ਰੰਗਮੰਚ ਦਿਹਾੜੇ ’ਤੇ ਵਿਸ਼ੇਸ ✍️ ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)

 

27 ਮਾਰਚ ਵਿਸ਼ਵ ਰੰਗਮੰਚ ਦਿਹਾੜੇ ਉਤੇ ਦੁਨੀਆ ਭਰ ਦੇ ਰੰਗਕਰਮੀਆਂ ਨੂੰ ਯਾਦ ਕਰਦਿਆਂ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਸਾਡਾ ਸਭ ਦਾ ਫ਼ਰਜ਼ ਵੀ ਬਣਦਾ ਹੈ ਕਿ ਇਸ ਦਿਹਾੜੇ ਅਸੀਂ ਨੌਰਾ ਰਿਚਰਡ, ਆਈ.ਸੀ. ਨੰਦਾ, ਬਲਵੰਤ ਗਾਰਗੀ, ਡਾ: ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸ਼ੀਲਾ ਭਾਟੀਆ, ਹਰਪਾਲ ਟਿਵਾਣਾ, ਭਾਗ ਸਿੰਘ, ਜੁਗਿੰਦਰ ਬਾਹਰਲਾ, ਗੁਰਦਿਆਲ ਸਿੰਘ ਫੁੱਲ ਤੇ ਤੇਰਾ ਸਿੰਘ ਚੰਨ ਜਿਹੇ ਮੋਢੀ ਨਾਟਕਕਾਰਾਂ, ਨਿਰਦੇਸ਼ਕਾਂ, ਰੰਗਕਰਮੀਆਂ ਨੂੰ ਯਾਦ ਕਰੀਏ,ਜਿਨ੍ਹਾਂ ਨੇ ਰੰਗਮੰਚ ਲਈ ਜ਼ਮੀਨ ਤਿਆਰ ਕੀਤੀ।
ਇੱਥੇ ਰੰਗਮੰਚ ਦਿਹਾੜੇ 'ਤੇ ਗੱਲ ਕਰਦਿਆਂ ਇਸਦਾ ਇਤਿਹਾਸਕ ਪਿਛੋਕੜ 'ਤੇ ਝਾਤ ਪਾਉਣੀ ਜ਼ਰੂਰੀ ਹੈ। ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫਿ਼ਨਿਸ਼ ਸੈਂਟਰ ਦੇ ਬੀਹਾਫ਼ `ਤੇ ਇੱਕ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ ਜਿਸ ਨੂੰ ਰੰਗਮੰਚ ਖੇਤਰ ਵਿੱਚ ਕੰਮ ਕਰਦੇ ਸਭਨਾਂ ਲੋਕਾਂ ਨੇ ਪ੍ਰਵਾਨਗੀ ਦਿੱਤੀ। ਇਸ ਮਗਰੋਂ ਹਰ ਸਾਲ 27 ਮਾਰਚ ਨੂੰ ਮਨਾਇਆ ਜਾਣ ਲੱਗਾ।
ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਪਹਿਲੀ ਵਾਰ 1962 ਵਿਚ ਪੈਰਿਸ ਵਿਖੇ ਮਨਾਇਆ ਗਿਆ। ਉਸਤੋਂ ਚਾਰ ਸਾਲ ਬਾਅਦ ਹੀ 1966 ਵਿਚ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪਹਿਲੀ ਵਾਰ ਪੰਜਾਬ ਵਿਚ ਪਟਿਆਲਾ ਵਿਖੇ ਯੂਨਾਨੀ ਨਾਟਕਕਾਰ ਸਫੋਕਲੀਜ਼ ਦਾ ਨਾਟਕ ਖੇਡ ਕੇ ਮਨਾਇਆ ਗਿਆ। ਜੇ ਇਤਿਹਾਸ ਦੇ ਪੰਨੇ ਫਰੋਲੇ ਜਾਣ ਤਾਂ ਮਨੁੱਖਤਾ ਨੂੰ ਰੰਗਮੰਚ ਦੀਆਂ ਬਹੁਤ ਵੱਡੀਆਂ ਦੇਣਾਂ ਨਜ਼ਰੀਂ ਆਉਣਗੀਆਂ। ਸ਼ਾਇਦ ਇਹੋ ਕਾਰਨ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਮਨਾਉਣ ਹਿੱਤ ਯੂਨੈਸਕੋ ਇਸ ਸੰਸਥਾ ਦੇ ਸਦਾ ਅੰਗ ਸੰਗ ਰਿਹਾ ਹੈ। ਪੰਜਾਬੀ ਰੰਗਮੰਚ ਜਨਮ ਤੋਂ ਹੀ ਲੋਕ ਹਿਤੈਸ਼ੀ ਅਤੇ ਮਾਨਵੀ ਕਦਰਾਂ ਕੀਮਤਾਂ ਨੂੰ ਸੰਬੋਧਨ ਹੁੰਦਾ ਆਇਆ ਹੈ। ਪੰਜਾਬੀ ਰੰਗਮੰਚ ਨੂੰ ਸਦਾ ਹੀ ਇਹ ਮਾਣ ਰਿਹਾ ਹੈ ਕਿ ਅਤਿ ਸੰਕਟ ਦੇ ਸਮਿਆਂ ਵਿਚ ( ਕਿਸਾਨੀ ਸੰਘਰਸ਼) ਵੀ ਇਹ ਹਮੇਸ਼ਾਂ ਹੀ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਰਿਹਾ।
27 ਮਾਰਚ ਨੂੰ ਹਰੇਕ ਸਾਲ ਕਿਸੇ ਪ੍ਰਮੁੱਖ ਥੀਏਟਰ ਸ਼ਖ਼ਸੀਅਤ ਜਾਂ ਕਿਸੇ ਦੂਸਰੇ ਖੇਤਰ ਦੇ ਪ੍ਰਮੁੱਖ ਵਿਅਕਤੀ ਨੂੰ ਵਿਸ਼ਵ ਭਾਈਚਾਰੇ ਲਈ ਆਪਣੇ ਪ੍ਰਭਾਵ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਜਿਸ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਜਿਸ ਦਾ 20 ਭਾਸ਼ਾਵਾਂ ਵਿੱਚ ਤਰਜਮਾ ਕਰਕੇ ਵਿਸ਼ਵ ਭਰ ਵਿੱਚ ਲੱਖਾਂ ਕਰੋੜਾਂ ਨਾਟਕ ਪ੍ਰੇਮੀਆਂ ਸਾਹਮਣੇ ਨਾਟ-ਪੇਸ਼ਕਾਰੀਆਂ ਤੋਂ ਪਹਿਲਾਂ ਰੰਗਕਰਮੀਆਂ ਵੱਲੋਂ ਪੜ੍ਹਿਆ ਜਾਂਦਾ ਹੈ। ਇਹ ਸੰਦੇਸ਼ ਵੱਖ ਵੱਖ ਭਾਸ਼ਾਵਾਂ ਵਿੱਚ ਛਪਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਾਪਿਆ ਜਾਂਦਾ ਹੈ। ਇਸੇ ਸੰਦੇਸ਼ ਨੂੰ ਵਿਸ਼ਵ ਭਰ ਦੇ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮਾਂ ਵਿੱਚ ਨਸ਼ਰ ਕੀਤਾ ਜਾਂਦਾ ਹੈ। ਸੰਨ 1962 ਵਿੱਚ ਪਹਿਲੇ ਵਿਸ਼ਵ ਰੰਗਮੰਚ ਦਿਵਸ ਮੌਕੇ ਜਾਰੀ ਕੀਤੇ ਸੰਦੇਸ਼ ਦਾ ਲੇਖਕ ਜੀਨ ਕੋਕਟੀਓ ਸੀ। ਸੰਨ 1993 ਵਿੱਚ ਵੇਨੇਯੂਇਲਨ ਦੇ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਸੈਂਟਰ ਨੇ 1962 ਤੋਂ ਲੈ ਕੇ 1993 ਤੱਕ ਜਾਰੀ ਕੀਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਨੂੰ ਛਾਪਣ ਦਾ ਉਪਰਾਲਾ ਕੀਤਾ ਸੀ। ਜਦ ਕਿ ਇਸ ਦਾ ਇੱਕ ਖਰੜਾ ਸਪੈਨਿਸ਼ ਭਾਸ਼ਾ ਵਿੱਚ ਛਾਪ ਕੇ ਵੰਡਿਆ ਗਿਆ ਸੀ।
ਆਓ ਗੱਲ ਅੱਗੇ ਕਰਦਿਆਂ, ਪੰਜਾਬੀ ਰੰਗਮੰਚ ਨਾਲ਼ ਸੰਬੰਧਿਤ ਕੁਝ ਹੋਰ ਤੱਥਾਂ ਨਾਲ਼ ਸਾਂਝ ਬਣਾਈਏ।
ਭਾਅਜੀ ਗੁਰਸ਼ਰਨ ਸਿੰਘ ਵੱਲੋਂ ਨਾਟਕ ਨੂੰ ਲੋਕਾਂ ਦੇ ਚੁੱਲ੍ਹਿਆਂ ਤੱਕ ਪਹੁੰਚਾ ਕੇ ਲਗਭਗ ਚਾਰ ਦਹਾਕਿਆਂ ਤੱਕ ਕੀਤੀ ਗਈ ਘਾਲਣਾ ਨੂੰ ਇੱਕ ਇਤਿਹਾਸਕ ਕਾਰਜ ਕਹਿਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ।
ਵਿਸ਼ਵ ਰੰਗਮੰਚ ਦਿਵਸ ਮਨਾਉਣ ਦੀ ਲੜੀ ਵਿੱਚ ਪੰਜਾਬ ਵਿੱਚ 'ਨਾਟਸ਼ਾਲਾ ਅੰਮ੍ਰਿਤਸਰ' ਵਰਗਾ ਅੰਤਰਰਾਸ਼ਟਰੀ ਸਹੂਲਤਾਂ ਵਾਲਾ ਅਤੀ ਅਧੁਨਿਕ ਥੀਏਟਰ ਜਿਸ ਨੂੰ ਉਦਯੋਗਪਤੀ ਨਾਟਕਕਾਰ 'ਜਤਿੰਦਰ ਬਰਾੜ' ਨੇ ਖੁਦ ਪੈਸੇ ਲਗਾ ਕੇ 1999 ਦੇ ਵਿਸ਼ਵ ਰੰਗਮੰਚ ਦਿਵਸ ਮੌਕੇ ਲੋਕ-ਪੱਖੀ ਨਾਟਕਕਾਰ ਅਜਮੇਰ ਔਲਖ ਹੱਥੋਂ ਉਦਘਾਟਨ ਕਰਵਾ ਕੇ ਰੰਗਮੰਚ ਨੂੰ ਸਮਰਪਿਤ ਕੀਤਾ ਸੀ। ਬਿਆਸ ਵਿਖੇ ਪੇਂਡੂ ਖੇਤਰ ਵਿੱਚ ਸੀਮਿਤ ਸਹੂਲਤਾਂ ਵਾਲੇ ਓਪਨ ਏਅਰ ਥੀਏਟਰ (ਜਿਸ ਨੂੰ ਰੰਗਮੰਚ ਦੇ ਪ੍ਰਤੀਬੱਧ ਰੰਗਕਰਮੀ ਹੰਸਾ ਸਿੰਘ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਾ ਕੇ ਤਿਆਰ ਕੀਤਾ) ਦਾ ਉਦਘਾਟਨ ਵੀ 2002 ਵਿੱਚ ਵਿਸ਼ਵ ਰੰਗਮੰਚ ਵਾਲੇ ਦਿਨ ਹੀ ਕੀਤਾ ਗਿਆ ਸੀ। ਇਸੇ ਤਰ੍ਹਾਂ 'ਲੋਕ ਕਲਾ ਮੰਚ ਮੰਡੀ ਮੁੱਲਾਂਪੁਰ' ਵੱਲੋਂ ਵੀ ਗੁਰਸ਼ਰਨ ਰੰਗਮੰਚ ਤਿਆਰ ਕੀਤਾ ਤੇ ਰੰਗਮੰਚ ਨੂੰ ਸਮਰਪਿਤ ਕੀਤਾ। ਪੰਜਾਬੀ ਰੰਗਮੰਚ ਇਸ ਵੇਲੇ ਆਪਣਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਅੱਜ ਜਿੰਨੀ ਵਰਾਇਟੀ ਪੰਜਾਬੀ ਰੰਗਮੰਚ ਵਿੱਚ ਹੈ ਉਨੀ ਹੋਰ ਕਿਸੇ ਭਾਸ਼ਾ ਦੇ ਰੰਗਮੰਚ ਵਿੱਚ ਨਹੀਂ। ਅੱਜ ਪੰਜਾਬ ਵਿੱਚ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਦਾ ਰੰਗਮੰਚ, ਸ਼ਹਿਰਾਂ ਦਾ ਥੀਏਟਰਾਂ ਦਾ ਰੰਗਮੰਚ, ਇਤਿਹਾਸਿਕ ਨਾਟਕਾਂ ਦਾ ਰੰਗਮੰਚ, ਤਰਕਸ਼ੀਲ ਰੰਗਮੰਚ, ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦਾ ਰੰਗਮੰਚ, ਸਾਖਰਤਾ ਸੰਮਤੀਆਂ ਦਾ ਰੰਗਮੰਚ, ਪੇਂਡੂ ਥੜ੍ਹੇ ਦਾ ਰੰਗਮੰਚ, ਬਾਲ ਰੰਗਮੰਚ, ਨੁੱਕੜ ਨਾਟਕ ਆਦਿ ਸਮੇਤ ਬਹੁਤ ਸਾਰੀ ਵੰਨਗੀਆਂ ਹਨ।
ਰੰਗਮੰਚ ਮੌਕੇ ਚਰਚਾ ਕਰਦਿਆਂ ਰੰਗਮੰਚ ਦੀ ਦੁਨੀਆਂ ਵਿੱਚ ਔਰਤਾਂ ਦੇ ਯੋਗਦਾਨ ਦੀ ਗੱਲ ਕਰਨਾ ਪਹਿਲਾਂ ਜ਼ਰੂਰੀ ਹੈ।
