You are here

ਪੰਜਾਬ ਸਿਆਂ ਤੈਨੂੰ ਮੁਬਾਰਕਾਂ ✍️. ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

- ਪੰਜਾਬ ਸਿਆਂ-
 ਤੈਨੂੰ ਬਹੁਤ ਬਹੁਤ ਮੁਬਾਰਕਾਂ!
ਤੂੰ ਖੇਤੀ ਕਾਨੂੰਨ ਨਹੀਂ,
ਦਿੱਲੀ ਜਿੱਤ ਕੇ
ਮੋੜਾ ਪਾਇਆ ਈ!
ਤੇਰੇ ਫਰਕਦੇ ਡੌਲਿਆਂ ਨੇ
ਜਗ ਨੂੰ ਫਿਰ ਦੱਸ ਦਿੱਤੈ
 ਕਿ ਤੂੰ ਜਾਗਦਾ ਏੰ!
ਪਰ-
 ਤੇਰੇ ਸਾਹਵੇਂ ਤਾਂ
ਇੱਕ ਹੋਰ ਵੱਡਾ ਦੈਂਤ
ਮੂੰਹ ਅੱਡ ਕੇ ਖੜੋਤਾ ਏ,
ਜਿਹੜਾ ਰੋਜ
 ਪੱਟਾਂ 'ਚ
ਟੀਕਾ ਬਣਕੇ,
ਗਲੇ ਚੋੰ
 ਸੁਆਦ ਬਣਕੇ
ਤੇਰੇ ਪੁੱਤਾਂ ਨੂੰ
ਸਿਵਿਆਂ ਤੱਕ ਢੋਹੀ ਜਾਂਦੈ!
ਜੇ ਤੂੰ ਖੇਤੀ ਕਾਨੂੰਨਾਂ ਵਾਂਗੂੰ
ਨਸ਼ਿਆਂ ਵਿਰੁੱਧ
ਯੁੱਧ ਨਾ ਲੜਿਆ
ਤਾਂ ਤੇਰੇ ਫਰਕਦੇ ਡੌਲੇ
ਢਿੱਲਕਣ ਲੱਗ ਪੈਣੇ ਨੇ!
ਫਿਰ ਤੂੰ -
ਜਗ ਨੂੰ ਮੂੰਹ ਦਿਖਾਉਣ
 ਜੋਗਾ ਨ੍ਹੀਂ ਰਹਿਣਾ!
ਤੈਨੂੰ ਬਹੁਤ ਪੈਣਾ,
ਦਰਦ ਸਹਿਣਾ!
ਪੰਜਾਬ ਸਿਆਂ!
ਤੂੰ ਇੱਕ ਹੋਰ ਹੰਭਲਾ ਮਾਰ
 ਤੋੜਦੇ ਨਸ਼ਿਆਂ ਦਾ,
ਤੇ ਨਸ਼ਿਆਂ ਦੇ ਸੁਦਾਗਰਾਂ ਦਾ ਲੱਕ!
ਤੂੰ ਤਾਂ
ਲੰਡਨ ਜਾ ਕੇ
ਗੋਰਿਆਂ ਉਪਰ ਧਾਵਾ ਬੋਲ ਦਿੱਤਾ ਸੀ!
ਹੁਣ ਤੇਰੇ ਤੋਂ
ਤੇਰੇ ਵਿਹੜੇ ਵਿਚ
 ਡੱਸਦਾ ਫਿਰਦਾ 'ਚਿੱਟਾ' ਸੱਪ
 ਕਿਉਂ ਨ੍ਹੀਂ ਫੇੰਹ ਹੁੰਦਾ?
ਇਸ ਦੀ ਵੀ ਫੇੰਹ ਦੇ ਸਿਰੀ
ਜਿਹੜਾ ਮੁੜਕੇ ਨਾ ਡੱਸੇ
ਤੇਰੇ ਪੁੱਤਾਂ, ਧੀਆਂ ਨੂੰ!
ਬਸ ਲੱਗਦੇ ਹੱਥ
ਇਕ ਹੋਰ ਹੰਭਲਾ ਮਾਰਦੇ!
ਇਹ ਕੰਮ ਤਾਂ ਭਾਵੇਂ ਸੌਖਾ ਨਹੀਂ।
ਪਰ ਖੇਤੀ ਕਾਨੂੰਨਾਂ ਨਾਲੋਂ ਔਖਾ ਨਹੀਂ!
ਇੱਕ ਹੋਰ ਹੰਭਲਾ ਮਾਰਦੇ!
ਪੰਜਾਬ ਸਿਆਂ!
ਬਸ!
ਇੱਕ ਹੋਰ ਹੰਭਲਾ ਮਾਰਦੇ!
ਉਂਝ ਤਾਂ ਤੈਨੂੰ
ਰੋਜ ਆਫਤਾਂ ਤੇ ਆਫਤਾਂ
 ਚੜ੍ਹੀਆਂ ਰਹਿੰਦੀਆਂ ਨੇ,
ਕਦੀ ਏਧਰੋੰ!
ਕਦੀ ਓਧਰੋਂ!
ਪਰ ਤੂੰ ਸ਼ੇਰ ਵਾਂਗੂੰ
ਡਟਿਆ ਰਹੀਂ!
ਤੇ ਗੁਲਾਬ ਦੇ ਫੁੱਲ ਵਾਂਗੂੰ
 ਖਿੜਿਆ ਰਹੀੰ!
-ਸੁਖਦੇਵ ਸਲੇਮਪੁਰੀ
09780620233
11 ਦਸੰਬਰ, 2021.

 ਜਨ ਸ਼ਕਤੀ