You are here

ਯੁ.ਕੇ.

ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਲੋਕ ਅਰਪਣ

ਲੁਧਿਆਣਾ ,28 ਜੂਨ

ਪਿਛਲੇ ਦਿਨੀਂ ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਦਾ ਲੋਕ ਅਰਪਣ ਡਾ ਰਮੇਸ਼ ਸੁਪਰ ਸਪੈਸ਼ਲਿਸਟ ਆਈ ਹੌਸਪੀਟਲ ਭਾਈ ਰਣਧੀਰ ਸਿੰਘ ਨਗਰ 65A ਵਿਖੇ ਬੜੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਸ਼ੋਕ ਮਾਹਿਰਾ ਜੀ ਲੰਡਨ ਯੂ ਕੇ ਦੇ ਵਸਨੀਕ ਹੁੰਦਿਆਂ ਵੀ ਕਾਫੀ ਸਮੇਂ ਤੋਂ ਪੰਜਾਬ ਰਹਿ ਕੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਲੋਕ ਭਲਾਈ ਦੇ ਕੰਮਾਂ ਵਿਚ ਜੁੱਟੇ ਹੋਏ ਹਨ। ਉਹ ਵਿਸ਼ਵ ਪੱਧਰੀ ਅੰਗ ਦਾਨ ਕਰਨ ਵਾਲੀ ਸੰਸਥਾ ਤੇ ਪੁਨਰਜੋਤ ਆਈ ਸੋਸਾਇਟੀ ਦੇ ਮੋਢੀ ਮੈਂਬਰਾਂ ਵਿਚੋਂ ਹਨ ਜਿਸ ਦਾ ਮਕਸਦ ਹੀ ਮਨੁੱਖਤਾ ਦੀ ਸੇਵਾ ਹੈ। ਇਸ ਸੋਸਾਇਟੀ ਦੁਆਰਾ ਹੁਣ ਤੱਕ ਹਜ਼ਾਰਾਂ ਜਰੂਰਤਮੰਦ ਲੋਕਾਂ ਦਾ ਇਲਾਜ ਕਰਕੇ ਇੱਕ ਨਵਾਂ ਜੀਵਨ ਦਿੱਤਾ ਹੈ।

ਅਸ਼ੋਕ ਮਾਹਿਰਾ ਜੀ ਨੇ ਅਪਣੇ ਇਸ ਸੇਵਾ ਕਾਰਜ਼ ਤੇ ਅਨੁਭਵ ਦੇ ਅਧਾਰ ਤੇ ਇਕ ਦਸਤਾਵੇਜ ਤਿਆਰ ਕਰਕੇ ਮਾਨਵਤਾ ਲਈ ਲੋਕ ਭਲਾਈ ਦਾ ਅਨੋਖਾ ਤੇ ਸਾਰਥਿਕ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਇਸ ਕਿਤਾਬ ਵਿਚ। ਇਹ ਕਿਤਾਬ ਇਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਛਾਪਕੇ ਇਕੋ ਜ਼ਿਲਤ ਵਿੱਚ ਤਿਆਰ ਕੀਤੀ ਗਈ ਹੈ।

ਇਸ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਡਾ ਰਮੇਸ਼ ਨਾਮਵਰ ਆਈ ਸਰਜਨ ਲੁਧਿਆਣਾ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਮਿੰਟੂ, ਇੰਦਰਜੀਤ ਸਿੰਘ ਗਿੱਲ, ਅਭਿਨੇਤਰੀ ਪ੍ਰਿਆ ਲਖਨਪਾਲ, ਰੂਪਾ ਅਰੋੜਾ, ਪ੍ਰਵੀਨ ਰਤਨ, ਡਾ ਰਮੇਸ਼ ਬੱਗਾ ਸੇਵਾ ਮੁਕਤ ਸਿਵਲ ਸਰਜਨ ਲੁਧਿ , ਗੁਰਦੇਵ ਸਿੰਘ ਏ ਸੀ ਪੀ, ਐਸ ਐਸ ਬਰਾੜ ਸੇਵਾ ਮੁਕਤ ਡੀ ਸੀ ਪੀ, ਰਵਿੰਦਰ ਸ਼ਰਮਾ, ਪੰਜਾਬੀ ਸਾਹਿਤਿਕ ਜਗਤ ਵਲੋਂ ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਤ੍ਰੈਲੋਚਨ ਲੋਚੀ ਤੇ ਦਲਜਿੰਦਰ ਰਹਿਲ, ਕਮਲ ਮਹਿਰਾ, ਬੇਟੀ ਮੁਸਕਾਨ ਅਤੇ ਸ਼ਸ਼ੀਕਾਂਤ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋ ਇਲਾਵਾ ਪੰਜਾਬ ਭਵਨ ਸਰੀ ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਯੂਰੋਪੀ ਪੰਜਾਬੀ ਸੱਥ, ਸਾਊਥਹਾਲ ਕਲਾ ਕੇਂਦਰ ਯੂ ਕੇ ਅਤੇ ਸੰਤ ਸੀਚੇਵਾਲ ਜੀ ਵਲੋਂ ਵੀ ਅਸ਼ੋਕ ਮਹਿਰਾ ਜੀ ਨੂੰ ਉਨਾ ਦੀ ਪਲੇਠੀ ਕਿਤਾਬ "ਦੁਆਵਾਂ ਦਾ ਦਰਿਆ" ਲਈ ਸ਼ੁੱਭ ਕਾਮਨਾਵਾਂ ਭੇਜੀਆਂ। ਸਮਾਗਮ ਦੀ ਸੰਚਾਲਨਾ ਜਗਜੀਤ ਪੰਜੋਲੀ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ।

ਸਿੱਖ ਨੌਜਵਾਨ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਜਿੱਤਿਆ ਐਮ.ਟੀ.ਕੇ.ਜੀ. ਗਲੋਬਲ ਮੁਕਾਬਲਾ

ਲੰਡਨ, 28 ਜੂਨ ( ਗਿਆਨੀ ਰਵਿੰਦਰਪਾਲ ਸਿੰਘ  )-ਕੋਵਿਡ-19 ਤਾਲਾਬੰਦੀ 'ਚ ਆਈ ਢਿੱਲ ਤੋਂ ਬਾਅਦ ਖੇਡ ਮੈਦਾਨਾਂ ਦੇ ਅਖਾੜੇ ਮੁੜ ਭਖਣ ਲੱਗੇ ਹਨ । ਯੂ.ਕੇ. ਵਿਚ ਕਿ੍ਕਟ, ਫੁੱਟਬਾਲ ਦੇ ਨਾਲ-ਨਾਲ ਹੋਰ ਖੇਡ ਮੁਕਾਬਲੇ ਵੀ ਸ਼ੁਰੂ ਹੋ ਚੁੱਕੇ ਹਨ । ਇਸੇ ਤਰ੍ਹਾਂ  ਲੰਡਨ 'ਚ ਹੋਏ ਐਮ.ਟੀ.ਕੇ.ਜੀ. ਗਲੋਬਲ ਮੁਕਾਬਲੇ 'ਚ ਸਿੱਖ ਨੌਜਵਾਨ  ਇੰਦਰ ਸਿੰਘ ਬਾਸੀ ਨੇ ਜਿੱਤ ਦਰਜ਼ ਕੀਤੀ ਹੈ । ਜੋ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ । ਇੰਗਲੈਂਡ ਵਿੱਚ ਵਸਣ ਵਾਲੇ ਪੰਜਾਬੀਆਂ ਦੀ ਮੂਹਰਲੀ ਕਤਾਰ ਵਿੱਚ  ਖੜ੍ਹੇ  ਸਿੰਘ ਸਭਾ ਲੰਡਨ ਈਸਟ ਦੇ ਨੌਜਵਾਨਾਂ ਵਲੋਂ ਕਬੱਡੀ, ਕੁਸ਼ਤੀ ਤੇ ਮੁੱਕੇਬਾਜ਼ੀ ਸਮੇਤ ਵੱਖ-ਵੱਖ ਖੇਡਾਂ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ ਜੋ ਪੰਜਾਬੀਆਂ ਦੀ ਖੇਡਾਂ ਵੱਲ ਰੁਚੀ ਨੂੰ ਉਤਸ਼ਾਹਤ ਕਰਦੀ ਹੈ ਇਸ ਦੇ ਸਿੱਟੇ ਵਜੋਂ ਇੰਦਰ ਸਿੰਘ ਬਾਸੀ ਵਰਗੇ ਨੌਜਵਾਨ ਨਿਕਲ ਕੇ ਸਾਹਮਣੇ ਆਉਂਦੇ ਹਨ। ਸਿੱਖ ਪੰਜਾਬੀ ਭਾਈਚਾਰੇ ਨੂੰ  ਇੰਦਰ ਸਿੰਘ ਬਾਸੀ ਤੋਂ ਭਵਿੱਖ 'ਚ ਵੱਡੀਆਂ ਆਸਾਂ ਹਨ ।

ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਾਇਸ ਆਫ਼ ਵੁਮੈਨ ਨੇ ਛਬੀਲ ਲਗਾਈ

ਲੰਡਨ,  ਜੂਨ 2021 ( ਗਿਆਨੀ ਰਵਿੰਦਰਪਾਲ ਸਿੰਘ  )-ਸ਼ਹੀਦਾਂ ਦੇ ਸਿਰਤਾਜ  ਪੰਚਮ ਪਾਤਸ਼ਾਹ  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਾਊਥਾਲ ਵਿਖੇ 'ਵਾਇਸ ਆਫ਼ ਵੁਮੈਨ' ਦੀਆਂ ਸਮੂਹ ਮੈਂਬਰਾਂ ਵਲੋਂ ਛਬੀਲ ਲਗਾਈ ਗਈ, ਜਿਸ 'ਚ ਐਮ.ਪੀ. ਵਰਿੰਦਰ ਸ਼ਰਮਾ, ਕੌਂਸਲਰ ਜਸਬੀਰ ਕੌਰ ਅਨੰਦ ਅਤੇ ਕੌਂਸਲਰ ਸਵਰਨ ਸਿੰਘ ਪੱਡਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਰਾਹਗੀਰਾਂ ਦੀ ਸੇਵਾ ਕੀਤੀ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਚੇਅਰਪਰਸਨ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ 'ਵਾਇਸ ਆਫ਼ ਵੁਮੈਨ' ਦੀਆਂ ਸੇਵਾਦਾਰ ਬੀਬੀਆਂ ਅਵਤਾਰ ਕੌਰ ਚਾਨਾ, ਨਰਿੰਦਰ ਕੌਰ ਖੋਸਾ, ਸੁਰਜੀਤ ਕੌਰ ਅਟਵਾਲ, ਸੰਤੋਸ਼ ਸ਼ਿੰਨ, ਪ੍ਰੀਤ ਬੈਂਸ, ਸਤਵੰਤ ਕੌਟ ਖੋਸਾ, ਵਡਭਾਗ ਸਿੰਘ ਖੋਸਾ, ਸੁਰਿੰਦਰ ਕੌਰ, ਕਰਤਾਰ ਸਿੰਘ ਖੋਸਾ, ਜਸਵੰਤ ਸਿੰਘ ਖੋਸਾ, ਜਸਵੀਰ ਕੌਰ ਸੰਧੂ, ਬਿੰਟੀ, ਜਸਵਿੰਦਰ ਕੌਰ ਕਲਸੀ, ਸ਼ਿਵਦੀਪ ਕੌਰ ਢੇਸੀ, ਸੰਤੋਸ਼ ਸੂਰ, ਸੁਖਵਿੰਦਰ ਕੌਰ, ਪ੍ਰਵੀਨ ਸੂਰ, ਅਮਰਜੀਤ ਕੌਰ ਰੰਧਾਵਾ, ਪ੍ਰਮਜੀਤ ਕੌਰ, ਹਰਬੰਸ ਕੌਰ ਗਿੱਲ, ਗੁਰਵਿੰਦਰ ਕੌਰ, ਗੁਰਦੀਪ ਕੌਰ, ਹਰਜੀਤ ਕੌਰ, ਜਸਵੰਤ ਕੌਰ ਘੁੰਮਣ, ਦਵਿੰਦਰ ਕੌਰ ਚੱਗਰ, ਜੋਗਿੰਦਰ ਕੌਰ ਭੰਵਰਾ, ਕੁਲਦੀਪ ਕੌਰ, ਗੁਰਮੇਜ ਕੌਰ, ਕੁਲਦੀਪ ਕੌਰ ਧਾਲੀਵਾਲ, ਸੁਰਿੰਦਰ ਕੌਰ ਢੱਡੇ, ਜਸਵਿੰਦਰ ਕੌਰ ਮਾਰਵੇਅ, ਲਖਵਿੰਦਰ ਕੌਰ, ਮਹਿੰਦਰ ਕੌਰ ਧਾਲੀਵਾਲ, ਹਰਫੁੱਲ ਦੇਵੀ ਆਦਿ ਸਮੇਤ ਵੱਡੀ ਗਿਣਤੀ 'ਚ ਬੀਬੀਆਂ ਨੇ ਸੇਵਾ ਕੀਤੀ । ਐਮ.ਪੀ. ਵਰਿੰਦਰ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕੇ ਅਸੀਂ ਸਾਊਥਾਲ 'ਚ ਆਪਣੇ ਸਭ ਦਿਨ ਤਿਉਹਾਰ ਅਤੇ ਪੁਰਬ ਇਕੱਠੇ ਹੋ ਧੂਮ ਧਾਮ ਨਾਲ ਮਨਾਉਂਦੇ ਹਾਂ ਇਨ੍ਹਾਂ ਸਮਾਗਮਾਂ ਨਾਲ ਜਿੱਥੇ ਮਨੁੱਖਤਾ ਦੀ ਸੇਵਾ ਹੁੰਦੀ ਹੈ, ਉੱਥੇ ਹੀ ਅਸੀਂ ਆਪਣੇ ਗੌਰਵ ਮਈ ਇਤਿਹਾਸ ਤੋਂ ਹੋਰ ਧਰਮਾਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰਹ ਨੂੰ ਵੀ ਜਾਣੋ ਕਰਵਾਉਂਦੇ ਰਹਿੰਦੇ ਹਾਂ ਅਤੇ ਉਨ੍ਹਾਂ ਅੱਜ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ 'ਵਾਇਸ ਆਫ਼ ਵੁਮੈਨ' ਦੀਆਂ ਸੇਵਾਦਾਰ ਬੀਬੀਆਂ ਦਾ ਧੰਨਵਾਦ ਕੀਤਾ ।

