ਬਹੁਤ ਹੀ ਸਤਿਕਾਰਤ ਦੋਸਤੋ ਜਿਵੇਂ ਕਿ ਆਪ ਸੱਭ ਚੰਗੀ ਤਰ੍ਹਾਂ ਜਾਣਦੇ ਹੋਂ ਕਿ ਮੈਂ ਅਕਸਰ ਹੀ ਪੁਰਾਤਨ ਵਿਰਸੇ ਪ੍ਰਤੀ ਲੇਖ ਕਵਿਤਾਵਾਂ ਆਦਿ ਲਿਖਦਾ ਰਹਿੰਦਾ ਹਾਂ, ਇਸੇ ਕੜੀ ਤਹਿਤ ਹੀ ਪਿਛੇ ਜਿਹੇ ਥੋੜੇ ਦਿਨ ਪਹਿਲਾਂ ਇੱਕ ਲੇਖ"ਪਿੰਡਾਂ ਵਾਲਾ ਮਾਹੌਲ ਕਿਥੇ ਸ਼ਹਿਰਾਂ ਚ"ਦਾਸ ਵੱਲੋਂ ਲਿਖਿਆ ਕਈ ਅਖਬਾਰਾਂ ਵਿੱਚ ਛਪਿਆ ਸੀ,ਓਸੇ ਦਾ ਇਹ ਦੂਸਰਾ ਭਾਗ ਕਹਿ ਸਕਦੇ ਹਾਂ।
ਓਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਦਾਰੇ ਵਾਲਾ ਪਿੰਡ (ਹਰਿਆਣਾ ਸਟੇਟ ਡਬਵਾਲੀ-ਐਲਨਾਬਾਦ ਰੋਡ) ਵਿੱਚ ਜਦੋਂ ਦਾਸ ਇੱਕ ਪੇਂਡੂ ਵਿਆਹ ਵਿੱਚ ਗਿਆ ਸੀ, ਤਾਂ ਓਥੇ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਘਰ ਘਰ ਤੋਂ ਮੰਜੇ ਬਿਸਤਰੇ ਇਕੱਠੇ ਕੀਤੇ ਗਏ ਸਨ। ਜਦੋਂ ਕਿ ਇਹ ਸਾਡੇ ਪੁਰਖਿਆਂ ਦੇ ਰਿਵਾਜ ਸਨ। ਹੁਣ ਅਡਵਾਂਸ ਕਹਿ ਲਈਏ ਜਾਂ ਫਿਰ ਅਗਾਂਹ ਵਧੂ ਜ਼ਮਾਨੇ ਵਿਚ ਕੀ ਪਿੰਡਾਂ ਤੇ ਕੀ ਸ਼ਹਿਰਾਂ ਵਿੱਚ ਟੈਂਟ ਹਾਊਸ ਤੋਂ ਵਿਆਹ ਸ਼ਾਦੀ ਵਿੱਚ ਗੱਦੇ ਚਾਦਰਾਂ, ਰਜਾਈਆਂ ਜਾਂ ਸਮੇਂ ਅਨੁਸਾਰ ਕੰਬਲ ਲਿਆਉਣ ਦਾ ਰਿਵਾਜ ਪ੍ਰਚਲਿਤ ਹੋ ਚੁੱਕਾ ਹੈ। ਸ਼ਹਿਰਾਂ ਵਿੱਚ ਤਾਂ ਵੈਸੇ ਹੀ ਘਰਾਂ ਦੀ ਜਗ੍ਹਾ ਬਹੁਤ ਘੱਟ ਹੁੰਦੀ ਹੈ,ਇਸ ਕਰਕੇ ਵੀ ਥੱਲੇ ਫਰਸ਼ ਤੇ ਗੱਦੇ ਸੁੱਟੋ ਚਾਦਰ ਵਿਛਾਓ ਰਜਾਈ ਕੰਬਲ ਲੳ ਤੇ ਸੌਂ ਜਾਓ। ਬਿਲਕੁਲ ਇਸੇ ਤਰ੍ਹਾਂ ਹੀ ਹੁਣ ਭਾਵ ਅਜੋਕੇ ਜ਼ਮਾਨੇ ਵਿਚ ਪਿੰਡਾਂ ਵਾਲੇ ਵੀ ਸ਼ਹਿਰਾਂ ਚੋਂ ਗੱਦੇ ਵਗੈਰਾ ਲੈ ਜਾਂਦੇ ਹਨ। ਕਿਉਂਕਿ ਮੰਜੇ ਬਿਸਤਰੇ ਇਕੱਠੇ ਕਰਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਬਹੁਤ ਔਖੇ ਲਗਦੇ ਹਨ।