ਲੰਡਨ, 22 ਜੂਨ (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ ) ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੀ ਸਰਕਾਰ ਦੀਆਂ ਅਹਿਮ ਯੋਜਨਾਵਾਂ ਦਾ ਐਲਾਨ ਕਰਦਿਆਂ ਦੇਸ਼ ਨੂੰ ਵਿਗਿਆਨ ਦੇ ਖੇਤਰ ’ਚ ਮਹਾਸ਼ਕਤੀ ਬਣਾਉਣ ਅਤੇ ਕਰੋਨਾ ਟੀਕਾਕਰਨ ਮੁਹਿੰਮ ਦੀ ਸਫਲਤਾ ਨੂੰ ਦੁਹਰਾਉਣ ਦਾ ਟੀਚਾ ਮਿਥਿਆ ਹੈ। ਪ੍ਰਧਾਨ ਮੰਤਰੀ ਜੌਹਨਸਨ ਦੀ ਅਗਵਾਈ ਵਾਲੀ ਨਵੀਂ ਕੌਮੀ ਵਿਗਿਆਨ ਅਤੇ ਤਕਨੀਕੀ ਪ੍ਰੀਸ਼ਦ ਇਸ ਨੂੰ ਵਿਗਿਆਨ ਤੇ ਤਕਨੀਕ ਦੀ ਵਰਤੋਂ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਰਾਜਨੀਤਕ ਦਿਸ਼ਾ ਪ੍ਰਦਾਨ ਕਰੇਗੀ। ਸਰਕਾਰ ਦੇ ਮੁੱਖ ਵਿਗਆਨਕ ਸਲਾਹਕਾਰ ਸਰ ਪੈਟਰਿਕ ਵੈਲੇੈਂਸ ਇਸ ਦੇ ਮੁਖੀ ਹੋਣਗੇ। ਸ੍ਰੀ ਜੌਹਨਸਨ ਨੇ ਕਿਹਾ, ‘ਸਹੀ ਦਿਸ਼ਾ ਅਤੇ ਸਮਰਥਨ ਨਾਲ ਅਸੀਂ ਅਜਿਹੀਆਂ ਵਿਗਿਆਨਕ ਅਤੇ ਤਕਨੀਕੀ ਉਪਲੱਬਧੀਆਂ ਹਾਸਲ ਕਰ ਸਕਦੇ ਹਾਂ, ਜੋ ਬਰਤਾਨੀਆ ਅਤੇ ਵਿਸ਼ਵ ਦੇ ਲੋਕਾਂ ਦਾ ਜੀਵਨ ਬਦਲ ਸਕਦੀਆਂ ਹਨ। ਇਸ ਲਈ ਮੈਂ ਇੱਕ ਨਵਾਂ ਮੰਤਰੀ ਮੰਡਲ ਪ੍ਰੀਸ਼ਦ ਅਤੇ ਦਫ਼ਤਰ ਕਾਇਮ ਕਰ ਰਿਹਾ ਹਾਂ।’ ਇਸ ਸਬੰਧੀ ਅੱਜ ਉਨ੍ਹਾਂ ਟੈਲੀਗ੍ਰਾਫ ਪੇਪਰ ਵਿੱਚ ਇੱਕ ਆਰਟੀਕਲ ਵੀ ਲਿਖਿਆ ਹੈ ।