ਪਿ੍ੰਸ ਫਿਲਿਪ ਦੀ ਯਾਦ 'ਚ 5 ਪੌਂਡ ਦਾ ਸਿੱਕੇ ਜਾਰੀ

ਲੰਡਨ, 28 ਜੂਨ ( ਗਿਆਨੀ ਰਵਿੰਦਰਪਾਲ ਸਿੰਘ  )-ਯੂ.ਕੇ. ਦੀ ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਪਿ੍ੰਸ ਫਿਲਿਪ ਦੀ ਯਾਦ 'ਚ ਯੂ.ਕੇ. ਦੀ ਸਿੱਕੇ ਜਾਰੀ ਕਰਨ ਵਾਲੀ ਸੰਸਥਾ ਰੋਇਲ ਮਿੰਟ ਵਲੋਂ 5 ਪੌਂਡ ਦੇ ਸਿੱਕੇ ਜਾਰੀ ਕੀਤੇ ਹਨ | ਇਨ੍ਹਾਂ ਸਿੱਕਿਆਂ 'ਤੇ ਪਿ੍ੰਸ ਫਿਲਿਪ ਦੀ ਤਸਵੀਰ ਹੈ ਜਿਸ 'ਤੇ ਪਿ੍ੰਸ ਫਿਲਿਪ ਦੇ ਨਾਂਅ ਤੋਂ ਇਲਾਵਾ 'ਡਿਊਕ ਆਫ਼ ਈਡਨਬਰਗ' ਅਤੇ ਜਨਮ ਤੇ ਮੌਤ ਸਾਲ 1921-2021 ਅੰਕਿਤ ਹਨ | ਸਿੱਕੇ 'ਤੇ ਅੰਕਿਤ ਤਸਵੀਰ ਨੂੰ 2008 'ਚ ਪਿ੍ੰਸ ਫਿਲਿਪ ਵਲੋਂ ਖ਼ੁਦ ਮਾਨਤਾ ਦਿੱਤੀ ਸੀ | ਉਕਤ ਸਿੱਕਿਆਂ ਨੂੰ ਬਰਤਾਨੀਆ ਦੀ ਫ਼ੌਜ ਨੂੰ ਸਮਰਪਿਤ ਮਨਾਏ ਜਾਂਦੇ ਹਥਿਆਰਬੰਦ ਫ਼ੌਜ ਦਿਵਸ ਮੌਕੇ ਜਾਰੀ ਕੀਤਾ ਗਿਆ ਹੈ | ਯੂ.ਕੇ. ਦੇ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਨੇ ਕਿਹਾ ਕਿ ਇਹ ਸਿੱਕਾ ਪਿ੍ੰਸ ਫਿਲਿਪ ਨੂੰ ਸ਼ਰਧਾਂਜਲੀ ਹੈ | ਜੋ ਲੋਕਾਂ ਲਈ ਵੱਖ-ਵੱਖ ਥਾਵਾਂ 'ਤੇ ਉਪਲਬਧ ਹੋਵੇਗਾ | ਪੰਜ ਪੌਂਡ ਦੇ ਇਹ ਸਿੱਕੇ ਚਾਂਦੀ ਅਤੇ ਸੋਨੇ ਦੇ ਹਨ | ਸਿੱਕਿਆਂ ਤੋਂ ਹੋਈ ਵਿੱਕਰੀ 'ਚੋਂ ਰੋਇਲ ਮਿੰਟ ਵਲੋਂ 50000 ਪੌਂਡ 'ਡਿਊਕ ਆਫ਼ ਈਡਨਬਰਗ ਐਵਾਰਡ ਯੂ.ਕੇ.' ਅਤੇ 'ਡਿਊਕ ਆਫ਼ ਈਡਨਬਰਗ ਅੰਤਰਰਾਸ਼ਟਰੀ ਐਵਾਰਡ ਫਾਊਾਡੇਸ਼ਨ' ਨੂੰ ਦਿੱਤਾ ਜਾਵੇਗਾ ਤਾਂ ਇਹ ਸਮਾਜ ਸੇਵੀ ਸੰਸਥਾਵਾਂ ਯੂ.ਕੇ. ਅਤੇ ਵਿਦੇਸ਼ਾਂ 'ਚ ਨੌਜਵਾਨਾਂ ਦੀ ਮਦਦ ਕਰਦੀਆਂ ਰਹਿਣ |

ਯੂ ਕੇ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ ਦਾ ਸਾਂਝਾ ਕਹਾਣੀ ਤੇ ਲੇਖ ਸੰਗ੍ਰਹਿ “ ਜਾਣਾ ਏ ਉਸ ਪਾਰ” ਨਿੱਕੀਆਂ ਕਰੂੰਬਲ਼ਾਂ ਭਵਨ ਵਿੱਚ ਹੋਇਆ ਰਿਲੀਜ਼

ਯੂ ਕੇ ਲੈਸਟਰ ਸ਼ਹਿਰ ਦੀ ਵਸਨੀਕ ਜਸਵੰਤ ਕੌਰ ਬੈਂਸ ਦੁਆਰਾ ਸੰਪਾਦਿਤ ਪੁਸਤਕ ‘ਜਾਣਾ ਏ ਉਸ ਪਾਰ’ ਜਾਰੀ ਕਰਦੇ ਹੋਏ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ,ਬੱਗਾ ਸਿੰਘ ਆਰਟਿਸਟ,ਅਵਤਾਰ ਸਿੰਘ ਤਾਰੀ,ਸਤਵੰਤ ਕੌਰ ਸਹੋਤਾ,ਕੁਲਦੀਪ ਕੌਰ ਬੈਂਸ ਅਤੇ ਪ੍ਰਿੰ. ਮਨਜੀਤ ਕੌਰ ਆਦਿ)
ਮਾਹਿਲਪੁਰ: ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਵਸਦੀ ਉੇੱਘੀ ਕਵਿਤਰੀ ਜਸਵੰਤ ਕੌਰ ਬੈਂਸ ਵਲੋਂ ਸੰਪਾਦਿਤ ਕਹਾਣੀ ਅਤੇ ਲੇਖ ਸੰਗ੍ਰਹਿ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਵਲੋਂ ਕਰੂੰਬਲਾਂ ਭਵਨ ਮਾਹਿਲਪੁਰ ਵਿਚ 25 ਜੂਨ ਨੂੰ ਜਾਰੀ ਕੀਤਾ ਗਿਆ।ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬੈਂਸ ਨੇ ਜਿੱਥੇ ਖੂਦ ਪੰਜ ਕਾਵਿ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਉਥੇ ਨਵੇਂ ਤੇ ਪ੍ਰੋੜ ਲੇਖਕਾਂ ਨੂੰ ਇਸ ਪੁਸਤਕ ਰਾਹੀਂ ਇਕ ਮੰਚ ਤੇ ਇਕੱਠਾ ਕਰ ਦਿੱਤਾ ਹੈ।ਇਸ ਪੁਸਤਕ ਵਿਚ ਅਠਾਰਾਂ ਕਹਾਣੀਆਂ ਅਤੇ ਅਠਾਰਾਂ ਲੇਖ ਕੋਰੋਨਾ ਕਾਲ ਦੀ ਦਾਸਤਾਨ ਦੇ ਭਿੰਨ ਭਿੰਨ ਪਹਿਲੂਆਂ ਤੇ ਝਾਤ ਪੁਆਉਂਦੇ ਹਨ।ਪੁਸਤਕ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ,ਕੁਲਦੀਪ ਕੌਰ ਬੈਂਸ,ਸਤਵੰਤ ਕੌਰ ਸਹੋਤਾ ਅਤੇ ਪ੍ਰਿੰ.ਮਨਜੀਤ ਕੌਰ ਨੇ ਕਿਹਾ ਕਿ ਇਸ ਪੁਸਤਕ ਦੇ ਸੰਪਾਦਨ ਕਾਰਜਾਂ ਵਿਚ ਜੱਸੀ ਮਾਨ,ਆਰ ਕੇ ਰਾਣੀ,ਰਾਜਪ੍ਰੀਤ ਕੌਰ,ਮਨਵਿੰਦਰ ਧਾਲੀਵਾਲ ਅਤੇ ਸੁਖਵੰਤ ਕੌਰ ਗਰੇਵਾਲ ਨੇ ਸੇਵਾਵਾਂ ਕਰਕੇ ਅਹਿਮ ਭੂਮਿਕਾ ਨਿਭਾਈ ਹੈ।
ਇਸ ਕਹਾਣੀ ਤੇ ਲੇਖ ਸੰਗ੍ਰਹਿ ਵਿੱਚ ਲੇਖਿਕਾਂ ਨੇ ਤਾਲਾਬੰਦੀ ਦੇ ਦੌਰਾਨ ਕੋਵਿਡ-19 ਦੀਆਂ ਔਖੀਆਂ ਸੌਖੀਆਂ ਘੜੀਆਂ ਜੋ ਆਪਣੇ ਪਿੰਡੇ ਤੇ ਹੰਡਾਈਆਂ ਦਾ ਜ਼ਿਕਰ ਆਪੋ ਆਪਣੇ ਵਿਚਾਰਾਂ ਅਤੇ ਸੋਚ ਦੇ ਮੁਤਾਬਕ ਕਰਕੇ ਕਹਾਣੀ ਅਤੇ ਲੇਖਾਂ ਦੀ ਸਿਰਜਣਾ ਆਪ ਕੀਤੀ ਹੈ। ਬਹੁਤ ਸਾਰੇ ਨਵੇਂ ਕਵੀਆਂ ਨੂੰ ਵੀ ਇਸ ਪੁਸਤਕ ਵਿੱਚ ਮੌਕਾ ਦਿੱਤਾ ਗਿਆ ਹੈ।
ਉਹਨਾਂ ਨਵੇਂ ਲਿਖਾਰੀਆਂ ਲਈ ਇਕ ਮੰਚ ਤਿਆਰ ਕਰ ਦਿੱਤਾ ਹੈ ਜਿਸਦਾ ਲਾਭ ਲੈ ਕੇ ਉਹ ਹੋਰ ਉੱਚੀਆਂ ਉਡਾਰੀਆਂ ਮਾਰ ਸਕਦੇ ਹਨ। ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵਲੋਂ ਇਸ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਕਰੂੰਬਲਾਂ ਭਵਨ ਵਿਚ ਕੀਤਾ ਗਿਆ।
ਇਸ ਮੌਕੇ ਗਾਇਕ ਤੇ ਗੀਤਕਾਰ ਪੰਮੀ ਖੁਸ਼ਹਾਲਪੁਰੀ,ਸੁਖਮਨ ਸਿੰਘ ,ਰਜਮੀਤ ਕੌਰ ਨੇ ਆਪਣੀਆਂ ਕਲਾਤਮਿਕ ਵੰਨਗੀਆਂ ਨਾਲ ਖੂਬ ਰੌਣਕਾਂ ਲਾਈਆਂ।ਇਸ ਸਮਾਰੋਹ ਵਿਚ ਚੈਂਚਲ ਸਿੰਘ ਬੈਂਸ,ਕੋਚ ਅਵਤਾਰ ਸਿੰਘ ਤਾਰੀ,ਯਾਦਵਿੰਦਰ ਸਿੰਘ,ਸਰਬਜੀਤ ਕੌਰ,ਨਿਧੀ ਅਮਨ ਸਹੋਤਾ,ਰਜਨੀ ਦੇਵੀ,ਰਵਨੀਤ ਕੌਰ,ਹਰਮਨਪ੍ਰੀਤ ਕੌਰ ਸਮੇਤ ਇਲਾਕੇ ਦੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।ਸਭ ਦਾ ਧੰਨਵਾਦ ਕਰਦਿਆਂ ਹਰਵੀਰ ਮਾਨ ਨੇ ਕਿਹਾ ਕਿ ਸਾਨੂੰ ਮਿਆਰੀ ਪੁਸਤਕਾਂ ਨੂੰ ਆਪਣੀਆਂ ਸਾਥੀ ਬਨਾਉਣਾ ਚਾਹੀਦਾ ਹੈ। 
ਜਸਵੰਤ ਕੌਰ ਬੈਂਸ ਨੇ ਸਾਰੇ ਲੇਖਕਾਂ ਅਤੇ ਕਹਾਣੀਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸਪੈਸ਼ਲ ਧੰਨਵਾਦ ਬਲਜਿੰਦਰ ਮਾਨ ਜੀ ਦਾ ਕੀਤਾ ਜਿਨਾਂ ਨੇ ਕਿਤਾਬ ਨੂੰ ਪੜਿਆ, ਦੇਖਿਆ ਅਤੇ ਵਾਂਚਿਆ ਅਤੇ ਪਬਲਿਸ਼ਿੰਗ  ਕੀਤੀ। ਜਸਵੰਤ ਕੌਰ ਬੈਂਸ ਜੀ ਇਸ ਕਿਤਾਬ ਨੂੰ ਯੂ ਕੇ ਵਿੱਚ ਬੈਠਿਆਂ ਜੀ ਆਇਆਂ ਕਿਹਾ ਅਤੇ ਬੇਹੱਦ ਖੁਸ਼ੀ ਪ੍ਰਗਟ ਕੀਤੀ।

