10 ਤੋਂ 12 ਫ਼ਰਵਰੀ ਤੱਕ ਗੁਰਮਤਿ ਕੀਰਤਨ ਸਮਾਗਮ ’ਤੇ ਵਿਸ਼ੇਸ਼

ਪਰਉਪਕਾਰੀ ਮਹਾਂਪੁਰਸ਼ਾ ਦੀ ਯਾਦ ਵਿੱਚ ਸਮਾਗਮ
ਭਾਈ ਕਨੱਈਆ ਰਾਮ ਜੀ ਤੋਂ ਪ੍ਰਚਲਿਤ ਸੇਵਾਪੰਥੀ ਸਾਧੂਆਂ ਵਿੱਚ ਅਨੇਕਾਂ ਪਰਉਪਕਾਰੀ ਸੰਤ ਹੋਏ ਹਨ, ਉਹਨਾਂ ਵਿੱਚੋਂ ਹੀ ਮਹੰਤ ਜਵਾਹਰ ਸਿੰਘ ਜੀ ਖੂੰਡੇ ਵਾਲੇ ਤੇ ਮਹੰਤ ਤਾਰਾ ਸਿੰਘ ਜੀ  ‘ਸੇਵਾਪੰਥੀ’ ਮਹਾਨ ਪਰਉਪਕਾਰੀ ਸੰਤ ਸਨ।
ਮਹੰਤ ਜਵਾਹਰ ਸਿੰਘ:- ਮਹੰਤ ਜਵਾਹਰ ਸਿੰਘ ਜੀ ਦਾ ਜਨਮ ਸੰਨ 1855 ਈ: ਸੰਮਤ 1912 ਬਿਕਰਮੀ ਵਿੱਚ ਪਿੰਡ ਜਹਾਨੀਆਂ ਸ਼ਾਹ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿਖੇ ਪਿਤਾ ਭਾਈ ਮੋਹਰ ਸਿੰਘ ਜੀ ਦੇ ਗ੍ਰਹਿ ਮਾਤਾ ਨਰੈਣ ਦੇਵੀ ਜੀ ਦੀ ਕੁੱਖ ਤੋਂ ਹੋਇਆ। ਬਚਪਨ ’ਚ ਆਪ ਬੱਚਿਆਂ ਨਾਲ ਲੜਾਈ ਝਗੜਾ ਬਹੁਤ ਕਰਦੇ। ਹਰ ਰੋਜ਼ ਨਵੀਂ ਸ਼ਿਕਾਇਤ ਘਰ ਪੁੱਜਦੀ। ਮਿੱਠੇ ਟਿਵਾਣੇ ਤੋਂ ਬਾਬਾ ਹਰੀ ਸਿੰਘ ਜੀ ਪਿੰਡ ਜਹਾਨੀਆਂ ਸ਼ਾਹ ਪ੍ਰਚਾਰ ਲਈ ਆਏ। ਬਾਬਾ ਜਵਾਹਰ ਸਿੰਘ ਜੀ ਦੇ ਰਿਸ਼ਤੇਦਾਰਾਂ ਨੇ ਬਾਬਾ ਹਰੀ ਸਿੰਘ ਜੀ ਕੋਲ ਬੇਨਤੀ ਕੀਤੀ ਕਿ ਜਵਾਹਰ ਸਿੰਘ ਲੜਾਈ-ਝਗੜਾ ਬਹੁਤ ਕਰਦਾ ਹੈ। ਬਾਬਾ ਹਰੀ ਸਿੰਘ ਜੀ ਕਹਿਣ ਲੱਗੇ, ‘‘ਭਾਈ! ਜਵਾਹਰ ਸਿੰਘ ਸਾਨੂੰ ਦੇ ਦਿਉ।’’ ਰਿਸ਼ਤੇਦਾਰਾਂ, ਸੰਬੰਧੀਆਂ ਨੇ ਹੁਕਮ ਮੰਨਿਆ, ਬਾਬਾ ਹਰੀ ਸਿੰਘ ਜੀ ਨੇ ਜਵਾਹਰ ਸਿੰਘ ਨੂੰ ਮਿੱਠੇ ਟਿਵਾਣੇ ਲਿਆ ਕੇ ਲੰਗਰ ਦੀ ਸੇਵਾ ਵਿੱਚ ਲਾ ਦਿੱਤਾ। ਵਿੱਦਿਆ ਤੇ ਗੁਰਬਾਣੀ ਪਾਠ ਦੀ ਦਾਤ ਵੀ ਬਖ਼ਸ਼ੀ। ਹਰ ਸਮੇਂ ਲੰਗਰ ਵਿੱਚ ਸੇਵਾ ਕਰਦੇ। ਆਏ ਰਾਹਗੀਰ, ਮੁਸਾਫ਼ਰਾਂ, ਸਾਧੂ-ਅਭਿਆਗਤਾਂ ਦੀ ਹੱਥੀਂ ਸੇਵਾ ਕਰਨੀ। ਬਾਬਾ ਹਰੀ ਸਿੰਘ ਜੀ ਕੋਲ ਲਗਾਤਾਰ 25 ਸਾਲ ਕਠਿਨ ਸੇਵਾ-ਸਿਮਰਨ ਦੀ ਘਾਲਣਾ ਘਾਲੀ।
