ਦੋਸ਼ੀ ਪੁਲਿਸ ਅਫਸਰਾਂ ਦਾ ਢੋਲ਼ਣ 'ਚ ਸਾੜਿਆ ਪੁਤਲ਼ਾ

26 ਦੇ ਧਰਨੇ 'ਚ ਪਹੁੰਚਣ ਦਾ ਸੱਦਾ

ਜਗਰਾਉਂ 18 ਜਨਵਰੀ( ਜਸਮੇਲ ਗ਼ਾਲਿਬ)  ਗਰੀਬ ਪਰਿਵਾਰ ਦੀ ਨੌਜਵਾਨ ਧੀ ਤੇ ਬਿਰਧ ਮਾਂ ਨੂੰ ਥਾਣੇ 'ਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤ 'ਤੇ ਝੂਠਾ ਕੇਸ ਪਾਉਣ ਦੇ ਮਾਮਲੇ ਮੁੱਖ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਦੋਸ਼ੀ ਅੈਸ.ਆਈ. ਰਾਜਵੀਰ ਤੇ ਫਰਜ਼ੀ ਗਵਾਹ ਬਣੇ ਕੋਠੇ ਸ਼ੇਰ ਜੰਗ ਦੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨਾਂ ਕਰਨ ਵਿਰੁੱਧ ਰੋਸ ਵਜੋਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਨ ਲਈ ਅੱਜ ਪਿੰਡ  ਢੋਲ਼ਣ ਵਿਖੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਪ੍ਰਸਾਸ਼ਨ ਅਤੇ ਦੋਸ਼ੀਆਂ ਦਾ ਮਿੱਟੀ ਦਾ ਤੇਲ਼ ਪਾ ਕੇ ਪੁਤਲ਼ਾ ਸਾੜਿਆ ਗਿਆ। ਇਸ ਸਮੇਂ ਬੋਲਦਿਆਂ ਕਮੇਟੀ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਪੰਜਾਬ ਪੁਲਿਸ ਅਕਸਰ ਹੀ ਗਰੀਬਾਂ ਤੇ ਜੁਲ਼ਮ ਕਰਦੀ ਹੈ। ਪੁਲਿਸ ਅਫਸਰਾਂ ਦੀ ਮਾਨਸਿਕਤਾ ਪੰਜਾਬ ਦੇ ਕਾਲੇ ਦੌਰ ਦੁਰਾਨ ਦਿੱਤੀਆਂ ਖੁੱਲ਼ੀਆਂ ਛੋਟਾਂ ਕਾਰਨ ਬਣੀ ਹੈ। ਪੁਲਿਸ ਅਫਸਰ ਅਕਸਰ ਹੀ ਦੋਸ਼ੀ ਪੁਲਿਸ ਮੁਲਾਜ਼ਮਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਹੁਣ ਲੋਕਾਂ ਵਿੱਚ ਫੈਲ਼ ਰਹੇ  ਭਾਰੀ ਤੇ ਤਿੱਖੇ ਰੋਸ਼ ਅੱਗੇ ਪ੍ਰਸਾਸ਼ਨ ਨੂੰ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਮਸੂਮ ਬੱਚੀ ਕੁਲਵੰਤ ਕੌਰ ਦ‍ ਕਤਲ਼ ਪੁਲਿਸ ਪ੍ਰਸਾਸ਼ਨ ਤੇ ਸਿਆਸੀ ਲੋਕਾਂ ਦੇ ਮੂੰਹ 'ਤੇ ਕਾਲ਼ਾ ਕਲੰਕ ਹੈ, ਜਿਸ ਨੂੰ ਪ੍ਰਸਾਸ਼ਨ ਨੂੰ ਸਮਾਂ ਰਹਿੰਦੇ ਧੋ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਲੋਕ ਰੋਹ ਦੀ ਲ਼ਹਿਰ ਸਥਾਨਕ ਇਲਾਕੇ ਦੀ ਬਿਜਾਏ ਪੰਜਾਬ ਪੱਧਰ ਤੱਕ ਫੈਲ਼ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਿੱਖ ਜੱਥੇਬੰਦੀ ਦੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਭਰ ਦੇ ਸਿੰਘਾਂ ਨੂੰ ਲਾਮਬੰਦ ਕੀਤਾ ਜਾਵੇਗਾ। ਫਿਰ ਪੈਦਾ ਹੋਣ ਵਾਲੇ ਹਾਲਾਤਾਂ ਦੀ ਜਿੰਮੇਵਾਰੀ ਸਥਾਨਕ ਪ੍ਰਸਾਸ਼ਨ ਦੀ ਹੋਵੇਗੀ। ਉਨਾਂ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਵੀ ਕਰਦਿਆਂ ਦਾਅਵਾ ਕੀਤਾ ਕਿ 26 ਜਨਵਰੀ ਨੂੰ ਵੱਡੀ ਗਿਣਤੀ 'ਚ ਲੋਕ ਥਾਣਾ ਸਿਟੀ ਦਾ ਘਿਰਾਓ ਕਰਨਗੇ। ਇਸ ਸਮੇਂ ਪ੍ਰਧਾਨ ਮੋਹਣ ਸਿੰਘ ਬੰਗਸੀਪੁਰਾ, ਹਰਪ੍ਰੀਤ ਸਿੰਘ ਢੋਲ਼ਣ, ਗੁਰਮੀਤ ਸਿੰਘ ਬਰਸਾਲ, ਬਲਵਿੰਦਰ ਸਿੰਘ ਡੱਲ਼ਾ, ਲ਼ਾਡੀ ਸਿੰਘ ਅੱਬੂਪੁਰਾ, ਮੁਕੰਦ ਸਿੰਘ ਚੌਕੀਂਮਾਨ ਸਮੇਤ ਪਿੰਡ ਦੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।