ਵਿਧਾਇਕ ਇਯਾਲੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮਾਰਗ ਦੀ ਹਾਲਤ ਸੁਧਾਰਨ ਦੀ ਮੰਗ 

ਸੂਬਾ ਸਰਕਾਰ ਯਾਦਗਾਰੀ ਮਾਰਗਾਂ ਦੀ ਹਾਲਤ ਸੁਧਾਰਨ ਲਈ ਵਿਸ਼ੇਸ਼ ਫੰਡ ਜਾਰੀ ਕਰੇ ਇਯਾਲੀ  
ਮੁੱਲਾਂਪੁਰ ਦਾਖਾ,25 ਮਾਰਚ ( ਸਤਵਿੰਦਰ ਸਿੰਘ ਗਿੱਲ) ਅਕਾਲੀ ਬਸਪਾ ਵਿਧਾਇਕ ਦਲ ਦੇ ਨੇਤਾ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਫਿਰੋਜ਼ਪੁਰ ਰੋਡ ਲੁਧਿਆਣਾ ਤੋਂ ਜੋਧਾਂ ਸਰਾਭਾ ਵੱਲ ਆਉਂਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮਾਰਗ ਦੀ ਖਸਤਾ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਹੁੰਦੇ ਹਾਦਸਿਆਂ ਦਾ ਨੋਟਿਸ ਲੈਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮਾਰਗ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਵਿਧਾਇਕ ਇਯਾਲੀ ਨੇ ਕਿਹਾ ਕਿ ਸ਼ਹੀਦਾਂ ਦੇ ਸਤਿਕਾਰ ਹਿੱਤ ਸੜਕੀ ਮਾਰਗਾਂ ਨੂੰ ਸ਼ਹੀਦਾਂ ਦਾ ਨਾਮ ਦਿੱਤੇ ਜਾਣ ਤੋਂ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ  ਉਹ ਯਾਦਗਾਰੀ ਮਾਰਗਾਂ ਦੀ ਹਾਲਤ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇਵੇ ਅਤੇ ਯਾਦਗਾਰੀ ਮਾਰਗਾਂ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਵਿਸ਼ੇਸ਼ ਫੰਡ ਜਾਰੀ ਕਰੇ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਅੰਦਰ ਗੁਰੂਆਂ, ਸ਼ਹੀਦਾਂ ਅਤੇ ਹੋਰ ਸਤਿਕਾਰਤ ਸ਼ਖ਼ਸੀਅਤਾਂ ਦੇ ਨਾਂ ਵਾਲੇ ਮਾਰਗਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ  ਸਾਡੀਆਂ ਸਤਿਕਾਰਤ ਸ਼ਖ਼ਸੀਅਤਾਂ ਦੀ ਯਾਦ ਵਾਲੇ ਇਹ ਮਾਰਗਾਂ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਸ਼ਹੀਦਾਂ ਪ੍ਰਤੀ ਸਾਡੇ ਸਤਿਕਾਰ ਦਾ ਅਹਿਸਾਸ ਹੋ ਸਕੇ। ਇਯਾਲੀ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾਡ਼ੇ ਮੌਕੇ 23 ਮਾਰਚ ਨੂੰ ਸਰਕਾਰੀ ਛੁੱਟੀ ਦਾ ਸਵਾਗਤ ਕਰਦਿਆਂ ਸੂਬਾ ਸਰਕਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਬਰਸੀ ਮੌਕੇ 16 ਨਵੰਬਰ ਨੂੰ ਵੀ ਸਰਕਾਰੀ ਛੁੱਟੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸੂਬੇ ਦੀ ਤਤਕਾਲੀ ਅਕਾਲੀ ਸਰਕਾਰ ਸਮੇਂ ਉਨ੍ਹਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਸਰਕਾਰੀ ਛੁੱਟੀ ਦਾ ਫ਼ੈਸਲਾ ਕਰਵਾਇਆ ਗਿਆ ਸੀ, ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਛੁੱਟੀ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਇਯਾਲੀ ਵੱਲੋਂ ਤਤਕਾਲੀ ਅਕਾਲੀ ਸਰਕਾਰ ਸਮੇਂ ਸ਼ਹੀਦ ਦੇ ਜੱਦੀ ਘਰ ਦੀ ਸਾਂਭ ਸੰਭਾਲ ਦੇ ਨਾਲ ਪਿੰਡ ਵਿੱਚ ਯਾਦਗਾਰ ਬਣਾਉਣ ਤੋਂ ਇਲਾਵਾ ਯਾਦਗਾਰੀ ਸਪੋਰਟਸ ਪਾਰਕ, ਟਰੀਟਮੈਂਟ ਪਲਾਂਟ ਸਮੇਤ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡੇ ਵਿਕਾਸ ਪ੍ਰਾਜੈਕਟ ਨੇਪਰੇ ਚਾੜ੍ਹੇ ਗਏ ਸਨ, ਪ੍ਰੰਤੂ ਪਿਛਲੇ ਪੰਜ ਸਾਲਾਂ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਲਈ ਕੋਈ ਖਾਸ ਫੰਡ ਜਾਰੀ ਨਹੀਂ ਹੋ ਸਕੇ।