ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਹੋਇਆ ਕੋਰੋਨਾ ਟੈਸਟ

 ਅੱਜ ਹੀ ਆਵੇਗਾ ਨਤੀਜਾ

ਇਸਲਾਮਾਬਾਦ, ਅਪ੍ਰੈਲ 2020 -(ਏਜੰਸੀ)-

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਹੈ। ਇਮਰਾਨ ਖਾਨ ਨੇ 15 ਅਪ੍ਰੈਲ ਨੂੰ ਈਦੀ ਫਾਊਂਡੇਸ਼ਨ ਦੇ ਆਗੂ ਫੈਸਲ ਈਦੀ ਨਾਲ ਮੁਲਾਕਾਤ ਕੀਤੀ ਸੀ। ਹੁਣ ਫ਼ੈਸਲ ਈਦੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਚੌਕਸੀ ਵਜੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਟੈਸਟ ਤੇ ਇਕਾਂਤਵਾਸ ਜ਼ਰੂਰੀ ਹੈ। ਇਮਰਾਨ ਖ਼ਾਨ ਦੇ ਕੋਵਿਡ-19 ਟੈਸਟ ਦੀ ਰਿਪੋਰਟ 24 ਘੰਟੇ 'ਚ ਆ ਜਾਵੇਗੀ। ਦੱਸ ਦੇਈਏ ਕਿ ਪਾਕਿਸਤਾਨ 'ਚ ਹੁਣ ਤਕ 9749 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ 209 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਨਿੱਜੀ ਡਾਕਟਰ ਅਤੇ ਸ਼ੌਕਤ ਖਾਨਮ ਸਮਾਰਕ ਕੈਂਸਰ ਹਸਪਤਾਲ ਦੇ ਸੀਈਓ ਫੈਜ਼ਲ ਸੁਲਤਾਨ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਦੀ ਕੋਵਿਡ 19 ਲਈ ਜਾਂਚ ਹੋਵੇਗੀ। ਸੁਲਤਾਨ ਨੇ ਕਿਹਾ, ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਰੋਨਾ ਵਾਇਰਸ ਦੀ ਜਾਂਚ ਹੋਵੇਗੀ ਤਾਂਕਿ ਦਰਸਾਇਆ ਜਾ ਸਕੇ ਕਿ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਨ। ਅਸੀਂ ਸਾਰੇ ਪ੍ਰੋਟੋਕਾਲ ਦਾ ਪਾਲਣ ਕਰਾਂਗੇ ਅਤੇ ਇਸੇ ਮੁਤਾਬਕ ਸਿਫ਼ਾਰਸ਼ ਕਰਾਂਗੇ।