ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ
4 ਅਪ੍ਰੈਲ ਨੂੰ ਹੋਵੇਗਾ ਵਿਸ਼ਾਲ਼ ਰੋਸ ਮੁਜ਼ਾਹਰਾ -ਆਗੂ
ਜਗਰਾਉਂ 3 ਅਪ੍ਰੈਲ ( ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਕਾਰਨ ਜਾਨ ਗੁਆ ਚੁੱਕੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕਾਤਲ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਲੈ ਕੇ ਪੀੜ੍ਹਤ ਪਰਿਵਾਰ ਅਤੇ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਸਥਾਨਕ ਥਾਣੇ ਮੂਹਰੇ ਲਗਾਇਆ ਅਣਮਿਥੇ ਸਮੇਂ ਦਾ ਧਰਨਾ ਅੱਜ 12ਵੇਂ ਦਿਨ ਕੜਕਦੀ ਧੁੱਪ ਵਿੱਚ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਵੀ ਮ੍ਰਿਤਕ ਕੁਲਵੰਤ ਕੌਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਭੁੱਖ ਹੜਤਾਲ ਤੇ ਬੈਠੀ ਰਹੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੀ ਰਹੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਪੁਲਿਸ ਦੀਆਂ ਚਲਾਕੀਆਂ ਦੀ ਨਿਖੇਧੀ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਦੋਸ਼ੀਆਂ ਫੜਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਡੀਜੀਪੀ/ਮਨੁੱਖੀ ਅਧਿਕਾਰ, ਡੀਅੈਸਪੀ/ਸੀਆਈਡੀ ਅਤੇ ਅੈਸਪੀ/ਕ੍ਰਾਈਮ ਤੇ ਡਾਇਰੈਕਟਰ ਬਿਉਰੋ ਇੰਨਵੈਸਟੀਗੇਸ਼ਨ ਦੀਆਂ ਮੁਢਲ਼ੀਆਂ ਜਾਂਚ-ਪੜਤਾਲਾਂ ਦੋਸ਼ੀ ਪਾਏ ਅਤੇ ਮੁਕੱਦਮਾ ਨੰਬਰ 274/21 ਦੇ ਮੁੱਖ ਦੋਸ਼ੀ ਤੱਤਕਾਲੀ ਥਾਣਾਮੁਖੀ ਤੇ ਹੁਣ ਡੀ.ਅੈਸ.ਪੀ. ਸਮੇਤ ਬਾਕੀ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਜਿਥੇ ਗ੍ਰਿਫਤਾਰੀ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੇ ਵਤੀਰੇ ਦੀ ਰੱਜ਼ ਕੇ ਨਿੰਦਾ ਕੀਤੀ, ਉਥੇ ਇਨਸਾਫ਼ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਚੁਪੀ ਨੂੰ ਵੀ ਮਕਾਰੀ ਦੱਸਿਆ। ਇਸ ਮੌਕੇ ਪੀੜ੍ਹਤ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ 4 ਅਪ੍ਰੈਲ ਨੂੰ ਇਨਸਾਫ਼ ਪਸੰਦ ਲੋਕਾਂ ਦਾ ਥਾਣੇ ਮੂਹਰੇ ਇਕ ਵਿਸ਼ਾਲ ਇਕੱਠ ਹੋਵੇਗਾ ਅਤੇ ਫਿਰ ਰੋਸ ਮੁਜ਼ਾਹਰੇ ਦੀ ਸ਼ਕਲ਼ ਵਿੱਚ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਪੁੱਜੇਗਾ ਅਤੇ ਤਫਤੀਸ ਦੀ ਵਾਪਸੀ ਦੀ ਮੰਗ ਕਰੇਗਾ। ਅੱਜ ਦੇ ਧਰਨੇ ਵਿੱਚ ਪੇਂਡੂ ਮਜ਼ਦੂਰ ਆਗੂ ਬਖਤਾਵਰ ਸਿੰਘ ਜਗਰਾਉਂ, ਹਰੀ ਰਾਮ, ਦਲੀਪ ਸਿੰਘ ਅਖਾੜਾ, ਹਰਜਿੰਦਰ ਸਿੰਘ, ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।