Punjabi Singer ਬੱਬੂ ਮਾਨ ਵੱਲੋਂ ਜੂਝਦਾ ਪੰਜਾਬ ਜਥੇਬੰਦੀ ਦਾ ਗਠਨ

ਜਿਸ ਮਕਸਦ ਵਿਧਾਨ ਸਭਾ ਚੋਣਾਂ ’ਚ ਉਭਾਰੇਗੀ ਵੱਖ-ਵੱਖ ਮੁੱਦੇ

ਚੰਡੀਗੜ੍ਹ, 14 ਦਸੰਬਰ (ਜਨ ਸ਼ਕਤੀ ਨਿਊਜ਼ ਬਿਊਰੋ)   ਚੋਣਾਂ ਵਿਚ ਲੋਕ ਮੁੱਦਿਆਂ ਨੂੰ ਉਭਾਰਨ ਲਈ ਵੱਖ-ਵੱਖ ਖ਼ੇਤਰਾਂ ਵਿਚ ਕੰਮ ਕਰ ਰਹੇ ਬੁੱਧੀਜੀਵੀਆਂ ਨੇ ਜੂਝਦਾ ਪੰਜਾਬ ਜਥੇਬੰਦੀ ਦਾ ਗਠਨ ਕੀਤਾ ਹੈ। ਜੂਝਦਾ ਪੰਜਾਬ ਜਥੇਬੰਦੀ ਦੇ ਮੈਂਬਰਾਂ ਜਿਨ੍ਹਾਂ ’ਚ ਗਾਇਕ ਬੱਬੂ ਮਾਨ, ਅਭਿਨੇਤਰੀ ਗੁਲ ਪਨਾਗ, ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ, ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜੱਸਾ ਪੱਟੀ, ਸਾਬਕਾ ਕਮਿਸ਼ਨਰ (ਖੇਤੀਬਾੜੀ) ਬਲਵਿੰਦਰ ਸਿੰਘ ਸਿੱਧੂ, ਡਾ. ਸ਼ਿਆਮ ਸੁੰਦਰ ਦੀਪਤੀ, ਜੱਸ ਬਾਜਵਾ, ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਰਮਨਇੰਦਰ ਕੌਰ ਭਾਟੀਆ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਫਿਲਮਕਾਰ ਅਮਿਤੋਜ ਮਾਨ, ਹਮੀਰ ਸਿੰਘ ਤੇ ਗਾਇਕ ਰਣਜੀਤ ਬਾਵਾ ਨੇ ਅੱਜ ਸੂਬੇ ਦੇ ਵਿਕਾਸ ਤੇ ਲੋਕ ਭਲਾਈ ਲਈ 32 ਮੁੱਦਿਆ ਦਾ ਏਜੰਡਾ ਜਾਰੀ ਕੀਤਾ। ਜਿਸ ਵਿਚ ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਕਰਨ ਤੇ ਤੈਅ ਸਮੇਂ ਵਿਚ ਚੋਣ ਵਾਅਦੇ ਪੂਰੇ ਨਾ ਕਰਨ ’ਤੇ ਵਿਧਾਇਕ ਨੂੰ ਪਦਮੁਕਤ ਕਰਨ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਫੈਡਰਲ ਢਾਂਚੇ ਦੀ ਬਹਾਲੀ, ਖੇਤੀਬਾੜੀ ਲਈ ਪਾਲਿਸੀ ਤਿਆਰ ਕਰਨ ਸਣੇ ਵਿਧਾਨ ਸਭਾ ਚੋਣਾਂ ਵਿਚ ਔਰਤਾਂ ਲਈ 33 ਫ਼ੀਸਦ ਸੀਟਾਂ ਰਾਖਵੀਂਆਂ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੇਰੁਜ਼ਗਾਰੀ ਵੱਧ ਰਹੀ ਹੈ। ਜਿਸ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾ ਰਿਹਾ ਹੈ। ਅੰਨਦਾਤਾਂ ਨੂੰ ਬਣਦੇ ਹੱਕ ਨਾ ਮਿਲਣ ਕਰਕੇ ਖ਼ੁਦਕੁਸ਼ੀਆਂ ਦਾ ਰਾਹ ਚੁਨਣਾ ਪੈ ਰਿਹਾ ਹੈ। ਇਸ ਲਈ ਪੰਜਾਬ ਦੇ ਮੌਜੂਦਾ ਹਾਲਾਤ ’ਚ ਸੁਧਾਰ ਲਿਆਉਣ ਲਈ ਬੰਦੇ ਬਦਲਣ ਦੀ ਥਾਂ ਏਜੰਡੇ ਬਦਲਣ ਦੀ ਲੋੜ ਹੈ।‘ਜੂਝਦਾ ਪੰਜਾਬ’ ਜਥੇਬੰਦੀ ਵੱਲੋਂ ਜਾਰੀ ਕੀਤੇ ਗਏ ਏਜੰਡੇ ’ਚ ਸੂਬੇ ਦੇ ਸੰਘੀ ਢਾਂਚੇ ਦੀ ਬਹਾਲੀ, ਖੇਤੀਬਾੜੀ ਸਿਸਟਮ ’ਚ ਸੁਧਾਰ ਲਈ ਕਮਿਸ਼ਨ ਬਣਾਉਣ, ਮਨਰੇਗਾ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ, ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਅਤੇ ਟਰਾਂਸਪੋਰਟ, ਸ਼ਰਾਬ ਮਾਫੀਆਂ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੂੰ 1980ਵੀਂ ਪਹਿਲਾਂ ਵਾਂਗ ਸਿਵਲ ਪ੍ਰਸ਼ਾਸਨਿਕ ਕੰਟਰੋਲ ਅਧੀਨ ਲਿਆਂਦਾ ਜਾਵੇ। ਨਸ਼ਿਆਂ ’ਤੇ ਨੱਥ ਪਾਉਣਾ, ਸਿਹਤ, ਸਿੱਖਿਆ ਤੇ ਭਾਸ਼ਾ ਦਾ ਮੁੱਦਾ ਉਭਾਰਿਆ ਜਾਵੇ। ਜਥੇਬੰਦੀ ਨੇ ਚੋਣਾਂ ਦੌਰਾਨ ਖੇਡਾਂ, ਵਾਤਾਵਰਨ, ਟੋਲ ਪਲਾਜ਼ਿਆਂ ਨੂੰ ਖ਼ਤਮ ਕਰਨ ਅਤੇ ਸੂਬੇ ’ਚ ਰੁਜ਼ਗਾਰ ਪੈਦਾ ਕਰਨ ਦੀ ਜ਼ਿਕਰ ਕੀਤਾ ਹੈ। ਵਿਧਾਨ ਸਭਾ ਦੇ ਸੈਸ਼ਨਾਂ ਦਾ ਸਮਾਂ ਇਕ ਸਾਲ ਵਿਚ 90 ਦਿਨਾਂ ਦਾ ਹੋਣਾ ਚਾਹੀਦਾ ਹੈ। ਜਿਸ ਨਾਲ ਲੋਕਾਂ ਦੇ ਮੁੱਦਿਆ ’ਤੇ ਚਰਚਾ ਕੀਤੀ ਜਾ ਸਕੇ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ‘ਜੂਝਦਾ ਪੰਜਾਬ’ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ’ਚ ਜਾਵੇਗਾ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਨੇ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮੁਫ਼ਤਖੋਰੀ ਰਾਜਨੀਤੀ ਕਰਨ ਦੀ ਥਾਂ ਸੂਬੇ ਦੇ ਅਧਿਕਾਰਾਂ ਲਈ ਇਸ ਏਜੰਡੇ ’ਤੇ ਪਹਿਰਾ ਦੇਣ। ਉਨ੍ਹਾਂ ਕਿਹਾ ਕਿ ਜਿਹੜੀ ਰਾਜਸੀ ਪਾਰਟੀ ਏਜੰਡੇ ’ਤੇ ਪਹਿਰਾ ਨਹੀਂ ਦਿੰਦੀ ਤਾਂ ਚੋਣਾਂ ਵਿਚ ਉਸ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਵੋਟਾਂ ਮੰਗਣ ਵਾਲੇ ਸਿਆਸੀ ਆਗੂਆਂ ਨੂੰ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ।