ਜੀ.ਐਚ.ਜੀ.ਅਕੈਡਮੀ,ਜਗਰਾਉਂ ਵਿਖੇ ਮਨਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਜਗਰਾਉ16 ਮਾਰਚ (ਅਮਿਤਖੰਨਾ) ਜੀ.ਐਚ.ਜੀ. ਅਕੈਡਮੀ, ਜਗਰਾਓਂ ਵਿਖੇ  ਸਾਲਾਨਾ ਇਨਾਮ ਵੰਡ ਸਮਾਗਮ ਮਨਾਇਆ ਗਿਆ।ਜਿਸ ਵਿਚ ਵਿੱਦਿਅਕ ਖੇਤਰ   ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਅਰਦਾਸ ਕੀਤੀ ਗਈ ਅਤੇ ਫਿਰ ਪ੍ਰੋਗਰਾਮ ਦੀ ਆਰੰਭਤਾ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ 'ਹਰਿ ਜੀਓ ਨਿਮਾਣਿਆਂ ਤੂੰ ਮਾਣ' ਸ਼ਬਦ ਗਾਇਨ ਕਰ ਕੇ  ਕੀਤੀ ਗਈ।  ਸਮਾਗਮ ਵਿੱਚ ਜਗਰਾਉਂ ਦੇ ਐੱਸ.ਐੱਸ.ਪੀ. ਪਟਿਲ ਕੇਤਨ ਬਲਿਰਾਮ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜੀ. ਐਚ .ਜੀ .ਅਕੈਡਮੀ ਦੀਆਂ ਮਹਿਲਾ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਇਕ ਗੀਤ ਨਾਲ ਕੀਤਾ। ਇਸ ਤੋਂ ਬਾਅਦ ਸਭ ਤੋਂ ਵੱਧ ਹਾਜ਼ਰੀ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਫਿਰ ਸਕੂਲ ਵਿਚ ਵੱਖ ਵੱਖ ਸਮੇਂ ਤੇ ਕਰਵਾਈਆਂ ਜਾਣ ਵਾਲੀਆਂ  ਗਤੀਵਿਧੀਆਂ ਵਿੱਚ ਵਧੇਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ 'ਕਿੰਡਰ ਗਾਰਟਨ' ਅਤੇ ਪ੍ਰਾਇਮਰੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ "ਗ੍ਰੈਜੂਏਸ਼ਨ ਸੈਰੇਮਨੀ' ਕੀਤੀ ਗਈ।ਇਨਾਮ ਵੰਡ ਸਮਾਰੋਹ ਦੇ ਨਾਲ ਨਾਲ ਸਿੱਖ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ  ਕਵੀਸ਼ਰੀ ਦੇ ਰੂਪ ਵਿੱਚ 'ਜਫ਼ਰਨਾਮਾ' ਸੁਣਾਇਆ ਗਿਆ। ਇਸ ਤੋਂ ਬਾਅਦ ਵਿੱਚ ਸਕੂਲ ਵਿੱਚ ਹਮੇਸ਼ਾਂ ਅਨੁਸ਼ਾਸਨ ਬਣਾਈ ਰੱਖਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਗਏ।ਫਿਰ ਵਿੱਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਪੂਰਾ ਸਾਲ  ਅਨੁਸ਼ਾਸਨ ਵਿਚ ਰਹਿਣ ਵਾਲੀ ਜਮਾਤ ਦਾ ਮਾਣ  ਗਿਆਰਵੀਂ (ਆਰਟਸ) ਨੂੰ  ਮਿਲਿਆ। ਸਮਾਰੋਹ ਦੌਰਾਨ ਜੀ.ਐਚ.ਜੀ. ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰੰਗ ਮੰਚ 'ਤੇ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ  ਵੱਖ ਵੱਖ ਖੇਤਰਾਂ ਵਿੱਚ ਬਿਹਤਰ ਕਾਰਗੁਜ਼ਾਰੀ  ਨਿਭਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਜੀ.ਐਚ.ਜੀ. ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਜੀ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ   ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਵੀ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ।