ਰੂਸ 'ਚ ਇਨਫੈਕਟਿਡ ਕੇਸਾਂ ਦੀ ਗਿਣਤੀ 'ਚ ਭਾਰੀ ਉਛਾਲ
ਲੰਡਨ (ਏਜੰਸੀਆਂ) : ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ 'ਚ ਡੈਲਟਾ ਵੇਰੀਐਂਟ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੇਸ਼ 'ਚ ਸਿਰਫ਼ ਇਕ ਹਫ਼ਤੇ 'ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ 33,630 ਮਾਮਲੇ ਵਧ ਗਏ। ਇਸ ਨਾਲ ਡੈਲਟਾ ਦੇ ਕੁਲ ਮਾਮਲੇ 75, 953 ਹੋ ਗਏ ਹਨ। ਭਾਰਤ 'ਚ ਸਭ ਤੋਂ ਪਹਿਲਾਂ ਪਾਇਆ ਗਿਆ ਇਹ ਵੇਰੀਐਂਟ ਵਧੇਰੇ ਇਨਫੈਕਸ਼ਨ ਵਾਲਾ ਦੱਸਿਆ ਜਾਂਦਾ ਹੈ।ਬਿ੍ਟਿਸ਼ ਹੈਲਥ ਏਜੰਸੀ ਦੀ ਮੁੱਖ ਕਾਰਜਕਾਰੀ ਜੇਨੀ ਹੈਰਿਸ ਨੇ ਕਿਹਾ ਕਿ ਦੇਸ਼ ਭਰ 'ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ ਤੇ ਹੁਣ ਡੈਲਟਾ ਵੇਰੀਐਂਟ ਹਾਵੀ ਹੈ। ਇਸ ਦੌਰਾਨ ਦੇਸ਼ ਭਰ 'ਚ ਚਾਰ ਮਹੀਨੇ ਬਾਅਦ ਪਹਿਲੀ ਵਾਰ ਜਿੱਤੇ 24 ਘੰਟਿਆਂ 'ਚ 11,007 ਨਵੇਂ ਪਾਏ ਗਏ। ਇਸ ਨਾਲ ਕੁਲ ਕੇਸ 46 ਲੱਖ ਦੇ ਪਾਰ ਪਹੁੰਚ ਗਏ ਤੇ ਮਰਨ ਵਾਲਿਆਂ ਦੀ ਗਿਣਤੀ 1,27,945 ਹੋ ਗਈ। ਇਸ ਯੂਰਪੀ ਦੇਸ਼ 'ਚ ਲਾਕਡਾਊਨ ਦੀਆਂ ਸਾਰੀਆਂ ਪਾਬੰਦੀਆਂ 21 ਜੂਨ ਨੂੰ ਖ਼ਤਮ ਕਰਨ ਦੀ ਯੋਜਨਾ ਸੀ, ਪਰ ਵਧਦੇ ਮਾਮਲਿਆਂ ਕਾਰਨ ਇਹ ਪਾਬੰਦੀਆਂ ਚਾਰ ਹਫ਼ਤੇ ਲਈ ਵਧਾ ਦਿੱਤੀਆਂ ਗਈਆਂ ਹਨ।
ਰੂਸ 'ਚ ਰੋਜ਼ਾਨਾ ਮਾਮਲਿਆਂ 'ਚ ਉਛਾਲ
ਰੂਸ 'ਚ ਕੋਰੋਨਾ ਮਹਾਮਾਰੀ ਫਿਰ ਵਧਦੀ ਜਾ ਰਹੀ ਹੈ। ਕਰੀਬ ਸਾਢੇ ਚਾਰ ਮਹੀਨੇ ਬਾਅਦ ਸ਼ੁੱਕਰਵਾਰ ਨੂੰ 17 ਹਜ਼ਾਰ 262 ਨਵੇਂ ਮਾਮਲੇ ਪਾਏ ਗਏ। ਇਨ੍ਹਾਂ ਮਾਮਲਿਆਂ 'ਚ ਨੌਂ ਹਜ਼ਾਰ 56 ਇਕੱਲੇ ਮਾਸਕੋ 'ਚ ਪਾਏ ਗਏ। ਦੇਸ਼ ਭਰ 'ਚ ਇਕ ਦਿਨ ਪਹਿਲਾਂ 14 ਹਜ਼ਾਰ ਨਵੇਂ ਕੇਸ ਮਿਲੇ ਸਨ। ਇੱਥੇ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 52 ਲੱਖ 81 ਹਜ਼ਾਰ ਤੋਂ ਵੱਧ ਹੋ ਗਈ ਹੈ। ਇਕ ਲੱਖ 28 ਹਜ਼ਾਰ 445 ਮਰੀਜ਼ਾਂ ਦੀ ਜਾਨ ਗਈ ਹੈ।