ਜਿਨ੍ਹਾਂ ਵਿਚ ਉਮਾ ਗੁਰਬਖ਼ਸ਼ ਸਿੰਘ, ਸ੍ਰੀਮਤੀ ਧਰਮ ਕੌਰ, ਸ੍ਰੀਮਤੀ ਕੈਲਾਸ਼ ਕੌਰ, ਦਲਜੀਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਮਨਜੀਤ ਔਲਖ, ਜਸਵੰਤ ਦਮਨ, ਨੀਨਾ ਟਿਵਾਣਾ, ਰਾਣੀ ਬਲਬੀਰ, ਨੀਲਮ ਮਾਨ ਸਿੰਘ, ਨਵਨਿੰਦਰਾ ਬਹਿਲ, ਸੁਨੀਤਾ ਧੀਰ, ਸੁਖਵਿੰਦਰ ਵਿਰਕ, ਮਨਦੀਪ ਕੌਰ, ਅਨੀਤਾ, ਕੁਲਵੰਤ ਭਾਟੀਆ, ਰੋਜ਼ੀ ਸਿੰਘ, ਨੀਤਾ ਮਹਿੰਦਰਾ, ਜਸਪਾਲ ਦਿਉਲ ਅਤੇ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ ਆਦਿ ਜਿਹੀਆਂ ਬੇਸ਼ੁਮਾਰ ਰੰਗਮੰਚ ਅਭਿਨੇਤਰੀਆਂ ਨੂੰ ਸਲਾਮ ਕਰਨਾ ਬਣਦਾ ਹੈ।
ਰੰਗਮੰਚ ਦਿਹਾੜੇ 'ਤੇ ਆਓ ਹੁਣ ਆਪਾਂ ਪੀੜੀ ਦਰ ਪੀੜੀ ਨਾਟਕਕਾਰਾਂ ਦੇ ਸਫ਼ਰ 'ਤੇ ਵੀ ਇੱਕ ਝਾਤ ਮਾਰੀਏ।
ਪਹਿਲੀ ਪੀੜੀ ਦੇ ਨਾਟਕਕਾਰ:-ਈਸ਼ਵਰ ਚੰਦਰ ਨੰਦਾ,ਸੰਤ ਸਿੰਘ ਸੇਖੋ,ਬਲਵੰਤ ਗਾਰਗੀ,ਹਰਚਰਨ ਸਿੰਘ,ਗੁਰਦਿਆਲ ਸਿੰਘ ਖੋਸਲਾ,ਗੁਰਦਿਆਲ ਸਿੰਘ ਫੁੱਲ ਆਦਿ।
ਦੂਜੀ ਪੀੜੀ:-ਹਰਸਰਨ ਸਿੰਘ,ਸੁਰਜੀਤ ਸਿੰਘ ਸੇਠੀ,ਕਪੂਰ ਸਿੰਘ ਘੁੰਮਣ,ਅਮਰੀਕ ਸਿੰਘ,ਗੁਰਚਰਨ ਸਿੰਘ ਜਸੂਜਾ,ਪਰਿਤੋਸ਼ ਗਾਰਗੀ,ਤਰਸੇਮ ਸਿੰਘ ਨੀਲਗਿਰੀ,ਹਰਭਜਨ ਸਿੰਘ ਬਿਰਕ,ਬਲਬੀਰ ਮੋਮੀ ਆਦਿ।
ਤੀਜੀ ਪੀੜੀ :-ਅਜਮੇਰ ਸਿੰਘ ਔਲਖ,ਆਤਮਜੀਤ,ਚਰਨਦਾਸ ਸਿੱਧੂ,ਦਵਿੰਦਰ ਦਮਨ,ਗੁਰਸ਼ਰਨ ਸਿੰਘ,ਰਵਿੰਦਰ ਰਵੀ,ਦਰਸ਼ਨ ਮਿੱਤਲ,ਅਮਰਜੀਤ ਗਰੇਵਾਲ,ਲੱਖਾ ਸਿੰਘ ਜ਼ੌਹਰ,ਅਜ਼ਾਇਬ ਕਮਲ,ਅਜਮੇਰ ਰੋਡੇ,ਸਾਧੂ ਬਿਨਿੰਗ,ਸੁਖਵੰਤ ਹੁੰਦਲ,ਜਗਤਾਰ ਢਾਅ ਆਦਿ।
