ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਾਉਣ ਅਤੇ ਹੋਰ ਭਖਦੀਆਂ ਮੰਗਾਂ ਮੰਨਵਾਉਣ ਲਈ ਡੀ ਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ 11ਵੇਂ ਦਿਨ ਵੀ ਜਾਰੀ

ਮੁੱਖ ਮੰਤਰੀ ਵੱਲੋਂ ਮਿਲਣ ਵਾਲੀ ਰਿਪੋਰਟ ਮੁਤਾਬਕ ਅਗਲਾ ਐਕਸ਼ਨ ਭਲਕੇ ਉਲੀਕਿਆ ਜਾਵੇਗਾ
 ਚੰਡੀਗੜ੍ਹ 30 ਦਸੰਬਰ (  ਗੁਰਸੇਵਕ ਸੋਹੀ ) ਕੱਲ੍ਹ ਦੇਰ ਰਾਤ ਆਈ ਜੀ ਬਠਿੰਡਾ ਦੁਆਰਾ ਫ਼ਸਲੀ ਖ਼ਰਾਬੇ ਦੇ ਮੁਆਵਜ਼ੇ ਦੀ ਅਦਾਇਗੀ ਸਿਰਫ਼ 5 ਏਕੜ ਤੱਕ ਹੀ ਸੀਮਿਤ ਕਰਨ ਬਾਰੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨਾਲ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਗੱਲਬਾਤ ਰਾਮਪੁਰਾ ਵਿਖੇ ਅੱਜ ਸ਼ਾਮ 3.30 ਵਜੇ ਕਰਾਉਣ ਦੇ ਵਾਅਦੇ ਮੁਤਾਬਿਕ ਅੱਜ 2.45 ਵਜੇ 2 ਕਿਸਾਨ ਆਗੂਆਂ ਨਾਲ 2-3 ਮਿੰਟ ਦੀ ਗੱਲਬਾਤ ਸਮੇਂ ਉਨ੍ਹਾਂ ਕਿਹਾ ਕਿ ਅਸੀਂ 5 ਏਕੜ ਵਾਲ਼ੀ ਕੋਈ ਚਿੱਠੀ ਜਾਰੀ ਨਹੀਂ ਕੀਤੀ। ਆਗੂਆਂ ਵੱਲੋਂ ਚਿੱਠੀ ਦੀ ਨਕਲ ਪੇਸ਼ ਕਰਕੇ ਅਲਟੀਮੇਟਮ ਦਿੱਤਾ ਗਿਆ ਕਿ ਇੱਕ ਘੰਟੇ ਦੇ ਅੰਦਰ ਅੰਦਰ ਇਹ 5 ਏਕੜ ਵਾਲ਼ੀ ਸ਼ਰਤ ਰੱਦ ਕਰਨ ਬਾਰੇ ਸਾਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ, ਵਰਨਾ ਤਿੱਖੇ ਐਕਸ਼ਨ ਦਾ ਫ਼ੈਸਲਾ ਕਰਨਾ ਪਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬੇਸ਼ੱਕ ਕੱਲ੍ਹ ਦੇਰ ਰਾਤ ਨੂੰ ਡੀ ਸੀ ਦਫ਼ਤਰਾਂ ਦੇ ਘਿਰਾਓ ਉਕਤ ਕਾਰਨ ਕਰਕੇ ਹੀ ਮੁਲਤਵੀ ਕਰ ਦਿੱਤੇ ਗਏ ਸਨ, ਪਰ 15 ਜ਼ਿਲ੍ਹਿਆਂ ਵਿੱਚ ਪੱਕੇ ਮੋਰਚਿਆਂ ਵਿੱਚ ਅੱਜ ਵੀ ਭਾਰੀ ਗਿਣਤੀ ਵਿੱਚ ਔਰਤਾਂ ਨੌਜਵਾਨਾਂ ਸਮੇਤ ਕੁੱਲ ਦਹਿ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਇਹ ਮੋਰਚੇ ਕਿਸਾਨ ਮੰਗਾਂ ਦੇ ਤਸੱਲੀਬਖ਼ਸ਼ ਨਿਪਟਾਰੇ ਤੱਕ ਜਾਰੀ ਰਹਿਣਗੇ। ਸਰਕਾਰ ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਕੱਲ੍ਹ ਨੂੰ ਤਿੱਖੇ ਐਕਸ਼ਨ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
