ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿੱਕਰੀ ਵਾਰਡਰ ਸਟੇਜ ਦੀ ਕਮਾਨ ਅੱਜ ਔਰਤਾਂ ਨੇ ਸੰਭਾਲੀ

ਦਿੱਲੀ/ ਟੀਕਰੀ ਬਾਰਡਰ,07 ਦਸੰਬਰ ( ਗੁਰਸੇਵਕ ਸੋਹੀ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ ਅੱਜ ਔਰਤਾਂ ਨੇ ਸੰਭਾਲੀ। ਇੱਥੇ ਬਠਿੰਡਾ ਜ਼ਿਲ੍ਹੇ ਦੀ ਔਰਤ ਆਗੂ ਪਰਮਜੀਤ ਕੌਰ ਪਿੱਥੋ ਅਤੇ ਪਟਿਆਲਾ ਜ਼ਿਲ੍ਹੇ ਤੋਂ ਅਮਨਦੀਪ ਕੌਰ ਦੌਣਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਭਾਰਤੀ ਫੌਜਾਂ ਨੂੰ ਮਜ਼ਲੂਮ ਲੋਕਾਂ 'ਤੇ ਜਬਰ ਕਰਨ ਦੀਆਂ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਹੋਈਆਂ ਹਨ। ਪਿਛਲੇ ਦਿਨੀਂ ਨਾਗਾਲੈਂਡ 'ਚ ਜੋ ਆਦਿਵਾਸੀ ਲੋਕ ਜੰਗਲਾਂ ਦੇ ਸਹਾਰੇ ਆਪਣੀ ਦਿਨ ਕਟੀ ਕਰ ਰਹੇ ਹਨ। ਭਾਰਤੀ ਹਕੂਮਤ ਵੱਲੋਂ ਜੰਗਲਾਂ ਥੱਲੇ ਦੱਬੇ ਹੋਏ ਅਮੀਰ ਖ਼ਜ਼ਾਨਿਆਂ ਨੂੰ ਬਹੁਤ ਸਸਤੇ ਰੇਟਾਂ 'ਤੇ ਬਹੁਕੌਮੀ ਕੰਪਨੀਆਂ ਨੂੰ ਲੁਟਾਉਣ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਭਾਰਤੀ ਹਕੂਮਤ ਦੀ ਸੋਚੀ ਸਮਝੀ ਸਕੀਮ ਤਹਿਤ ਫੌਜ ਵੱਲੋਂ ਗੋਲੀਆਂ ਨਾਲ ਭੁੰਨਿਆ ਗਿਆ ਹੈ। ਨਾਗਾਲੈਂਡ ਦੇ ਸਧਾਰਨ ਨਿਹੱਥੇ ਲੋਕਾਂ ਦੇ ਕਤਲੇਆਮ ਦੀ ਅੱਜ ਦੀ ਸਟੇਜ ਤੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਤੋਂ ਇਲਾਵਾ ਅਜਿਹੇ ਜਾਬਰ ਹੱਲੇ ਬੰਦ ਕਰਨ ਦੀ ਮੰਗ ਕੀਤੀ ਗਈ। 
             ਮਾਲਣ ਕੌਰ ਕੋਠਾਗੁਰੂ ਅਤੇ ਛਿੰਦਰ ਕੌਰ ਗੰਢੂਆਂ ਨੇ ਕਿਹਾ ਕਿ ਭਾਵੇਂ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਲੰਮਾ ਸਮਾਂ ਸੰਘਰਸ਼ ਕਰਕੇ ਸਬਰ ਤੇ ਸੰਤੋਖ ਨਾਲ ਸੰਘਰਸ਼ੀ ਲੋਕਾਂ 'ਤੇ ਭਰੋਸਾ ਰੱਖ ਕੇ ਲੜੀ ਜਿਸਦਾ ਨਤੀਜਾ ਸਾਰੀ ਦੁਨੀਆਂ ਦੇ ਸਾਹਮਣੇ ਹੈ। ਸਾਮਰਾਜੀ ਕਾਰਪੋਰੇਟਾਂ ਦੀ ਵਫ਼ਾਦਾਰ ਕੇਂਦਰ ਦੀ ਹੰਕਾਰੀ ਹਕੂਮਤ ਨੂੰ ਗੋਡਣੀਏਂ ਕਰਕੇ ਆਪਣਾ ਹੀ ਥੁੱਕਿਆ ਚੱਟਣ ਯਾਨੀ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਪਿਛਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ਼ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਸਟੇਜ ਤੋਂ ਗੁਰਜੀਤ ਕੌਰ ਕੌਮੀ ਪ੍ਰਧਾਨ ਮਹਿਲਾ ਕਿਸਾਨ ਮਜ਼ਦੂਰ ਸਭਾ, ਗੁਰਮੇਲ ਕੌਰ ਕੋਠਾਗੁਰੂ, ਤਾਜ਼ਾ ਬੇਗਮ ਅਤੇ ਦਵਿੰਦਰ ਕੌਰ ਹਰਦਾਸਪੁਰਾ ਨੇ ਵੀ ਸੰਬੋਧਨ ਕੀਤਾ ।
ਜਾਰੀ ਕਰਤਾ ਸ਼ਿੰਗਾਰਾ ਸਿੰਘ ਮਾਨ