ਸੁਆਹ, ਕਿਸਾਨਾਂ ਨੇ ਕੀਤੀ ਮੁਆਵਜੇ ਦੀ ਮੰਗ            

ਹਠੂਰ,15,ਅਪ੍ਰੈਲ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਹੇਰਾ,ਛੱਜਾਵਾਲ,ਰਾਜੋਆਣਾ ਖੁਦ ਆਦਿ  ਪਿੰਡਾਂ ਦੀ ਸੋਨੇ ਵਰਗੀ ਕਣਕ ਸੜ ਕੇ ਸੁਆਹ ਹੋ ਗਈ ।ਪੁੱਤਾਂ ਵਾਂਗ ਪਾਲੀ ਕਣਕ ਸੜਦੀ ਵੇਖ ਕਿਸਾਨਾਂ ਦੇ ਬੇ ਬਸ਼ ਦਿਲਾਂ ਤੇ ਜੋ ਬੀਤਦੀ ਸੀ ਉਸ ਨੂੰ ਬੱਸ ਰੱਬ ਹੀ ਸਮਝ ਸਕਦਾ ਸੀ ।ਭਾਵੇਂ ਅੱਜ ਤਹਿਸੀਲਦਾਰ, ਪਟਵਾਰੀ ਆਦਿ ਪ੍ਰਸਾਸਨ ਵੱਲੋਂ ਸੜੀ ਕਣਕ ਦਾ ਸਰਵੇ ਕੀਤਾ ਗਿਆ ਅਤੇ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣ ਉਪ੍ਰੰਤ ਕਿਸਾਨਾਂ ਨੂੰ ਮੁਆਵਜਾ ਦਿਵਾਉਣ ਦੀ ਸਿਫਾਰਸ ਕੀਤੀ ਜਾਵੇਗੀ , ਪਰ ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ੍ਹ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਜਗਤਾਰ ਸਿੰਘ ਬਲਾਕ ਪ੍ਰਧਾਨ ਜਗਰਾਓ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਅਤੇ ਜਿਲਾ੍ਹ ਜਨਰਲ ਸਕੱਤਰ ਧਰਮ ਸਿੰਘ ਸੂਜਾਪੁਰ ਨੇ ਹੋਏ ਕਿਸਾਨਾਂ ਦੇ ਨੁਕਸਾਨ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਤਿੰਨ ਪਿੰਡਾਂ ਹੇਰਾਂ ਦੀ 125 ਕਿੱਲੇ,ਛੱਜਾਵਾਲ ਪਿੰਡ ਦੀ 65 ਕਿੱਲੇ ਅਤੇ ਚੱਕ ਛੱਜਾਵਾਲ ਪਿੰਡ ਦੀ 25 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਹੈ।ਉਹਨਾਂ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਦੋਂ ਕਿਸਾਨ ਪਨੀਰੀ ਬੀਜਣ ਲਈ ਖੁਦ ਨਾੜ ਨੂੰ ਅੱਗ ਲਗਾਉਦੇ ਹਨ ਤਾਂ ਸਰਕਾਰ ਸੈਟੇਲਾਈਟ ਰਾਹੀ ਪਤਾ ਕਰਕੇ ਕਿਸਾਨਾਂ ਤੇ ਪਰਚੇ ਦਰਜ ਕਰ ਦਿੰਦੀ ਹੈ ,ਪ੍ਰੰਤੂ ਇਸ ਤਰਾਂ ਜਦੋਂ ਸਰਕਾਰ ਦੀ ਗਲਤੀ ਨਾਲ ਕਿਸਾਨਾਂ ਦੀ ਫਸਲ ਸੜਦੀ ਹੈ ਤਾਂ ਫਿਰ ਸਰਕਾਰ ਦੇ ਸੈਟੇਲਾਈਟ ਕੰਮ ਕਰਨਾਂ ਬੰਦ ਕਰ ਦਿੰਦੇ ਹਨ।ਉਹਨਾਂ ਇਸ ਅੱਗ ਦੀ ਘਟਨਾਂ ਤੇ ਕਿਹਾ ਕਿ ਕਿਸਾਨਾਂ ਨੇ ਬੜੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਜਦੋਂ ਕਿ ਸਰਕਾਰੀ ਫਾਇਰ ਬਿਰਗੇਡ ਗੱਡੀਆਂ ਬਹੁਤ ਲੇਟ ਘਟਣਾ ਸਥਾਨ ਤੇ ਪਹੁੰਚੀਆਂ ।ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਦਾ ਮੁਆਵਜਾ ਪਿਛਲੀਆਂ ਸਰਕਾਰਾਂ ਵਾਂਗ ਮਜਾਕ ਬਣਾ ਕੇ ਨਾਂ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾ ਨੂੰ ਮੁਆਵਜਾ ਪ੍ਰਤੀ ਏਕੜ 50 ਹਜਾਰ ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ ਅਤੇ ਜਿਹੜੇ ਕਿਸਾਨਾਂ ਦਾ ਤੂੜੀ ਵਾਲਾ ਨਾੜ ਸੜ ਗਿਆ ਉਹਨਾਂ ਨੂੰ 5 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਮਨਜਿੰਦਰ ਸਿੰਘ ਸਿੱਧੂ ਜੱਟਪੁਰਾ,ਤਾਰਾ ਸਿੰਘ ਅੱਚਰਵਾਲ,ਇੰਦਰਜੀਤ ਸਿੰਘ ਮਾਣੂੰਕੇ,ਸਰਬਜੀਤ ਸਿੰਘ ਧੁਰਕੋਟ,ਸੁਰਜੀਤ ਸਿੰਘ ਕਲੇਰ,ਮਨਦੀਪ ਸਿੰਘ ਭੰਮੀਪੁਰਾ ਕਲਾਂ ਆਦਿ ਹਾਜਰ ਸਨ ।