ਸਿਹਤ ਸਕੱਤਰ ਮੈਟ ਹੈਨਕੌਕ ਨੇ COVID-19 ਨਿਯਮਾਂ ਦੀ ਉਲੰਘਣਾ ਕਰਨ ਤੋਂ ਮੁਆਫੀ ਮੰਗਣ ਤੋਂ ਬਾਅਦ ਅਸਤੀਫਾ ਦੇ ਦਿੱਤਾ -Video

ਬਰਤਾਨੀਆ ਦੇ ਸਿਹਤ ਸਕੱਤਰ ਵੱਲੋਂ ਆਪਣੇ ਸਾਥੀ ਨੂੰ ਚੁੰਮਣ ਦੇ ਦੋਸ਼ ਲੱਗਣ ਤੋਂ ਬਾਅਦ ਦਿੱਤਾ ਅਸਤੀਫ਼ਾ  

ਮੈਟ ਹੈਨਕੌਕ ਦੇ ਆਪਣੇ ਦਫਤਰ ਵਿਚ ਕੰਮ ਕਰਦੀ ਮਹਿਲਾ ਸਾਥੀ ਨੂੰ ਚੁੰਮਣ ਦੇ ਦੋਸ਼ਾਂ ਦਾ ਮਚਿਆ ਬਵਾਲ  

Covid-19 ਦੀਆਂ ਉੱਡੀਆਂ ਧੱਜੀਆਂ ਤਹਿਤ ਅੱਜ ਅਸਤੀਫਾ ਦੇਣਾ ਪਿਆ 

ਲੰਡਨ, 27 ਜੂਨ  (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ ) 

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਭੇਜੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ, ਹੈਨਕੌਕ ਨੇ ਕਿਹਾ, "ਮੈਂ ਆਖਰੀ ਗੱਲ ਚਾਹੁੰਦਾ ਹਾਂ ਕਿ ਮੇਰੀ ਨਿਜੀ ਜ਼ਿੰਦਗੀ ਮੇਰੀ ਇਕਲੌਤੀ ਸੋਚ ਹੈ  ਮੈਂ ਲੋਕਾਂ ਦਾ ਧਿਆਨ ਭਟਕਾਉਂਦਾ ਹਾਂ  ਜੋ ਸਾਨੂੰ ਸੰਕਟ ਚੋਂ ਬਾਹਰ ਨਹੀਂ ਲਿਆ ਸਕਦਾ  ਇਸ ਲਈ ਮੈਂ ਅਸਤੀਫ਼ਾ ਦਿੰਦਾ ਹਾਂ ।

ਦਰਸ਼ਕ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ  

ਮੈਟ ਹੈਨਕੌਕ ਤੇ 'ਨਜ਼ਦੀਕੀ ਸਾਥੀ' ਨਾਲ ਪ੍ਰੇਮ ਸਬੰਧ ਹੋਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਸਮਾਜਕ ਦੂਰੀ ਦੇ ਨਿਯਮਾਂ ਨੂੰ ਤੋੜਨ ਦੇ ਦੋਸ਼ ਲੱਗ ਰਹੇ ਸਨ  
ਦ ਸਨ ਅਖਬਾਰ ਦੇ ਅਨੁਸਾਰ, ਸਿਹਤ ਸਕੱਤਰ ਮੈਟ ਹੈਨਕੌਕ ਦਾ ਉਸ ਦੇ ਸਹਿਯੋਗੀ ਜੀਨਾ ਕੋਲਡੈਂਡੇਲੋ ਨਾਲ ਪ੍ਰੇਮ ਸੰਬੰਧ ਰਿਹਾ ਹੈ. ਟੈਬਲਾਈਡ ਨੇ ਮਈ ਵਿਚ ਉਸ ਦੀ ਵ੍ਹਾਈਟਹਲ ਦਫ਼ਤਰ ਵਿਚ ਕਥਿਤ ਤੌਰ 'ਤੇ ਜੋੜੀ ਨੂੰ ਚੁੰਮਦੇ ਹੋਏ ਇਕ ਤਸਵੀਰ ਪ੍ਰਕਾਸ਼ਤ ਕੀਤੀ ਸੀ ਜਦੋਂ  covid -19  ਦੇ ਚੱਲਦੇ  ਕੰਮ ਦੇ ਸਥਾਨਾਂ ਲਈ ਸਮਾਜਕ ਦੂਰੀ ਨਿਯਮ ਲਾਗੂ ਸਨ । ਜੋ ਕਿ ਦੇਸ਼ ਦੇ ਕਾਨੂੰਨਾਂ ਮੁਤਾਬਕ ਗਲਤ ਸਨ 

ਉਸ ਸਮੇਂ ਮੈਟ ਹੈਨਕੌਕ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਇਹ ਮੰਨਿਆ ਗਿਆ ਹੈ ਕਿ ਉਸਨੇ “ਇਨ੍ਹਾਂ ਹਾਲਤਾਂ ਵਿੱਚ ਸਮਾਜਕ ਦੂਰੀਆਂ ਮਾਰਗ ਦਰਸ਼ਨਾਂ ਦੀ ਉਲੰਘਣਾ ਕੀਤੀ” ਪਰ ਵਿਰੋਧੀ ਧਿਰ ਵੱਲੋਂ ਅਸਤੀਫ਼ੇ ਦੇਣ ਦੀ ਮੰਗ ਦਾ ਸਰਕਾਰ ਵੱਲੋਂ  ਕੋਈ ਜਵਾਬ ਨਹੀਂ ਦਿੱਤਾ ਗਿਆ  ।

ਪਰ ਅੱਜ ਮੈਟ ਹੈਨਕੌਕ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਅਤੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਇਸ ਨੂੰ ਸਵੀਕਾਰ ਕਰ ਲਿਆ ਗਿਆ ਅਤੇ  ਅੱਜ ਤੋਂ  ਸਾਬਕਾ ਚਾਂਸਲਰ ਸਾਜਿਦ ਜਾਵਿਦ ਸਿਹਤ ਸਕੱਤਰ ਦੀ ਭੂਮਿਕਾ ਸੰਭਾਲਣਗੇ।

ਸਾਬਕਾ ਸਿਹਤ ਮੰਤਰੀ ਹੈਨਕੌਕ ਨੇ ਅਸਤੀਫ਼ਾ ਦੇਣ ਸਮੇਂ ਆਖਿਆ - 

ਮੈਂ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਦੇ ਸੈਕਟਰੀ ਦੇ ਪਦ ਤੋਂ ਆਪਣਾ ਅਸਤੀਫ਼ਾ ਪ੍ਰਾਈਮ ਮਨਿਸਟਰ ਨੂੰ ਸੌਂਪ ਦਿੱਤਾ ਹੈ  

ਬਰਤਾਨੀਆ ਦੇ ਹਰੇਕ ਵਾਸੀ ਨੇ ਕਰੁਨਾ ਮਹਾਂਮਾਰੀ ਦੌਰਾਨ ਬਹੁਤ ਕੁਝ ਸੈਕਰੀਫਾਈਸ ਕੀਤਾ ਹੈ 

ਕੋਰੋਨਾ ਮਹਾਂਮਾਰੀ ਦੌਰਾਨ ਇਹ ਕਾਨੂੰਨ ਬਣਾਉਣ ਵਾਲੇ  ਨੂੰਹ ਇਹ ਨਾ ਉੱਪਰ ਖੜ੍ਹਨਾ ਚਾਹੀਦਾ ਸੀ 

ਮੈਂ ਇਨ੍ਹਾਂ ਉੱਪਰ ਪੂਰਾ ਨਹੀਂ ਉਤਰ ਸਕਿਆ ਇਸ ਲਈ ਮੈਂ ਆਪਣਾ ਅਸਤੀਫ਼ਾ ਦਿੰਦਾ ਹਾਂ  

ਮੈਂ ਸਾਰੇ ਨੈਸ਼ਨਲ ਹੈਲਥ ਸਰਵਿਸਿਜ਼ ਵਰਕਰਜ਼  , ਵੈਕਸੀਨੇਸ਼ਨ  ਇਸ ਲਈ ਮਦਦ ਕਰਨ ਵਾਲੇ  ਲੋਕ ਅਤੇ ਇਸ ਮੁਲਕ ਦੇ ਸਾਰੇ ਵਾਸੀਆਂ ਦਾ ਧੰਨਵਾਦ ਕਰਦਾ ਹਾਂ 

ਜਿਨ੍ਹਾਂ ਨੇ ਇਸ ਮਹਾਂਮਾਰੀ ਦੌਰਾਨ ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ  ਆਪਣਾ ਵੱਡਾ ਯੋਗਦਾਨ ਪਾਇਆ  

ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਵੀ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਦੁਨੀਆਂ ਦਾ ਸਭ ਤੋਂ ਪਹਿਲਾ ਵੈਕਸੀਨ ਤਿਆਰ ਕਰਨ ਲਈ  ਵੱਡਾ ਰੋਲ ਨਿਭਾਇਆ   

ਮੈਂ ਆਪਣੇ ਤੌਰ ਤੇ ਪ੍ਰਾਈਮ ਮਨਿਸਟਰ ਅਤੇ ਸਰਕਾਰ ਦੀ ਹਰੇਕ ਮਦਦ ਕਰਾਂਗਾ ਜਦੋਂ ਤਕ ਮੈਂ ਆਪਣੇ ਮੁਲਕ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਨਹੀਂ ਕਰ ਲੈਂਦਾ  

ਮੈਂ ਆਪਣੇ ਦਿਲ ਤੋਂ ਬਰਤਾਨੀਆ ਨੂੰ ਦੁਬਾਰੇ ਆਪਣੇ ਪੈਰਾਂ ਉਪਰ ਖੜ੍ਹਾ ਹੋਣ ਵਿਧਾਇਕ ਸੰਭਵ ਮਦਦ ਕਰਾਂਗੇ  

Facebook Video Link ; https://fb.watch/6oklYSHRku/

ਬੌਰਿਸ ਜੌਹਨਸਨ ਵੱਲੋਂ ਬਰਤਾਨੀਆ ਨੂੰ ਵਿਗਿਆਨ ਦੇ ਖੇਤਰ ’ਚ ਮਹਾਸ਼ਕਤੀ ਬਣਾਉਣ ਦਾ ਲਕਸ਼  

ਲੰਡਨ, 22 ਜੂਨ  (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ ) ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ  ਆਪਣੀ ਸਰਕਾਰ ਦੀਆਂ ਅਹਿਮ ਯੋਜਨਾਵਾਂ ਦਾ ਐਲਾਨ ਕਰਦਿਆਂ ਦੇਸ਼ ਨੂੰ ਵਿਗਿਆਨ ਦੇ ਖੇਤਰ ’ਚ ਮਹਾਸ਼ਕਤੀ ਬਣਾਉਣ ਅਤੇ ਕਰੋਨਾ ਟੀਕਾਕਰਨ ਮੁਹਿੰਮ ਦੀ ਸਫਲਤਾ ਨੂੰ ਦੁਹਰਾਉਣ ਦਾ ਟੀਚਾ ਮਿਥਿਆ ਹੈ। ਪ੍ਰਧਾਨ ਮੰਤਰੀ ਜੌਹਨਸਨ ਦੀ ਅਗਵਾਈ ਵਾਲੀ ਨਵੀਂ ਕੌਮੀ ਵਿਗਿਆਨ ਅਤੇ ਤਕਨੀਕੀ ਪ੍ਰੀਸ਼ਦ ਇਸ ਨੂੰ ਵਿਗਿਆਨ  ਤੇ ਤਕਨੀਕ ਦੀ ਵਰਤੋਂ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਰਾਜਨੀਤਕ ਦਿਸ਼ਾ ਪ੍ਰਦਾਨ ਕਰੇਗੀ। ਸਰਕਾਰ ਦੇ ਮੁੱਖ ਵਿਗਆਨਕ ਸਲਾਹਕਾਰ ਸਰ ਪੈਟਰਿਕ ਵੈਲੇੈਂਸ ਇਸ ਦੇ ਮੁਖੀ ਹੋਣਗੇ। ਸ੍ਰੀ ਜੌਹਨਸਨ ਨੇ ਕਿਹਾ, ‘ਸਹੀ ਦਿਸ਼ਾ ਅਤੇ ਸਮਰਥਨ ਨਾਲ ਅਸੀਂ ਅਜਿਹੀਆਂ ਵਿਗਿਆਨਕ ਅਤੇ ਤਕਨੀਕੀ ਉਪਲੱਬਧੀਆਂ ਹਾਸਲ ਕਰ ਸਕਦੇ ਹਾਂ, ਜੋ ਬਰਤਾਨੀਆ ਅਤੇ ਵਿਸ਼ਵ ਦੇ ਲੋਕਾਂ ਦਾ ਜੀਵਨ ਬਦਲ ਸਕਦੀਆਂ ਹਨ। ਇਸ ਲਈ ਮੈਂ ਇੱਕ ਨਵਾਂ ਮੰਤਰੀ ਮੰਡਲ ਪ੍ਰੀਸ਼ਦ ਅਤੇ ਦਫ਼ਤਰ ਕਾਇਮ ਕਰ ਰਿਹਾ ਹਾਂ।’ ਇਸ ਸਬੰਧੀ ਅੱਜ ਉਨ੍ਹਾਂ ਟੈਲੀਗ੍ਰਾਫ ਪੇਪਰ ਵਿੱਚ ਇੱਕ ਆਰਟੀਕਲ ਵੀ ਲਿਖਿਆ ਹੈ  । 

ਬਰਤਾਨੀਆ 'ਚ ਇਕ ਹਫ਼ਤੇ 'ਚ ਡੈਲਟਾ ਵੇਰੀਐਂਟ ਦੇ 33 ਹਜ਼ਾਰ ਕੇਸ

 

