'ਅਸੀਂ ਤਾਂ ਧੋਖਾ ਖਾ ਲਿਆ, ਹਲਕਾ ਦਾਖਾ! ਵਾਲਿਓ, ਤੁਸੀਂ ਬੱਚਿਓ'- ਰਣਇੰਦਰ ਸਿੰਘ 

ਹਲਕਾ ਦਾਖਾ 'ਚ ਚੱਲ ਰਹੀ ਰੇਤੇ ਦੀ ਨਜਾਇਜ਼ ਮਾਈਨਿੰਗ ਦੀ ਸੀਬੀਆਈ ਜਾਂਚ ਦੀ ਕੀਤਾ ਮੰਗ
ਯੁਵਰਾਜ ਰਣਇੰਦਰ ਸਿੰਘ ਵੱਲੋਂ ਮੋਹੀ ਦੇ ਹੱਕ 'ਚ ਚੋਣ ਪ੍ਰਚਾਰ
ਮੁੱਲਾਂਪੁਰ ਦਾਖਾ, 17ਫਰਵਰੀ(ਸਤਵਿੰਦਰ ਸਿੰਘ ਗਿੱਲ )— ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਉਂ ਤਿਉਂ ਹਲਕਾ ਦਾਖਾ ਅੰਦਰ ਚੋਣ ਪ੍ਰਚਾਰ ਸਿਖਰਾਂ 'ਤੇ ਪਹੁੰਚ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੇ ਹੱਕ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਯੁਵਰਾਜ ਰਣਇੰਦਰ ਸਿੰਘ ਨੇ ਹਲਕਾ ਦਾਖਾ ਦੇ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਤਾਂ ਧੋਖਾ ਖਾ ਲਿਆ, ਹਲਕਾ ਦਾਖਾ! ਵਾਲਿਓ ਤੁਸੀਂ ਬੱਚ ਕੇ ਰਹਿਓ। ਉਨ੍ਹਾਂ ਆਖਿਆ ਕਿ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਹਲਕਾ ਦਾਖਾ ਵਿੱਚ ਰੇਤੇ ਦੀ ਨਜਾਇਜ਼ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ, ਜਦਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਵੱਲੋਂ ਰੇਤੇ ਦੇ ਚੱਲ ਰਹੇ ਟਰੱਕ ਫੜੇ ਗਏ ਅਤੇ ਕਾਰਵਾਈ ਦੀ ਮੰਗ ਕੀਤੀ ਪ੍ਰੰਤੂ ਕਾਰਵਾਈ ਕਿਤੇ ਵੀ ਨਜ਼ਰ ਨਹੀਂ ਆਈ ਸਗੋਂ ਪਿੰਡਾਂ ਵਾਲਿਆਂ ਨੇ ਇਸ ਨਾਜਾਇਜ਼ ਮਾਈਨਿੰਗ ਦਾ ਦੋਸ਼ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੇ ਲਗਾਇਆ ਸੀ। ਉਨ੍ਹਾਂ ਆਖਿਆ ਕਿ ਕਾਂਗਰਸੀ ਉਮੀਦਵਾਰ ਵੱਲੋਂ ਕਥਿਤ ਤੌਰ 'ਤੇ ਨਜਾਇਜ਼ ਮਾਈਨਿੰਗ ਰਾਹੀਂ ਇਕੱਠੇ ਕੀਤੇ ਰੁਪਈਆਂ ਨੂੰ ਵੋਟਾਂ ਖ਼ਰੀਦਣ ਲਈ ਵਰਤਿਆ ਜਾਣਾ ਸੀ ਪ੍ਰੰਤੂ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਮੇਰੇ ਪਿਤਾ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਿਅਕਤੀ ਨੇ ਨਜਾਇਜ਼ ਮਾਈਨਿੰਗ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ, ਜਦਕਿ ਹੁਣ ਤਾਂ ਸ਼ਰੇਆਮ ਨਾਜਾਇਜ਼ ਮਾਈਨਿੰਗ ਵਾਲੇ ਟਰੱਕ ਫੜੇ ਜਾ ਰਹੇ ਹਨ, ਬਲਕਿ ਹਲਕਾ ਦਾਖਾ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਤੇ ਬਰੀਕੀ ਨਾਲ ਜਾਂਚ ਕਰਨ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਵਿਕਾਸ ਕਰਵਾਉਣਾ ਹਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ, ਜੋ ਪੰਜਾਬ ਦੇ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਰਾਹੀਂ ਹੀ ਕਰਵਾਇਆ ਜਾਂਦਾ ਹੈ ਅਤੇ ਹਲਕਾ ਦਾਖਾ ਦੇ ਅੰਦਰ ਉਨ੍ਹਾਂ ਦੇ ਪਿਤਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕਰਵਾਇਆ, ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਤੀਹ ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਵਿਸ਼ੇਸ਼ ਫੰਡ ਸਾਰੇ ਕਾਂਗਰਸੀ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਦਿੱਤਾ ਸੀ ਪ੍ਰੰਤੂ ਇਨ੍ਹਾਂ ਹਲਕਾ ਇੰਚਾਰਜਾਂ ਤੇ ਕਾਂਗਰਸੀ ਵਿਧਾਇਕਾਂ ਨੇ ਉਸ ਰੁਪਈਏ ਨਾਲ ਕੀ ਕੰਮ ਕਰਵਾਇਆ, ਉਸ ਬਾਰੇ ਕਿਸੇ ਨੇ ਕੁੱਝ ਨਹੀਂ ਦੱਸਿਆ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੱਲੋਂ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਕਾਂਗਰਸ ਨੂੰ ਦਗਾ ਦੇਣ ਦਾ ਦੋਸ਼ ਲਗਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਕਿਸ ਨੇ ਕਿਸ ਨੂੰ ਧੋਖਾ ਦਿੱਤਾ ਹੈ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਜਦਕਿ ਕੈਪਟਨ ਸੰਧੂ ਨੂੰ ਇਥੇ ਤੱਕ ਪਹੁੰਚਣ ਲਈ ਉਨ੍ਹਾਂ ਦੇ ਪਰਿਵਾਰ ਨੇ ਕੀ ਕੁੱਝ ਕੀਤਾ ਇਹ ਵੀ ਕਿਸੇ ਤੋਂ ਭੁੱਲਿਆ ਨਹੀਂ। ਉਨ੍ਹਾਂ ਕਿਹਾ ਕਿ ਦਮਨਜੀਤ ਸਿੰਘ ਮੋਹੀ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੈ, ਉਹ ਇਕ ਸਾਫ ਸੁਥਰੇ ਅਕਸ ਵਾਲਾ ਵਿਅਕਤੀ ਹੈ ਅਤੇ ਭਾਰੀ ਬਹੁਮਤ ਨਾਲ ਹਲਕਾ ਦਾਖਾ ਤੋਂ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਪ੍ਰਵਾਸੀ ਪੰਜਾਬੀ ਵੱਲੋਂ ਕੈਪਟਨ ਸੰਦੀਪ ਸੰਧੂ 'ਤੇ ਉਸ ਦੇ ਪਲਾਟ ਉੱਪਰ ਨਜਾਇਜ਼ ਕਬਜ਼ਾ ਕਰਨ ਸਬੰਧੀ ਲਗਾਏ ਦੋਸ਼ਾਂ ਦਾ ਮਾਮਲਾ ਧਿਆਨ ਵਿੱਚ ਆਉਣ 'ਤੇ ਯੁਵਰਾਜ ਰਣਇੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਉਸ ਪੀਡ਼ਤ ਵਿਅਕਤੀ ਦੀ ਪਹਿਲ ਦੇ ਆਧਾਰ ਤੇ ਮਦਦ ਕਰੇਗਾ ਉਥੇ ਹੀ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਜਿਸ ਵਿਅਕਤੀ ਉੱਪਰ ਕਬਜ਼ੇ ਕਰਨ, ਰੇਤੇ ਦੀ ਨਜਾਇਜ਼ ਮਾਈਨਿੰਗ ਕਰਨ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲੱਗਦੇ ਹੋਣ ਅਜਿਹੇ ਵਿਅਕਤੀਆਂ ਦਾ ਅੱਗੇ ਆਉਣਾ ਸਮਾਜ ਅਤੇ ਹਲਕੇ ਦੇ ਲੋਕਾਂ ਲਈ ਨੁਕਸਾਨਦਾਇਕ ਹੁੰਦਾ ਹੈ। ਇਸ ਲਈ ਹਲਕਾ ਦਾਖਾ ਦੇ ਲੋਕ ਉਮੀਦਵਾਰ ਦਾ ਕਿਰਦਾਰ ਦੇਖ ਕੇ ਵੋਟ ਪਾਉਣ।ਇਸ ਮੌਕੇ ਦਮਨਜੀਤ ਸਿੰਘ ਮੋਹੀ ਅਮਰੀਕ ਸਿੰਘ ਆਲੀਵਾਲ ,ਮੇਜਰ ਸਿੰਘ ਦੇਤਵਾਲ ਜਗਦੀਪ ਸਿੰਘ ,ਓਐਸਡੀ ਰਿੱਕੀ ਚੌਹਾਨ ਵੱਲੋਂ ਯੁਵਰਾਜ ਰਣਇੰਦਰ ਦਾ ਵਿਸ਼ੇਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