ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਵੱਲੋਂ ਦੂਜਾ ਵਿਸ਼ਾਲ ਭੰਡਾਰਾ ਕਰਵਾਇਆ 

ਜਗਰਾਓਂ 28 ਜਨਵਰੀ (ਅਮਿਤ ਖੰਨਾ)-ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀ ਦੇਣ ਵਾਲੇ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਉਂ ਵਿਖੇ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਵੱਲੋਂ ਦੂਜਾ ਵਿਸ਼ਾਲ ਭੰਡਾਰਾ ਕਰਵਾਇਆ ਗਿਆ।  ਸਭ ਤੋਂ ਪਹਿਲਾਂ ਸੰਸਥਾ ਨੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਾ ਕੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ, ਉਸ ਤੋਂ ਬਾਅਦ ਲਾਜਪਤ ਰਾਏ ਰੋਡ ਤੇ ਦੂਜੇ ਵਿਸ਼ਾਲ ਭੰਡਾਰੇ ਦਾ ਉਦਘਾਟਨ ਕੀਤਾ ਗਿਆ।  ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਪਿਊਸ਼ ਗਰਗ ਅਤੇ ਚੇਅਰਮੈਨ ਅਮਿਤ ਸਿੰਗਲ ਨੇ ਕਿਹਾ ਕਿ ਜੇਕਰ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ ਤਾਂ ਇਹ ਕੇਵਲ ਅਤੇ ਕੇਵਲ ਲਾਲਾ ਲਾਜਪਤ ਰਾਏ ਵਰਗੇ ਕ੍ਰਾਂਤੀਕਾਰੀਆਂ ਦੀ ਸ਼ਹਾਦਤ ਸਦਕਾ ਹੀ ਹੈ।  ਉਨ੍ਹਾਂ ਸ਼ਹੀਦਾਂ ਪ੍ਰਤੀ ਸਰਕਾਰਾਂ ਦੇ ਰਵੱਈਏ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੁਰਸੀ ਦਾ ਆਨੰਦ ਮਾਣਨ ਵਾਲੇ ਸਿਆਸਤਦਾਨ ਸ਼ਹੀਦਾਂ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੇ ਹਨ ਤਾਂ ਹੀ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਦੇ ਜੱਦੀ ਘਰ  ਸ਼ਰਧਾਂਜਲੀ ਦੇਣ ਨਹੀਂ ਪਹੁੰਚਾ ।  ਕਰੀਬ ਦੋ-ਤਿੰਨ ਸਾਲ ਪਹਿਲਾਂ ਜਗਰਾਓ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਯਾਦ ਵਿੱਚ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਤੱਕ ਲਾਲਾ ਜੀ ਦੀ ਯਾਦ ਵਿੱਚ ਕੋਈ ਯਾਦਗਾਰ ਨਹੀਂ ਬਣਾਈ ਗਈ।  ਜਥੇਬੰਦੀ ਦੇ ਜਨਰਲ ਸਕੱਤਰ ਕਮਲਦੀਪ ਬਾਂਸਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਕੋਈ ਇਮਾਰਤ ਨਹੀਂ ਚਾਹੀਦੀ ਸਗੋਂ ਜਗਰਾਉਂ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਆਈਸੀਯੂ ਬੈੱਡ ਅਤੇ ਆਕਸੀਜਨ ਪਲਾਂਟ ਚਾਹੀਦਾ ਹੈ।  ਕਿਉਂਕਿ ਇਸ ਸਮੇਂ ਭਾਰਤ ਸਮੇਤ ਪੂਰੀ ਦੁਨੀਆ ਇੱਕ ਬਹੁਤ ਹੀ ਖਤਰਨਾਕ ਵਾਇਰਸ ਨਾਲ ਜੂਝ ਰਹੀ ਹੈ ਅਤੇ ਸਾਨੂੰ ਹਸਪਤਾਲਾਂ ਵਿੱਚ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੀ ਲੋੜ ਹੈ।  ਇਸ ਮੌਕੇ ਸੰਸਥਾ ਦੇ ਵਾਈਸ ਚੇਅਰਮੈਨ ਜਤਿੰਦਰ ਗਰਗ, ਮੀਤ ਪ੍ਰਧਾਨ ਅਨਮੋਲ ਗਰਗ, ਸਕੱਤਰ ਅੰਕੁਸ਼ ਮਿੱਤਲ, ਮੀਤ ਪ੍ਰਧਾਨ ਗੌਰਵ ਸਿੰਗਲਾ, ਕੈਸ਼ੀਅਰ ਮੋਹਿਤ ਗੋਇਲ, ਸੋਸ਼ਲ ਮੀਡੀਆ ਇੰਚਾਰਜ ਪ੍ਰਦਿਊਮਨ ਬਾਂਸਲ, ਦਫ਼ਤਰ ਇੰਚਾਰਜ ਜਤਿਨ ਸਿੰਗਲਾ, ਦੀਪਕ ਗੋਇਲ ਡੀ.ਕੇ., ਰੋਹਿਤ ਗੋਇਲ, ਵੈਭਵ ਬਾਂਸਲ, ਡਾ. ਦੀਪਕ ਗੋਇਲ, ਅਮਿਤ ਬਾਂਸਲ, ਸੰਜੀਵ ਬਾਂਸਲ ਸਮੇਤ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।