ਕੌਮਾਂਤਰੀ ਔਰਤ ਦਿਵਸ 'ਤੇ ਵਿਸ਼ੇਸ਼ ✍️ ਸਲੇਮਪੁਰੀ ਦੀ ਚੂੰਢੀ

 ਮੇਰੀ ਪੱਗ!
 ਔਰਤ ਦਿਵਸ ਮੌਕੇ ਮੈਨੂੰ ਆਪਣੀ ਮਾਂ ਬਹੁਤ ਯਾਦ ਆਉਂਦੀ ਹੈ, ਪਰ ਉਂਝ ਵੀ ਮੈਨੂੰ ਉਹ ਕਦੇ ਭੁੱਲਦੀ ਨਹੀਂ।ਆਪਣੇ ਕਿੱਤੇ ਪ੍ਰਤੀ ਅਧੂਰੀ ਜਾਣਕਾਰੀ ਰੱਖਦੇ ਹੋਏ ਡਾਕਟਰਾਂ ਦੀ ਵਜ੍ਹਾ ਕਾਰਨ ਉਹ ਆਪਣੀ ਉਮਰ ਤੋਂ ਬਹੁਤ ਪਹਿਲਾਂ ਸਾਨੂੰ ਰੋਂਦਿਆਂ ਕੁਰਲਾਉਂਦਿਆਂ, ਵਿਲਕਦਿਆਂ ਛੱਡ ਕੇ ਤੁਰ ਗਈ ਸੀ। ਉਹ ਸਾਨੂੰ ਪੰਜ ਭਰਾਵਾਂ ਅਤੇ ਇੱਕ ਭੈਣ ਨੂੰ ਪਾਲਣ ਲਈ ਸਾਡੇ ਬਾਪੂ ਜੀ ਨਾਲ ਮੋਢਾ ਨਾਲ ਮੋਢਾ ਲਾ ਕੇ ਕੰਮ ਕਰਦੀ ਸੀ। ਪਿੰਡ ਵਿਚ ਲੋਕਾਂ ਦੇ ਘਰਾਂ ਵਿਚ ਉਹ ਸਫਾਈ ਦਾ ਕੰਮ ਕਰਦੀ ਜਦੋਂ ਦੇਰ ਸ਼ਾਮ ਨੂੰ ਆਉਂਦੀ ਤਾਂ ਉਸ ਦਾ ਸਰੀਰ ਫੋੜੇ ਵਾਗੂੰ ਦਰਦ ਕਰਦਾ ਹੁੰਦਾ ਸੀ, ਫਿਰ ਉਸ ਨੇ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਆਪਣੀਆਂ ਲੱਤਾਂ ਘੁੱਟਣ ਲਈ ਕਹਿਣਾ, ਅਸੀਂ ਘੁੱਟਣੀ ਤਾਂ ਉਸ ਨੂੰ ਦਰਦ ਤੋਂ ਰਾਹਤ ਮਿਲਣੀ। ਕੰਮ ਕਰਦਿਆਂ ਕਰਦਿਆਂ ਉਸ ਦੇ ਸਰੀਰ ਵਿਚ ਖੱਲੀਆਂ ਪੈ ਜਾਂਦੀਆਂ ਸਨ। ਲੋਕਾਂ ਦੇ ਘਰਾਂ ਵਿਚ ਕੀਤੇ ਕੰਮ ਬਦਲੇ ਉਹ ਸ਼ਾਮ ਵੇਲੇ ਆਪਣੀ ਚੁੰਨੀ ਵਿਚ ਤਰ੍ਹਾਂ ਤਰ੍ਹਾਂ ਦੀਆਂ ਰੋਟੀਆਂ ਲਪੇਟ ਕੇ ਅਤੇ ਸਿਲਵਰ ਦੇ ਡੋਲੂ ਵਿਚ ਦਾਲ /ਸਬਜੀ ਇਕੱਠੀ ਕਰਕੇ ਲਿਆਉਂਦੀ, ਉਹ ਅਸੀਂ ਇਕੱਠੇ ਬਹਿ ਕੇ ਖਾਂਦੇ। ਕਈ ਵਾਰ ਤਾਂ ਕਈ ਘਰਾਂ ਵਾਲੇ ਬੇਹੀਆਂ-ਤਬੇਹੀਆਂ ਰੋਟੀਆਂ ਅਤੇ ਦਾਲਾਂ ਸਬਜੀਆਂ ਦਿੰਦੇ ਸਨ ਪਰ ਅਸੀਂ ਉਹ ਵੀ ਬਿਸਕੁਟ ਸਮਝ ਕੇ ਖਾ ਲੈਂਦੇ। ਉਹ ਕਦੀ ਵੀ ਸਾਨੂੰ ਭੁੱਖਾ ਨਹੀਂ ਸੀ ਰੱਖਦੀ। ਸਾਡੀ ਇੱਕ ਵੱਡੀ ਭੈਣ ਸੀ ਕਰਮਜੀਤ ਕੌਰ, ਜਿਸ ਨੂੰ 'ਕਰਮੀ' ਕਹਿ ਕੇ ਬੁਲਾਉਂਦੇ ਸਾਂ, ਉਸ ਦਾ ਨਾਂ ਕਰਮੀ ਸੀ, ਪਰ ਕਰਮ ਮਾੜੇ ਸੀ। ਸ਼ਾਇਦ ਉਹ ਅਜੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਦੀ ਸੀ ਕਿ ਉਸ ਦੀਆਂ ਲੱਤਾਂ ਵਿਚ ਚੀਸਾਂ/ ਦਰਦਾਂ ਸ਼ੁਰੂ ਹੋ ਗਈਆਂ, ਸਾਡੀ ਮਾਂ ਅਤੇ ਪਿਓ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਈ, ਆਖਰ ਮੰਜੇ ਉਪਰ ਡਿੱਗ ਪਈ, ਪਰ ਸਾਡੀ ਭੈਣ ਨੇ ਹੌਸਲਾ ਬੁਲੰਦ ਰੱਖਿਆ। ਉਹ ਮੰਜੇ ਉਪਰ ਬੈਠੀ ਘਰ ਦੇ ਕੰਮ ਕਰਦੀ ਰਹਿੰਦੀ, ਉਹ ਸਵੈਟਰ ਕੋਟੀਆਂ ਬਣਦੀ, ਸਬਜੀਆਂ ਚੀਰਦੀ, ਸਾਡੇ ਘਰ ਦਾ ਸਾਰਾ ਹਿਸਾਬ ਕਿਤਾਬ ਰੱਖਦੀ, ਸਾਨੂੰ ਪੜ੍ਹਾਉਂਦੀ, ਪਹਾੜੇ ਸਿਖਾਉਂਦੀ ਅਤੇ ਅਨੇਕਾਂ ਕੰਮ ਕਰਦੀ। ਡੰਡੇ ਦੇ ਸਹਾਰੇ ਉਹ ਉਹ ਗੁਸਲਖਾਨੇ ਤੱਕ ਚਲੀ ਜਾਂਦੀ ਸੀ। ਅਸੀਂ ਸਾਰਾ ਪਰਿਵਾਰ ਉਸ ਨੂੰ ਕਦੀ ਵੀ ਤੱਤੀ ਵਾ ਨਾ ਲੱਗਣ ਦਿੰਦੇ ਅਤੇ ਉਹ ਵੀ ਸਾਡਾ ਬਹੁਤ ਧਿਆਨ ਰੱਖਦੀ। ਮਾਂ ਦੀ ਮੌਤ ਤੋਂ ਬਾਅਦ ਉਸ ਨੇ ਸਾਡੇ ਬਾਪ ਨਾਲ ਮਿਲ ਕੇ ਆਪਣੇ ਹੱਥੀਂ ਸਾਡੇ ਵਿਆਹ ਕੀਤੇ। ਸਾਡੇ ਵਿੱਚੋਂ ਜੇ ਕੋਈ ਢਿੱਲਾ ਮੱਠਾ ਹੋ ਜਾਂਦਾ ਤਾਂ ਉਹ ਅੱਧੀ ਅੱਧੀ ਰਾਤ ਤੱਕ ਉਸ ਦਾ ਹੱਥਾਂ ਨਾਲ ਸਿਰ ਘੁੱਟਦੀ ਰਹਿੰਦੀ। ਸਾਡੇ ਵਿਚੋਂ ਜੇ ਕਿਸੇ ਨੇ ਘਰ ਤੋਂ ਬਾਹਰ ਜਾਣਾ ਹੁੰਦਾ ਤਾਂ ਉਸ ਨੂੰ ਪੁੱਛ ਕੇ ਜਾਂਦਾ, ਸ਼ਾਮ ਵੇਲੇ ਜੇ ਕਿਤੇ ਦੇਰ-ਸਵੇਰ ਹੋ ਜਾਣੀ ਤਾਂ ਉਸ ਨੇ ਟੈਲੀਫੋਨ ਖੜਕਾਉੰਦੇ ਰਹਿਣਾ। ਰਾਤ ਵੇਲੇ ਜਦੋਂ ਅਸੀਂ ਪੜ੍ਹਦੇ ਹੋਣਾ ਤਾਂ ਉਹ ਨਾਲ ਜਾਗਦੀ ਸੀ। ਸਾਡੇ ਸਾਰੇ ਰਿਸ਼ਤੇਦਾਰਾਂ ਸਮੇਤ ਪਿੰਡ ਦੇ ਸਾਰੇ ਲੋਕ ਅਤੇ ਸਾਡੇ ਮਿੱਤਰ-ਦੋਸਤ ਅਤੇ ਅੱਗਿਓਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੱਭ ਜਣੇ ਉਸ ਦਾ ਬਹੁਤ ਸਤਿਕਾਰ ਕਰਦੇ ਸਨ, ਕਿਉਂਕਿ ਉਹ ਮੰਜੇ ਉਪਰ ਹੋਣ ਦੇ ਬਾਵਜੂਦ ਵੀ ਬਹੁਤ ਹੀ ਨੇਕ ਸੁਭਾਅ ਦੀ ਮਾਲਕਣ ਸੀ। ਘਰ ਆਏ ਮਹਿਮਾਨਾਂ ਦਾ ਬਹੁਤ ਆਓ-ਭਗਤ ਕਰਦੀ ਸੀ। ਇਹੀ ਕਾਰਨ ਸੀ ਕਿ ਉਸ ਦੀ ਜਦੋਂ ਮੌਤ ਹੋਈ ਤਾਂ ਉਸ ਦੀ ਅਰਥੀ ਪਿਛੇ ਘਰ ਤੋਂ ਲੈ ਕੇ ਸਿਵਿਆਂ ਤੱਕ ਇੱਕ ਕਿਲੋਮੀਟਰ ਤੱਕ ਹਮਦਰਦਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ ਅਤੇ ਫਿਰ ਜਦੋਂ ਉਸ ਦਾ ਭੋਗ ਪਾਇਆ ਤਾਂ ਖੇਤ ਵਿਚ ਪੰਡਾਲ ਲਾਉਣਾ ਪਿਆ। ਉਸ ਦੀ ਮੌਤ ਦਾ ਕਾਰਨ ਛਾਤੀ ਦਾ ਕੈਂਸਰ ਸੀ। ਅਸੀਂ ਉਸ ਦਾ ਬਹੁਤ ਇਲਾਜ ਕਰਵਾਇਆ, ਇਲਾਜ ਪਿਛੋਂ ਕਈ ਸਾਲ ਜਿਉਂਦੀ ਰਹੀ, ਅਖੀਰ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨ - ਲੇਵਾ ਹੋ ਨਿਬੜਿਆ। ਅੱਜ ਔਰਤ ਦਿਵਸ ਮੌਕੇ ਮੈਂ ਆਪਣੀ ਮਾਂ ਅਤੇ ਭੈਣ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਕਿ ਉਨ੍ਹਾਂ ਦੀ ਬਦੌਲਤ ਸਾਡੇ ਪਰਿਵਾਰ ਸਮਾਜ ਵਿਚ ਅੱਜ ਵਿਲੱਖਣ ਥਾਂ ਬਣਾ ਕੇ ਬੈਠਾ ਹੈ। ਮੇਰੀ ਜੀਵਨ ਸਾਥਣ ਪਰਮਜੀਤ ਕੌਰ ਜੋ ਕੇਂਦਰ ਸਰਕਾਰ ਦੇ ਬਹੁਤ ਹੀ ਮਹੱਤਵਪੂਰਨ ਇੱਕ ਵਿਭਾਗ ਵਿਚ ਐਡਮਿਨ ਅਫਸਰ ਹੈ ਨੂੰ ਮੇਰੀ ਭੈਣ ਨੇ ਹੀ ਚੁਣਿਆ ਸੀ। ਮੇਰੀ ਜੀਵਨ ਸਾਥਣ ਇੱਕ ਉਹ ਇਨਸਾਨ ਹੈ, ਜਿਸ ਵਿਚ ਉਹ ਸਾਰੇ ਗੁਣ ਹਨ, ਜੋ ਇਕ ਨੇਕ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਉਹ ਹਰ ਕੰਮ ਵਿਚ ਇਕ ਨਿਪੁੰਨ ਔਰਤ ਹੈ। ਜਿਥੇ ਉਹ ਇਕ ਸਿਆਣੀ ਪਤਨੀ ਅਤੇ ਬੱਚਿਆਂ ਦੀ ਮਾਂ ਹੈ, ਉਥੇ ਉਹ ਆਪਣੇ ਦਫਤਰ ਦੀ ਇਕ ਨਿਪੁੰਨ ਪ੍ਰਬੰਧਕਾ ਵੀ ਹੈ। ਦਫਤਰੀ ਕੰਮਾਂ ਪ੍ਰਤੀ ਪੂਰੀ ਸੂਝਬੂਝ ਰੱਖਦੀ ਹੈ। ਉਸ ਦੇ ਦਫਤਰ ਵਿਚ ਜਿਨ੍ਹੇ ਵੀ ਅਧਿਕਾਰੀ ਅਤੇ ਕਰਮਚਾਰੀ ਕੰਮ ਕਰਦੇ ਹਨ, ਸਾਰਿਆਂ ਦਾ ਦਿਲੋਂ ਸਤਿਕਾਰ ਕਰਦੀ ਹੈ,, ਇਹ ਹੀ ਕਾਰਨ ਹੈ ਕਿ ਪਿਛਲੇ ਦਿਨੀਂ ਜਦੋਂ ਉਸ ਦੀ ਦੂਜੇ ਦਫਤਰ ਵਿਚ ਜੋ ਬਿਲਕੁਲ ਨਾਲ ਹੀ ਹੈ, ਵਿਚ ਬਦਲੀ ਹੋਈ ਤਾਂ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਹੰਝੂ ਸਨ। ਦਫਤਰ ਦੇ ਮੁਲਾਜ਼ਮਾਂ ਨੇ ਉਸ ਨੂੰ ਢੇਰ ਸਾਰੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਹ ਦੁੱਖ ਸੁੱਖ ਵਿੱਚ ਜਿਥੇ ਰਿਸ਼ਤੇਦਾਰਾਂ ਲਈ ਸਹਾਰਾ ਬਣਦੀ ਹੈ,, ਉਹ ਪਿੰਡ ਦੇ ਲੋੜਵੰਦਾਂ ਅਤੇ ਭੈਣਾਂ-ਭਰਾਵਾਂ ਵਰਗੇ ਮਿੱਤਰਾਂ ਦੋਸਤਾਂ ਨੂੰ ਔਖੇ ਸਮੇਂ ਵਿਚ ਸਹਿਯੋਗ ਦੇਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਬਿਨਾਂ ਕਿਸੇ ਲੋਭ ਲਾਲਚ ਤੋਂ ਦੂਜਿਆਂ ਦਾ ਸਤਿਕਾਰ ਕਰਨਾ ਅਤੇ ਸੱਭ ਨੂੰ ਪਿਆਰ ਕਰਨਾ ਉਸ ਦੀ ਜਿੰਦਗੀ ਦਾ ਨਿਯਮ ਹੈ। ਉਹ ਅੰਦਰੋਂ-ਬਾਹਰੋਂ ਇੱਕ ਹੈ। ਉਹ ਦੂਜੇ ਨੂੰ ਨੀਵਾਂ ਦਿਖਾ ਕੇ ਖੁਦ ਉੱਚਾ ਬਣਨ ਦੀ ਕਦੀ ਵੀ ਕੋਸ਼ਿਸ਼ ਨਹੀਂ ਕਰਦੀ। ਉਹ ਵਿਗਿਆਨਿਕ ਸੋਚ ਦੀ ਧਾਰਨੀ ਹੋਣ ਕਰਕੇ ਪਾਖੰਡਵਾਦ ਅਤੇ ਵਹਿਮਾਂ ਭਰਮਾਂ ਤੋਂ ਨਿਰਲੇਪ ਹੈ। ਉਹ ਇੱਕ ਸੰਪੂਰਨ ਔਰਤ ਹੈ, ਜਿਹੜੀ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੇ ਦਫਤਰ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਫਰਜ ਅਦਾ ਕਰਦੀ ਹੈ। ਉਹ ਕੇਵਲ ਇਕ ਪ੍ਰਬੰਧ ਅਫਸਰ ਹੀ ਨਹੀਂ ਬਲਕਿ ਰਸੋਈ ਵਿਚ ਵੱਖ ਵੱਖ ਪਕਵਾਨ ਬਣਾਉਣ ਵਿਚ ਮੁਹਾਰਤ ਰੱਖਦੀ ਹੈ, ਕੋਟੀਆਂ, ਸਵੈਟਰ ਬਣਦੀ ਹੈ, ਘਰ ਦੇ ਵਿਸ਼ਾਲ ਵਿਹੜੇ ਵਿਚ ਬਣਾਈ ਕਿਚਨ ਗਾਰਡਨ, ਫੁੱਲਾਂ ਅਤੇ ਫਲਾਂ ਦੇ ਬੂਟਿਆਂ ਦੀ ਕਾਂਟੀ-ਛਾਂਟੀ ਖੁਦ ਕਰਕੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਦਫਤਰ ਦੇ ਚਪੜਾਸੀ ਜਾਂ  ਆਪਣੇ ਅਧੀਨ ਕੰਮ ਕਰਦੇ ਕਿਸੇ ਮੁਲਾਜ਼ਮ ਤੋਂ ਆਪਣੇ ਘਰ ਦਾ ਕੰਮ ਕਰਵਾਉਣ ਤੋਂ ਉਹ ਬਿਲਕੁਲ ਨਿਰਲੇਪ ਹੈ। ਦੂਜਿਆਂ ਦੇ ਦਰਦ ਉਪਰ ਗਰਮ ਪਾਣੀ ਦੀ ਟਕੋਰ ਕਰਨਾ ਉਸ ਦਾ ਸੁਭਾਅ ਹੈ। ਕਿਸੇ ਨੂੰ  ਪ੍ਰੇਸ਼ਾਨ ਜਾਂ ਜਲੀਲ ਨਾ ਕਰਨਾ ਉਸ ਦੇ ਦਿਲ ਦੀ ਕਿਤਾਬ ਦੇ ਕਿਸੇ ਪੰਨੇ ਉਪਰ ਉੱਕਰਿਆ ਨਹੀਂ ਹੈ।
ਸੱਚ ਮੁੱਚ ਮੇਰੀ ਮਾਂ,ਮੇਰੀ ਭੈਣ ਅਤੇ ਜੀਵਨ ਸਾਥਣ ਮੇਰੀ ਪੱਗ ਹਨ ,
ਮੇਰੀ ਸ਼ਾਨ ਹਨ। ਮੈਂ ਸੋਚਦਾ ਹਾਂ ਕਿ ਹਰ ਪਰਿਵਾਰ ਵਿਚ ਮੇਰੇ ਮਾਂ, ਮੇਰੀ ਭੈਣ ਅਤੇ ਮੇਰੀ ਘਰਵਾਲੀ ਵਰਗੀਆਂ ਔਰਤਾਂ ਹੋਣੀਆਂ ਚਾਹੀਦੀਆਂ ਹਨ। ਮੇਰੀ ਘਰਵਾਲੀ ਦੀ ਕੁੱਖੋਂ ਕੋਈ ਬੇਟੀ ਪੈਦਾ ਨਹੀਂ ਹੋਈ, ਪਰ ਉਹ ਸਮਾਜ ਦੀ ਹਰ ਬੇਟੀ ਨੂੰ ਆਪਣੇ ਦੋਵੇਂ ਬੇਟਿਆਂ ਵਾਗੂੰ ਪਿਆਰ ਲੁਡਾਉੰਦੀ ਨਹੀਂ ਥੱਕਦੀ!
ਕੁਦਰਤ ਅੱਗੇ ਕਾਮਨਾ ਕਰਦਾ ਹਾਂ ਕਿ ਉਹ ਹਮੇਸ਼ਾ ਤੰਦਰੁਸਤ ਰਹੇ!
-ਸੁਖਦੇਵ ਸਲੇਮਪੁਰੀ
09780620233
8 ਮਾਰਚ, 2022