ਚੌਥੀ ਪੀੜੀ:-ਸਵਰਾਜਬੀਰ,ਮਨਜੀਤਪਾਲ ਕੌਰ,ਪਾਲੀ ਭੁਪਿੰਦਰ,ਸਤੀਸ਼ ਕੁਮਾਰ ਵਰਮਾ,ਦੇਵਿੰਦਰ ਕੁਮਾਰ,ਜਗਦੀਸ਼ ਸਚਦੇਵਾ,ਜਤਿੰਦਰ ਬਰਾੜ,ਸੋਮਪਾਲ ਹੀਰਾ,ਕੁਲਦੀਪ ਸਿੰਘ ਦੀਪ,ਸੁਰਜੀਤ ਕਲਸੀ,ਕੁਲਵਿੰਦਰ ਖਹਿਰਾ,ਇਕਬਾਲ ਰਾਮੂਵਾਲੀਆ,ਹਰਕੰਵਲਜੀਤ ਸਾਹਿਲ,ਰਾਜਵੰਤ ਕੌਰ ਮਾਨ,ਖੋਜ਼ੀ ਕਾਫ਼ਿਰ,ਉਂਕਾਰਪ੍ਰੀਤ,ਤ੍ਰਿਲੋਚਨ ਸਿੰਘ ਗਿੱਲ,ਪਰਮਿੰਦਰ ਕੌਰ ਸਵੈਚ ਆਦਿ।
ਪੰਜਵੀਂ ਪੀੜੀ:-ਤਰਸਪਾਲ ਕੌਰ,ਸੈਮੂਅਲ ਜੌਨ,ਰਤਨ ਰੀਹਲ,ਨਾਹਰ ਸਿੰਘ ਔਜਲਾ ਆਦਿ।
ਉਪਰੋਕਤ ਵੇਰਵਿਆਂ ਤੋਂ ਇਲਾਵਾ ਕੁਲਦੀਪ ਸਿੰਘ ਦੀਪ ਵੱਲੋਂ ਵਿਧਾ ਅਤੇ ਸ਼ੈਲੀ ਪੱਖੋ ਸਮੇਤ ਨਵੇਂ ਨਾਟਕੀ ਰੂਪਾਂ ਸੰਬੰਧਿਤ ਦਿੱਤੀ ਜਾਣਕਾਰੀ ਦਾ ਵੀ ਵੇਰਵਾ ਦੇਣਾ ਇੱਥੇ ਹੋਰ ਜ਼ਰੂਰੀ ਹੋ ਜਾਂਦਾ ਹੈ।
ਇਕ ਪਾਤਰੀ ਨਾਟਕ (ਕਰਤਾਰ ਸਿੰਘ ਦੁੱਗਲ, ਅਮਰਜੀਤ ਗਰੇਵਾਲ, ਸੈਮੁਅਲ ਜੌਨ, ਪਾਲੀ ਭੁਪਿੰਦਰ, ਸੋਮਪਾਲ ਹੀਰਾ ਆਦਿ)
ਕਾਵਿ ਨਾਟਕ (ਸੰਤ ਸਿੰਘ ਸੇਖੋਂ, ਦੀਦਾਰ ਸਿੰਘ, ਸੁਰਜੀਤ ਹਾਂਸ, ਅਜਾਇਬ ਕਮਲ, ਰਵਿੰਦਰ ਰਵੀ, ਹਰਿਭਜਨ ਸਿੰਘ ਆਦਿ)
ਸੰਗੀਤ ਨਾਟਕ (ਸ਼ੀਲਾ ਭਾਟੀਆ, ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਮੱਲ ਸਿੰਘ ਰਾਮਪੁਰੀ ਆਦਿ)
ਨ੍ਰਿਤ ਨਾਟਕ (ਹਰਨਾਮ ਸਿੰਘ ਨਾਜ਼, ਭਾਗ ਸਿੰਘ ਆਦਿ) 5. ਬਾਲ ਨਾਟਕ (ਸਾਧੂ ਸਿੰਘ, ਰਮਾ ਰਤਨ, ਜਗਦੀਸ਼, ਸਰਬਜੀਤ ਬੇਦੀ, ਕੇਵਲ ਧਾਲੀਵਾਲ, ਦਰਸ਼ਨ ਆਸ਼ਟ, ਤਰਲੋਚਨ, ਕੁਲਦੀਪ ਸਿੰਘ ਦੀਪ ਆਦਿ)
ਮੂਕ ਨਾਟਕ (ਸਤੀਸ਼ ਕੁਮਾਰ ਵਰਮਾ, ਆਦਿ)
ਰੇਡੀਓ ਨਾਟਕ (ਕਰਤਾਰ ਸਿੰਘ ਦੁੱਗਲ, ਸੁਖਚੈਨ ਭੰਡਾਰੀ ਆਦਿ)
ਬਹੁ ਵਿਧਾਈ ਨਾਟਕ (ਸਤੀਸ਼ ਕੁਮਾਰ ਵਰਮਾ, ਰਵਿੰਦਰ ਰਵੀ, ਪਾਲੀ ਭੁਪਿੰਦਰ ਆਦਿ)