ਕਿਹੜਾ ਐਨਾ ਅਡੰਬਰ ਕਰੇ। ਬਹੁਤ ਜ਼ਿਆਦਾ ਪੈਸੇ ਵਾਲੀ ਹੋ ਚੁੱਕੀ ਹੈ ਅਜੋਕੀ ਦੁਨੀਆਂ, ਪੈਸੇ ਦਿਓ ਜਿਹੜੀ ਚੀਜ਼ ਮਰਜ਼ੀ ਘਰੇ ਮੰਗਵਾ ਲੳ। ਫਿਰ ਅੱਜਕਲ੍ਹ ਹੱਥੀਂ ਕੰਮ ਕਰਨ ਦਾ ਰਿਵਾਜ ਵੀ ਤਾਂ ਨਹੀਂ ਨਾ ਰਹਿ ਗਿਆ, ਹੁਕਮ ਚਲਾਉਣ ਦਾ ਸਮਾਂ ਆ ਚੁੱਕਾ ਹੈ। ਇਸੇ ਕਰਕੇ ਹੀ ਐਸੇ ਅਡੰਬਰਾਂ ਤੋਂ ਕੰਨੀ ਕਤਰਾਉਂਦੇ ਹਨ ਘਰਾਂ ਦੇ ਨੌਜਵਾਨ ਮੁੰਡੇ। ਪੈਲੇਸਾਂ ਵਿੱਚ ਵੀ ਵੇਟਰ ਹੁੰਦੇ ਹਨ ਤੇ ਘਰਾਂ ਵਿੱਚ ਵੀ ਜਿੰਨੇ ਮਰਜੀ ਵੇਟਰ ਮੰਗਵਾ ਲੳ ਸਿਰਫ਼ ਪੈਸਾ ਚਾਹੀਦਾ ਹੈ।
ਪਰ ਅਜੋਕੇ ਸਮੇਂ ਤੋਂ ਹਟਕੇ ਜੋ ਦਾਰੇ ਵਾਲਾ ਪਿੰਡ ਵਿੱਚ ਦਾਸ ਨੇ ਵੇਖਿਆ ਓਥੇ ਵਾਕਿਆ ਹੀ ਓਹ ਪੁਰਾਤਨ ਸਮੇਂ ਯਾਦ ਆ ਗਏ ਜਦੋਂ ਪੁਰਾਣਿਆਂ ਸਮਿਆਂ ਵਿੱਚ ਹੁੰਦੇ ਸਨ,ਘਰ ਘਰ ਤੋਂ ਮੰਜੇ ਬਿਸਤਰੇ ਇਕੱਠੇ ਕੀਤੇ ਗਦੈਲਿਆਂ ਰਜਾਈਆਂ ਸਰਾਣਿਆਂ ਤੇ ਨੰਬਰ ਲਾਏ,ਆਏ ਗਏ ਲਈ ਭਾਵ ਮੇਲ ਲਈ,ਲਿਆਂਦੇ ਤੇ ਲਿਆ ਕੇ ਅੱਡੋ ਅੱਡ ਕਮਰਿਆਂ ਵਿੱਚ ਡਾਹ ਕੇ ਵਿਛਾ ਦਿੱਤੇ।ਜਾਗੋ ਤੋਂ ਬਾਅਦ ਕੋਈ ਰਾਤ ਦੇ ਗਿਆਰਾਂ ਸਾਢੇ ਗਿਆਰਾਂ ਵਜੇ ਸਾਰੇ ਸੌਂ ਗਏ ਅਗਲੇ ਦਿਨ ਬਰਾਤ ਆਈ ਸਾਰਾ ਮੇਲ ਗੇਲ ਘਰਦੇ ਸਾਰਾ ਪਰਿਵਾਰ ਸੰਗਰੀਆ ਮੰਡੀ ਪੈਲੇਸ ਵਿੱਚ ਪਹੁੰਚ ਗਿਆ। ਸ਼ਾਮੀਂ ਕੁੜੀ ਨੂੰ ਤੋਰ ਕੇ ਫਿਰ ਸਾਰਾ ਮੇਲ ਗੇਲ ਤੇ ਪਰਿਵਾਰ ਘਰੇ ਵਾਪਸ ਆ ਗਏ।ਉਸ ਤੋਂ ਅਗਲੇ ਦਿਨ ਜਿਹੜੇ ਘਰਾਂ ਤੋਂ ਮੰਜੇ ਬਿਸਤਰੇ ਆਏ ਸਨ ਓਹ ਪਰਿਵਾਰ ਆਪੋ ਆਪਣੇ ਮੰਜੇ ਬਿਸਤਰੇ ਪਛਾਣ ਪਛਾਣ ਕੇ ਲੈ ਜਾ ਰਹੇ ਸਨ (ਇਹ ਫੋਟੋ ਓਸੇ ਸਮੇਂ ਦੀ ਹੈ ਜੋ ਇਸ ਲੇਖ ਵਿੱਚ ਲੱਗੀ ਹੈ)
