ਲੁਧਿਆਣਾ-13 ਅਪ੍ਰੈਲ- (ਗੁਰਸੇਵਕ ਸੋਹੀ) -ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾ ਨੂੰ ਲੈਕੇ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਹਫ਼ਤਾ ਮਨਾਇਆਂ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਲੁਧਿਆਣੇ ਦੀ ਰੇਲਵੇ ਕਲੋਨੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਮੁਲਾਜ਼ਮ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੇ ਨਫ਼ੇ ਲਈ ਬਿਜਲੀ ਦੇ ਚਿਪ ਵਾਲੇ ਮੀਟਰ ਲਗਾਉਣਾ ਚਾਹੁੰਦੀ ਹੈ। ਜਿਸ ਨੂੰ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਹਨਾਂ ਆਖਿਆਂ ਕਿ ਕਿਸਾਨਾਂ ਦੀਆ ਮੰਨੀਆਂ ਗਈਆਂ ਮੰਗਾ ਜਿਵੇਂ ਐਮਐਸਪੀ ਤੇ ਫਸਲ ਦੀ ਖਰੀਦ ਦੀ ਗਾਰੰਟੀ, ਲਖਮੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਡੀਜ਼ਲ ਪਟਰੋਲ ਦੀਆ ਕੀਮਤਾ ਵਿੱਚ ਕੀਤਾ ਵਾਧਾ ਵਾਪਸ ਹੋਵੇ, ਕਿਸਾਨਾਂ ਲਈ ਸਸਤੇ ਰੇਟ ਤੇ ਡੀਜ਼ਲ ਦਿੱਤਾ ਜਾਵੇ, ਮੰਡੀਆਂ ਵਿੱਚ ਫਸਲ ਦੀ ਖਰੀਦ ਦਾ ਸਾਫ਼ ਸੁਥਰਾ ਪ੍ਰਬੰਧ, ਖੇਤੀ ਲਈ ਚੌਵੀ ਘੰਟੇ ਮੁਫ਼ਤ ਤੇ ਨਿਰਵਿਘਨ ਸਪਲਾਈ ਆਦਿ ਤੋਂ ਸਰਕਾਰ ਪਾਸਾ ਵੱਟ ਰਹੀ ਹੈ। ਉਹਨਾਂ ਮੰਗ ਕੀਤੀ ਕਿ ਉਪਰੋਕਤ ਮੰਨੀਆਂ ਮੰਗਾ ਦੇ ਫ਼ੈਸਲੇ ਨੂੰ ਸਰਕਾਰ ਤੁਰੰਤ ਲਾਗੂ ਕਰੇ। ਇਸ ਮੌਕੇ ਹੋਰਨਾ ਤੋਂ ਇਲਾਵਾ ਘਣਸ਼ਾਮ ਅਤੇ ਹਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ।