ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 24 ਵਾਂ ਦਿਨ

ਜੇ ਹੱਕ-ਸੱਚ-ਇਨਸਾਫ ਲਈ ਜੂਝਣ ਵਾਲਿਆਂ ਯੋਧਿਆਂ ਦਾ ਏਨਾ ਹੀ ਸਤਿਕਾਰ ਹੈ, ਤਾਂ ਬੰਦੀ ਸਿੰਘਾਂ ਵੱਲ ਵੀ ਧਿਆਨ ਕਰੋ-ਦੇਵ ਸਰਾਭਾ

ਕਿਹਾ- ਆਪਣਾ ਰਸੂਖ ਵਰਤਦਿਆਂ ਸਜਾਵਾਂ ਮੁਆਫੀ ਵਾਲੇ ਪੱਖ ‘ਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਲਈ ਵੀ ਹਿੰਮਤ ਕਰੋ

 ਮੁੱਲਾਂਪੁਰ ਦਾਖਾ 16 ਮਾਰਚ ( ਸਤਵਿੰਦਰ ਸਿੰਘ ਗਿੱਲ)- ਸਰਕਾਰਾਂ ਵਿਚਲੇ ਸਿਆਸੀ ਲੋਕਾਂ ਦੀ ਲੁਕਵੀਂ ਸੋਚਾਂ ਦੇ ਮਾਰੂ ਪਹਿਲੂਆਂ ਕਾਰਣ, ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਪਿੰਡ ਸਰਾਭਾ ਦੇ ਜਮਪਲ-ਉਦਮੀ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਸ਼ਿੰਗਾਰਾ ਸਿੰਘ ਟੂਸੇ, ਕੁਲਦੀਪ ਸਿੰਘ ਬਿੱਲੂ ਕਿਲ੍ਹਾ ਰਾਏਪੁਰ,ਬਲਦੇਵ ਸਿੰਘ ਈਸਨਪੁਰ,ਭੂਪਿੰਦਰ ਸਿੰਘ ਸਰਾਭਾ ਆਦਿ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਮਣੇ ਅੱਜ ਚੌਵੀ ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ। ਮੀਡੀਆ ਲਈ ਗੱਲਬਾਤ ਕਰਦਿਆਂ ਦੇਵ ਸਰਾਭਾ ਨੇ ਦੱਸਿਆ ਕਿ ਇਕ ਪੱਖੋਂ ਤਾਂ ਤਸੱਲੀ ਹੋਈ ਕਿ ਭਗਵੰਤ ਮਾਨ ਨੇ ਸਹੁੰ ਚੁੱਕਣ ਲਈ ਹੱਕ-ਸੱਚ-ਇਨਸਾਫ ਲਈ ਜੂਝਣ ਵਾਲੇ ਦੇਸ਼ ਭਗਤ ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਨੂੰ ਚੁਣਿਆ, ਪਰ ਹੈਰਾਨਗੀ ਇਸ ਕਰਕੇ ਹੋਈ ਕਿ ਉਸਨੂੰ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਉਧਮ ਸਿੰਘ ਸੁਨਾਮ ਦਾ ਚੇਤਾ ਕਿਉਂ ਨਾ ਆਇਆ! ਕਿਉਕਿ ਇਹ ਦੋ ਅਜਿਹੇ ਸੂਰਮੇ ਸਨ। ਜਿਨ੍ਹਾਂ ਸੱਚੀ-ਸੁੱਚੀ ਸੋਚ ਨਾਲ ਦੇਸ਼ ਲਈ ਆਪਾ ਵਾਰਿਆ। ਕਿਧਰੇ ਵੀ ਆਪਣੇ-ਆਪ ਨੂੰ ਪ੍ਰਮੁੱਖਤਾ ਨਹੀਂ ਦਿੱਤੀ। ਜਿਸਦੀ ਮਿਸਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਵਲੋਂ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਸਤਾਰਾਂ ਵਰ੍ਹਿਆਂ ਦੀ ਉਮਰ ‘ਚ ਗਦਰ ਪਾਰਟੀ ‘ਚ ਸ਼ਮਲ ਹੋ ਕੇ ਲਗਾਤਾਰ ਸ਼ੰਘਰਸ਼ੀ ਜੀਵਨ ‘ਚ ਕਾਰਜ਼ਸ਼ੀਲ ਰਹਿੰਦਿਆਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 19 ਵਰ੍ਹਿਆਂ ਦੀ ਉਮਰ ‘ਚ ਦੇਸ਼ ਲਈ ਸ਼ਹੀਦ ਹੋਣਾ। ਇਸੇ ਤਰ੍ਹਾਂ ਸ਼ਹੀਦ ਉਧਮ ਸਿੰਘ ਸੁਨਾਮ ਨੇ ਸੱਤ ਸਮੁੰਦਰੋਂ ਪਾਰ ਜਾ ਕੇ 21 ਸਾਲਾ ਬਾਅਦ ਅੰਦਰੋਂ ਉਠੀ ਅਜਾਦੀ ਦੀ ਚੰਗਿਆੜੀ ਸਦਕਾ ਜਲ੍ਹਿਆਂ ਵਾਲੇ ਬਾਗ ‘ਚ ਵਿਸਾਖੀ ਵਾਲੇ ਦਿਨ ਹਜ਼ਾਰਾਂ ਬੇਗੁਨਾਹ ਲੋਕਾਂ ਦੇ ਕਾਤਲ ਤੋਂ ਉਨ੍ਹਾਂ ਦੀ ਧਰਤੀ ‘ਤੇ ਜਾ ਕੇ  ਬਦਲਾ ਲਿਆ ਤੇ ਪੂਰੀ ਦੁਨੀਆ ਨੂੰ ਦੱਸਿਆ ਕਿ ਸਿੱਖ ਉਹ ਨੇ ਜੋ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਬਦਲਾ ਲੈਣ ਦੀ ਹਿੰਮਤ ਕਰਦੇ ਹਨ। ਦੇਵ ਸਰਾਭਾ ਨੇ ਕਿਹਾ ਅਸੀਂ ਸਮੁੱਚੇ ਦੇਸ਼ ਭਗਤਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ, ਪਰ ਇਨਕਲਾਬ ਇਕੱਲਾ ਇਕ ਨੇ ਨਹੀਂ ਲਿਆਦਾ ਇਸ ਲਈ ਸਮੁੱਚੇ ਦੇਸ਼ ਭਗਤਾਂ ਦਾ ਵੀ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇ ਹੱਕ-ਸੱਚ-ਇਨਸਾਫ ਲਈ ਜੂਝਣ ਵਾਲਿਆਂ ਯੋਧਿਆਂ ਦਾ ਏਨਾ ਹੀ ਸਤਿਕਾਰ ਹੈ, ਤਾਂ ਬੰਦੀ ਸਿੰਘਾਂ ਲਈ ਵੀ ਧਿਆਨ ਕਰੋ ਅਤੇ ਆਪਣਾ ਰਸੂਖ ਵਰਤਦਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਨਾਲ ਸਬੰਧਿਤ ਸਜਾਵਾਂ ਮੁਆਫੀ ਵਾਲੇ ਪੱਖ ‘ਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਲਈ ਵੀ ਹਿੰਮਤ ਕਰੋ।ਤਾਂ ਕਿ ਉਹ ਵੀ ਆਪਣੇ ਪ੍ਰਵਾਰ ‘ਚ ਬਚਦੀ ਜਿੰਦਗੀ ਦੇ ਦਿਨ ਗੁਜਾਰ ਸਕੇ।‘ਦੇਵ ਸਰਾਭਾ’ ਨੇ ਕਿਹਾ ਸਰਕਾਰਾਂ ਸੂਬਿਆਂ ਦੀਆਂ ਹੋਣ ਜਾਂ ਕੇਂਦਰ ਦੀ ਇਨ੍ਹਾਂ ਨਾਲ ਜੁੜੀਆਂ ਸਿਆਸੀ ਧਿਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੰਦੀ ਸਿੰਘਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਨੂੰ ਪ੍ਰਵਾਰਾਂ ਤੋਂ ਕਿਉਂ ਦੂਰ ਰੱਖਿਆ ਹੋਇਆ ਹੈ। ਨਫਰਤ ਦੀ ਸੋਚ ਤਿਆਗ ਕੇ ਪਿਆਰ ਵਾਲਾ ਹੱਥ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ  ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ ਬੌਬੀ ਸਹਿਜਾਦ , ਜਸਵੰਤ  ਸਿੰਘ ਜੱਸੀ ਟੂਸੇ, ਨਿਰਭੈ ਸਿੰਘ ਅੱਬੂਵਾਲ ,ਜਗਧੂੜ ਸਿੰਘ ਸਰਾਭਾ, ਪਰਵਿੰਦਰ ਸਿੰਘ ਟੂਸੇ, ਜਗਪਾਲ ਸਿੰਘ ਸਰਾਭਾ, ਤੁਲਸੀ ਸਿੰਘ ਸਰਾਭਾ, ਕੁਲਜੀਤ ਸਿੰਘ  ਭੰਮਰਾ ਸਰਾਭਾ, ਜਗਦੇਵ ਸਿੰਘ ਦੁਗਰੀ, ਦਲਜੀਤ ਸਿੰਘ ਟੂਸੇ , ਮਾਸਟਰ ਜਗਤਾਰ ਸਿੰਘ ਸਰਾਭਾ ਆਦਿ ਨੇ ਅੱਜ ਦੀ ਭੁੱਖ ਹੜਤਾਲ ‘ਚ ਹਾਜ਼ਰੀ ਭਰੀ।