ਕੋਰੋਨਾ ਮਹਾਮਾਰੀ ਦੁਰਾਨ ਆਕਸਫੋਰਡ 'ਤੇ ਟਿਕੀਆਂ ਦੁਨੀਆ ਦੀਆਂ ਨਜ਼ਰਾਂ

ਸਤੰਬਰ 'ਚ ਕਰੀਬ 10 ਲੱਖ ਖੁਰਾਕ ਵੈਕਸੀਨ ਮੁਹੱਈਆ ਕਰਵਾਉਣ ਦਾ ਦਾਅਵਾ 

ਲੰਡਨ, -( ਏਜੰਸੀ )- ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੁਨੀਆ ਵੈਕਸੀਨ ਵਿਕਸਿਤ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਇਸ ਦਿਸ਼ਾ 'ਚ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ 'ਚ ਪਰਖੀ ਜਾ ਰਹੀ ਵੈਕਸੀਨ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਤੰਬਰ ਤਕ ਵੈਕਸੀਨ ਦੀ ਖੁਰਾਕ ਤਿਆਰ ਹੋ ਸਕਦੀ ਹੈ। ਸਤੰਬਰ 'ਚ ਲਗਪਗ ਦਸ ਲੱਖ ਖੁਰਾਕ ਵੈਕਸੀਨ ਮੁਹੱਈਆ ਕਰਵਾਈ ਜਾ ਸਕਦੀ ਹੈ। ਵਿਗਿਆਨੀਆਂ ਦੇ ਇਸ ਦਾਅਵੇ 'ਤੇ ਯਕੀਨ ਕੀਤਾ ਜਾਵੇ ਤਾਂ ਸਤੰਬਰ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਹਾਲਾਂਕਿ ਅਜੇ ਇਸ ਵੈਕਸੀਨ ਦਾ ਮਨੁੱਖੀ ਟਰਾਇਲ ਕੀਤਾ ਜਾ ਰਿਹਾ ਹੈ। ਇਸ ਦਿਸ਼ਾ 'ਚ ਵੈਕਸੀਨ ਦਾ ਇਨਸਾਨ 'ਤੇ ਪਹਿਲਾ ਟੈਸਟ ਵੀਰਵਾਰ ਨੂੰ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਤੀਜੇ ਸਕਾਰਾਤਮਕ ਹਨ। ਇਸ ਖੋਜ 'ਚ ਲੱਗੀ ਟੀਮ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਸਫ਼ਲ ਹੋਣ ਦੀ ਸੰਭਾਵਨਾ 80 ਫ਼ੀਸਦੀ ਹੈ। ਬ੍ਰਿਟਿਸ਼ ਸਰਕਾਰ ਨੇ ਆਕਸਫੋਰਡ ਯੂਨੀਵਰਸਿਟੀ ਦੀ ਟੀਮ ਦਾ ਪੂਰਾ ਸਮਰਥਨ ਕਰਦਿਆਂ ਇਸ ਲਈ ਦੋ ਕਰੋੜ ਪੌਂਡ ਦੇਣ ਦਾ ਐਲਾਨ ਵੀ ਕੀਤਾ ਹੈ। ਸਿਹਤ ਮੰਤਰੀ ਮੈਟ ਹੋਨਕੌਕ ਨੇ ਕਿਹਾ ਕਿ ਸਰਕਾਰ ਹਰ ਸੰਭਵ ਨਿਵੇਸ਼ ਕਰੇਗੀ। ਦੁਨੀਆ ਵਿੱਚ ਸਫ਼ਲ ਟੀਕਾ ਵਿਕਸਿਤ ਕਰਨ ਵਾਲਾ ਪਹਿਲਾ ਦੇਸ਼ ਬਣਨ ਲਈ ਉਮੀਦਾਂ ਇੰਨੀਆਂ ਜ਼ਿਆਦਾ ਹਨ ਕਿ 'ਮੈਂ ਇਸ 'ਤੇ ਸਭ ਕੁਝ ਲਗਾ ਰਿਹਾ ਹਾਂ।'