ਇਆਲੀ ਵੱਲੋਂ ਚੋਣ ਪ੍ਰਕਿਰਿਆ ਦੌਰਾਨ ਤਨਦੇਹੀ ਨਾਲ ਸੇਵਾਵਾਂ ਨਿਭਾਉਣ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਮੇਤ ਪੱਤਰਕਾਰ ਭਾਈਚਾਰੇ ਦਾ ਧੰਨਵਾਦ 

ਚੋਣ ਡਿਊਟੀ 'ਚ ਲੱਗੇ ਹਲਕਾ ਦਾਖਾ ਦੇ ਸਮੂਹ ਮੁਲਾਜ਼ਮਾਂ ਨੂੰ ਆਪਣੇ ਹੱਕ ਵੋਟ ਪਾਉਣ ਦੀ ਕੀਤੀ ਅਪੀਲ 
ਮੁੱਲਾਂਪੁਰ ਦਾਖਾ, 2 ਮਾਰਚ(ਸਤਵਿੰਦਰ ਸਿੰਘ ਗਿੱਲ )— 16ਵੀਂ ਪੰਜਾਬ ਵਿਧਾਨ ਸਭਾ ਲਈ ਚੱਲੀ ਚੋਣ ਪ੍ਰਕਿਰਿਆ ਦੌਰਾਨ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਪੱਤਰਕਾਰ ਭਾਈਚਾਰੇ ਦਾ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਧੰਨਵਾਦ ਕੀਤਾ ਹੈ, ਉੱਥੇ ਹੀ ਉਨ੍ਹਾਂ ਹਲਕੇ ਦੇ ਸਮੁੱਚੇ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਵੀ ਸ਼ਾਂਤੀ ਪੂਰਵਕ ਤਰੀਕੇ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਆਖਿਆ ਕਿ ਚੋਣ ਪ੍ਰਚਾਰ ਅਤੇ ਵੋਟਾਂ ਦੌਰਾਨ ਸਮੁੱਚੇ ਚੋਣ ਅਮਲੇ, ਪੁਲਿਸ ਤੇ ਸਿਵਲ ਪ੍ਰਸ਼ਾਸਨ ਸਮੇਤ ਮੀਡੀਆ ਵੱਲੋਂ ਪੂਰੀ ਸ਼ਿੱਦਤ ਨਾਲ ਨਿਭਾਈ ਗਈ ਡਿਊਟੀ ਅਤੇ ਵੋਟਰਾਂ ਵੱਲੋਂ ਦਿੱਤੇ ਸਹਿਯੋਗ ਸਦਕਾ ਹੀ ਇਹ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹੀਆਂ ਹਨ, ਜਿਨ੍ਹਾਂ ਦੇ ਵੱਡਮੁੱਲੇ ਯੋਗਦਾਨ ਸਦਕਾ ਪੰਜਾਬ ਦੇ ਨਵੇਂ ਅਤੇ ਉੱਜਵਲ ਭਵਿੱਖ ਦੀ ਸਿਰਜਣਾ ਕੀਤੀ ਗਈ ਹੈ। ਇਸ ਮੌਕੇ ਇਆਲੀ ਨੇ ਵੋਟਾਂ ਸਮੇਂ ਡਿਊਟੀ ਨਿਭਾਉਣ ਵਾਲੇ ਸਮੂਹ ਮੁਲਾਜ਼ਮਾਂ ਨੂੰ ਨੂੰ ਅਪੀਲ ਕੀਤੀ ਹੈ ਕਿ ਚੋਣ ਡਿਊਟੀ ਹੋਣ ਕਾਰਨ ਉਨ੍ਹਾਂ ਦੀ ਵੋਟਿੰਗ 9 ਮਾਰਚ ਤੱਕ ਬੈਲਟ ਪੇਪਰ ਰਾਹੀਂ ਹੋਵੇਗੀ। ਇਸ ਲਈ ਹਲਕਾ ਦਾਖਾ ਦੇ ਸਮੁੱਚੇ ਮੁਲਾਜ਼ਮ ਉਨ੍ਹਾਂ ਦੇ ਹੱਕ ਵਿੱਚ ਵੋਟ ਪਾ ਕੇ ਉਨ੍ਹਾਂ ਨੂੰ ਮੁੜ ਹਲਕਾ ਦਾਖਾ ਦੀ ਨੁਮਾਇੰਦਗੀ ਕਰਨ ਦਾ ਦਾ ਮੌਕਾ ਪ੍ਰਦਾਨ ਕਰਨ, ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਬਿਹਤਰ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਗੇ, ਉੱਥੇ ਹੀ ਸਮੁੱਚੇ ਮੁਲਾਜ਼ਮ ਵਰਗ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ ਅਤੇ ਹਰ ਸਮੇਂ ਉਨ੍ਹਾਂ ਨਾਲ ਖੜਨਗੇ।