ਸਰਕਾਰੀ ਬੱਸਾਂ ਗਈਆਂ ਰੋਡ ਸੋਅ ਚ, ਚਰਚਾ ਚ ਆਪ

ਬੱਸ ਅੱਡਿਆਂ ਤੇ ਔਰਤਾਂ ਹੁੰਦੀਆਂ ਰਹੀਆਂ ਹੈਰਾਨ 
ਮਹਿਲ ਕਲਾਂ /ਬਰਨਾਲਾ - 15 ਮਾਰਚ- (ਗੁਰਸੇਵਕ ਸਿੰਘ ਸੋਹੀ )- ਪੰਜਾਬ ਅੰਦਰ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਨੌਜਵਾਨਾਂ ਨੇ ਹੋਰਨਾਂ ਪਾਰਟੀਆਂ ਦੇ ਵੱਡੇ ਕੱਦਾਵਾਰ ਲੀਡਰਾਂ ਨੂੰ ਹਰਾਕੇ ਵਿਧਾਨ ਸਭਾ ਵੱਲ ਆਪਣਾ ਕਦਮ ਪੁੱਟਿਆ ਹੈ। ਭਾਵੇਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਪਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਗਏ ਰੋਡ ਸ਼ੋਅ ਦੌਰਾਨ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲਿਆਉਣ ਲਈ ਭੇਜੀਆਂ ਬੱਸਾਂ ਚਰਚਾ ਬਣ ਗਈਆਂ। ਆਪ ਵਰਕਰਾਂ ਨੂੰ ਲਿਆਉਣ ਲਈ ਸਰਕਾਰੀ ਬੱਸਾਂ ਜਿਉਂ ਹੀ ਪਿੰਡਾਂ ਵਿਚ ਗਈਆਂ, ਤਾਂ ਲੋਕ ਵੀ ਹੈਰਾਨ ਸਨ। ਹੋਰਨਾਂ ਪਾਰਟੀਆਂ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਲਾਉਣ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਵੀ ਅੱਜ ਸਵਾਲਾਂ ਦੇ ਘੇਰੇ ਵਿੱਚ ਆ ਗਏ,ਤੇ ਵਿਰੋਧੀ ਪਾਰਟੀਆਂ ਨੂੰ ਇਕ ਮੁੱਦਾ ਮਿਲ ਗਿਆ। ਸ੍ਰੀ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਮੌਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਰੋਡ ਸ਼ੋਅ ਤੇ ਵੀ ਲੋਕ ਚਰਚਾ ਕਰਦੇ ਦੇਖੇ ਗਏ। ਪਿੰਡਾਂ ਦੇ ਆਮ ਲੋਕਾਂ ਦਾ ਕਹਿਣਾ ਸੀ ਕਿ ਸ੍ਰੀ ਦਰਬਾਰ ਸਾਹਿਬ ਜਾਂ ਹੋਰ ਧਾਰਮਿਕ ਅਸਥਾਨਾਂ ਤੇ ਇਕ ਸਾਦੇ ਅੰਦਾਜ਼ ਚ ਵੀ ਜਾਇਆ ਜਾ ਸਕਦਾ ਸੀ, ਪਰ ਆਮ ਆਦਮੀ ਪਾਰਟੀ ਦੇ ਆਗੂ ਵੀ ਹੋਰਨਾਂ ਪਾਰਟੀਆਂ ਵਾਂਗ ਆਪਣੀ ਧੌਂਸ ਦਿਖਾ ਰਹੇ ਹਨ। ਭਾਵੇਂਕਿ ਆਮ ਆਦਮੀ ਪਾਰਟੀ ਦੇ ਆਗੂ ਇਸ ਮੁੱਦੇ ਤੇ ਜ਼ਿਆਦਾ ਚਰਚਾ ਛਿੜ ਜਾਣ ਕਰਕੇ ਬੱਸਾਂ ਨੂੰ ਬੁੱਕ ਕਰਵਾਉਣ ਦੀ ਵੀ ਗੱਲ ਕਰ ਰਹੇ ਹਨ। ਕੀ ਆਪ ਆਗੂਆਂ ਵੱਲੋਂ ਸੱਚਮੁੱਚ ਹੀ ਬੱਸਾਂ ਨੂੰ ਬੁੱਕ ਕੀਤਾ ਗਿਆ ਸੀ,ਇਸ ਦਾ ਪੂਰਾ ਖਰਚ ਜਨਤਕ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ। ਪੀ ਆਰ ਟੀ ਸੀ ਦੀ ਬੱਸ ਅੱਗੇ ਤਸਵੀਰਾਂ ਖਿੱਚਾਕੇ ਆਪ ਵਰਕਰ ਵਿਅੰਗਮਈ ਅੰਦਾਜ਼ ਚ ਵਿਰੋਧੀਆਂ ਨੂੰ ਛੇੜਦੇ ਦਿਖਾਈ ਦਿੱਤੇ।
ਕੀ ਕਹਿਣਾ ਨੇ ਅਕਾਲੀ/ਬਸਪਾ ਗੱਠਜੋੜ ਦੇ ਆਗੂ
 ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਰਹੇ ਸਰਦਾਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ। 700 ਤੋਂ ਵੱਧ ਸਰਕਾਰੀ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਲਈ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਾਰੀਆਂ ਹੀ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਲਿਜਾਈਆਂ ਗਈਆਂ, ਉਥੇ ਆਮ ਲੋਕ ਬੱਸ ਅੱਡਿਆਂ ਤੇ ਪਰੇਸ਼ਾਨ ਹੁੰਦੇ ਰਹੇ। ਆਧਾਰ ਕਾਰਡ ਰਾਹੀਂ ਸਫ਼ਰ ਕਰਨ ਵਾਲੀਆਂ ਔਰਤਾਂ ਪ੍ਰਾਈਵੇਟ ਬੱਸਾਂ ਚ ਜਾਂਦੀਆਂ ਦਿਖੀਆ। ਪ੍ਰਾਈਵੇਟ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਹੀ ਸਰਕਾਰੀ ਬੱਸਾਂ ਨੂੰ ਉੱਧਰ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਤੋਂ ਵੱਧ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਭ੍ਰਿਸ਼ਟਾਚਾਰ ਵਧੇਗਾ।