ਪਟਿਆਲਾ ਵਿਖੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ ਪੁਲਿਸ ਦੇ 11 ਮੁਲਾਜ਼ਮ ਬਰਤਰਫ

ਐਸ.ਐਸ.ਪੀ. ਵੱਲੋਂ ਛੇ ਥਾਣੇਦਾਰਾਂ, ਤਿੰਨ ਹੈਡ ਕਾਂਸਟੇਬਲਾਂ ਤੇ ਦੋ ਕਾਂਸਟੇਬਲਾਂ ਖਿਲਾਫ ਵੱਡੀ ਕਾਰਵਾਈ

ਬਰਤਰਫ ਥਾਣੇਦਾਰਾਂ 'ਚ ਇਕ ਮਹਿਲਾ ਥਾਣੇਦਾਰ ਵੀ ਸ਼ਾਮਲ

ਚੰਗਾ ਕੰਮ ਕਰਨ ਵਾਲੇ 81 ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ - ਐਸ.ਐਸ.ਪੀ. ਸਿੱਧੂ

ਪਟਿਆਲਾ, ਜੁਲਾਈ 2019- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਨੂੰ ਜੜੋ ਖਤਮ ਕਰਨ ਲਈ ਵਿੱਢੀ ਵਿਆਪਕ ਮੁਹਿੰਮ ਤਹਿਤ ਅੱਜ ਪਟਿਆਲਾ ਦੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਸਖਤ ਕਾਰਵਾਈ ਕਰਦਿਆ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਲਿਪਤ 6 ਥਾਣੇਦਾਰਾਂ ਸਮੇਤ 11 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਹੈ।  ਬਰਤਰਫ ਕੀਤੇ ਗਏ ਥਾਣੇਦਾਰਾਂ ਵਿਚ ਇਕ ਮਹਿਲਾਂ ਥਾਣੇਦਾਰ ਵੀ ਸ਼ਾਮਲ ਹੈ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕੀਤੀ ਇਸ ਵੱਡੀ ਕਾਰਵਾਈ ਬਾਰੇ ਖੁਲਾਸਾ ਕਰਦਿਆ ਦੱਸਿਆ ਕਿ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ ਵਿਚ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਕਾਰਨ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਵੱਖਰੇ ਤੌਰ 'ਤੇ ਵਿਭਾਗੀ ਪੜਤਾਲ ਕੀਤੀ ਗਈ ਅਤੇ ਵਿਭਾਗੀ ਪੜਤਾਲ ਵਿਚ ਦੋਸ਼ੀ ਪਾਏ ਜਾਣ ਕਾਰਨ ਇਨ੍ਹਾਂ ਨੂੰ ਨੌਕਰੀ ਤੋਂ ਬਰਤਰਫ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਦੋਸ਼ੀਆਂ ਖਿਲਾਫ ਮਾਨਯੋਗ ਅਦਾਲਤਾਂ ਵਿਚ ਮਾਮਲੇ ਸੁਣਵਾਈ ਅਧੀਨ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਨੌਕਰੀ ਤੋਂ ਬਰਤਰਫ ਕੀਤੇ ਗਏ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿਚ ਸਹਾਇਕ ਥਾਣੇਦਾਰ ਸ਼ਿਵਦੇਵ ਸਿੰਘ (71 ਪਟਿਆਲਾ) ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਬਰਤਰਫ ਕੀਤਾ ਗਿਆ ਹੈ ਜਦਕਿ ਸਹਾਇਕ ਥਾਣੇਦਾਰ ਲੋਕਲ ਰੈਂਕ ਸਾਹਿਬ ਸਿੰਘ (3231 ਪਟਿਆਲਾ) ਨੂੰ ਦੱਸ ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਟਹਿਲ ਸਿੰਘ (1947 ਪਟਿਆਲਾ) ਨੂੰ 35 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਜੰਗੀਰ ਸਿੰਘ (3234 ਪਟਿਆਲਾ) ਨੂੰ ਦਸ ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਗੁਰਮੀਤ ਸਿੰਘ (2053 ਪਟਿਆਲਾ) ਅਤੇ ਹੈਡ ਕਾਂਸਟੇਬਲ ਹਰਜਿੰਦਰ ਸਿੰਘ (1937 ਪਟਿਆਲਾ) ਨੂੰ ਸਾਂਝੇ ਤੌਰ 'ਤੇ 14 ਹਜ਼ਾਰ ਰੁਪਏ ਰਿਸ਼ਵਤ ਲੈਣ ਕਾਰਨ ਬਰਤਰਫ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਰਿਸ਼ਵਤ ਦੇ ਮਾਮਲੇ ਵਿਚ ਇਕ ਮਹਿਲਾਂ ਥਾਣੇਦਾਰ ਲੋਕਲ ਰੈਂਕ ਸੁਖਵਿੰਦਰ ਕੌਰ (304 ਪਟਿਆਲਾ) ਨੂੰ ਦਸ ਹਜ਼ਾਰ ਰੁਪਏ ਅਤੇ ਹੈਡ ਕਾਂਸਟੇਬਲ ਬਲਜਿੰਦਰ ਸਿੰਘ ਨੂੰ (1461 ਪਟਿਆਲਾ) ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਨੌਕਰੀ ਤੋਂ ਬਰਤਰਫ ਕੀਤਾ ਗਿਆ ਹੈ। ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲਿਆਂ ਵਿਚ ਲਿਪਤ ਜਿਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ ਕੀਤਾ ਗਿਆ ਹੈ ਉਨ੍ਹਾਂ ਵਿਚ ਹੈਡ ਕਾਂਸਟੇਬਲ ਅਮਰਜੀਤ ਸਿੰਘ (2943 ਪਟਿਆਲਾ), ਕਾਂਸਟੇਬਲ ਨਰਿੰਦਰਪਾਲ ਸਿੰਘ (2381 ਪਟਿਆਲਾ) ਅਤੇ ਕਾਂਸਟੇਬਲ ਗੁਰਪ੍ਰਤਾਪ ਸਿੰਘ (1217 ਪਟਿਆਲਾ) ਦੇ ਨਾਮ ਸ਼ਾਮਲ ਹਨ। ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਜੁਰਮ, ਨਸ਼ੇ ਤੇ ਭ੍ਰਿਸ਼ਟਾਚਾਰ ਦਾ ਸਫਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵਿਚ ਅਜਿਹੇ ਮਾਮਲਿਆ ਵਿਚ ਸ਼ਾਮਲ ਕੋਈ ਵੀ ਅਧਿਕਾਰੀ ਜਾ ਕਰਮਚਾਰੀ ਭਾਵੇਂ ਉਹ ਕਿਸੇ ਵੀ ਅਹੁਦੇ 'ਤੇ ਕਿਉ ਨਾ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। 