ਮਹੰਤ ਜਵਾਹਰ ਸਿੰਘ ਜੀ ਨੇ ਗੁਰਬਾਣੀ ਆਸ਼ੇ ਅਨੁਸਾਰ ਆਪਣਾ ਸੰਪੂਰਨ ਜੀਵਨ ਸੇਵਾ, ਸਿਮਰਨ ਤੇ ਪਰਉਪਕਾਰ ਦੇ ਕਾਰਜ ਕਰਕੇ ਲੇਖੇ ਲਾਇਆ। ਦੁਖੀ ਨੂੰ ਸੁੱਖ, ਭੁੱਖੇ ਨੂੰ ਭੋਜਨ, ਪਿਆਸੇ ਨੂੰ ਪਾਣੀ, ਥੱਕੇ ਹੋਏ ਨੂੰ ਮੁੱਠੀ-ਚਾਪੀ ਤੇ ਬਿਮਾਰਾਂ ਨੂੰ ਇਲਾਜ ਦੁਆਰਾ ਖ਼ੁਸ਼ੀਆਂ-ਖੇੜਾ ਦੇਣਾ ਆਪ ਦਾ ਪਰਮ ਧਰਮ ਸੀ। ਆਪ ਸੇਵਾ ਕਰਦੇ ਕਦੇ ਵੀ ਥੱਕਦੇ ਨਹੀਂ ਸਨ।
ਮਹੰਤ ਜਵਾਹਰ ਸਿੰਘ ਜੀ ਨੇ ਹਜ਼ਾਰਾਂ ਹੀ ਸਹਿਜਧਾਰੀ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਸਿੱਖ ਬਣਾਇਆ ਤੇ ਅਨੇਕਾਂ ਹੀ ਸਹਿਜਧਾਰੀਆਂ ਨੂੰ ਅੰਮ੍ਰਿਤ ਛਕਾਉਣ ਵਿੱਚ ਸਫ਼ਲ ਸਾਬਤ ਹੋਏ। ਮਹੰਤ ਜੀ ਪਾਸ ਜੋ ਵੀ ਆਉਂਦਾ, ਉਹ ਹਰ ਇੱਕ ਨੂੰ ਜਪੁਜੀ ਸਾਹਿਬ ਤੇ ਸੁੱਖਾਂ ਦੀ ਮਨੀ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਕਹਿੰਦੇ। ਮਹੰਤ ਜੀ ਨੇ ਕੁਝ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਛਕਾਉਣ ਦੀ ਸੇਵਾ ਕੀਤੀ। ਮਹੰਤ ਜਵਾਹਰ ਸਿੰਘ ਜੀ ਨੇ ਮਾਨਵ ਕਲਿਆਣ ਹਿੱਤ ਜਿੱਥੇ ਹੋਰ ਪਰਉਪਕਾਰ ਕੀਤੇ, ਉਥੇ ਹੱਥੀਂ ਸੇਵਾ ਤੋਂ ਬਿਨਾਂ ਕਰਤਾ ਪੁਰਖ ਸਿਰਜਣਹਾਰ ਅੱਗੇ ਗਲ ਵਿੱਚ ਪੱਲਾ ਪਾ ਕੇ ਅਰਦਾਸਾਂ, ਜੋਦੜੀਆਂ, ਬੇਨਤੀਆਂ ਵੀ ਕੀਤੀਆਂ।
ਮਹੰਤ ਜਵਾਹਰ ਸਿੰਘ ਰੋਜ਼ਾਨਾ ਇਸ਼ਨਾਨ-ਪਾਣੀ ਕਰਨ ਤੋਂ ਬਾਅਦ ਤਿੰਨ ਘੰਟੇ ਭੋਰੇ ਵਿੱਚ ਬੈਠ ਕੇ ਨਿੱਤ-ਨੇਮ ਕਰਦੇ ਸਨ। ਸੇਵਾ ਅਸਥਾਨ ਡੇਰਾ ਹਰੀ ਭਗਤਪੁਰਾ ਵਿਖੇ ਆਏ ਰਾਹਗੀਰ ਮੁਸਾਫ਼ਰਾਂ ਲਈ ਗੁਰੂ ਕਾ ਲੰਗਰ ਅਤੇ ਸੁੱਖ ਆਰਾਮ ਲਈ ਵਿਸ਼ਰਾਮ ਘਰ ਉਸਾਰ ਕੇ ਹਰ ਮਜ਼੍ਹਬ ਦੇ ਲੋਕਾਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਦਿਆਂ ਮਹੰਤ ਜਵਾਹਰ ਸਿੰਘ ਜੀ 15 ਫੱਗਣ ਸੰਨ 1958 ਈ: ਸੰਮਤ 2015 ਬਿਕਰਮੀ ਨੂੰ 103 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ।