ਕੋਰੀਓਗ੍ਰਾਫੀ (ਲਗਭਗ ਸਾਰੀਆਂ ਨਾਟ ਮੰਡਲੀਆਂ ਗਾਹੇ ਵਗਾਹੇ ਇਸ ਵਿਧਾ ਨੂੰ ਅਪਣਾਉਂਦੀਆਂ ਰਹੀਆਂ ਹਨ
ਕਵਿਤਾ ਅਤੇ ਕਹਾਣੀ ਦਾ ਨਾਟਕ (ਗੁਰਸ਼ਰਨ ਭਾਜੀ , ਪ੍ਰੌ ਅਜਮੇਰ ਔਲਖ ਅਤੇ ਕੇਵਲ ਧਾਲੀਵਾਲ ਆਦਿ)
ਡਾਇਰੈਕਟਰ ਦਾ ਨਾਟਕ (ਕੇਵਲ ਧਾਲੀਵਾਲ, ਕੀਰਤੀ ਕਿਰਪਾਲ, ਅਤੇ ਥੀਏਟਰ ਵਿਭਾਗਾਂ ‘ਚੋਂ ਆਏ ਕੁੱਝ ਹੋਰ ਆਰਟਿਸਟ)
ਨੁੱਕੜ ਨਾਟਕ (ਗੁਰਸ਼ਰਨ ਸਿੰਘ, ਰਜਿੰਦਰ ਭੋਗਲ, ਸ ਨ ਸੇਵਕ, ਸਤੀਸ ਕੁਮਾਰ ਵਰਮਾ, ਟੋਨੀ ਬਾਤਿਸ਼, ਅਸ਼ੋਕ ਪੁਰੀ, ਦਰਸ਼ਨ ਮਿਤਵਾ, ਸੈਮੂਅਲ ਜੌਨ ਆਦਿ)
ਲਘੂ ਨਾਟਕ (ਅਜਮੇਰ ਔਲ਼ਖ, ਆਤਮਜੀਤ, ਪਾਲੀ ਭੁਪਿੰਦਰ, ਡਾ. ਕੁਲਦੀਪ ਸਿੰਘ ਦੀਪ ਆਦਿ) ਇਹ ਸਾਰੇ ਨਾਟਕੀ ਰੂਪ ਆਧੁਨਿਕ ਸਥਿਤੀਆਂ ਦੀ ਲੋੜ ਵਿੱਚੋਂ ਆਪਮੁਹਾਰੇ ਪੈਦਾ ਹੋਏ।
ਰੰਗਮੰਚ ਬਾਰੇ ਗੱਲ ਕਰਦਿਆਂ ਜ਼ਿੰਦਗੀ ਦਾ ਹਰ ਪਲ ਲੇਖੇ ਲੱਗ ਸਕਦਾ। ਕਿਉਂਕਿ ਜ਼ਿੰਦਗੀ ਰੰਗਮੰਚ ਹੀ ਤਾਂ ਹੈ,ਆਖਰੀ ਦ੍ਰਿਸ ਦੀ ਪਰਵਾਹ ਕੀਤੇ ਬਿਨਾ ਅਸੀਂ ਆਪਣੇ ਹਿੱਸੇ ਦੀਆਂ ਜੁੰਮੇਵਾਰੀਆਂ ਨਿਭਾ ਰਹੇ ਹਾਂ ਤੇ ਨਿਭਾਉਂਦੇ ਰਹਿਣਾ ਹੀ ਜ਼ਿੰਦਗੀ ਜ਼ਿੰਦਾਬਾਦ ਲਈ ਜ਼ਰੂਰੀ ਹੈ। ਆਉਣ ਵਾਲ਼ੇ ਸਮੇਂ ਵਿੱਚ ਰੰਗਮੰਚ ਨੇ ਹਜੇ ਹੋਰ ਬੁਲੰਦੀਆਂ ਨੂੰ ਛੂਹਣਾ ਹੈ।
ਆਓ ਇਸ ਚਰਚਾ ਦੀ ਸਮਾਪਤੀ ਤੋਂ ਪਹਿਲਾਂ ਪੂਰੀ ਦੁਨੀਆਂ ਵਿੱਚ ਵੱਸਦੇ ਰੰਗਕਰਮੀਆਂ ਨੂੰ ਸਲਾਮ ਕਰਦਿਆਂ, ਰੰਗਮੰਚ ਦਿਹਾੜੇ ਦੀ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਕਹੀਏ।
ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)