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵਿਭਾਗ ਵਿਚ ਸ਼ਾਮਲ ਜਿਥੇ ਅਜਿਹੀਆਂ ਕਾਲੀਆਂ ਭੇਡਾਂ ਨੂੰ ਬੇਪਰਦ ਕਰਕੇ ਨੌਕਰੀਆਂ ਤੋਂ ਲਾਂਭੇ ਕੀਤਾ ਗਿਆ ਹੈ ਉਥੇ ਹੀ ਇਮਾਨਦਾਰ ਤੇ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਤਰੱਕੀਆਂ ਤੇ ਇਨਾਮ ਵੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 11 ਮਹੀਨਿਆਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸ਼ਿਫਾਰਸ 'ਤੇ ਜਿਥੇ ਚੰਗੀ ਕਾਰਗੁਜ਼ਾਰੀ ਵਾਲੇ 81 ਪੁਲਿਸ ਮੁਲਾਜ਼ਮਾਂ ਨੂੰ ਡੀ.ਜੀ.ਪੀ. ਪੰਜਾਬ ਵੱਲੋਂ ਤਰੱਕੀਆਂ ਦਿੱਤੀਆਂ ਗਈਆਂ ਹਨ ਉਥੇ ਹੀ 50 ਅਧਿਕਾਰੀਆਂ/ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਆ ਗਿਆ ਹੈ। ਐਸ.ਐਸ.ਪੀ. ਦੱਸਿਆ ਕਿ ਐਸ.ਐਸ.ਪੀ., ਆਈ.ਜੀ. ਅਤੇ ਹੋਰ ਅਧਿਕਾਰੀਆਂ ਦੀ ਸ਼ਿਫਾਰਸ 'ਤੇ 1816 ਮੁਲਾਜ਼ਮਾਂ ਨੂੰ ਕਮੈਮੋਡੇਸ਼ਨ ਸਰਟੀਫਿਕੇਟ ਦਿੱਤੇ ਗਏ ਹਨ ਅਤੇ ਗੁੰਝਲਦਾਰ ਅਤੇ ਸ਼ਨਸਨੀਖੇਜ਼ ਮਾਮਲਿਆਂ ਨੂੰ ਸੁਲਝਾਉਣ ਕਾਰਨ ਪਟਿਆਲਾ ਪੁਲਿਸ ਨੂੰ ਡੀ.ਜੀ.ਪੀ. ਪੰਜਾਬ ਵੱਲੋਂ 3 ਲੱਖ 20 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਪ੍ਰਾਪਤ ਹੋਇਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਇੰਨੇ ਥੋੜ੍ਹੇ ਕਾਰਜਕਾਲ ਦੌਰਾਨ ਜਿਥੇ ਕਤਲ ਦੇ 23 ਅੰਨ੍ਹੇ ਮਾਮਲਿਆ ਦੀ ਗੁੱਥੀ ਸੁਲਝਾਈ ਗਈ ਹੈ ਉਥੇ ਹੀ ਲੁੱਟਾਂ-ਖੋਹਾਂ, ਡਕੈਤੀਆਂ ਤੇ ਚੋਰੀਆਂ ਦੇ ਮਾਮਲੇ ਅਤੇ ਵੱਖ-ਵੱਖ ਗੈਂਗਸਟਰਾਂ ਤੋਂ 3 ਕਰੋੜ 62 ਲੱਖ 18 ਹਜ਼ਾਰ 345 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਥੇ ਚੰਗੇ ਕੰਮ ਕਰਨ ਵਾਲੇ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ ਉਥੇ ਹੀ ਪੰਜਾਬ ਸਰਕਾਰ ਦੀ ਜ਼ੁਰਮ, ਨਸ਼ਿਆਂ ਤੇ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਤਹਿਤ ਅਜਿਹੇ ਮਾਮਲਿਆ ਵਿਚ ਲਿਪਤ ਦੋਸ਼ੀਆਂ ਨੂੰ ਬਖਸ਼ਿਆਂ ਨਹੀ ਜਾਵੇਗਾ।