ਸੋ ਦੋਸਤੋ ਅੰਤਾਂ ਦੀ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਹਰ ਇਨਸਾਨ ਨੂੰ ਫੂਕ ਫੂਕ ਕੇ ਪੈਰ ਰੱਖਣ ਦੀ ਅਤਿਅੰਤ ਲੋੜ ਹੈ। ਲੱਖਾਂ ਰੁਪਏ ਪੈਲੇਸਾਂ ਵਿੱਚ ਲਾਉਣਾ ਫਿਰ ਕਰਜ਼ਾਈ ਹੋ ਕੇ ਸਾਰੀ ਉਮਰ ਵਿਆਜੂ ਪੈਸੇ ਉਤਾਰੀ ਜਾਣਾ ਕਿਥੋਂ ਦੀ ਸਿਆਣਪ ਹੈ? ਅੱਡੀਆਂ ਚੁੱਕ ਚੁੱਕ ਕੇ ਫਾਹਾ ਲੈਣ ਨਾਲੋਂ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਭਾਵ ਓਹਨਾਂ ਪੁਰਾਣੇ ਰੀਤੀ ਰਿਵਾਜ ਅਪਣਾਉਣਾ ਬਹੁਤ ਵੱਡੀ ਸਿਆਣਪ ਹੋਵੇਗੀ। ਨਹੀਂ ਤਾਂ ਓਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਅੰਨ ਦਾਤਾ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ। ਹਾਲੇ ਵੀ ਡੁੱਲ੍ਹਿਆ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਜੇਕਰ ਚੁਗ ਕੇ ਝੋਲੀ ਪਾ ਲਈਏ।ਇਹ ਤਾਂ ਸਿਰਫ਼ ਇੱਕ ਹੀ ਉਦਾਹਰਣ ਹੈ ਵੈਸੇ ਵੀ ਸਾਰੇ ਰੀਤੀ ਰਿਵਾਜ ਓਹੋ ਹੀ ਅਪਣਾ ਲੈਣ ਨਾਲ ਕੋਈ ਫ਼ਰਕ ਨਹੀਂ ਪੈਂਦਾ।ਇਸ ਵਿਆਹ ਵਿੱਚ ਘਰ ਵਿੱਚ ਹੀ ਹਲਵਾਈ ਲੱਗਾ ਸੀ ਤੇ ਸ਼ਰੀਕੇ ਕਬੀਲੇ ਚੋਂ ਪਹਿਲਿਆਂ ਰਿਵਾਜਾਂ ਅਨੁਸਾਰ ਹੀ ਘਰ ਘਰ ਦਾ ਬੰਦਾ ਆ ਕੇ ਲੱਡੂ ਵੱਟ ਰਹੇ ਸਨ।ਇਹ ਸਾਰਾ ਮਹੌਲ ਵੇਖ ਕੇ ਮਨ ਬਹੁਤ ਖੁਸ਼ ਹੋ ਰਿਹਾ ਸੀ। ਕਾਸ਼! ਕਿਤੇ ਸਾਰਾ ਪੰਜਾਬ ਹੀ ਇਨ੍ਹਾਂ ਰੀਤੀ ਰਿਵਾਜ਼ਾਂ ਨੂੰ ਅਪਣਾ ਲਵੇ, ਤਾਂ ਮੁੜ ਪੰਜਾਬ ਦਾ ਮਾਹੌਲ ਚਹਿਲ ਪਹਿਲ ਵਾਲਾ ਹੋ ਸਕਦਾ ਹੈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556