ਮਹੰਤ ਤਾਰਾ ਸਿੰਘ:- ਮਹੰਤ ਤਾਰਾ ਸਿੰਘ ਜੀ ਦਾ ਜਨਮ ਪਿਤਾ ਭਾਈ ਗੁਰਦਿੱਤ ਸਿੰਘ ਜੀ ਦੇ ਘਰ ਮਾਤਾ ਸਭਰਾਈ ਜੀ ਦੀ ਕੁੱਖੋਂ 30 ਅੱਸੂ ਸੰਨ 1925 ਈ: (ਸੰਮਤ  1982 ਬਿਕਰਮੀ) ਨੂੰ ਹੋਇਆ। ਮਹੰਤ ਤਾਰਾ ਸਿੰਘ ਜੀ ਬਚਪਨ ਤੋਂ (10 ਸਾਲ ਦੀ ਉਮਰ ਵਿੱਚ) ਹੀ ਮਿੱਠਾ ਟਿਵਾਣਾ ਡੇਰੇ ’ਤੇ ਆ ਗਏ ਤੇ ਮਹੰਤ ਜਵਾਹਰ ਸਿੰਘ ਜੀ ਦੀ ਸੇਵਾ ਵਿੱਚ ਲੱਗ ਗਏ। ਮਹੰਤ ਤਾਰਾ ਸਿੰਘ ਜੀ ਨੂੰ ਸੇਵਾਪੰਥੀ ਸੰਪਰਦਾਇ ਅਤੇ ਸਾਧਸੰਗਤ ਵੱਲੋਂ 5 ਸਤੰਬਰ 1963 ਈ: ਨੂੰ ਸੇਵਾ ਅਸਥਾਨ ਦੀ ਸੇਵਾ ਸੌਂਪੀ ਗਈ। ਮਹੰਤ ਤਾਰਾ ਸਿੰਘ ਜੀ ਬੜੇ ਮਿੱਠਬੋਲੜੇ ਸੁਭਾਅ ਦੇ ਸਨ। ਮਹੰਤ ਤਾਰਾ ਸਿੰਘ ਜੀ ਪੈਰੀਂ ਹੱਥ ਨਹੀਂ ਲਵਾਉਂਦੇ ਸਨ। ਉਹ ਕਿਹਾ ਕਰਦੇ ਸਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖ਼ਸ਼ੀ ਹੋਈ ‘ਫਤਿਹ’ ਬੁਲਾਇਆ ਕਰੋ।
ਆਪ ਨੇ ਹਰ ਇੱਕ ਪ੍ਰਾਣੀ ਮਾਤਰ ਨੂੰ ਲੰਗਰ ਛਕਣ ਅਤੇ ਸੇਵਾ ਕਰਨ ਦੀ ਪ੍ਰੇਰਨਾ ਦੇਣੀ, ਚਾਹੇ ਉਹ ਲੰਗਰ ਛਕ ਕੇ ਹੀ ਆਇਆ ਹੋਵੇ। ਮਹੰਤ ਤਾਰਾ ਸਿੰਘ ਜੀ ਨੇ ਰੋਜ਼ਾਨਾ ਤਿੰਨ ਵਜੇ ਉੱਠ ਕੇ ਦਾਤਣ, ਇਸ਼ਨਾਨ ਕਰਨ ਉਪਰੰਤ ਦੀਵਾਨ ਵਿੱਚ ਹਾਜ਼ਰੀ ਭਰਨੀ, ਕਥਾ ਸੁਣਨੀ। ਆਪ ਰੋਜ਼ਾਨਾ ਦੋ ਪਾਠ ਸੁਖਮਨੀ ਸਾਹਿਬ ਦੇ ਕਰਦੇ ਸਨ। ਆਪ ਸੇਵਾਪੰਥੀ ਅੱਡਣ ਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦੇ ਕਾਫ਼ੀ ਲੰਮਾ ਅਰਸਾ ਮੀਤ ਪ੍ਰਧਾਨ ਰਹੇ। ਆਪ ਨੇ ਗ਼ਰੀਬਾਂ, ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਭਾਈ ਕਨੱਈਆ ਜੀ ਹਸਪਤਾਲ, ਗੁਰਬਾਣੀ ਪ੍ਰਚਾਰ-ਪ੍ਰਸਾਰ ਲਈ ਸਤਿਸੰਗ ਵਾਸਤੇ ਮਹੰਤ ਜਵਾਹਰ ਸਿੰਘ ਦੀਵਾਨ ਹਾਲ, ਗੁਰਮਤਿ ਸੰਗੀਤ ਵਿਦਿਆਲਾ ਜਿਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰਾਗੀ ਜਥੇ (ਸੰਤ ਅਨੂਪ ਸਿੰਘ, ਸੰਤ ਸੁਰਿੰਦਰ ਸਿੰਘ, ਭਾਈ ਪ੍ਰੀਤਮ ਸਿੰਘ, ਭਾਈ ਪਿਆਰਾ ਸਿੰਘ, ਭਾਈ ਜਸਬੀਰ ਸਿੰਘ ਪਠਾਨਕੋਟ) ਪੈਦਾ ਕੀਤੇ। ਅੰਮ੍ਰਿਤ ਬਾਣੀ ਕੈਸਿਟ ਲਾਇਬਰੇਰੀ ਆਡੀਓ-ਵੀਡੀਓ ਜਿੱਥੇ ਗੁਰਮਤਿ ਸਮਾਗਮ, ਸਾਲਾਨਾ ਯੱਗ-ਸਮਾਗਮ ਤੇ ਹਰ ਮਹੀਨੇ ਦੇ ਲੜੀਵਾਰ ਪੋ੍ਰਗਰਾਮ ਦੀਆਂ ਕੈਸਿਟਾਂ ਤਿਆਰ ਕਰਕੇ ਸੰਗਤਾਂ ਨੂੰ ਮੁਫ਼ਤ ਵੰਡੀਆਂ ਜਾਂਦੀਆਂ ਹਨ।
ਮਹੰਤ ਤਾਰਾ ਸਿੰਘ ਜੀ ਕਦੇ ਵੀ ਕਿਸੇ ਤੋਂ ਕੁਝ ਲੁਕਾਉਂਦੇ ਨਹੀਂ ਸਨ। ਉਹਨਾਂ ਹਰ ਧਰਮ ਨਾਲ ਪਿਆਰ, ਹਰ ਧਰਮ ਦੇ ਪ੍ਰਾਣੀਆਂ ਨਾਲ ਪਿਆਰ ਕੀਤਾ। ਮਹੰਤ ਤਾਰਾ ਸਿੰਘ ‘ਸੇਵਾਪੰਥੀ’ ਮਹਾਨ ਪਰਉਪਕਾਰੀ, ਬ੍ਰਹਮ-ਗਿਆਨੀ, ਸੇਵਾ ਤੇ ਸਿਮਰਨ ਦੇ ਪੁੰਜ ਸੇਵਾ ਦੇ ਕਾਰਜ ਕਰਦਿਆਂ 16 ਮਾਰਚ 1998 ਈ: (ਸੰਮਤ 2055 ਬਿਕਰਮੀ) ਨੂੰ 73 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ।
ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਮਾਡਲ ਟਾਉੂਨ ਹੁਸ਼ਿਆਰਪੁਰ ਵਿਖੇ ਸ਼੍ਰੀਮਾਨ ਮਹੰਤ ਪਿ੍ਰਤਪਾਲ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਮਹੰਤ ਜਵਾਹਰ ਸਿੰਘ ਜੀ ਤੇ ਮਹੰਤ ਤਾਰਾ ਸਿੰਘ ਜੀ ‘ਸੇਵਾਪੰਥੀ’ ਦੀ ਯਾਦ ਵਿੱਚ ‘ਗੁਰਮਤਿ ਕੀਰਤਨ ਸਮਾਗਮ’ 10, 11 ਤੇ 12 ਫ਼ਰਵਰੀ ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਹੋ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਗੁਣੀ-ਗਿਆਨੀ, ਸੰਤ-ਮਹਾਂਪੁਰਸ਼, ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ, ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।