ਹੋਲਿਕਾ ਬਨਾਮ ਮਨੀਸ਼ਾ ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦੇਸ਼ ਵਿਚ  ਹੋਲੀ ਮਨਾਈ ਜਾ ਰਹੀ ਹੈ। ਕਈ ਲੋਕ ਇੱਕ ਦੂਜੇ ਉਪਰ ਰੰਗ ਸੁੱਟ ਰਹੇ ਹਨ ਅਤੇ ਖੁਸ਼ੀ ਮਨਾ ਰਹੇ ਹਨ । ਮਿਥਿਹਾਸ ਮੁਤਾਬਿਕ ਹੋਲਿਕਾ ਨਾਂ ਦੀ ਇਕ ਲੜਕੀ ਨੂੰ ਹੋਲੀ ਤਿਉਹਾਰ ਦੀ ਮੁੱਖ ਨਾਇਕਾ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਉਸ ਨੂੰ ਪੂਜਿਆ ਵੀ ਜਾ ਰਿਹਾ ਹੈ ਅਤੇ ਜਲਾਇਆ ਵੀ ਜਾ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹੋਲਿਕਾ ਬੁਰੀ ਸੀ ਤਾਂ, ਫਿਰ ਉਸ ਨੂੰ ਪੂਜਿਆ ਕਿਉਂ ਜਾ ਰਿਹਾ ਹੈ ਅਤੇ ਜੇਕਰ ਉਹ ਚੰਗੀ ਸੀ ਤਾਂ, ਫਿਰ ਉਸ ਨੂੰ ਜਲਾਇਆ ਕਿਉਂ ਜਾ ਰਿਹਾ ਹੈ?
ਮਿਥਿਹਾਸ ਮੁਤਾਬਿਕ  ਹੋਲਿਕਾ ਨੂੰ ਜਿਉਂਦੀ ਨੂੰ ਹੀ ਅੱਗ ਲਗਾ ਕੇ ਜਲਾ ਦਿੱਤਾ ਗਿਆ ਸੀ। ਮਿਥਿਹਾਸ ਮੁਤਾਬਿਕ ਜਲਾਇਆ ਵੀ ਉਸ ਨੂੰ ਉਸ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਗਿਆ ਸੀ ਕਿਉਂ?
ਦੇਸ਼ ਦੇ ਉੱਤਰ ਪ੍ਰਦੇਸ਼ ਰਾਜ ਦੇ ਸ਼ਹਿਰ ਹਾਥਰਸ ਵਿਚ ਵੀ 20 ਸਤੰਬਰ, 2020 ਨੂੰ 19 ਸਾਲਾ ਮਨੀਸ਼ਾ ਨਾਂ ਦੀ  ਇਕ 'ਹੋਲਿਕਾ' ਨੂੰ ਜਿਊਂਦਿਆਂ ਜਲਾ ਦਿੱਤਾ ਗਿਆ ਸੀ!
ਮਿਥਿਹਾਸ ਮੁਤਾਬਿਕ ਹੋਲਿਕਾ ਵੀ ਭਾਰਤ ਦੀ ਮੂਲ-ਨਿਵਾਸੀ ਲੜਕੀ ਸੀ, ਜਿਵੇਂ ਮਨੀਸ਼ਾ ਮੂਲ-ਨਿਵਾਸੀ (ਦਲਿਤ) ਪਰਿਵਾਰ ਦੀ ਬੇਟੀ ਸੀ।
ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੇ 25 ਦਸੰਬਰ, 1927 ਨੂੰ ਇੱਕ ਅਜਿਹੇ ਗ੍ਰੰਥ ਨੂੰ ਜਲਾ ਕੇ ਰੋਸ ਪ੍ਰਗਟ ਕੀਤਾ ਸੀ, ਜਿਸ ਵਿਚ ਸਦੀਆਂ ਤੋਂ ਔਰਤਾਂ ਅਤੇ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਗੈਰ-ਮਨੁੱਖੀ ਕਾਨੂੰਨ ਦਰਜ ਹੈ।
ਜਾਪਦਾ ਹੈ ਕਿ ਹਾਥਰਸ ਦੀ ਬੇਟੀ ਮਨੀਸ਼ਾ ਦੀ ਤਰ੍ਹਾਂ ਹੀ ਹੋਲਿਕਾ ਜਲਾਈ ਹੋਵੇਗੀ?
ਇੱਕ ਹੋਰ ਮਿਥਿਹਾਸਿਕ ਜਾਣਕਾਰੀ ਮੁਤਾਬਿਕ ਹੋਲਿਕਾ ਪ੍ਰਹਿਲਾਦ ਨੂੰ ਆਪਣੀ ਗੋਦ ਵਿਚ ਲੈ ਕੇ ਅੱਗ ਵਿਚ ਬੈਠੀ ਸੀ, ਦੇ ਦੌਰਾਨ ਹੋਲਿਕਾ ਜਲ ਗਈ ਸੀ, ਜਦਕਿ ਪ੍ਰਹਿਲਾਦ ਬਚ ਗਿਆ ਸੀ!
ਦੋਸਤੋ! ਜੇ ਪ੍ਰਹਿਲਾਦ ਬਚ ਗਿਆ ਸੀ ਤਾਂ ਫਿਰ 'ਹੈਪੀ ਪ੍ਰਹਿਲਾਦ' ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਸੀ, 'ਹੈਪੀ ਹੋਲੀ' ਤਿਉਹਾਰ ਕਿਉਂ?
ਇਸ ਲਈ ਚਾਹੀਦਾ ਹੈ ਕਿ ਅਸੀਂ ਆਪਣੇ ਦਿਮਾਗ ਦੀ ਬੱਤੀ ਜਲਾ ਕੇ, ਸੱਚ ਦੀ ਖੋਜ ਕਰੀਏ।
 ਆਉ!  ਵਿਗਿਆਨ ਅਤੇ ਇਤਿਹਾਸ ਦੀ ਸਾਣ 'ਤੇ ਦਿਮਾਗ ਨੂੰ ਤਿੱਖਾ ਕਰਕੇ ਸੱਚ ਦੀ ਖੋਜ ਕਰੀਏ, ਇਸੇ ਵਿਚ ਸਮਾਜ ਦਾ ਭਲਾ ਹੈ।
ਦੋਸਤੋ! ਆਮ ਤੌਰ 'ਤੇ ਮਿਥਿਹਾਸਿਕ ਤਿਉਹਾਰ  ਪੁਜਾਰੀਆਂ, ਵਪਾਰੀਆਂ ਅਤੇ ਸਿਆਸਤਦਾਨਾਂ ਲਈ ਵਰਦਾਨ ਹੁੰਦੇ ਹਨ, ਜਦ ਕਿ ਆਮ ਲੋਕਾਂ ਲਈ ਖਰਚ ਦਾ ਖੌ ਅਤੇ ਲੜਾਈਆਂ ਦਾ ਕਾਰਨ ਬਣਦੇ ਹਨ!
ਦੋਸਤੋ! ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ, ਜਿਹੜੇ ਲੋਕ ਰਾਜ-ਸੱਤਾ 'ਤੇ ਕਾਬਜ ਹੁੰਦੇ ਹਨ, ਉਹ ਵਿਕਾਊ ਲੇਖਕਾਂ /ਪੱਤਰਕਾਰਾਂ / ਇਤਿਹਾਸਕਾਰਾਂ /ਕਹਾਣੀਕਾਰਾਂ /ਕਵੀਆਂ /ਨਾਵਲਕਾਰਾਂ/ਨਾਵਲਕਾਰਾਂ ਕੋਲੋਂ ਆਪਣੀ ਪ੍ਰਸੰਸਾ ਵਿਚ ਗ੍ਰੰਥ / ਕਿਤਾਬਾਂ ਲਿਖਵਾਉਂਦੇ ਹਨ। ਵਿਕਾਊ ਲੇਖਕ  ਸੱਚ ਨੂੰ ਝੂਠ, ਝੂਠ ਨੂੰ ਸੱਚ, ਇਤਿਹਾਸ ਨੂੰ ਮਿਥਿਹਾਸ, ਮਿਥਿਹਾਸ ਨੂੰ ਇਤਿਹਾਸ, ਵਿਗਿਆਨ ਨੂੰ ਅੰਧ-ਵਿਸ਼ਵਾਸ਼ ਅਤੇ ਅੰਧ-ਵਿਸ਼ਵਾਸ਼ ਨੂੰ ਵਿਗਿਆਨਕ ਲੀਹਾਂ 'ਤੇ ਤੋਰਕੇ ਲੋਕਾਂ ਦੀ ਮਾਨਸਿਕਤਾ ਬਦਲਾਉਣ ਲਈ ਰੁੱਝੇ ਰਹਿੰਦੇ ਹਨ। ਜਾਪਦਾ ਹੈ ਕਿ ਹੋਲਿਕਾ ਨਾਲ ਸਬੰਧਿਤ ਕਹਾਣੀ ਵੀ ਇਤਿਹਾਸਕ ਨਾ ਹੋ ਕੇ ਮਿਥਿਹਾਸਿਕ ਸਿਰਜਣਾ ਹੈ, ਜਿਸ ਨੂੰ ਉਸ ਸਮੇਂ ਦੇ ਰਾਜੇ ਨੇ ਲਿਖਵਾਇਆ ਹੋਵੇਗਾ, ਕਿਉਂਕਿ ਜਿਸ ਦੀ ਸੋਟੀ ਹੁੰਦੀ ਹੈ, ਉਸ ਦੀ ਮੱਝ ਹੁੰਦੀ ਹੈ!
ਦੇਸ਼ ਦੀ ਰਾਜ-ਸੱਤਾ 'ਤੇ ਲੰਬਾ ਸਮਾਂ ਕਾਬਜ ਰਹੀ ਕਾਂਗਰਸ ਨੇ ਆਪਣੀ ਮਰਜੀ /ਆਪਣੇ ਢੰਗ ਨਾਲ ਰਾਜ ਕੀਤਾ। ਕਾਂਗਰਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ, ਉਹ ਇਕ ਦਿਨ ਦੇਸ਼ ਦੀ ਰਾਜ-ਸੱਤਾ ਤੋਂ ਲਾਂਭੇ ਹੋ ਕੇ ਰਹਿ ਜਾਵੇਗੀ।  ਇਸੇ ਤਰ੍ਹਾਂ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਦਿਮਾਗ ਵਿਚ ਵੀ ਇਹ ਹੀ ਗੱਲ ਹੋਵੇਗੀ ਕਿ ਪੰਜਾਬ ਉਪਰ ਅਕਾਲੀ ਦਲ ਤੋਂ ਸਿਵਾਏ ਹੋਰ ਕਿਸੇ ਪਾਰਟੀ ਦਾ ਰਾਜ ਕਾਇਮ ਨਹੀਂ ਹੋਵੇਗਾ, ਇਸੇ ਲਈ ਅਕਾਲੀ ਦਲ ਨੇ 20 ਅਪ੍ਰੈਲ, 1979 ਵਿਚ  ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਮੌਜੂਦਾ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਮਹਾਤਮਾ ਗਾਂਧੀ ਦੀ ਤਸਵੀਰ   ਲਗਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਸੀ, ਜੋ ਹੁਣ ਤਕ ਚਲਦਾ ਆ ਰਿਹਾ ਸੀ।ਅਕਾਲੀ ਦਲ ਨੂੰ ਇਹ ਲੱਗ ਰਿਹਾ ਸੀ ਕਿ ਪੰਜਾਬ ਵਿਚ ਅਕਾਲੀ ਦਲ ਦਾ ਹੀ ਰਾਜ ਰਹੇਗਾ, ਜਿਸ ਕਰਕੇ ਦਫਤਰਾਂ ਵਿਚ ਉਸ ਨਾਲ ਸਬੰਧਿਤ ਮੁੱਖ ਮੰਤਰੀ ਦੀ ਤਸਵੀਰ ਹੀ ਦਿਖਾਈ ਦੇਵੇਗੀ। ਪਰ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦਿਆਂ ਹੀ ,  ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸਾਹਿਬ ਅਤੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਲਈ ਹੁਕਮ ਜਾਰੀ ਕੀਤੇ ਹਨ। ਇਸੇ ਲਈ ਤਾਂ ਕਹਿੰਦੇ ਹਨ ਕਿ, ਜਿਸ ਦੀ ਸੋਟੀ, ਉਸ ਦੀ ਮੱਝ!

-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.