ਰੂਸ 'ਚ ਇਨਫੈਕਟਿਡ ਕੇਸਾਂ ਦੀ ਗਿਣਤੀ 'ਚ ਭਾਰੀ ਉਛਾਲ

ਲੰਡਨ (ਏਜੰਸੀਆਂ) : ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ 'ਚ ਡੈਲਟਾ ਵੇਰੀਐਂਟ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੇਸ਼ 'ਚ ਸਿਰਫ਼ ਇਕ ਹਫ਼ਤੇ 'ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ 33,630 ਮਾਮਲੇ ਵਧ ਗਏ। ਇਸ ਨਾਲ ਡੈਲਟਾ ਦੇ ਕੁਲ ਮਾਮਲੇ 75, 953 ਹੋ ਗਏ ਹਨ। ਭਾਰਤ 'ਚ ਸਭ ਤੋਂ ਪਹਿਲਾਂ ਪਾਇਆ ਗਿਆ ਇਹ ਵੇਰੀਐਂਟ ਵਧੇਰੇ ਇਨਫੈਕਸ਼ਨ ਵਾਲਾ ਦੱਸਿਆ ਜਾਂਦਾ ਹੈ।ਬਿ੍ਟਿਸ਼ ਹੈਲਥ ਏਜੰਸੀ ਦੀ ਮੁੱਖ ਕਾਰਜਕਾਰੀ ਜੇਨੀ ਹੈਰਿਸ ਨੇ ਕਿਹਾ ਕਿ ਦੇਸ਼ ਭਰ 'ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ ਤੇ ਹੁਣ ਡੈਲਟਾ ਵੇਰੀਐਂਟ ਹਾਵੀ ਹੈ। ਇਸ ਦੌਰਾਨ ਦੇਸ਼ ਭਰ 'ਚ ਚਾਰ ਮਹੀਨੇ ਬਾਅਦ ਪਹਿਲੀ ਵਾਰ ਜਿੱਤੇ 24 ਘੰਟਿਆਂ 'ਚ 11,007 ਨਵੇਂ ਪਾਏ ਗਏ। ਇਸ ਨਾਲ ਕੁਲ ਕੇਸ 46 ਲੱਖ ਦੇ ਪਾਰ ਪਹੁੰਚ ਗਏ ਤੇ ਮਰਨ ਵਾਲਿਆਂ ਦੀ ਗਿਣਤੀ 1,27,945 ਹੋ ਗਈ। ਇਸ ਯੂਰਪੀ ਦੇਸ਼ 'ਚ ਲਾਕਡਾਊਨ ਦੀਆਂ ਸਾਰੀਆਂ ਪਾਬੰਦੀਆਂ 21 ਜੂਨ ਨੂੰ ਖ਼ਤਮ ਕਰਨ ਦੀ ਯੋਜਨਾ ਸੀ, ਪਰ ਵਧਦੇ ਮਾਮਲਿਆਂ ਕਾਰਨ ਇਹ ਪਾਬੰਦੀਆਂ ਚਾਰ ਹਫ਼ਤੇ ਲਈ ਵਧਾ ਦਿੱਤੀਆਂ ਗਈਆਂ ਹਨ।

ਰੂਸ 'ਚ ਰੋਜ਼ਾਨਾ ਮਾਮਲਿਆਂ 'ਚ ਉਛਾਲ

ਰੂਸ 'ਚ ਕੋਰੋਨਾ ਮਹਾਮਾਰੀ ਫਿਰ ਵਧਦੀ ਜਾ ਰਹੀ ਹੈ। ਕਰੀਬ ਸਾਢੇ ਚਾਰ ਮਹੀਨੇ ਬਾਅਦ ਸ਼ੁੱਕਰਵਾਰ ਨੂੰ 17 ਹਜ਼ਾਰ 262 ਨਵੇਂ ਮਾਮਲੇ ਪਾਏ ਗਏ। ਇਨ੍ਹਾਂ ਮਾਮਲਿਆਂ 'ਚ ਨੌਂ ਹਜ਼ਾਰ 56 ਇਕੱਲੇ ਮਾਸਕੋ 'ਚ ਪਾਏ ਗਏ। ਦੇਸ਼ ਭਰ 'ਚ ਇਕ ਦਿਨ ਪਹਿਲਾਂ 14 ਹਜ਼ਾਰ ਨਵੇਂ ਕੇਸ ਮਿਲੇ ਸਨ। ਇੱਥੇ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 52 ਲੱਖ 81 ਹਜ਼ਾਰ ਤੋਂ ਵੱਧ ਹੋ ਗਈ ਹੈ। ਇਕ ਲੱਖ 28 ਹਜ਼ਾਰ 445 ਮਰੀਜ਼ਾਂ ਦੀ ਜਾਨ ਗਈ ਹੈ।

ਕੋਰੋਨਾ ਦੀ ਉਤਪਤੀ ਜਾਂਚ ਦੀ ਮੰਗ ਦੇ ਮੱਦੇਨਜ਼ਰ  ਅਮਰੀਕਾ ਤੇ ਬਰਤਾਨੀਆ ਨੇ ਕੀਤਾ ਸਮਰਥਨ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ  ਬੋਰਿਸ ਜੌਹਨਸਨ ਨੇ ਕਿਹਾ - ਪਾਰਦਰਸ਼ੀ ਹੋ ਵੇ ਪ੍ਰਕਿਰਿਆ

ਲੰਡਨ,  ਬਰਤਾਨੀਆ ਤੇ ਅਮਰੀਕਾ ਨੇ ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਨਵੇਂ ਪਾਰਦਰਸ਼ੀ ਅਧਿਐਨ ਦੀ ਮੰਗ ਦਾ ਸਮਰਥਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਬਿ੍ਰਟਿਸ਼ ਪੀਐੱਮ ਬੋਰਿਸ ਜਾਨਸਨ ਨੇ ਇਕ ਸੰਯੁਕਤ ਬਿਆਨ ’ਚ ਕਿਹਾ, ‘ਅਸੀਂ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਚੀਨ ’ਚ ਚੱਲ ਰਹੇ ਡਬਲਯੂਐੱਚਓ ਦੇ ਅਧਿਐਨ ਦੇ ਅਗਲੇ ਪੜਾਅ ਦਾ ਸਮਰਥਨ ਕਰਾਂਗੇ ਤੇ ਸਮੇਂ ਸਿਰ, ਪਾਰਦਰਸ਼ੀ ਤੇ ਸਬੂਤ ਅਧਾਰਤ ਸੁਤੰਤਰ ਪ੍ਰਕਿਰਿਆ ਦੀ ਉਮੀਦ ਕਰਦੇ ਹਾਂ।’

ਦੋਵਾਂ ਆਗੂਆਂ ਦਾ ਇਹ ਬਿਆਨ ਅਜਿਹੇ ਸਮੇਂ ’ਤੇ ਕਾਫੀ ਅਹਿਮ ਹੈ, ਜਦੋਂ ਦੁਨੀਆ ਭਰ ’ਚ ਕੋਰੋਨਾ ਦੀ ਉਤਪਤੀ ਦੀ ਜਾਂਚ ਨੂੰ ਲੈ ਕੇ ਮੰਗ ਵਧੀ ਹੈ। ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ’ਚ ਕੋਰੋਨਾ ਇਨਫੈਕਸ਼ਨ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਸ ਨੇ ਦੁਨੀਆ ਭਰ ’ਚ ਆਪਣਾ ਪ੍ਰਕੋਪ ਫੈਲਾ ਦਿੱਤਾ। ਇੰਨਾ ਸਮਾਂ ਬੀਤਣ ਦੇ ਬਾਵਜੂਦ ਇਹ ਅਜੇ ਤਕ ਰਾਜ਼ ਹੈ ਕਿ ਇਸ ਜਾਨਲੇਵਾ ਵਾਇਰਸ ਦੀ ਉਤਪਤਾ ਕਿਵੇਂ ਤੇ ਕਿੱਥੇ ਹੋਈ ਹੈ। ਹੁਣ ਤਮਾਮ ਦੇਸ਼ਾਂ ਤੇ ਮਾਹਰਾਂ ਨੇ ਇਸ ਗੱਲ ਦਾ ਪਤਾ ਲਗਾਉਣ ਦੇ ਲਈ ਮੰਗ ਤੇਜ਼ ਕਰ ਦਿੱਤੀ ਹੈ ਕਿ ਇਹ ਵਾਇਰਸ ਸਵਾਭਾਵਿਕ ਰੂਪ ਨਾਲ ਉਤਪੰਨ ਹੋਇਆ ਹੈ ਜਾਂ ਇਸ ਦਾ ਜਨਮ ਚੀਨ ਦੀ ਵੁਹਾਨ ਲੈਬ ਤੋਂ ਹੋਇਆ ਹੈ।

ਗਿਆਨੀ ਸੁਖਜੀਵਨ ਸਿੰਘ ਨੇ ਕੀਤੀ ਬਹੁ-ਧਰਮੀ ਸੰਮੇਲਨ 'ਚ  ਸਿੱਖਾਂ ਦੀ ਨੁਮਾਇੰਦਗੀ

ਲੰਡਨ,  (ਰਾਜਵੀਰ ਸਮਰਾ )-ਟਰੂਡੋ ਕੈਥਡਰਲ ਕਾਰਨੀਵਾਲ ਵਿਖੇ ਯੂ.ਕੇ. ਵਿਚ ਜੀ-7 ਸੰਮੇਲਨ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆਵਾਂ ਦੇ ਹਿੱਸੇ ਵਜੋਂ ਸਰਬ ਧਰਮ ਸੰਮੇਲਨ ਕਰਵਾਇਆ ਗਿਆ | ਕੌਫੋਡ ਵਲੋਂ ਕਰਵਾਏ ਗਏ ਇਸ ਸਰਬ ਧਰਮ ਸੰਮੇਲਨ 'ਚ ਯੂ.ਕੇ. ਦੇ ਇਸਾਈ, ਸਿੱਖ, ਹਿੰਦੂ, ਮੁਸਲਿਮ ਅਤੇ ਹੋਰ ਧਰਮਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ 'ਚ ਸਿੱਖ ਫੈਡਰੇਸ਼ਨ ਯੂ.ਕੇ. ਨੂੰ ਵੀ ਸੱਦਾ ਦਿੱਤਾ ਗਿਆ ਸੀ, ਜਿਸ ਵਲੋਂ ਗਿਆਨੀ ਸੁਖਜੀਵਨ ਸਿੰਘ ਨੇ ਉਕਤ ਸੰਮੇਲਨ 'ਚ ਹਿੱਸਾ ਲੈਂਦਿਆਂ ਮੌਜੂਦਾ ਵਿਸ਼ਵ ਸਮੱਸਿਆਵਾਂ ਨੂੰ ਸਿੱਖ ਫ਼ਲਸਫ਼ੇ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਹੱਲ ਕਰਨ ਦੀ ਵਕਾਲਤ ਕੀਤੀ | ਉਨ੍ਹਾਂ ਇਸ ਮੌਕੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਅਤੇ ਵਾਤਾਵਰਣ ਪ੍ਰਤੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਸਿੱਖਿਆ ਲੈਣ ਲਈ ਕਿਹਾ |ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗ਼ਰੀਬ ਦੇਸ਼ਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਸਮੇਤ ਕਈ ਅਹਿਮ ਮੁੱਦਿਆਂ ਦੇ ਹੱਲ ਲਈ ਵਿਸ਼ਵ ਦੇ ਤਾਕਤਵਰ ਦੇਸ਼ਾਂ ਦੀਆਂ ਸਰਕਾਰਾਂ ਅੱਗੇ ਆ ਰਹੀਆਂ ਹਨ, ਇਨ੍ਹਾਂ ਯਤਨਾਂ ਪਿੱਛੇ ਕੋਈ ਸੁਆਰਥ ਜਾਂ ਉਨ੍ਹਾਂ ਦੇਸ਼ਾਂ ਤੋਂ ਕੋਈ ਲਾਭ ਲੈਣ ਦੀ ਮਨਸ਼ਾ ਨਹੀਂ ਹੋਣੀ ਚਾਹੀਦੀ |

