ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਦੀ ਰਿਹਾਈ ਬੇਹੱਦ ਜ਼ਰੂਰੀ : ਵਿਧਾਇਕ ਇਆਲੀ    

 ਮੁੱਲਾਂਪੁਰ ਦਾਖਾ 25 ਮਾਰਚ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਵੱਖ ਵੱਖ ਪੰਥਕ ਜੱਥੇਬੰਦੀਆਂ ਵਲੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹੜਤਾਲ ਅਤੇ ਲਗਾਏ ਧਰਨੇ ਦੇ 32 ਵੇਂ ਦਿਨ । ਅੱਜ ਮੋਰਚੇ 'ਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਕੈਪਟਨ ਰਾਮਲੋਕ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ ਸਮੇਤ ਬਲਦੇਵ ਸਿੰਘ ਦੇਵ ਸਰਾਭਾ ਭੁੱਖ ਹਡ਼ਤਾਲ ਤੇ ਬੈਠੇ । ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਾਭਾ ਵਿਖੇ ਧਰਨੇ ਚ ਪੁੱਜ ਕੇ ਬੰਦੀ ਸਿੰਘਾਂ ਲਈ ਹਾਅ ਦਾ ਨਾਅਰਾ ਮਾਰਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ ਦੀ ਕਾਲ ਕੋਠੜੀ ਚ ਦਿਨ ਗੁਜਾਰ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ।ਇਆਲੀ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ , ਭਾਈ ਜਗਤਾਰ ਸਿੰਘ ਹਵਾਰਾ ਆਦਿ ਅਨੇਕਾਂ ਨੌਜਵਾਨ ਹਨ ਜੋ ਆਪਣੀਆਂ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ ਚ ਹੀ ਬੰਦ ਹਨ।ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਨਾਂ ਸਿੰਘਾਂ ਦੀ ਰਿਹਾਈ ਲਈ ਫੌਰੀ ਕਦਮ ਚੁੱਕੇ ਤਾਂ ਜੋ ਇਹ ਨੌਜਵਾਨ ਆਪਣੀ ਰਹਿੰਦੀ ਜਿੰਦਗੀ ਆਪਣੇ ਪਰਿਵਾਰਾਂ ਚ ਬਤੀਤ ਕਰ ਸਕਣ।ਨੌਜਵਾਨ ਆਗੂ ਬਲਦੇਵ ਸਿੰਘ ਦੇਵ ਸਰਾਭਾ ਨੇ ਕਿਹਾ ਕਿ ਕੇਂਦਰ ਸਰਕਾਰ ਇੰਨਾਂ ਸਿੰਘਾਂ ਨੂੰ ਰਿਹਾਅ ਕਰਨ ਦੇ ਨਾਲ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ, ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ਤੇ ਰੱਖਣ, ਸ਼ਹੀਦ ਕਰਤਾਰ ਸਰਾਭਾ ਮਾਰਗ ਦਾ ਨਵੀਨੀਕਰਨ ਆਦਿ ਮੰਗਾਂ ਦਾ ਵੀ ਪਹਿਲ ਦੇ ਅਧਾਰ ਹੱਲ ਕਰੇ।ਇਸ ਮੌਕੇ ਇੰਦਰਜੀਤ ਸਿੰਘ ਸਹਿਜਾਦ ਪਰਮਿੰਦਰ ਸਿੰਘ ਬਿੱਟੂ ਸਰਾਭਾ ਪਹਿਲਵਾਨ ਰਣਜੀਤ ਸਿੰਘ ਲੀਲ,ਪਰਮਜੀਤ ਸਿੰਘ ਪੰਮੀ ਯੂ ਪੀ ਵਾੜੇ, ਪਰਵਿੰਦਰ ਸਿੰਘ ਟੂਸੇ ,ਸ਼ਿੰਗਾਰਾ ਸਿੰਘ ਟੂਸੇ ,ਜਸਵਿੰਦਰ ਸਿੰਘ ਕਾਲਖ ਅਵਤਾਰ ਸਿੰਘ ਬਿੱਲੂ ਸਰਾਭਾ, ਹਰਦੀਪ ਸਿੰਘ ,ਜਸਵੀਰ ਸਿੰਘ ਤਾਜਪੁਰ, ਕਲਾਰਕ ਸੁਖਦੇਵ ਸਿੰਘ ਸਰਾਭਾ , ਅਮਰ ਸਿੰਘ ਸਰਾਭਾ ,ਡਾ. ਦਵਿੰਦਰ ਸਿੰਘ ਗਰੇਵਾਲ, ਪੰਚ ਪ੍ਰਦੀਪ ਸਿੰਘ,ਦਰਸ਼ਨ ਸਿੰਘ,ਮਨਮੰਦਰ ਸਿੰਘ ਸਰਾਭਾ,   ਚਰਨਜੀਤ ਸਿੰਘ ਚੰਨਾ, ਜਗਸੀਰ ਸਿੰਘ, ਪੰਚ ਬਲਰਾਜ ਸਿੰਘ, ਗੁਰਜੀਤ ਸਿੰਘ,ਚਮਕੌਰ ਸਿੰਘ ਆਦਿ ਵੀ ਹਾਜਰ ਸਨ।