ਮਨਰੇਗਾ ਮਜਦੂਰਾਂ ਨੇ ਅੱਠਵੇਂ ਦਿਨ ਵੀ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਣਾਉਣ ਦੇ ਵਿਰੋਧ ਵਿੱਚ ਕੀਤਾ ਰੋਸ ਪ੍ਰਦਰਸ਼ਨ

ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਮਹਿਲ ਕਲਾਂ/ ਬਰਨਾਲਾ -08 ਜਨਵਰੀ- (ਗੁਰਸੇਵਕ ਸਿੰਘ ਸੋਹੀ ) -ਮਹਿਲ ਕਲਾਂ, ਮਹਿਲ ਕਲਾਂ ਸੋਢੇ ਅਤੇ ਮਹਿਲ ਖੁਰਦ ਤਿੰਨਾਂ ਪਿੰਡਾਂ ਨੂੰ ਮਿਲਾ ਕੇ ਨਗਰ ਪੰਚਾਇਤ ਬਣਾਉਣ ਦੇ ਰੋਸ ਵਜੋਂ ਮਹਿਲ ਕਲਾਂ ਮਹਿਲ ਕਲਾਂ ਸੋਢੇ ਅਤੇ ਮਹਿਲ ਕਲਾਂ ਦੇ ਮਜ਼ਦੂਰਾ ਵੱਲੋਂ ਦਿੱਤਾ ਜਾਂਦਾ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਤਿੰਨੇ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਬੱਸ ਸਟੈਂਡ ਮਹਿਲ ਕਲਾਂ ਵਿਖੇ ਪੁਤਲਾ ਸਾੜਿਆ ਗਿਆ। ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਮੈਡੀਕਲ ਪ੍ਰੈਕਟੀਸਨਰਜ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀਆਂ ਹਾਕਮ ਸਰਕਾਰਾਂ ਗਰੀਬ ਵਿਰੋਧੀ ਨੀਤੀਆਂ ਕਰਕੇ ਮਜ਼ਦੂਰਾਂ ਦਾ ਹਰ ਪਾਸਿਓਂ ਰੁਜ਼ਗਾਰ ਖਤਮ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪਿਛਲੇ ਕਾਫੀ ਸਮੇਂ ਤੋਂ ਕਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਲੌਕ ਡਾਊਨ ਕਾਰਨ ਗ਼ਰੀਬ ਮਜ਼ਦੂਰਾਂ ਦੇ ਚੁੱਲ੍ਹੇ ਪਹਿਲਾਂ ਹੀ ਠੰਢੇ ਹੋ ਚੁੱਕੇ ਹਨ ਅਤੇ ਦੂਸਰਾ ਇਹ  ਮੌਕੇ ਦੀਆਂ ਸਰਕਾਰਾਂ ਗ਼ਰੀਬ ਵਿਰੋਧੀ ਫ਼ੈਸਲੇ ਕਰ ਕੇ ਗ਼ਰੀਬਾਂ ਨੂੰ ਬਿਲਕੁਲ ਲਤਾੜ ਰਹੀਅਾ ਹਨ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਹਿਲ ਕਲਾਂ ਨੂੰ ਕਿਸੇ ਵੀ ਕੀਮਤ ਤੇ ਨਗਰ ਪੰਚਾਇਤ ਨਹੀਂ ਬਣਨ ਦਿੱਤਾ ਜਾਵੇਗਾ। ਇਸ ਮੌਕੇ ਕਰਤਾਰ ਸਿੰਘ ਮਹਿੰਦਰ ਸਿੰਘ, ਚਾਨਣ ਸਿੰਘ ,ਦੇਵ ਸਿੰਘ, ਲਾਲ ਸਿੰਘ ,ਸੁਰਜੀਤ ਸਿੰਘ ,ਜਰਨੈਲ ਸਿੰਘ, ਪਿਆਰਾ ਸਿੰਘ ,ਦਲੀਪ ਸਿੰਘ ,ਸੁਖਦੇਵ ਕੌਰ ,ਸੁਖਵਿੰਦਰ ਕੌਰ ,ਸੰਦੀਪ ਕੌਰ ,ਜਸਵੀਰ ਕੌਰ ਅਤੇ ਕਰਮਜੀਤ ਕੌਰ  ਹਾਜ਼ਰ ਸਨ ।