ਪੁੱਠਾ ਗੇੜਾ ✍️. ਸਲੇਮਪੁਰੀ ਦੀ ਚੂੰਢੀ 

ਪੁੱਠਾ ਗੇੜਾ
- ਹਿੰਦੂਤਵ ਨੂੰ ਚਲਾਉਣ ਵਾਲੀ ਆਰ ਐਸ ਐਸ ਦੀ ਕਮਾਨ ਹੇਠ ਚੱਲ ਰਹੀ ਭਾਜਪਾ ਵਲੋਂ ਇਤਿਹਾਸ ਨੂੰ ਮਿਥਿਹਾਸ ਜਦਕਿ ਮਿਥਿਹਾਸ ਨੂੰ ਇਤਿਹਾਸ ਵਿਚ ਤਬਦੀਲ ਕਰਨ ਲਈ ਜੋਰਾਂ - ਸ਼ੋਰਾਂ 'ਤੇ ਸਾਜਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ, ਤਾਂ ਜੋ ਭਾਰਤ ਨੂੰ ' ਹਿੰਦੂ ਰਾਸ਼ਟਰ' ਬਣਾਇਆ ਜਾ ਸਕੇ। ਫਿਲਮਾਂ ਵਿਚ ਕੰਮ ਕਰਨ ਵਾਲੀ ਕੰਗਣਾ ਰਣੌਤ ਜੋ ਪਿਛਲੇ ਦਿਨੀਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਆਈ ਸੀ, ਨੇ ਸਿੱਖ ਗੁਰੂਆਂ ਨੂੰ 'ਹਿੰਦੂ' ਦਰਸਾ ਕੇ ਆਪਣੀ ਆਦਤ ਮੁਤਾਬਿਕ ਨਵਾਂ ਬਿਖੇੜਾ ਪੈਦਾ ਕਰ ਦਿੱਤਾ ਹੈ, ਜਦਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਿਚ ਸ਼ਾਮਿਲ ਮਨੁੱਖੀ ਸਾਧਨ ਵਿਕਾਸ ਮਾਮਲਿਆਂ ਦੇ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਕਿਹਾ ਕਿ 'ਵਿਗਿਆਨੀ ਚਾਰਲਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਵਿਗਿਆਨਿਕ ਤੌਰ 'ਤੇ ਗਲਤ ਸੀ ਅਤੇ ਇਸ ਨੂੰ ਸਕੂਲ ਦੇ ਪਾਠ-ਕ੍ਰਮ ਵਿਚੋਂ ਕੱਢਣ ਦੀ ਲੋੜ ਹੈ।'ਉਨ੍ਹਾਂ ਅੱਗੇ ਕਿਹਾ ਕਿ 'ਸਾਡੇ ਪੂਰਵਜਾਂ ਨੇ ਕਿਤੇ ਨਹੀਂ ਕਿਹਾ ਕਿ ਉਨ੍ਹਾਂ ਨੇ ਬਾਂਦਰਾਂ ਤੋਂ ਮਨੁੱਖ ਬਣਦੇ ਵੇਖੇ ਹਨ।'
ਇਥੇ ਵਰਨਣਯੋਗ ਹੈ ਕਿ ਡਾਰਵਿਨ ਦਾ ਜੀਵ ਦੀ ਉਤਪਤੀ ਦਾ ਸਿਧਾਂਤ ਦੱਸਦਾ ਹੈ ਕਿ 'ਸਮੁੱਚੇ ਜੀਵਾਂ ਦੀਆਂ ਪ੍ਰਜਾਤੀਆਂ ਨੇ ਕੁਦਰਤੀ ਪ੍ਰਕਿਰਿਆ ਰਾਹੀਂ ਜੱਦੋਜਹਿਦ ਕਰਦਿਆਂ ਆਪਣੇ ਵੰਸ਼ ਨੂੰ ਅੱਗੇ ਵਧਾਇਆ ਹੈ।'
ਸੱਚ ਤਾਂ ਇਹ ਹੈ ਕਿ ਭਾਰਤ ਦੇ ਪੱਛੜੇਪਨ ਦਾ ਕਾਰਨ ਵੀ ਇਹ ਹੀ ਹੈ ਕਿ ਅਸੀਂ ਵਿਗਿਆਨ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ, ਅਸੀਂ ਇਤਿਹਾਸ ਵਿਚ ਨਹੀਂ ਬਲਕਿ ਮਿਥਿਹਾਸ ਵਿਚ ਵਿਸ਼ਵਾਸ ਨਹੀਂ ਅੰਧਵਿਸ਼ਵਾਸ ਰੱਖਦੇ ਹਾਂ। ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ 'ਧਰਮ ਨੇ ਸੱਭ ਕੁਝ ਜਾਣ ਲਿਆ ਹੈ, ਸਾਡੇ ਵੇਦ ਅਤੇ ਗ੍ਰੰਥ ਸੰਪੂਰਨ ਅਤੇ ਸਦੀਵੀ ਹਨ, ਇਨ੍ਹਾਂ ਵਿਚ ਜੋ ਲਿਖਿਆ ਗਿਆ ਹੈ, ਉਹ ਅਟੱਲ ਸੱਚ ਹੈ।' ਇਹ ਹੀ ਕਾਰਨ ਹੈ ਕਿ ਸਾਡੇ ਦੇਸ਼ ਵਿਚ ਵੇਦ - ਗ੍ਰੰਥਾਂ ਨੂੰ ਸੰਪੂਰਨ ਸੱਚ ਮੰਨ ਲਿਆ ਗਿਆ ਹੈ, ਇਸੇ ਭਰਮ ਕਰਕੇ ਇਥੋਂ ਦੇ ਲੋਕਾਂ ਵਿਚ ਖੋਜਾਂ ਕਰਨ ਲਈ 'ਖੋਜੀ ਬਿਰਤੀ' ਨਹੀਂ ਰਹੀ। ਅਸੀਂ ਡਾਕਟਰ, ਇੰਜੀਨੀਅਰ ਅਤੇ ਵਿਗਿਆਨੀ ਬਣਕੇ ਵੀ ਪੰਜਵੀਂ ਫੇਲ੍ਹ ਸਾਧ /ਬਾਬੇ ਕੋਲ ਜਾ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਜਾਂਦੇ ਹਾਂ। ਧਾਰਮਿਕ ਸਥਾਨਾਂ 'ਤੇ 10 ਰੁਪਏ ਦਾ ਮੱਥਾ ਟੇਕ ਕੇ ਅਮੀਰ ਅਤੇ ਯੱਗ ਕਰਕੇ ਮੀਂਹ ਪਵਾਉਣ ਬਾਰੇ ਸੋਚਦੇ ਹਾਂ। ਪੈਦਾ ਹੋ ਰਹੀਆਂ ਨਵੀਆਂ ਸਮੱਸਿਆਵਾਂ ਅਤੇ ਪ੍ਰਸ਼ਨਾਂ ਦੇ ਹੱਲ ਲਈ ਅਸੀਂ ਖੋਜ ਕਰਨ ਦੀ ਬਜਾਏ ਬਾਬਿਆਂ ਕੋਲ ਜਾਂਦੇ ਹਾਂ, ਪੁਰਾਤਨ ਗ੍ਰੰਥਾਂ ਨੂੰ ਫਰੋਲਦੇ ਹਾਂ। ਸਾਡੇ ਗ੍ਰੰਥ ਤਾਂ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ , ਸ਼ੂਦਰਾਂ ਦੇ ਕੰਨਾਂ ਵਿਚ ਸਿੱਕੇ ਢਾਲ ਕੇ ਪਾਉਣ, ਸਤੀ ਪ੍ਰਥਾ ਨੂੰ ਚਲਾਉਣ ਅਤੇ ਜਾਤ-ਪਾਤ ਵਿਵਸਥਾ ਨੂੰ ਕਾਇਮ ਰੱਖਣ ਲਈ ਕਹਿੰਦੇ ਹਨ।
ਇਸ ਵੇਲੇ ਆਰ ਐਸ ਐਸ ਦੇਸ਼ ਵਿਚ ਸਿੱਖਾਂ, ਮੁਸਲਮਾਨਾਂ, ਬੋਧੀਆਂ, ਇਸਾਈਆਂ ਸਮੇਤ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਚਾਲਾਂ ਚੱਲਦੀ ਹੋਈ ਵਿੱਦਿਅਕ ਅਦਾਰਿਆਂ ਦੇ ਪਾਠ-ਕ੍ਰਮ ਵਿਚ ਵਿਗਿਆਨ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ 'ਹਿੰਦੂ ਗ੍ਰੰਥਾਂ' ਨੂੰ ਲਾਗੂ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ, ਜੋ ਭਾਰਤ ਦੇ ਹਿੱਤ ਵਿੱਚ ਨਹੀਂ ਹੋਵੇਗਾ। ਸੰਸਾਰ ਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਸਾਡੇ ਅੰਦਰ ਨਵੀਆਂ ਖੋਜਾਂ ਕਰਨ ਦੀ ਜਿਗਿਆਸਾ ਖੁੰਢੀ ਹੋ ਚੁੱਕੀ ਹੈ। ਅਸੀਂ ਕੈਂਸਰ ਅਤੇ ਕੋਰੋਨਾ ਵਰਗੀਆਂ ਬੀਮਾਰੀਆਂ ਦਾ ਇਲਾਜ ਵੀ ਸਾਧਾਂ ਕੋਲ ਜਾ ਕੇ ਰਾਖ ਮੱਥੇ 'ਤੇ ਲਾ ਕੇ ਅਤੇ ਗੋਹਾ ਪਿੰਡੇ ਨੂੰ ਮਲਕੇ ਕਰਨਾ ਸੋਚਦੇ ਹਾਂ!
ਦੇਸ਼ ਦੇ ਹਿੰਦੂਤਵ ਨੂੰ ਵਿਗਿਆਨਕ ਸੋਚ ਅਧਾਰਿਤ ' ਸ੍ਰੀ ਗੁਰੂ ਗ੍ਰੰਥ ਸਾਹਿਬ ' ਦੀ ਵਿਚਾਰਧਾਰਾ ਮਾਫਕ ਨਹੀਂ ਹੈ ਅਤੇ ਨਾ ਹੀ 'ਬੋਧ-ਗ੍ਰੰਥ  ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਕਿਉਂਕਿ ਇਹ 'ਮਾਨਵਤਾ' ਦੀ ਗੱਲ ਕਰਦੇ ਹਨ ਅਤੇ ਦੋਵੇਂ ਗ੍ਰੰਥ ਵਿਗਿਆਨਿਕ ਵਿਚਾਰਧਾਰਾ ਅਧਾਰਿਤ ਹਨ। ਹਿੰਦੂਤਵ' ਦੇਸ਼ ਵਿਚ ਮੁੜ ਤੋਂ 'ਮਨੂਸਿਮ੍ਰਤੀ' ਨੂੰ ਲਾਗੂ ਕਰਨਾ ਚਾਹੁੰਦਾ ਹੈ ਜੋ, ਅਮਾਨਵਤਾ' ਦੇ ਅਧਾਰਿਤ ਹੈ। 
-ਸੁਖਦੇਵ ਸਲੇਮਪੁਰੀ
09780620233
7 ਜੂਨ, 2021.

