ਕੰਮ ਬੰਦ ਕਰਕੇ ਕੀਤਾ ਰੋਸ ਮੁਜ਼ਾਹਰਾ
ਜਗਰਾਉਂ 01- ਦਸੰਬਰ ( ਮਨਜਿੰਦਰ ਗਿੱਲ )- ਬਿਜਲੀ ਵਿਭਾਗ ਦੀ ਮੈਨੇਜਮੈਂਟ ਵੱਲੋਂ ਜੁਆਇੰਟ ਫੋਰਮ ਨਾਲ ਹੋਏ ਸਮਝੌਤੇ ਅਨੁਸਾਰ ਬਿਜਲੀ ਮੁਲਾਜ਼ਮਾਂ ਨੂੰ ਪੇ-ਬੈਂਡ ਦੇਣ ਸਬੰਧੀ ਨੋਟੀਫਿਕੇਸ਼ਨ ਅਤੇ ਤਨਖਾਹ 30 ਨਵੰਬਰ ਤੱਕ ਵੀ ਜਾਰੀ ਨਾ ਕਰਨ ਤੇ ਅੱਜ ਬਿਜਲੀ ਮੁਲਾਜ਼ਮਾਂ ਦਾ ਗੁੱਸਾ ਭੜਕ ਗਿਆ ਅਤੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਕੰਮ ਬੰਦ ਕਰਕੇ ਡਵੀਜਨ ਦਫਤਰ ਜਗਰਾਉਂ ਦੇ ਗੇਟ ਅੱਗੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬੋਲਦੇ ਬਿਜਲੀ ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ 01 ਦਸੰਬਰ 2011 ਤੋਂ ਬਿਜਲੀ ਮੁਲਾਜ਼ਮਾਂ ਨੂੰ ਪੇ-ਬੈਂਡ ਜਾਰੀ ਨਹੀਂ ਕੀਤਾ ਜਾ ਰਿਹਾ ਸੀ ਅਤੇ ਸਮੇ ਸਮੇ ਤੇ ਕੀਤੇ ਸੰਘਰਸ਼ਾਂ ਦੌਰਾਨ ਪਾਵਰਕਾਮ ਮੈਨੇਜਮੈਂਟ ਲਾਰੇ ਲਾ ਕੇ ਡੰਗ ਟਪਾਉਂਦੀ ਆਈ ਹੈ। ਪਹਿਲਾਂ 26 ਅਕਤੂਬਰ 2021 ਨੂੰ ਚੰਡੀਗੜ੍ਹ ਵਿਖੇ ਜੁਆਇੰਟ ਫੋਰਮ ਨਾਲ ਹੋਏ ਸਮਝੌਤੇ ਵਿੱਚ ਮੈਨੇਜਮੈਂਟ ਨੇ ਮੰਨਿਆਂ ਸੀ ਕਿ 10 ਨਵੰਬਰ 2021 ਤੱਕ ਪੇ-ਬੈਂਡ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ, ਜੋ ਕਿ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਪੰਜਾਬ ਭਰ ਦੇ ਸਮੁੱਚੇ ਬਿਜਲੀ ਮੁਲਾਜ਼ਮ 15 ਨਵੰਬਰ ਤੋਂ ਮਾਸ ਲੀਵ ਤੇ ਚਲੇ ਗਏ ਅਤੇ 27 ਨਵੰਬਰ ਨੂੰ ਸਾਂਝੇ ਫੋਰਮ ਨਾਲ ਹੋਏ ਸਮਝੌਤੇ ਵਿੱਚ ਮੈਨੇਜਮੈਂਟ ਨੇ ਪੇ-ਬੈਂਡ ਜਾਰੀ ਕਰਨ ਅਤੇ ਹੋਰ ਮੰਗਾਂ ਮੰਨ ਲਈਆਂ, ਪਰੰਤੂ ਨੋਟੀਫਿਕੇਸ਼ਨ 30 ਨਵੰਬਰ 2021 ਤੱਕ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਮੈਨੇਜਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਨਾ ਕਰਨ ਤੇ ਬਿਜਲੀ ਮੁਲਾਜ਼ਮਾਂ ਅੰਦਰ ਗੁੱਸੇ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬਿਜਲੀ ਕਾਮੇ ਕੰਮ-ਕਾਜ਼ ਬੰਦ ਕਰਕੇ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਡਵੀਜਨ ਪ੍ਰਧਾਨ ਹਰਵਿੰਦਰ ਸਿੰਘ ਸਵੱਦੀ, ਅਮ੍ਰਿਤਪਾਲ ਸ਼ਰਮਾਂ, ਜਸਵੰਤ ਸਿੰਘ, ਅਜਮੇਰ ਸਿੰਘ ਕਲੇਰ, ਬੂਟਾ ਸਿੰਘ ਮਲਕ, ਇੰਦਰਜੀਤ ਕੁਮਾਰ ਕਾਉਂਕੇ, ਜਗਤਾਰ ਸਿੰਘ ਮਲਕ, ਰਾਜਵਿੰਦਰ ਸਿੰਘ ਮੋਗਾ, ਮੁਨੀਸ਼ ਕੁਮਾਰ, ਪਰਮਜੀਤ ਸਿੰਘ ਚੀਮਾਂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮਿੰਦਰ ਸਿੰਘ ਸਟੈਨੋਂ, ਜਤਿੰਦਰਪਾਲ ਸਿੰਘ ਡੱਲਾ, ਪਵਿੱਤਰ ਸਿੰਘ ਗਾਲਿਬ, ਸੁਖਵਿੰਦਰ ਸਿੰਘ ਕਾਕਾ, ਬਲਜਿੰਦਰ ਸਿੰਘ ਟੀ.ਆਰ.ਡਬਲਿਯੂ., ਧਰਮਿੰਦਰ ਕੁਮਾਰ, ਸ਼ਾਮ ਲਾਲ, ਜਸਵੀਰ ਸਿੰਘ ਮਲਕ, ਭੁਪਿੰਦਰ ਸਿੰਘ ਸੇਖੋਂ, ਕਰਮਜੀਤ ਸਿੰਘ ਕੋਠੇ ਪ੍ਰੇਮਸਰ, ਬਲਵਿੰਦਰ ਸਿੰਘ, ਮਨਦੀਪ ਸਿੰਘ ਮੋਨੂੰ, ਕੋਮਲ ਸ਼ਰਮਾਂ, ਰਾਮ ਸਿੰਘ ਸਹੋਤਾ, ਅਵਤਾਰ ਸਿੰਘ ਕਲੇਰ ਆਦਿ ਵੀ ਹਾਜ਼ਰ ਸਨ।