You are here

ਭਾਰਤੀ ਕਿਸਾਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਚ ਖੇਤੀ ਸੰਕਟ ਦੇ ਮਸਲੇ ਤੇ ਹੋਈਆਂ ਵਿਚਾਰਾਂ

ਜਗਰਾਉਂ, 27  ਮਈ (ਮਨਜਿੰਦਰ ਗਿੱਲ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਓਂ ਦੀ ਮੀਟਿੰਗ ਭੰਮੀਪੁਰਾ ਭਿਆਣਾ ਸਾਹਿਬ  ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਚ ਬਲਾਕ ਦੇ ਦੋ ਦਰਜਨ ਪਿੰਡਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਹਾਜ਼ਰੀ ਭਰੀ। ਮੀਟਿੰਗ ਵਿਚ ਦਿਨੋਂ ਦਿਨ ਤਿੱਖੇ ਹੋ ਰਹੇ ਖੇਤੀ ਸੰਕਟ,ਵਾਤਾਵਰਣ ਅਤੇ ਪਾਣੀ ਦੇ ਮੱਹਤਵਪੂਰਨ ਮੁੱਦਿਆਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਡੂੰਘੀ ਵਿਚਾਰ ਚਰਚਾ ਉਪਰੰਤ ਮੀਟਿੰਗ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਫ਼ਸਲੀ ਚੱਕਰ ਬਦਲਣ ਲਈ ਬਾਕਾਇਦਾ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਕੇ  ਠੋਸ ਖੇਤੀ ਤੇ ਪਾਣੀ ਨੀਤੀ ਬਣਾਈ ਜਾਵੇ। ਮੀਟਿੰਗ ਵਿੱਚ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਕਿ ਕਿਸਾਨ ਝੋਨੇ ਦੀ ਥਾਂ ਬਾਸਮਤੀ, ਮੱਕੀ,ਮੂੰਗੀ ਤੇ ਸਬਜ਼ੀਆਂ ਬੀਜਣ ਲਈ ਤਿਆਰ ਹਨ ਬਸ਼ਰਤੇ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਅਤੇ ਸਰਕਾਰੀ ਖਰੀਦ ਦੀ ਗਰੰਟੀ ਕਰੇ। ਮੀਟਿੰਗ ਚ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਬਾਰਸ਼ ਦੇ  ਅਣਵਰਤੇ ਪਾਣੀ ਅਤੇ ਦਰਿਆਵਾਂ ਦੇ ਸਮੁੰਦਰ ਚ ਰੁੜ ਰਹੇ ਪਾਣੀ ਅਤੇ ਕਾਰਖਾਨਿਆਂ ਚ ਤੇ ਘਰਾਂ ਚ ਅਜਾਈਂ ਗਵਾਏ ਜਾ ਰਹੇ ਪਾਣੀ ਦੇ ਬਚਾਅ ਲਈ ਵੀ ਕੋਈ ਠੋਸ ਸਰਕਾਰੀ ਨੀਤੀ ਬਣਾਈ ਜਾਵੇ। ਮੀਟਿੰਗ ਵਿੱਚ ਕਿਸਾਨਾਂ ਨੇ ਫੈਸਲਾ ਕੀਤਾ ਕਿ ਹਰ ਸੰਭਵ ਯਤਨ ਨਾਲ ਪਾਣੀ ਬਚਾਉਣ ਲਈ  ਹਰ ਕਿਸਾਨ ਯਤਨਸ਼ੀਲ ਰਹੇ ਗਾ। ਹਰ ਕਿਸਾਨ ਆਪਣੇ ਖੇਤ ਵਿੱਚ ਪੰਜ ਬੂਟੇ ਲਗਾਵੇਗਾ। ਉਨਾਂ ਕਿਹਾ ਕਿ ਕੁੱਝ ਹਲਕਿਆਂ ਵੱਲੋਂ ਪਾਣੀ ਦੇ ਮਸਲੇ ਕਿਸਾਨੀ ਖਿਲਾਫ ਪਾਣੀ ਦੀ ਵਰਤੋਂ ਨੂੰ ਲੈਕੇ ਕੀਤਾ ਜਾ ਰਿਹਾ ਪ੍ਰਚਾਰ ਫਜ਼ੂਲ ਹੈ ਜਦੋਂਕਿ ਕਿ ਝੋਨੇ ਲਈ ਕੁੱਲ ਪਾਣੀ ਦਾ ਸਿਰਫ ਅਠ ਪ੍ਰਤੀਸ਼ਤ ਪਾਣੀ ਹੀ ਝੋਨੇ ਲਈ ਵਰਤਿਆ ਜਾ ਰਿਹਾ ਹੈ। ਇਸ ਸਮੇਂ ਕਿਸਾਨਾਂ ਨੇ ਬਿਜਲੀ ਬੋਰਡ ਦੇ ਨਿਜੀਕਰਨ ਖਿਲਾਫ ਰੋਸ ਪ੍ਰਗਟ ਕਰਦਿਆਂ ਬਿਜਲੀ ਸਸਤੀ ਕਰਨ, ਬਿਜਲੀ ਪ੍ਰਬੰਧ ਚ ਸੁਧਾਰ ਕਰਨ, ਆਵਾਰਾ ਪਸ਼ੂਆਂ ਨੂੰ ਨੱਥ ਪਾਉਣ,ਸਹਿਕਾਰੀ ਸੁਸਾਇਟੀਆਂ ਚ ਤੇਲ ਅਤੇ ਪੂਰੀ ਮਾਤਰਾ ਵਿੱਚ ਖਾਦ ਦੀ ਉਪਲਬਧਤਾ ਅਤੇ ਫਸਲਾਂ ਵਿਸ਼ੇਸ਼ ਕਰ੍ਰ ਆਲੂਆਂ ਅਤੇ ਕਣਕ ਦੇ ਝਾੜ ਘਟਣ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਸਾਰੇ ਪਿੰਡਾਂ ਵਿਚ ਵੱਡੀ ਪੱਧਰ ਤੇ ਜਥੇਬੰਦੀ ਦੀ ਹਫਤਾ ਭਰ ਮੈਂਬਰਸ਼ਿਪ ਮੁਹਿੰਮ ਤੇ ਫੰਡ ਇਕਤਰਨ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਤਰਸੇਮ ਸਿੰਘ ਬੱਸੂਵਾਲ, ਦੇਵਿੰਦਰ ਸਿੰਘ ਕਾਉਂਕੇ, ਮਨਦੀਪ ਸਿੰਘ ਭੰਮੀਪੁਰਾ ਧਰਮ ਸਿੰਘ ਸੂਜਾਪੁਰ ਸਮੇਤ ਸਾਰੀਆਂ ਹੀ ਇਕਾਈਆਂ ਦੇ ਪ੍ਰਧਾਨ, ਸਕੱਤਰ ਹਾਜ਼ਰ ਸਨ।