ਪਹਿਲੇ ਇਸ਼ਨਾਨ ਦੀ ਸੇਵਾ ਵਾਲੇ ਸਰਦਾਰ ਦਲੀਪ ਸਿੰਘ ਸ਼ਹੀਦ-Video

ਜੂਨ 1984 ਦੀਆਂ ਪੀੜਾਂ ਥਾਂ ਥਾਂ ਲੱਭਦੇ ਰਹੇ ਆਪਣੇ ਪਿਤਾ ਦੀ ਲਾਸ਼ 

ਪਹਿਲੇ ਇਸ਼ਨਾਨ ਦੀ ਸੇਵਾ ਵਾਲੇ ਸਰਦਾਰ ਦਲੀਪ ਸਿੰਘ ਸ਼ਹੀਦ ਦੇ ਪਰਿਵਾਰ ਨਾਲ ਵਿਸ਼ੇਸ਼ ਗੱਲਬਾਤ

ਪੱਤਰਕਾਰ ਹਰਜੀਤ ਸਿੰਘ ਗਰੇਵਾਲ

Facebook Link ; https://fb.watch/5YEcdZm6R9/

ਵਾਤਾਵਰਨ ਦੀ ਸੰਭਾਲ ਲਈ ਹਰਿਆਲੀ ਵਧਾਉਣ ਦਾ ਹੋਕਾ ✍️. ਅਮਨਜੀਤ ਸਿੰਘ ਖਹਿਰਾ 

ਵਿਸ਼ਵ ਵਾਤਾਵਰਨ ਦਿਵਸ ਵਾਤਾਵਰਨ ਦੀ ਸੁਰੱਖਿਆ ਲਈ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਲਈ 1972 'ਚ ਸੰਯੁਕਤ ਰਾਸ਼ਟਰ ਵਲੋਂ ਮਹਾਸਭਾ ਦਾ ਆਯੋਜਨ ਕੀਤਾ ਗਿਆ। ਸੀ। ਚਰਚਾ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਦਾ ਸੁਝਾਅ ਦਿੱਤਾ ਗਿਆ ਅਤੇ ਇਸ ਦੇ 2 ਸਾਲ ਬਾਅਦ 5 ਜੂਨ 1974 ਨੂੰ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਦਿਵਸ ਨੂੰ ਮਨਾਉਣ ਲਈ ਹਰ ਸਾਲ 143 ਦੇਸ਼ ਹਿੱਸਾ ਲੈਂਦੇ ਹਨ ਅਤੇ ਇਸ ਵਿਚ ਸਰਕਾਰੀ, ਸਮਾਜਿਕ ਅਤੇ ਵਪਾਰਕ ਲੋਕ ਵਾਤਾਵਰਣ ਦੀ ਸੁਰੱਖਿਆ, ਸਮੱਸਿਆ ਆਦਿ ਵਿਸ਼ੇ 'ਤੇ ਗੱਲ ਕਰਦੇ ਹਨ। ਭਾਰਤ ਵਿਚ ਵਾਤਾਵਰਨ ਸੁਰੱਖਿਆ ਐਕਟ 19 ਨਵੰਬਰ 1986 'ਚ ਲਾਗੂ ਕੀਤਾ ਗਿਆ।ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਵਾਤਾਵਰਨ ਨੂੰ ਬਚਾਉਣ ਲਈ ਅਸੀਂ ਕਿੰਨਾ ਕੁ ਸਹਿਯੋਗ ਕਰ ਰਹੇ, ਇਸ ਦਾ ਜਵਾਬ ਸ਼ਾਇਦ ਇਹ ਹੀ ਹੋਵੇਗਾ ਨਾ ਦੇ ਬਰਾਬਰ ਤੁਸੀਂ ਇਸ ਨੂੰ ਕੰਪੇਅਰ ਕਰਨ ਲਈ ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਤੇ ਕੱਲ੍ਹ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਦੇਖ ਲੈਣਾ ਜਿਨ੍ਹਾਂ ਵਾਤਾਵਰਨ ਦੀ ਸਾਂਭ ਸੰਭਾਲ ਅੱਜ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਹੋ ਰਹੀ ਹੈ ਜੇਕਰ ਏਨੀ ਵਾਤਾਵਰਨ ਦੀ ਸੰਭਾਲ ਆਪਣੀ ਜ਼ਿੰਮੇਵਾਰੀ ਨਾਲ ਅਸੀਂ  ਸਾਰਾ ਸਾਲ ਕਰਦੇ ਅਤੇ ਆਪਣੇ ਆਲੇ ਦੁਆਲੇ ਨੂੰ ਜ਼ਿੰਮੇਵਾਰੀ ਨਾਲ ਦੇਖਦੇ ਸ਼ਾਇਦ ਅੱਜ ਸਾਨੂੰ ਵਧਦੇ ਪ੍ਰਦੂਸ਼ਨ ਕਾਰਨ ਮਨੁੱਖ ਦੀ ਹੋਂਦ ਨੂੰ ਖਤਰਾ ਨਾ ਹੁੰਦਾ । ਇਸ ਲਈ ਸਾਡੇ ਕੋਲ ਅਜੇ ਵੀ ਮੌਕਾ ਹੈ ਕਿ ਸੰਭਲ ਜਾਈਏ। ਜੇਕਰ ਮਨੁੱਖ ਨੂੰ ਖੁਦ ਨੂੰ ਬਚਾਉਣਾ ਹੈ ਤਾਂ ਘੱਟੋ-ਘੱਟ ਇਕ ਦਰੱਖਤ ਜ਼ਰੂਰ ਲਾਵੇ + ਪਾਲੇ । ਹਵਾ ਪ੍ਰਦੂਸ਼ਨਕਾਰਨ ਮਨੁੱਖ ਦਾ ਸਾਹ ਲੈਣਾ ਅੌਖਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਅਤੇ ਜਲਵਾਯੂ ਸੰਕਟ ਵਿਚਾਲੇ ਤਾਲਮੇਲ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਵਾਤਾਵਰਣ ਪ੍ਰਦੂਸ਼ਨ ਕਾਰਨ ਹਰੇਕ ਸਾਲ ਲਗਭਗ 70 ਲੱਖ ਲੋਕਾਂ ਦੀ ਜਾਨ ਜਾਂਦੀ ਹੈ ਜੋ ਕਿਸੇ ਵੀ ਵਾਇਰਸ ਨਾਲੋਂ ਵੱਧ ਹਨ ਅਤੇ ਇਸ ਨਾਲ ਬੱਚਿਆਂ ਦੇ ਵਿਕਾਸ ਨੂੰ ਵੀ ਨੁਕਸਾਨ ਪਹੁੰਚਦਾ ਹੈ। ਮਨੁੱਖੀ ਗਤੀਵਿਧੀਆਂ ਕਾਰਨ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਇਆ ਹੈ, ਜਿਸ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਧਰਤੀ ਦਾ ਵੱਧਦਾ ਤਾਪਮਾਨ ਅਤੇ ਹਵਾ ਪ੍ਰਦੂਸ਼ਣ ਗਲੋਬਲ ਵਾਰਮਿੰਗ ਦਾ ਕਾਰਨ ਬਣਦੇ ਹਨ, ਜੋ ਕਿ ਇਕ ਵੱਡਾ ਖਤਰਾ ਹੈ। ਵਿਸ਼ਵ ਵਾਤਾਵਰਨ ਦਿਵਸ ਮੋਕੇ ਗ੍ਰੀਨ ਪੰਜਾਬ ਮਿਸ਼ਨ ਟੀਮ  ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈਆਂ ਦਿਤੀਆਂ ਤੇ ਵਾਤਾਵਰਨ ਨੂੰ ਬਚਾਉਣ ਲਈ ਕੀ ਕਦਮ ਚੁੱਕਣੇ ਚਾਹੀਦੇ ਹਨ ਉਨ੍ਹਾਂ ਬਾਰੇ ਘਰ ਘਰ ਹੋਕਾ ਦੇ ਕੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ । ਜਗਰਾਉਂ ਅੰਦਰ ਬਹੁਤ ਸਾਰੇ ਦਰੱਖਤਾਂ ਲਾਉਣ ਅਤੇ ਪਾਲਣ ਦੇ ਕੰਮ ਚੱਲ ਰਹੇ ਹਨ  । ਇਨ੍ਹਾਂ ਕੰਮਾਂ ਨੂੰ ਪੰਜਾਬ ਅਤੇ  ਦੁਨੀਆਂ ਅੰਦਰ ਫੈਲਾਉਣ ਲਈ ਆਓ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਲੱਗ ਕੇ ਆਪਣਾ ਬਣਦਾ ਯੋਗਦਾਨ ਪਾਓ। ਜਿੱਥੇ ਵੀ ਅਸੀਂ ਬੈਠੇ ਹਾਂ ਸਾਡਾ ਫ਼ਰਜ਼ ਵਾਤਾਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਵਾਤਾਵਰਨ ਸੁਰੱਖਿਆ ਦੇ ਉਪਾਵਾਂ ਨੂੰ ਲਾਗੂ ਕਰਨ ਲਈ ਹਰ ਉਮਰ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਮੈਂ ਅੱਜ ਦੁਨੀਆਂ ਵਿੱਚ ਵੱਸਣ ਵਾਲੇ ਵਾਤਾਵਰਨ ਪ੍ਰੇਮੀ  ਲੋਕਾਂ ਨੂੰ ਵਿਸ਼ਵ ਵਾਤਾਵਰਨ ਦਿਵਸ ਮੋਕੇ ਵਿਸ਼ਵ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਵਧਾਈ ਦਿੰਦਾ ਹਾਂ ਅਤੇ ਸਾਰੇ ਲੋਕ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਦਿਵਾਉਂਦਾ ਹੋਇਆ ਇਹ ਕਹਿਣਾ ਚਾਹੁੰਦਾ ਹਾਂ  ਕੇ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਬਣਾਉਣਾ ਅਤੇ ਦਰੱਖਤਾਂ ਨੂੰ  ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰ ਵਾਂਗੂੰ ਸਾਂਭਣ ਦੀ ਜ਼ਰੂਰਤ ਹੈ  । ਉਸ ਦੇ ਲਈ ਥੋੜੇ ਜਿਹੀ ਮਿਹਨਤ ਅਤੇ ਆਪਸੀ ਤਾਲਮੇਲ ਤੇ ਵਾਤਾਵਰਨ ਸੰਭਾਲ ਸੰਬੰਧੀ ਪਿਆਰ ਹੋਣਾ ਬਹੁਤ ਜਰੂਰੀ ਹੈ।ਗੁਰਬਾਣੀ ਦੇ ਅਨੁਸਾਰ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਫਲਸਫੇ ਤੇ ਚੱਲਣ ਦੀ ਜਰੂਰਤ ਹੈ।ਆਮ ਜਨਤਾ ਵੀ ਵਾਤਾਵਰਣ ਨੂੰ ਸਾਫ ਰੱਖਣ 'ਚ ਆਪਣਾ ਯੋਗਦਾਨ ਦੇ ਸਕਦੀ ਹੈ। ਵਾਤਾਵਰਨ ਪੇ੍ਮੀ ਸਤਪਾਲ ਸਿੰਘ ਦੇਹਡ਼ਕਾ, ਮਾਸਟਰ ਹਰਨਰਾਇਣ ਸਿੰਘ ਮੱਲੇਆਣਾ ਵੱਲੋਂ ਖਾਸ ਸੁਨੇਹਾ ਜਿਥੇ ਉਨ੍ਹਾਂ ਸੰਸਾਰ ਦੇ ਲੋਕਾਂ ਨੂੰ ਵਾਤਾਵਰਨ ਦਿਵਸ ਦੀਆਂ ਵਧਾਈਆਂ ਦਿਤੀਆਂ ਓਥੇ ਹੀ ਉਹਨਾ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਦੇ ਲਈ ਆਪਣੇ ਘਰਾਂ , ਖੇਤਾਂ ਚ ਥਾਂ ਦੇ ਅਨੁਸਾਰ ਬੂਟੇ ਲਗਾਉਣੇ ਚਾਹੀਦੇ ਹਨ। ਉਨਾਂ੍ਹ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਘਰਾਂ ਦੀ ਛੱਤ ਤੇ ਮਿਨੀ ਗਾਰਡਨ ਜ਼ਰੂਰ ਬਣਾਉਣਾ ਚਾਹੀਦਾ ਹੈ ਤੇ ਗਮਲਿਆਂ ਚ ਫੁੱਲਾਂ ਤੇ ਫਲਾਂ ਵਾਲੇ ਬੂਟੇ ਲਗਾਉਣੇ ਚਾਹੀਦੇ ਹਨ। ਉਨਾਂ੍ਹ ਦੱਸਿਆ ਕਿ ਬਹੁਤ ਸਾਰੇ ਬੂਟੇ ਅਜਿਹੇ ਹਨ ਜਿਨਾਂ ਨੂੰ ਘਰਾਂ ਚ ਲਗਾਉਣ ਨਾਲ ਘਰਾਂ ਦਾ ਵਾਤਾਵਰਨ ਸ਼ੁੱਧ ਹੁੰਦਾ ਹੈ । ਆਖਰ ਵਿੱਚ ਆਓ ਸਾਰੇ ਮਿਲਕੇ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਹਿੱਸਾ ਪਾਉਂਦੇ  ਅੱਜ ਵਾਤਾਵਰਣ ਦਿਵਸ ਉੱਪਰ ਪ੍ਰਣ ਕਰੀਏ ਕਿ ਅਸੀਂ ਹਰ ਮਨੁੱਖ ਇਕ ਬੂਟਾ ਲਾ ਕੇ ਉਸ ਨੂੰ ਪਾਲਣ ਦਾ ਜ਼ਿੰਮਾ ਚੁੱਕਦੇ ਹਾਂ । 

 

ਬਰਤਾਨੀਆ 'ਚ ਤੇਜ਼ੀ ਨਾਲ ਫੈਲ ਰਿਹੈ ਡੈਲਟਾ ਵੈਰੀਐਂਟ ਦਾ ਕਹਿਰ

ਹਫ਼ਤੇ ਅੰਦਰ ਸਾਢੇ ਪੰਜ ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

ਲੰਡਨ (ਗਿਆਨੀ ਅਮਰੀਕ ਸਿੰਘ ਰਠੌਰ /ਗਿਆਨੀ ਰਵਿੰਦਰਪਾਲ ਸਿੰਘ  )  ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਉੱਭਰ ਰਹੇ ਬਰਤਾਨੀਆ 'ਚ ਹੁਣ ਡੈਲਟਾ ਵੈਰੀਐਂਟ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਿਰਫ਼ ਹਫ਼ਤੇ ਦੇ ਅੰਦਰ ਕਰੀਬ ਸਾਢੇ ਪੰਜ ਹਜ਼ਾਰ ਨਵੇਂ ਮਾਮਲੇ ਵਧ ਗਏ। ਇਸ ਤੋਂ ਨਾਲ ਬਰਤਾਨੀਆ 'ਚ ਮਹਾਮਾਰੀ ਫਿਰ ਵਧਣ ਬਾਰੇ ਚਿੰਤਾ ਵਧ ਗਈ ਹੈ। ਸਭ ਤੋਂ ਪਹਿਲਾਂ ਭਾਰਤ 'ਚ ਮਿਲੇ ਇਸ ਵੈਰੀਐਂਟ ਨੂੰ ਬਹੁਤ ਹਮਲਾਵਰ ਦੱਸਿਆ ਜਾ ਰਿਹਾ ਹੈ।

ਪਬਲਿਕ ਹੈਲਥ ਇੰਗਲੈਂਡ ਮੁਤਾਬਕ ਇਕ ਹਫ਼ਤੇ 'ਚ ਡੈਲਟਾ ਵੈਰੀਐਂਟ ਦੇ 5,472 ਨਵੇਂ ਕੇਸ ਮਿਲੇ ਹਨ। ਇਸ ਨਾਲ ਇਸ ਵੈਰੀਐਂਟ ਦੇ ਕੁਲ ਮਾਮਲੇ 12 ਹਜ਼ਾਰ 431 ਹੋ ਗਏ ਹਨ। ਇਹ ਬਰਤਾਨੀਆ 'ਚ ਪਾਏ ਗਏ ਅਲਫਾ ਵੈਰੀਐਂਟ ਤੋਂ ਵੱਧ ਇਨਫੈਕਟਿਡ ਹੈ। ਜਦਕਿ ਬਰਾਤਨੀਆ ਹੈਲਥ ਸਕਿਓਰਿਟੀ ਏਜੰਸੀ ਦੀ ਮੁਖੀ ਡਾ. ਜੈਨੀ ਹੈਰਿਸ ਨੇ ਕਿਹਾ ਹੈ ਕਿ ਇਹ ਵੈਰੀਐਂਟ ਦੇਸ਼ ਭਰ 'ਚ ਹਾਵੀ ਹੋ ਰਿਹਾ ਹੈ। ਸਾਨੂੰ ਰੋਕਥਾਮ ਦੇ ਉਪਾਵਾਂ ਦਾ ਹਰ ਸੰਭਵ ਪਾਲਣ ਕਰਨਾ ਚਾਹੀਦਾ ਹੈ। ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਸ ਹਫ਼ਤੇ ਡੈਲਟਾ ਵੈਰੀਐਂਟ ਦੀ ਚਪੇਟ 'ਚ ਆਉਣ ਵਾਲੇ 278 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਨ ਦੀ ਜ਼ਰੂਰਤ ਪਈ। ਜਦਕਿ ਪਿਛਲੇ ਹਫ਼ਤੇ 201 ਲੋਕਾਂ ਨੂੰ ਹਸਪਤਾਲ ਜਾਣਾ ਪਿਆ ਸੀ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ 'ਚ ਹੁਣ ਤਕ ਕੁਲ 45 ਲੱਖ 15 ਹਜ਼ਾਰ ਤੋਂ ਵੱਧ ਇਨਫੈਕਟਿਡ ਪਾਏ ਗਏ ਤੇ ਇਕ ਲੱਖ 28 ਹਜਾਰ ਤੋਂ ਵੱਧ ਦੀ ਮੌਤ ਹੋਈ ਹੈ।

