You are here

ਸਾਰਾਗੜ੍ਹੀ ਦੇ ਮਿਸਾਲੀ ਯੁੱਧ ਨੂੰ ਪਰਦੇ ’ਤੇ ਰੂਪਮਾਨ ਕਰੇਗੀ ‘ਕੇਸਰੀ’

ਨਵੀਂ ਦਿੱਲੀ, 23 ਫਰਵਰੀ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ’ ਦੇ ਟਰੇਲਰ ਨੇ ਲੋਕ ਮਨਾਂ ਵਿਚ ਸਾਰਾਗੜ੍ਹੀ ਦੇ ਇਤਿਹਾਸਕ ਯੁੱਧ ਦਾ ਪਿਛੋਕੜ ਜਾਣਨ ਬਾਰੇ ਦਿਲਚਸਪੀ ਪੈਦਾ ਕਰ ਦਿੱਤੀ ਹੈ। ਟਰੇਲਰ ਨੂੰ ਲੰਘੇ 24 ਘੰਟਿਆਂ ਵਿਚ ਯੂ-ਟਿਊਬ ਉੱਤੇ ਕਰੀਬ ਦੋ ਕਰੋੜ ਲੋਕਾਂ ਨੇ ਦੇਖਿਆ ਹੈ। ਫ਼ਿਲਮ ਦੀ ਕਹਾਣੀ 12 ਸਤੰਬਰ 1897 ਨੂੰ ਉੱਤਰ ਪੱਛਮੀ ਸਰਹੱਦੀ ਸੂਬੇ (ਹੁਣ ਖੈਬਰ ਪਖ਼ਤੂਨਖਵਾ, ਪਾਕਿਸਤਾਨ) ਵਿਚ ਲੜੇ ਯੁੱਧ ਦੀ ਹੈ। ਇਸ ਯੁੱਧ ਵਿਚ ਬ੍ਰਿਟਿਸ਼ ਇੰਡੀਅਨ ਫ਼ੌਜ ਦੀ 36 ਸਿੱਖ ਰੈਜੀਮੈਂਟ (ਵਰਤਮਾਨ ਵਿਚ ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ) ਦੇ 21 ਸਿੱਖ ਜਵਾਨਾਂ ਨੇ 10,000 ਤੋਂ ਵੱਧ ਅਫ਼ਗਾਨਾਂ ਤੇ ਓੜਕਜ਼ਈ ਕਬੀਲੇ ਦੇ ਲੜਾਕੂਆਂ ਤੋਂ ਆਪਣੀ ਫ਼ੌਜੀ ਪੋਸਟ ਦੀ ਰਾਖ਼ੀ ਕਰਦਿਆਂ ਜਾਨ ਵਾਰ ਦਿੱਤੀ ਸੀ। ਯੁੱਧ ਇਤਿਹਾਸ ਦੀਆਂ ਮਿਸਾਲੀ ਲੜਾਈਆਂ ਵਿਚ ਗਿਣਿਆ ਜਾਂਦਾ ਹੈ। ਬਰਤਾਨਵੀ ਸਰਕਾਰ ਨੇ ਸ਼ਹੀਦ ਸਿੱਖ ਜਵਾਨਾਂ ਨੂੰ ਸਭ ਤੋਂ ਵੱਡੇ ਬਹਾਦਰੀ ਸਨਮਾਨ ‘ਇੰਡੀਅਨ ਆਰਡਰ ਆਫ਼ ਮੈਰਿਟ ਗਰੇਡ ਦੋ’ ਨਾਲ ਸਨਮਾਨਿਤ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਬਾਰੇ ਵਿਸ਼ੇਸ਼ ਤੌਰ ’ਤੇ ਲਿਖ ਚੁੱਕੇ ਹਨ।