ਠੀਕਰੀਵਾਲ ਵਿਖੇ  ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ

ਤੇਂਦੂਏ ਦੀ ਲੋਕਾਂ ਚ ਭਾਰੀ ਦਹਿਸ਼ਤ                         

ਮਹਿਲ ਕਲਾਂ/ਬਰਨਾਲਾ- 23 ਫ਼ਰਵਰੀ (ਗੁਰਸੇਵਕ ਸੋਹੀ) ਮਹਿਲ ਕਲਾਂ ਖੇਤਰ ਦੇ ਪਿੰਡਾਂ ਵਿੱਚ ਤੇਂਦੂਆ ਦੀ ਦਹਿਸ਼ਤ ਬਰਕਰਾਰ ਹੈ ਅਤੇ ਤੇਂਦੂਆ ਵੱਖ ਵੱਖ ਪਿੰਡਾਂ ਵਿੱਚ ਘੁੰਮ ਰਿਹਾ ਹੈ । ਐਵਰ ਗ੍ਰੀਨ ਸੋਸਾਇਟੀ ਠੀਕਰੀਵਾਲ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਜੰਗਲੀ ਜਾਨਵਰ ਤੇਂਦੂਆ ਨਾਲ ਲੋਕਾਂ ਚ ਪੂਰੀ ਦਹਿਸ਼ਤ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਗੁਰਪਾਲ ਸਿੰਘ ਵੱਲੋਂ ਸੁਸਾਇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੀਕਰੀਵਾਲ ਤੇ ਨਾਈਵਾਲਾ ਸੜਕ ਦੇ ਨਜ਼ਦੀਕ ਇਕ ਧਾਰਮਕ ਅਸਥਾਨ ਸੱਦੂਆਣਾ ਵਿਖੇ ਪਿੰਜਰਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਤੇ  25 ਫਰਵਰੀ ਤੋਂ ਲੈ ਕੇ 27 ਫਰਵਰੀ ਤਕ ਇਕ ਧਾਰਮਕ ਸਮਾਗਮ ਸਾਲਾਨਾ ਹੁੰਦਾ ਹੈ ।ਜਿਸ ਨੂੰ ਲੈ ਕੇ ਲੋਕਾਂ ਚ ਦਹਿਸ਼ਤ ਹੈ ਕਿ ਉਕਤ ਸਮਾਗਮ ਡਰਦੇ ਕਾਰਨ ਨਾ ਹੋਵੇ ।ਪਰ ਮਹਿਕਮੇ ਨੇ ਪਹਿਲਾਂ ਕੋਈ ਧਿਆਨ ਨਹੀਂ ਦਿੱਤਾ ਤੇ ਅੱਜ ਸਵੇਰੇ ਜੰਗਲੀ ਜਾਨਵਰ ਦੀਆਂ ਪੈੜਾਂ ਵੀ ਦੇਖੀਆਂ ਗਈਆਂ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਜੰਗਲੀ ਜਾਨਵਰ ਦੋ ਹੋ ਸਕਦੇ ਹਨ । ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਸਹੌਰ ਨੇ ਦੱਸਿਆ ਕਿ 22 ਫਰਵਰੀ ਦੀ ਰਾਤ ਨੂੰ ਪਿੰਡ ਸਹੌਰ ਦੇ ਇੱਕ ਕਿਸਾਨ ਦੀ ਕੋਠੀ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਜੰਗਲੀ ਜਾਨਵਰ ਨੂੰ ਘੁੰਮਦੇ  ਹੋਏ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਉੱਪਰ ਤੇਂਦੂਏ  ਨੂੰ ਫੜੇ ਜਾਣ ਦੀਆਂ ਵੀਡੀਓ ਪਾਈ ਗਈ ਹੈ ,ਉਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੰਗਲੀ ਜਾਨਵਰ ਤੋਂ ਸੁਚੇਤ ਰਹਿਣਾ ਚਾਹੀਦਾ  ਹੈ । ਉਨ੍ਹਾਂ ਕਿਹਾ ਕਿ ਤੇਂਦੂਏ ਦੇ ਘੁੰਮਣ ਕਾਰਨ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੋਟਾਂ ਤੋਂ ਪਹਿਲਾਂ ਸਾਡਾ ਜਮ੍ਹਾ ਕਰਵਾਇਆ ਗਿਆ ਅਸਲਾ ਰਾਤ ਸਣੇ ਸੁਰੱਖਿਆ ਕਰਨ ਲਈ ਸਾਨੂੰ ਵਾਪਸ ਦਿੱਤਾ ਜਾਵੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਹਰਜੀਤ ਸਿੰਘ ਕੇਵਲ ਸਿੰਘ ਵੀ ਹਾਜ਼ਰ ਸਨ ।