ਸ਼ੇਰ ਗਰੁੱਪ ਦੇ ਮੁੱਖ ਸੇਵਾਦਾਰ ਮੰਗਲ ਸਿੰਘ ਦਾ ਦੇਹਾਂਤ, ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਲੰਡਨ , 3 ਜੂਨ (ਰਾਜਵੀਰ ਸਮਰਾ)-ਗੁਰੂ ਤੇਗ ਬਹਾਦਰ ਗੁਰੂ ਘਰ ਲੈਸਟਰ ਵਿੱਚ ਸ਼ੇਰ ਗਰੁੱਪ ਦੇ ਬੈਨਰ ਹੇਠ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾਉਣ ਵਾਲੇ ਮੰਗਲ ਸਿੰਘ ਦਾ ਕੁਰੀਬ ਇਕ ਹਫ਼ਤਾ ਸਰੀਰਕ ਬੀਮਾਰੀ ਨਾਲ ਜੰਗ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ। ਉਹਨਾਂ ਦੇ ਸਦੀਵੀ ਵਿਛੋੜੇ ਨਾਲ ਲੈਸਟਰ ਦੇ ਪੰਜਾਬੀ ਭਾਈਚਾਰੇ ਨੂੰ ਹੀ ਨਹੀ ਬਲਕਿ ਦੇਸ਼ ਵਿਦੇਸ਼ ਵਸਦੇ ਸਮੁੱਚੇ ਭਾਈਚਾਰੇ ਨੂੰ ਹੀ ਬਹੁਤ ਅਸਹਿ ਸਦਮਾ ਪਹੁੰਚਾ ਹੈ, ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਿੱਖ ਭਾਈਚਾਰੇ ਚ ਉਹਨਾ ਦਾ ਬੜਾ ਆਦਰ ਸਤਿਕਾਰ ਸੀ, ਜਿਸ ਕਰਕੇ ਉਹਨਾਂ ਦੀ ਘਾਟ ਹਮੇਸ਼ਾ ਵਾਸਤੇ ਖਟਕਦੀ ਰਹੇਗੀ । ਜਿਕਰਯੋਗ ਹੈ ਕਿ ਮੰਗਲ ਸਿੰਘ, ਉਹ ਸ਼ੇਰ ਦਿਲ ਇਨਸਾਨ ਸਨ , ਜੋ ਇਰਾਦੇ ਦੇ ਪੱਕੇ ਤੇ ਕਥਨੀ ਕਰਨੀ ਦਾ ਪੂਰੇ ਸਨ। ਭਲੇ ਕਾਰਜਾਂ ਵਾਸਤੇ ਹਮੇਸ਼ਾ ਤਤਪਰ ਰਹਿਣ ਵਾਲੇ, ਇਨਸਾਨ ਸਨ। ਮੰਗਲ ਸਿੰਘ ਦੀ ਮੌਤ ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ,ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ, ਸੰਪਾਦਕ ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀ ਨਿਊਜ਼,     ਸੋਹਣ ਸਿੰਘ ਸਮਰਾ, ਗਿਆਨੀ ਅਮਰੀਕ ਸਿੰਘ ਰਾਠੌਰ  ਮਾਨਚੈਸਟਰ,  ਹਰਮੀਤ ਸਿੰਘ ਗਿੱਲ, ਡਾ ਪਰਵਿੰਦਰ ਸਿੰਘ ਗਰਚਾ, ਡਾ ਦਵਿੰਦਰ ਸਿੰਘ ਕੂਨਰ,ਪ੍ਰੋ ਸ਼ਿੰਗਾਰਾ ਸਿੰਘ ਭੁੱਲਰ,ਸਰੂਪ ਸਿੰਘ ਚਿਤਰਕਾਰ ਨੇ ਗਹਿਰੇ ਦੁੱਖ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੰਗਲ ਸਿੰਘ ਦੇ ਪਰਿਵਾਰ ਵਾਸਤੇ ਇਹ ਇਕ ਬਹੁਤ ਔਖੀ ਘੜੀ ਹੈ, ਸਦਮਾ ਬਹੁਤ ਵੱਡਾ ਹੈ।

ਬੱਲੇ ਕੁਰਸੀ ✍️.  ਸਲੇਮਪੁਰੀ ਦੀ ਚੂੰਢੀ

       ਬੱਲੇ ਕੁਰਸੀ
ਸੁੱਤਿਆਂ ਨੂੰ ਜਗਾਉਣ ਨਿਕਲੇ ਸਾਂ!
ਰਾਜਨੀਤੀ ਬਦਲਾਉਣ ਨਿਕਲੇ ਸਾਂ!
ਜਿਥੋਂ ਤੁਰੇ ਸੀ ਉਥੇ ਆ ਗਏ!
ਅਖਬਾਰਾਂ ਦੇ ਵਿੱਚ ਚੰਗਾ ਛਾ ਗਏ!
 ਲੋਕ ਮਸਲੇ ਖੂਹ ਵਿਚ ਪੈਣ!
ਅਸੀਂ ਕਿਉਂ ਪਾਈਏ ਐਵੇਂ ਵੈਣ!
ਕੁਰਸੀ ਸਾਡੀ ਜਿੰਦਾਬਾਦ!
ਚੱਖੀਏ ਰੋਜ ਨਵਾਂ ਸੁਆਦ!
ਚੱਲ ਨਿਹਾਲਿਆ ਵਾਪਸ ਚੱਲੀਏ!
ਖੁਸ ਨਾ ਜਾਵੇ ਕੁਰਸੀ ਮੱਲੀਏ!
-ਸੁਖਦੇਵ ਸਲੇਮਪੁਰੀ
09780620233
3 ਜੂਨ 2021

ਕੁਈਨ ਐਵਾਰਡ 2021' ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ  ਦੀਆਂ ਸੇਵਾਵਾਂ ਨੂੰ ' ਨਿਵਾਜਿਆ ਗਿਆ

ਲੰਡਨ, 3 ਜੂਨ (ਰਾਜਵੀਰ ਸਮਰਾ)- ਸ੍ਰੀ ਗੁਰੂ ਸਿੰਘ ਸਭਾ ਸਾਊਥਾਲ  ਨੂੰ ਕੋਰੋਨਾ ਮਹਾਂਮਾਰੀ ਦੌਰਾਨ ਕੀਤੀਆਂ ਸੇਵਾਵਾਂ ਲਈ ਬਰਤਾਨੀਆ ਸਰਕਾਰ ਵਲੋਂ ਸ਼ਾਹੀ ਪੁਰਸਕਾਰ ਨਾਲ ਨਿਵਾਜਿਆ  ਗਿਆ ਹੈ | 'ਕੁਈਨ ਐਵਾਰਡ 2021' ਦੀ ਜਾਰੀ ਸੂਚੀ 'ਚ ਕਿਹਾ ਗਿਆ ਕਿ ਕੋਰੋਨਾ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਤੇ ਇਸ ਦੀ ਛਤਰ ਛਾਇਆ ਹੇਠ ਚੱਲ ਰਹੇ ਮੇਲ ਗੇਲ ਮਲਟੀਕਲਚਰਲ ਪ੍ਰਾਜੈਕਟ ਸਾਊਥਾਲ ਨੇ ਲੋੜਵੰਦਾਂ ਲਈ ਲੰਗਰ, ਦਵਾਈਆਂ ਅਤੇ ਹੋਰ ਬੇਅੰਤ ਸੇਵਾਵਾਂ ਦਿੱਤੀਆਂ | ਗੁਰੂ ਘਰ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ,   ਨੇ ਕਿਹਾ ਕਿ ਇਹ ਸਨਮਾਨ ਸੰਗਤਾਂ ਅਤੇ ਉਨ੍ਹਾਂ ਸੇਵਾਦਾਰਾਂ ਲਈ ਹੈ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਲੋੜਵੰਦਾਂ ਤੱਕ ਲੰਗਰ, ਦਵਾਈਆਂ ਪਹੁੰਚਾਈਆਂ ਅਤੇ ਹੋਰ ਸੇਵਾਵਾਂ ਦਿੱਤੀਆਂ ਹਨ | ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਲੱਗੀ ਤਾਲਾਬੰਦੀ ਦੌਰਾਨ  ਸੰਸਥਾਵਾਂ ਨੇ ਈਲਿੰਗ ਕੌਂਸਲ ਅਤੇ ਆਸ ਪਾਸ ਦੇ ਇਲਾਕੇ ਵਿਚ ਲੋਕਾਂ ਨੂੰ ਘਰਾਂ ਵਿਚ ਲੰਗਰ ਅਤੇ ਦਵਾਈਆਂ ਪਹੁੰਚਾਈਆਂ ਅਤੇ ਇਹ ਸੇਵਾਵਾਂ ਅੱਜ ਤੱਕ ਵੀ ਜਾਰੀ ਹਨ ਅਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਵੈਕਸੀਨ ਲਗਵਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ | ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਲੋਹ ਦੀਆਂ ਸੇਵਾਵਾਂ ਲਈ ਵੀ 'ਕੁਈਨ ਐਵਾਰਡ 2021' ਦਿੱਤਾ ਗਿਆ ਹੈ |

ਕੋਰੋਨਾ ਕਾਲ ਦੌਰਾਨ ਕਲਾਕਾਰਾਂ ਨਾਲ ਹੋ ਰਹੀ ਸਰਕਾਰ ਦੀ ਬੇਰੁਖ਼ੀ ਦੇ ਚਲਦੇ ਕਲਾਕਾਰਾਂ ਵਿੱਚ ਭਾਰੀ ਰੋਸ ਤੇ ਨਿਰਾਸ਼ਾ ਦਾ ਆਲਮ  

ਲੰਡਨ(ਸਮਰਾ)ਬੇਸ਼ੱਕ ਪੰਜਾਬ ਦੇ ਮੌਜੂਦਾ ਤ੍ਰਾਸਦੀ ਭਰੇ ਹਾਲਾਤਾਂ ਕਾਰਨ ਹਰੇਕ ਵਰਗ ਦੇ ਲੋਕ ਜੀਵਨ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਅਤੇ ਇਹਦੇ ਵਿੱਚ ਹੀ ਕੋਈ ਸ਼ੱਕ ਨਹੀਂ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਸਥਿਤੀ ਉੱਤੇ ਕਾਬੂ ਪਾਉਣ ਲਈ ਵੱਡੀਆਂ ਚੁਣੌਤੀਆਂ ਨਾਲ ਦੋ ਦੋ ਹੱਥ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ  ਪ੍ਰੰਤੂ ਇਸ ਸਮੁੱਚੇ ਵਰਤਾਰੇ ਦੌਰਾਨ ਜੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਤੇ ਝਾਤ ਪਾਈ ਜਾਵੇ ਤਾਂ ਉਨ੍ਹਾਂ ਵਿੱਚ ਸਰਕਾਰ ਵੱਲੋਂ ਸਮੁੱਚੇ ਕਲਾਕਾਰ ਭਾਈਚਾਰੇ ਨਾਲ ਪੰਜਾਬ ਸਰਕਾਰ ਵੱਲੋਂ ਵਰਤੀ ਜਾ ਰਹੀ ਬੇਰੁਖ਼ੀ ਤੇ ਬੇਗਾਨਗੀ ਦੀ   ਭਾਵਨਾ ਵਿਰੁੱਧ ਵੱਡਾ  ਰੋਸ ਅਤੇ ਨਿਰਾਸ਼ਾ ਦਾ ਆਲਮ ਦਿਖਾਈ ਦੇ ਰਿਹਾ ਹੈ ਜ਼ਿਆਦਾਤਰ ਕਲਾਕਾਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਵੱਲੋਂ ਲੋਕਡਾਊਨ ਦੌਰਾਨ ਦਿੱਤੀ ਜਾ ਰਹੀ ਢਿੱਲ ਦੌਰਾਨ ਹਰ ਵਰਗ ਦੇ ਵਪਾਰੀਆਂ ਛੋਟੇ ਵੱਡੇ ਦੁਕਾਨਦਾਰ ਆਪਣੇ ਪਰਿਵਾਰ ਲਈ   ਗੁਜ਼ਾਰੇ ਜੋਗੀ ਰੋਜ਼ੀ ਰੋਟੀ ਕਮਾ ਲੈਂਦੇ ਹਨ ਜਦਕਿ ਕਲਾਕਾਰ ਭਾਈਚਾਰੇ ਨਾਲ ਸਬੰਧਤ ਲੋਕ ਸਰਕਾਰ ਵੱਲੋਂ ਪ੍ਰੋਗਰਾਮਾਂ ਤੇ ਲਗਾਈ  ਮੁਕੰਮਲ ਪਾਬੰਦੀ ਕਾਰਨ ਆਪਣੇ ਪਰਿਵਾਰ ਲਈ ਦੋ ਡੰਗ ਦੀ ਰੋਟੀ ਜੁਟਾਉਣ ਤੋਂ ਵੀ ਅਵਾਜ਼ਾਰ ਹੋ ਚੁੱਕੇ ਹਨ  ਅਤੇ ਸਰਕਾਰ ਵੱਲੋਂ ਉਨ੍ਹਾਂ ਵੱਲ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ ਇਸ ਸਬੰਧੀ  ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ  ਪ੍ਰਸਿੱਧ ਪੰਜਾਬੀ ਲੋਕ ਗਾਇਕ ਰਮਨ ਪੰਨੂ, ਫ਼ਿਲਮੀ ਡਾਇਰੈਕਟਰ ਅਤੇ ਅਦਾਕਾਰ ਰਣਜੀਤ ਉਪਲ, ਕੈਮਰਾਮੈਨ ਗੁਰ ਨਿਸ਼ਾਨ ਸਿੰਘ ਤੇ ਉੱਘੀ ਲੋਕ ਗਾਇਕਾ ਕੌਰ ਸਿੰਮੀ  ਨੇ ਦੱਸਿਆ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਉਤਸ਼ਾਹਿਤ ਕਰਨ ਦੇ ਨਾਲ ਨਾਲ ਹੋਰ ਸਰਕਾਰੀ ਤੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਤੇ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲਾ ਸਮੁੱਚਾ ਕਲਾਕਾਰ ਭਾਈਚਾਰਾ ਬੇਹੱਦ ਆਰਥਿਕ ਮੰਦਹਾਲੀ ਤੇ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਪ੍ਰੰਤੂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਨਾ ਬੇਹੱਦ ਮੰਦਭਾਗਾ ਨਿਰਾਸ਼ਾ ਤੇ ਚਿੰਤਾ ਦਾ ਵਿਸ਼ਾ ਹੈ  ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਪਹਿਲ ਦੇ ਆਧਾਰ ਤੇ ਆਪਣੇ ਵਿਧਾਇਕਾਂ ਰਾਹੀਂ ਲੋੜਵੰਦ ਕਲਾਕਾਰਾਂ ਦੀਆਂ ਸੂਚੀਆਂ ਬਣਾ ਕੇ ਜਾਂ ਤਾਂ ਉਨ੍ਹਾਂ ਲਈ ਜ਼ਰੂਰੀ ਰਾਸ਼ਨ ਪਾਣੀ ਦਾ ਪ੍ਰਬੰਧ ਕਰੇ ਤੇ ਜਾਂ ਉਨ੍ਹਾਂ ਲਈ ਮਾਸਿਕ ਪੈਨਸ਼ਨ ਦਾ ਪ੍ਰਬੰਧ ਕਰੇ  ਉੱਘੀ ਲੋਕ ਗਾਇਕਾ ਕੌਰ ਸਿੰਮੀ ਨੇ ਕਿਹਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਦੇ ਮੂਲੋਂ ਹੀ ਠੱਪ ਹੋਏ ਕਾਰੋਬਾਰ ਨੇ ਸਮੁੱਚੇ ਕਲਾ ਖੇਤਰ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ  ਜਦ ਕੇ ਸਰਕਾਰਾਂ ਵੱਲੋਂ ਇਸ ਖੇਤਰ ਵੱਲ ਕੋਈ ਧਿਆਨ ਨਾ ਦੇ ਕੇ ਸਮੁੱਚੇ ਕਲਾਕਾਰ ਭਾਈਚਾਰੇ ਨੂੰ ਵੱਡੀ ਪੱਧਰ ਤੇ ਨਿਰਾਸ਼ ਕੀਤਾ ਹੈ  ਉਨ੍ਹਾਂ ਸਰਕਾਰ ਤੋਂ ਕਲਾਕਾਰਾਂ ਨੂੰ ਪ੍ਰੋਗਰਾਮ ਲਗਾਉਣ ਦੀ ਛੋਟ ਦੇਣ ਦੀ ਮੰਗ ਕੀਤੀ ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਯੋਗ ਢੰਗ ਨਾਲ ਕਰ ਸਕਣ

