ਮਾਨਚੈਸਟਰ ,ਨਵੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ )-
ਭਾਰਤੀ-ਅਮਰੀਕੀ ਲੇਖਕ ਚਿਤ੍ਰਾ ਬੈਨਰਜੀ ਦਿਵਾਕਰੁਣੀ ਦਾ ਨਵਾਂ ਨਾਵਲ 19ਵੀਂ ਸਦੀ ਦੀ ਸਭ ਤੋਂ ਨਿਡਰ ਔਰਤ ਮਹਾਰਾਣੀ ਜਿੰਦ ਕੌਰ ਬਾਰੇ ਸ਼ਾਨਦਾਰ ਚਿੱਤਰਨ ਹੈ। ਨਾਵਲ ‘ਦਿ ਲਾਸਟ ਕੁਈਨ’ ਜਨਵਰੀ 2021 ਵਿਚ ਹਾਰਪਰਕੋਲਿਨਜ਼ ਇੰਡੀਆ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਮਹਾਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਆਖਰੀ ਰਾਣੀ ਸੀ। ਜਦੋਂ ਉਨ੍ਹਾਂ ਦੇ ਪੁੱਤ ਦਲੀਪ ਸਿੰਘ ਨੂੰ ਸਿਰਫ਼ ਛੇ ਸਾਲ ਦੀ ਉਮਰ ਵਿੱਚ ਰਾਜ ਦਾ ਉੱਤਰਾਧਿਕਾਰੀ ਬਣਨਾ ਪਿਆ ਤਾਂ ਮਹਾਰਾਣੀ ਰਾਜ ਦੇ ਕੰਮਕਾਜ ਤੇ ਸਿਆਸਤ ਵਿੱਚ ਸਰਗਰਗਮ ਹੋ ਗਈ ਸੀ। ਆਪਣੇ ਪੁੱਤ ਦੀ ਵਿਰਾਸਤ ਦੀ ਰੱਖਿਆ ਪ੍ਰਤੀ ਪ੍ਰਤੀਬਿੱਧ ਮਹਾਰਾਣੀ ਨੇ ਅੰਗਰੇਜ਼ਾਂ ’ਤੇ ਭਰੋਸਾ ਨਹੀਂ ਕੀਤਾ ਤੇ ਉਨ੍ਹਾਂ ਨੂੰ ਪੰਜਾਬ ’ਤੇ ਰਾਜ ਨਾ ਕਰਨ ਦੇਣ ਲਈ ਸੰਘਰਸ਼ ਕੀਤਾ। ਪ੍ਰਕਾਸ਼ਕਾਂ ਮੁਤਾਬਕ ਇਹ ਨਾਵਲ ਇਕ ਰਾਜਾ ਤੇ ਆਮ ਔਰਤ ਦੀ ਅਨੋਖੀ ਪ੍ਰੇਮ ਕਹਾਣੀ ਹੈ, ਵਿਸ਼ਵਾਸ ਤੇ ਵਿਸ਼ਵਾਸਘਾਤ ਦੀ ਦਾਸਤਾਂ ਹੈ ਤੇ ਮਾਂ-ਪੁੱਤ ਵਿਚਾਲੇ ਮਜ਼ਬੂਤ ਸੰਬਧ ਬਿਆਨ ਕਰਦਾ ਹੈ।