         ਭਾਰੀ ਗਿਣਤੀ ਵਿੱਚ ਜੂਝ ਰਹੇ ਪੀੜਤ ਕਿਸਾਨਾਂ ਦੇ ਜਨਤਕ ਦਬਾਓ ਤਹਿਤ ਮੁੱਖ ਮੰਤਰੀ ਵੱਲੋਂ 3 ਜਨਵਰੀ ਨੂੰ 10 ਵਜੇ ਆਪਣੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਸਾਰੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਗੱਲ-ਬਾਤ ਦਾ ਲਿਖਤੀ ਸੱਦਾ ਅੱਜ ਫਿਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਗੁਰਵਿੰਦਰ ਸਿੰਘ ਰਾਹੀਂ ਭੇਜਿਆ ਗਿਆ ਹੈ। ਕਿਸਾਨ ਆਗੂਆਂ ਵੱਲੋਂ ਗੱਲ-ਬਾਤ ਦੀ ਮੇਜ਼ ਉੱਤੇ ਵੀ ਮੰਗਾਂ ਦੀ ਜ਼ੋਰਦਾਰ ਪੈਰਵੀ ਕੀਤੀ ਜਾਵੇਗੀ।
        ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ ਅਤੇ ਕੁਲਦੀਪ ਕੌਰ ਕੁੱਸਾ ਸ਼ਾਮਲ ਸਨ।
     ਬੁਲਾਰਿਆਂ ਨੇ ਐਲਾਨ ਕੀਤਾ ਕਿ ਫ਼ਸਲੀ ਖ਼ਰਾਬੇ ਸੰਬੰਧੀ ਉਕਤ ਅਹਿਮ ਮੰਗ ਤੋਂ ਇਲਾਵਾ ਖੁਦਕੁਸ਼ੀ ਪੀੜਤ ਪਰਿਵਾਰਾਂ ਅਤੇ ਅੰਦੋਲਨਕਾਰੀ ਸ਼ਹੀਦਾਂ ਦੇ ਵਾਰਸਾਂ ਨੂੰ ਤਹਿਸ਼ੁਦਾ ਮੁਆਵਜ਼ੇ, ਨੌਕਰੀਆਂ ਤੇ ਕਰਜ਼ਾ ਮਾਫ਼ੀ ਦੇ ਨਾਲ ਨਾਲ ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸਾਂ ਦੀ ਵਾਪਸੀ, ਮਾਨਸਾ ਵਿਖੇ ਬੇਰੁਜ਼ਗਾਰ ਟੀਚਰਾਂ 'ਤੇ ਕਹਿਰ ਢਾਹੁਣ ਵਾਲੇ ਡੀ ਐੱਸ ਪੀ ਦੀ ਮੁਅੱਤਲੀ ਅਤੇ ਟੌਲ ਪਲਾਜਿਆਂ ਦੇ ਪੁਰਾਣੇ ਰੇਟ ਆਦਿ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੋਂ ਇਲਾਵਾ ਪੰਜਾਬ ਦੇ ਕਰਜਾਗ੍ਰਸਤ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਹਰ ਘਰ ਰੁਜ਼ਗਾਰ ਅਤੇ ਮਾਰੂ ਨਸ਼ਿਆਂ ਦੇ ਖਾਤਮੇ ਵਰਗੇ ਅਹਿਮ ਚੋਣ ਵਾਅਦੇ ਲਾਗੂ ਕਰਨ ਅਤੇ ਕਿਸਾਨ ਮਜ਼ਦੂਰ ਪੱਖੀ ਸੂਦਖੋਰੀ ਕਰਜ਼ਾ ਕਾਨੂੰਨ ਬਣਾਉਣ ਸਮੇਤ ਵੱਡੇ ਸਰਮਾਏਦਾਰਾਂ, ਸਾਮਰਾਜੀ ਕਾਰਪੋਰੇਟਾਂ ਤੇ ਵੱਡੇ ਜਗੀਰਦਾਰਾਂ/ਸੂਦਖੋਰਾਂ ਤੋਂ ਮੋਟੇ ਟੈਕਸ ਵਸੂਲਣ ਅਤੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੇ ਕਈ ਹੋਰ ਚਿਰਾਂ ਤੋਂ ਲਟਕਦੇ ਅਹਿਮ ਮਸਲਿਆਂ ਦੇ ਹੱਲ ਲਈ ਮੌਜੂਦਾ ਕਿਸਾਨ ਸੰਘਰਸ਼ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ। ਖੇਤੀਬਾੜੀ ਡਾਇਰੈਕਟਰ ਦੇ ਸੁਨੇਹੇ ਮੁਤਾਬਕ ਇਨ੍ਹਾਂ ਭਖਦੀਆਂ ਕਿਸਾਨ ਮੰਗਾਂ ਬਾਰੇ ਲਿਖਤੀ ਮੰਗ ਪੱਤਰ ਵੀ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਅਤੇ ਸਾਥ ਦੇਣ ਦੀ ਅਪੀਲ ਕੀਤੀ।
       
   ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