ਕੈਪਸ਼ਨ-ਪ੍ਰਸਿੱਧ ਪੰਜਾਬੀ ਲੋਕ ਗਾਇਕ ਰਮਨ ਪੰਨੂ ਫ਼ਿਲਮੀ ਡਾਇਰੈਕਟਰ ਅਤੇ ਅਦਾਕਾਰ ਰਣਜੀਤ ਉਪਲ ਕੈਮਰਾਮੈਨ ਗੁਰ ਨਿਸ਼ਾਨ ਸਿੰਘ ਤੇ ਉੱਘੀ ਲੋਕ ਗਾਇਕਾ ਕੌਰ ਸਿੰਮੀ

ਸ਼ੁਵਰਗਵਾਸੀ ਮਾਤਾਸੁਵਰਨ ਕੌਰ ਰਾਠੌਰ ਜੀ ਨਮਿਤ ਸ਼ੋਕ ਸਮਾਗਮ  

ਦਿਨ ਸ਼ੁੱਕਰਵਾਰ ਤਰੀਕ 28 ਮਈ ਦੁਪਹਿਰੇ 3.30. ਵਜੇ ਗੁਰਦੁਆਰਾ ਪਲੈਕ ਵਾਲਸਾਲ ਵਿਖੇ

ਜਾਣਕਾਰੀ ਅਨੁਸਾਰ  ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਵਲੋਂ  ਬੇਨਤੀ ਕੀਤੀ ਜਾਂਦੀ ਹੈ ਕਿ ਸ਼ੁਵਰਗਵਾਸੀ ਮਾਤਾ ਸੁਵਰਨ ਕੌਰ ਰਾਠੌਰ ਜੀ ਦੀ ਯਾਦ ਵਿੱਚ ਸੁਪਤਨੀ ਸੁਵਰਗਵਾਸੀ ਗਿਆਨੀ ਪ੍ਰੀਤਮ ਸਿੰਘ ਸ਼ੇਰ ਰਾਠੌਰ ਜੀ ਗੁਰਦੁਆਰਾ ਪਲੈਕ ਵਾਲਸਾਲ ਵਿਖੇ 3..30..ਵਜੇ ਸਹਿਜ ਪਾਠ ਅਤੇ ਮਾਤਾ ਜੀ  ਦੀ ਰੂਹ ਦੀ ਸ਼ਾਂਤੀ ਲਈ  ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਗਿਆਨੀ ਬਲਰਾਮ ਸਿੰਘ ਜੀ ਹੈੱਡ ਗ੍ਰੰਥੀ ਪਲੈਕ ਵਾਲਸਾਲ ਵਾਲੇ ਕਰਨਗੇ ਅਤੇ  ਉਸ ਤੋ ਉਪਰੰਤ ਗੁਰਮਤਿ ਸਮਾਗਮ ਹੋਵੇਗਾ ।

 ਸ਼ੁਵਰਗਵਾਸੀ ਮਾਤਾ ਸੁਵਰਨ ਕੌਰ ਰਾਠੌਰ ਜੀ ਦੀ ਯਾਦ ਵਿੱਚ ਉਹਨਾਂ ਦੇ ਸਮੂਹ ਪ੍ਰਵਾਰ ਵਲੋਂ ਬੇਨਤੀ ਕੀਤੀ ਜਾਂਦੀ ਹੈ ਸਮੇ ਸਿਰ ਆਣ ਦੀ ਕਿਰਪਾ ਕਰਨੀ।ਮਾਤਾ ਸਵਰਨ ਕੌਰ ਰਾਠੌਰ   ਸਵਰਗਵਾਸੀੱ ਗਿਆਨੀ  ਮੱਖਣ ਸਿੰਘ ਮਿੰਰਗਿੰਦ ਰਾਠੌਰ ਜੀ ਦੇ ਛੋਟੀ ਭਰਜਾਈ ਸਨ । ਉਨ੍ਹਾਂ ਦੇ ਸਪੁੱਤਰ ਬਲਦੇਵ ਸਿੰਘ ਰਾਠੌਰ, ਸ਼ ਅਰਜਨ ਸਿੰਘ ਰਾਠੌਰ,ਸ਼ ਸਤਿਨਾਮ ਸਿੰਘ ਰਾਠੌਰ ,ਸ਼ ਅਮਰਜੀਤ ਸਿੰਘ ਸ਼ੋਢੀ ਰਾਠੌਰ,ਸ਼ ਦਲਜੀਤ ਸਿੰਘ ਬੇਦੀ ਰਾਠੌਰ,ਸ਼ ਤੇਜਿੰਦਰ ਸਿੰਘ ਰਾਠੌਰ ਰਾਜਪੁਰਾ । ਧੀਆਂ ਅਮ੍ਰਿੰਤ ਕੌਰ, ਜਸਵੰਤ ਕੌਰ ,ਬਲਵੀਰ ਕੌਰ। ਜੀਵਾਈ ਸ਼ ਗਜਣ ਸਿੰਘ ,ਸ਼ ਰੋਸ਼ਨ ਸਿੰਘ,ਕਮਲਜੀਤ ਸਿੰਘ ਅਤੇ ਸਮੂਹ ਪ੍ਰਵਾਰ ਪੁੱਤ, ਪੋਤਰੇ, ਪੋਤਰੀਆਂ, ਦੋਹਤੇ, ਦੋਹਤਰੀਆ ਆਦਿ  । ਪਰਿਵਾਰ ਨਾਲ ਸਨੇਹ ਰੱਖਣ ਵਾਲੀਆਂ ਸਤਿਕਾਰਯੋਗ ਸ਼ਖ਼ਸੀਅਤਾਂ  ਸ਼ ਗੁਰਦੇਵ ਸਿੰਘ ਜੀ ਚੌਹਾਨ , ਸ਼ ਸਵਰਨ ਸਿੰਘ ਜੀ ਖੈਹਰਾ , ਸ਼ ਜਗੀਰ ਸਿੰਘ ਜੀ ਹਮਦਰਦ ਰਾਠੌਰ ,ਸ਼ ਅਮਰੀਕ ਸਿੰਘ ਜੀ , ਗਿਆਨੀ ਮੱਖਣ ਸਿੰਘ ਮਿੰਰਗਿੰਦ ਰਾਠੌਰ ਜੀ , ਸ਼ ਮਨਜੀਤ ਸਿੰਘ ਜੀ ਰਾਠੌਰ ਮਿੰਰਗਿੰਦ ਲੰਡਨ , ਗਿਆਨੀ ਬਲਵੰਤ ਸਿੰਘ ਜੀ ਜੋਸ਼ , ਰਾਗੀ ਸੁਰਿੰਦਰ ਸਿੰਘ ਆਨੰਦ ਜੀ , ਸ਼ ਮਹਿੰਦਰ ਸਿੰਘ ਰਾਠੌਰ ਲੰਡਨ , ਸ਼ ਮੋਹਨਜੀਤ ਸਿੰਘ ਭੱਟੀ ਬਰਿਸ਼ਟਲ , ਹਰਜੀਤ ਸਿੰਘ ਜੀ ਗਿਆਨੀ ਲੀਵਰ ਪੂਲ ,ਗਿਆਨੀ ਗੁਰਬਚਨ ਸਿੰਘ ਜੀ  ਅਣਖੀ ਲੀਵਰ ਪੂਲ ,ਗਿਆਨੀ ਹਰਮੇਲ ਸਿੰਘ ਜੀ ਦਿਲਬਰ ਲੀਵਰ ਪੂਲ ਵਾਲੇ ,ਗਿਆਨੀ ਰਣਜੀਤ ਸਿੰਘ ਰਾਣਾ ਬਰਮਿੰਘਮ , ਸ਼ ਬਲਿਹਾਰ ਸਿੰਘ ਜੀ ਰਾਮੇਵਾਲ , ਸ਼ ਦਿਲਬਾਗ ਸਿੰਘ ਜੀ ਦਿਗਪਾਲ , ਸੰਨਦੀਪ ਕੌਰ ਜੀ ਦਿਗਪਾਲ ਬੈਂਡ ਬੋਰਡ , ਸ਼ ਗੁਰਵਿੰਦਰ ਸਿੰਘ ਜੀ ਸੰਗਾ ਅਤੇ  ਸਮੂਹ ਰਾਠੌਰ ਪ੍ਰਵਾਰ।

Please use below link for full funeral details. 

https://www.afuneralnotice.com/n/2918c1d8

ਰੋਸ਼ਨ ਚਿਰਾਗ ✍️. ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਰੋਸ਼ਨ ਚਿਰਾਗ

ਤੁਫ਼ਾਨਾਂ ਦਾ ਸ਼ਾਹ ਅਸਵਾਰ,
ਸ਼ਹੀਦ ਕਰਤਾਰ ਸਿੰਘ ਸਰਾਭਾ,
ਬੇਮਿਸਾਲ ਸੂਝ ਦ੍ਰਿਸ਼ਟੀ ਦਾ ਮਾਲਕ।
ਜਿਸਨੇ ਆਪਣੇ ਮੁਲਕ ਦੀ ਅਜ਼ਾਦੀ ਲਈ,
ਫ਼ੌਜੀ ਛਾਉਣੀਆਂ ਵਿੱਚ ਜਾ ਜਾ ਕੇ,
ਪਾਇਆ ਸੀ ਆਪਣਾ ਵੱਡਮੁੱਲਾ ਯੋਗਦਾਨ,
ਚਲਾਉਣ ਲਈ ਗ਼ਦਰ ਲਹਿਰ।
ਮੁਜੱਸਮਾ ਸੀ ਉਹ ਤੁਫ਼ਾਨਾਂ ਜਿਹੀ,
ਦਲੇਰੀ ਅਤੇ ਸਿਆਣਪ ਦਾ।
ਦੇ ਕੇ ਕੁਰਬਾਨੀ ਆਪਣੇ ਦੇਸ਼ ਲਈ,
ਬਣਿਆ ਸੀ ਉਹ ਵੀਹਵੀਂ ਸਦੀ ਦਾ,
ਲਾਸਾਨੀ ਮਹਾਨ ਇਨਕਲਾਬੀ ਸ਼ਹੀਦ।
ਅੰਦਰ ਸੀ ਉਸਦੇ ਬਹੁਪੱਖੀ,
ਪ੍ਰਤਿਭਾ ਦਾ ਜਗਦਾ, ਮੱਘਦਾ,
ਦੱਘ ਦੱਘ ਕਰਦਾ ਜਲੌਅ।
ਸੀ ਉਹ ਹਨੇਰੀਆਂ , ਝੱਖੜਾਂ ਵਾਲੇ,
ਤੱਤੇ ਤੱਤੇ ਰਾਹਾਂ ਦਾ ਪਾਂਧੀ।
ਜੋ ਚਮਕਿਆ ਹੈ ਉੱਚੇ ਅਸਮਾਨਾਂ ਵਿੱਚ,
ਬਣ ਕੇ ਰੋਸ਼ਨੀ ਦੇਣ ਵਾਲਾ ਤਾਰਾ।
ਬਣਿਆਂ ਹੈ ਆਉਣ ਵਾਲੀਆਂ ਪੀੜ੍ਹੀਆਂ,
ਲਈ ਜਿੰਦ ਜਾਨ ਵਾਰਨ ਵਾਲਾ,
ਚਾਰ ਚੁਫੇਰੇ ਰੋਸ਼ਨੀ ਵਿਖੇਰਦਾ ਹੋਇਆ,
ਪੰਜਾਬੀ ਬਹਾਦਰ ਸੂਰਮਾ,
ਲੋਅ ਵੰਡਣ ਵਾਲਾ ਰੋਸ਼ਨ ਚਿਰਾਗ਼ ।
          

     
ਜਸਵੰਤ ਕੌਰ ਬੈਂਸ
     ਲੈਸਟਰ
      ਯੂ ਕੇ