You are here

ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਬੁਖ਼ਾਰ ਤੋਂ ਬਚਾਅ ਸੰਬੰਧੀ ਅਡਵਾਈਜ਼ਰੀ ਜਾਰੀ

ਡੇਂਗੂ ਬੁਖ਼ਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਬਚਾਅ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ -ਸਿਵਲ ਸਰਜਨ

ਲੁਧਿਆਣਾ,ਜੁਲਾਈ ( ਮਨਜਿੰਦਰ ਗਿੱਲ )-ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਡੇਂਗੂ ਬੁਖ਼ਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਆਮ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ 'ਮਿਸ਼ਨ ਤੰਦਰੁਸਤ ਪੰਜਾਬ' ਤਾਂ ਹੀ ਸਫ਼ਲ ਹੋ ਸਕਦਾ ਹੈ, ਜੇਕਰ ਅਸੀਂ ਇਸ ਬਾਰੇ ਜਾਗਰੂਕ ਹੋਈਏ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਬੁਖ਼ਾਰ ਮਾਦਾ ਐਡੀਜ਼ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਨੂੰ ਟਾਈਗਰ ਮੌਸਕੀਟੋ ਵੀ ਕਹਿੰਦੇ ਹਨ। ਇਸ ਦੇ ਸਰੀਰ 'ਤੇ ਟਾਈਗਰ ਵਰਗੀਆਂ ਕਾਲੀਆਂ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਹ ਮੱਛਰ ਕੂਲਰਾਂ, ਕੰਟੇਨਰਾਂ, ਫਰਿੱਜ ਦੇ ਪਿੱਛੇ ਲੱਗੀਆਂ ਟਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉੱਪਰ ਪਏ ਟਾਇਰ, ਕਬਾੜ ਆਦਿ ਵਿੱਚ ਖੜੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇੱਕ ਹਫ਼ਤੇ ਦੇ ਅੰਦਰ ਇੱਕ ਅੰਡੇ ਤੋਂ ਪੂਰਾ ਅਡੱਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਇੱਕ ਪਾਣੀ ਦੇ ਚਮਚੇ ਵਿੱਚ ਵੀ ਪੈਦਾ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਇਹ ਮੱਛਰ ਜਿਆਦਾਤਰ ਸਵੇਰੇ ਵੇਲੇ ਸੂਰਜ ਚੜਨ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਕੱਟਦਾ ਹੈ। ਇਹ ਮੱਛਰ ਜਿਆਦਾਤਰ ਸਰੀਰ ਦੇ ਹੇਠਲੇ ਹਿੱਸਿਆਂ 'ਤੇ ਕੱਟਦਾ ਹੈ। ਇਸ ਦੀ ਪੈਦਾਵਾਰ 20 ਤੋਂ 34 ਡਿਗਰੀ ਤਾਪਮਾਨ ਦੇ ਦਰਮਿਆਨ ਵਿੱਚ ਜਿਆਦਾ ਹੁੰਦੀ ਹੈ। ਮਾਦਾ ਮੱਛਰ ਆਪਣੇ ਜੀਵਨ ਕਾਲ ਦੌਰਾਨ 5 ਵਾਰ ਤੱਕ ਅੰਡੇ ਦੇ ਸਕਦਾ ਹੈ। ਇਸ ਦੀ ਬਰੀਡਿੰਗ ਲਈ ਜੁਲਾਈ ਤੋਂ ਨਵੰਬਰ ਤੱਕ ਦਾ ਸਮਾਂ ਹੁੰਦਾ ਹੈ। ਇਸ ਲਈ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਕਿਤੇ ਵੀ ਪਾਣੀ ਨਾ ਖ਼ੜਨ ਦਿਓ। ਜੇਕਰ ਕਿਸੇ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਚਮੜੀ 'ਤੇ ਦਾਣੇ, ਮਾਸਪੇਸ਼ੀਆਂ ਵਿੱਚ ਦਰਦ, ਮਸੂੜਿਆਂ ਵਿੱਚੋਂ ਖੂਨ ਵਗਣਾ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ। ਇਸ ਹਾਲਤ ਵਿੱਚ ਪੈਰਾਸੀਟਾਮੋਲ ਗੋਲੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਿਵਲ ਹਸਪਤਾਲ ਲੁਧਿਆਣਾ ਅਤੇ ਖੰਨਾ ਵਿਖੇ ਡੇਂਗੂ ਬੁਖ਼ਾਰ ਦੇ ਟੈਸਟ ਬਿਲਕੁਲ ਫਰੀ ਹਨ। ਬਾਹਰ ਨਿੱਜੀ ਡਾਕਟਰਾਂ ਵੱਲੋਂ ਕਾਰਡ ਟੈਸਟ ਕੀਤਾ ਜਾਂਦਾ ਹੈ, ਜੋ ਕਿ ਭਾਰਤ ਸਰਕਾਰ ਦੁਆਰਾ ਵੈਲਿਡ ਨਹੀਂ ਮੰਨਿਆ ਜਾਂਦਾ। ਇਸ ਲਈ ਜੇਕਰ ਕਿਸੇ ਨੂੰ ਡੇਂਗੂ ਬੁਖ਼ਾਰ ਦੇ ਲੱਛਣ ਲੱਗਦੇ ਹਨ ਤਾਂ ਸਿਵਲ ਹਸਪਤਾਲਾਂ ਵਿਖੇ ਟੈਸਟ ਕਰਾਉਣੇ ਚਾਹੀਦੇ ਹਨ। ਡੇਂਗੂ ਅਤੇ ਚਿਕਨਗੁਨੀਆ ਬੁਖ਼ਾਰ ਲਈ ਸਪੋਰਟਿਵ ਇਲਾਜ ਕੀਤਾ ਜਾਂਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਜਾਣ ਵੇਲੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਖੁੱਲੇ ਕੱਪੜੇ ਪਾਉਣ। ਖਾਸ ਕਰਕੇ ਬੱਚਿਆਂ ਨੂੰ ਸਕੂਲ ਵਰਦੀ ਪੂਰੀਆਂ ਬਾਹਾਂ ਦੀ ਪਾ ਕੇ ਭੇਜਣੀ ਚਾਹੀਦੀ ਹੈ। ਪਾਰਕ ਵਰਗੀ ਜਗਾਂ ਜਿੱਥੇ ਫੁੱਲ ਬੂਟੇ ਆਦਿ ਹੁੰਦੇ ਹਨ, ਉਥੇ ਜਾਣ ਤੋਂ ਰੋਕਿਆ ਜਾਵੇ। ਬਾਹਰ ਜਾਣ ਤੋਂ ਪਹਿਲਾਂ ਮੱਛਰ ਨਿਰੋਧਕ ਕਰੀਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸ਼ੁੱਕਰਵਾਰ ਦਾ ਦਿਨ ਡਰਾਈ ਡੇਅ ਵਜੋਂ ਮਨਾਇਆ ਜਾਵੇ ਤਾਂ ਜੋ ਡੇਂਗੂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜ਼ਿਲਾ ਐਪੀਡੀਮੋਲੋਜਿਸਟ ਡਾ. ਰਮੇਸ਼ ਕੁਮਾਰ ਦੇ ਸੰਪਰਕ ਨੰਬਰ 9855716180 'ਤੇ ਗੱਲ ਕੀਤੀ ਜਾ ਸਕਦੀ ਹੈ।