ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 22 ਅਕਤੂਬਰ ਨੂੰ ਆ ਰਿਹਾ ਹੈ ਸੱਭ ਤੋ ਪਹਿਲਾ ਸਰਬੱਤ ਸੰਗਤਾ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਅੱਜ ਮੈ ਉਸ ਗੁਰੂ ਸਹਿਬ ਜੀ ਦੇ ਸਬੰਧ ਵਿੱਚ ਲਿਖਣ ਦੀ ਕੋਸ਼ਿਸ਼ ਕਰਨ ਲੱਗਾ ਜਿਹਨਾਂ ਦੇ ਗੁਣ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਸੱਤੇ ਬਲਵੰਡ ਜੀ ਨੇ ਭੱਟ ਸਹਿਬਾਨ ਨੇ ਗੁਰੂ ਗ੍ਰੰਥ ਸਹਿਬ ਵਿਚ ਦਰਜ ਕੀਤੇ ਹਨ । ਮੈ ਛੋਟੀ ਜਿਹੀ ਇਕ ਬੂੰਦ ਅਥਾਹ ਸਮੁੰਦਰ ਦੀ ਕੀ ਸਿਫਤ ਲਿਖ ਸਕਦਾ ਹਾ ਪਰ ਫੇਰ ਵੀ ਗੁਰੂ ਰਾਮਦਾਸ ਸਾਹਿਬ ਜੀ ਦਾਸ ਤੇ ਮਿਹਰ ਦੀ ਨਿਗਾਹ ਕਰਕੇ ਉਸਤਿਤ ਲਿਖਵਾ ਲੈਣ ਜੀ । ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿੱਚ ਪਿਤਾ ਹਰਿਦਾਸ ਜੀ ਦੇ ਘਰ ਤੇ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋ 1534 ਵਿੱਚ ਹੋਇਆ । ਆਪ ਜੀ ਪਹਿਲੀ ਸੰਤਾਨ ਹੋਣ ਦੇ ਨਾਤੇ ਲੋਕ ਆਪ ਜੀ ਨੂੰ ਜੇਠਾ ਕਹਿ ਕੇ ਬਲੌਣ ਲਗੇ । ਸੱਤ ਕੁ ਸਾਲ ਦੀ ਉਮਰ ਵਿੱਚ ਪਹਿਲਾ ਮਾਤਾ ਜੀ ਤੇ ਫੇਰ ਪਿਤਾ ਜੀ ਚਲ ਵਸੇ । ਆਂਢ ਗੁਆਢ ਤੇ ਰਿਸਤੇਦਾਰ ਜੇਠਾ ਜੀ ਤੋ ਨਫਰਤ ਕਰਨ ਲੱਗ ਪਏ ਆਪਣੇ ਬੱਚਿਆ ਤੇ ਵੀ ਰਾਮਦਾਸ ਸਾਹਿਬ ਜੀ ਦਾ ਪਰਿਸ਼ਾਵਾ ਤੱਕ ਨਾ ਪੈਣ ਦੇਂਦੇ । ਪਰ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਦਰਸ਼ਨਾਂ ਲਈ ਸੰਗਤ ਤਰਸਦੀਆਂ ਫਿਰਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਕੋਈ ਆਸਰਾ ਤਕ ਨਹੀ ਸੀ ਦੇਂਦਾ ਅੱਜ ਉਹ ਗੁਰੂ ਰਾਮਦਾਸ ਸਾਹਿਬ ਜੀ ਨਿਆਸਰਿਆਂ ਦੇ ਆਸਰਾ ਹਨ । ਜਿਸ ਗੁਰੂ ਰਾਮਦਾਸ ਸਾਹਿਬ ਨੂੰ ਕੋਈ ਖਾਣ ਲਈ ਰੋਟੀ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋ ਹਰ ਰੋਜ ਲੱਖਾਂ ਸੰਗਤਾਂ ਪ੍ਰਸ਼ਾਦਾ ਛੱਕਦੀਆਂ ਹਨ । ਜਿਸ ਰਾਮਦਾਸ ਨੂੰ ਕੋਈ ਪੈਸਾਂ ਤੱਕ ਨਹੀ ਸੀ ਦੇਣ ਨੂੰ ਤਿਆਰ ਅੱਜ ਉਸ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਰ ਰੋਜ ਲੱਖਾਂ ਕਰੋੜਾਂ ਰੁਪਏ ਚੜਦੇ ਹਨ । ਜਿਸ ਰਾਮਦਾਸ ਦਾ ਨਾਮ ਆਢ ਗੁਆਢ ਜਾ ਰਿਸਤੇਦਾਰ ਆਪਣੇ ਬੱਚਿਆ ਨੂੰ ਨਹੀ ਸਨ ਲੈਣ ਦੇਂਦੇ ਅੱਜ ਉਸ ਰਾਮਦਾਸ ਸਾਹਿਬ ਜੀ ਦਾ ਨਾਮ ਲੈ ਕੇ ਸੰਗਤਾਂ ਮੁਕਤੀ ਪ੍ਰਾਪਤ ਕਰ ਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਇਹ ਆਖ ਕੇ ਛੱਡ ਦਿਤਾਂ ਸੀ ਕਿ ਇਸ ਦੇ ਜਨਮ ਲੈਣ ਕਰਕੇ ਇਸ ਦੇ ਮਾ ਪਿਉ ਮਰ ਗਏ ਹਨ । ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਲੈਣ ਕਰਕੇ ਮਰਦੇ ਲੋਕ ਵੀ ਤੰਦਰੁਸਤ ਹੋ ਰਹੇ ਹਨ । ਜਿਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਢ ਗੁਆਢ ਤੇ ਰਿਸਤੇਦਾਰ ਆਪਣੇ ਘਰਾਂ ਵਿੱਚ ਰਹਿਣ ਨਹੀ ਸਨ ਦੇਂਦੇ , ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਸੋਨੇ ਹੀਰਿਆਂ ਨਾਲ ਜੜਿਆ ਹੈ ਜਿਸ ਦੇ ਦਰਸ਼ਨਾਂ ਵਾਸਤੇ ਸਾਰੀ ਦੁਨੀਆ ਤੋ ਸੰਗਤਾ ਆਉਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਦੇ ਤਨ ਢੱਕਣ ਨੂੰ ਕੋਈ ਰਿਸਤੇਦਾਰ ਕਪੜਾ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਲੱਖਾ ਦੇ ਰੁਮਾਲਿਆ ਦੀ ਕਈ ਕਈ ਸਾਲ ਵਾਰੀ ਨਹੀ ਆਉਦੀ । ਇਹ ਹਨ ਬਰਕਤਾਂ ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀਆਂ । ਗੁਰੂ ਰਾਮਦਾਸ ਸਾਹਿਬ ਨੇ ਜਦੋ ਅਵਤਾਰ ਧਾਰਿਆ ਸੀ ਉਸ ਸਮੇ ਇਸ ਧਰਤੀ ਤੇ ਵੱਡੇ ਤਿੰਨ ਗੁਰੂ ਸਹਿਬਾਨ ਸਰੀਰ ਕਰਕੇ ਵਿਚਰ ਰਹੇ ਸਨ ਤੇ ਚੌਥੇ ਗੁਰੂ ਸਹਿਬਾਨ ਵੀ ਇਸ ਧਰਤੀ ਤੇ ਸਰੀਰ ਕਰਕੇ ਆ ਗਏ ਸਨ। ਕਿਨਾ ਕਰਮਾ ਵਾਲਾ ਉਹ ਸਮਾਂ ਹੋਵੇਗਾ ਜਦੋ ਆਪ ਅਕਾਲ ਪੁਰਖ ਜੀ ਚਾਰ ਸਰੀਰ ਧਾਰ ਕੇ ਇਸ ਮਾਤਲੋਕ ਤੇ ਵਿਚਰ ਰਹੇ ਹੋਣਗੇ ਧਰਤੀ ਦੇ ਕਿਨੇ ਵੱਡੇ ਭਾਗ ਹੋਣਗੇ । ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਧਾਰਨ ਨਾਲ ਉਹ ਲਾਹੌਰ ਦੀ ਸ਼ਰਾਪੀ ਧਰਤੀ ਸਿਫਤੀ ਦਾ ਘਰ ਬਣ ਗਈ। ਬਹੁਤ ਸੋਚਣ ਵਾਲੀ ਗੱਲ ਹੈ ਜਿਵੇ ਮਗਹਰ ਦੀ ਧਰਤੀ ਜਿਥੇ ਲੋਕ ਮਰਨ ਤੋ ਡਰਦੇ ਸਨ ਕਿ ਏਥੇ ਮਰਿਆ ਖੋਤੇ ਦੀ ਜੂੰਨ ਮਿਲਦੀ ਹੈ । ਪਰ ਭਗਤ ਕਬੀਰ ਸਾਹਿਬ ਜੀ ਦੇ ਉਸ ਮਗਹਰ ਦੀ ਧਰਤੀ ਤੇ ਸਰੀਰ ਛੱਡਣ ਨਾਲ ਉਹ ਸ਼ਰਾਪੀ ਧਰਤੀ ਪੂਜਨ ਯੋਗ ਹੋ ਗਈ । ਇਸੇ ਤਰਾਂ ਕਿਸੇ ਸਮੇ ਗੁਰੂ ਨਾਨਕ ਸਾਹਿਬ ਜੀ ਜੀਵਾਂ ਤੇ ਅਤਿਆਚਾਰ ਹੁੰਦਾ ਵੇਖ ਕੇ ਕਹਿ ਦਿੰਦੇ ਹਨ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ । ਜਦੋ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਦੀ ਧਰਤੀ ਚੂਨਾ ਮੰਡੀ ਵਿੱਚ ਅਵਤਾਰ ਧਾਰਨ ਕੀਤਾਂ ਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਮਹਲਾ ੩ ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ।।
ਬਿਰਧ ਨਾਨੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾਲ ਬਾਸਰਕੇ ਪਿੰਡ ਲੈ ਆਈ ਤੇ ਫੇਰ ਗੋਇੰਦਵਾਲ ਸਾਹਿਬ ਵਿਖੇ ਲੈ ਗਈ ।ਬਿਰਧ ਨਾਨੀ ਰਾਤ ਨੂੰ ਹੀ ਕਣਕ ਭਿਉ ਰਖਦੀ ਸਵੇਰੇ ਹੀ ਜੇਠਾ ਜੀ ਗੁਰੂ ਦਰਬਾਰ ਵਿਚ ਜਿਥੇ ਕਾਰ -ਸੇਵਾ ਹੁੰਦੀ ਮਿਠੀ ਤੇ ਸੁਰੀਲੀ ਅਵਾਜ਼ ਵਿਚ ਸੌਦਾ ਵੇਚਦੇ ,ਸੰਗਤਾਂ ਨੂੰ ਠੰਡਾ ਜਲ ਛਕਾਂਦੇ ਤੇ ਨਾਲ ਨਾਲ ਤੰਤੀ ਵਜਾ ਕੇ ਗੁਰਬਾਣੀ ਵੀ ਸੁਣਾਉਂਦੇ ਰਹਿੰਦੇ ਸੰਗਤਾਂ ਉਨ੍ਹਾ ਦੀ ਸੋਹਣੀ ਸੂਰਤ , ਮਿਠੀ ਅਵਾਜ਼ ਤੇ ਗੁਣੀ ਸੁਭਾਵ ਕਰਕੇ ਬਦੋ -ਬਦੀ ਖਿਚੀਆਂ ਆਉਦੀਆਂ ਘੁੰਗਨੀਆਂ ਵੇਚਣ ਤੋ ਬਾਦ ਜੇਠਾ ਜੀ ਗੁਰੂ ਦਰਬਾਰ ਵਿਚ ਹਾਜਰੀ ਭਰਦੇ , ਬੜੇ ਪਿਆਰ ਨਾਲ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਰਹਿੰਦੇ ਤੇ ਕਦੀ ਕਦੀ ਤੰਤੀ ਵਜਾਕੇ ਕੀਰਤਨ ਵੀ ਕਰਦੇ ਇਸ ਬਚੇ ਦੀ ਇਸ ਛੋਟੀ ਜਹੀ ਉਮਰ ਵਿਚ ਇਤਨੀ ਲਗਨ , ਪ੍ਰੇਮ ਸਾਦਗੀ ,ਤੇ ਨਿਮਰਤਾ ਦੇਖ ਕੇ ਗੁਰੂ ਸਹਿਬ ਮਨ ਹੀ ਮਨ ਵਿਚ ਬਹੁਤ ਖੁਸ਼ ਹੁੰਦੇ ਤੇ ਉਸਨੂੰ ਆਸ਼ੀਰਵਾਦ ਦਿੰਦੇ ।
ਸਾਹਿਬ ਸ੍ਰੀ ਗੁਰੂ ਅਮਰ ਦਾਸ ਦੀਆ ਦੋ ਸਪੁਤਰੀਆਂ ਸਨ ਵਡੀ ਪੁਤਰੀ ਦਾਨੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਗਿਆ ਸੀ । ਛੋਟੀ ਪੁਤਰੀ ਬੀਬੀ ਭਾਨੀ ਦੇ ਵਿਆਹ ਦਾ ਜਿਕਰ ਆਪਣੀ ਪਤਨੀ ਮਨਸਾ ਦੇਵੀ ਨਾਲ ਕਰਦਿਆਂ ਕਰਦਿਆਂ ਇਕ ਦਿਨ ਅਚਾਨਕ ਪੁਛ ਲਿਆ ਕਿ ਬੀਬੀ ਭਾਨੀ ਲਈ ਤੁਹਾਨੂੰ ਕਿਹੋ ਜਿਹਾ ਵਰ ਚਾਹੀਦਾ ਹੈ ? ਸਾਮਣੇ ਭਾਈ ਜੇਠਾ ਜੀ ਸੇਵਾ ਕਰ ਰਹੇ ਸਨ , ਕਹਿਣ ਲਗੇ ਇਹੋ ਜਿਹਾ , ਤਾਂ ਗੁਰੂ ਸਾਹਿਬ ਨੇ ਕਿਹਾ ਕੀ ਇਹੋ ਜਿਹਾ ਤਾ ਸਿਰਫ ਇਹੀ ਹੋ ਸਕਦਾ ਹੈ ? ਬਸ ਫੈਸਲਾ ਕਰ ਲਿਆ ਨਾਨੀ ਨੂੰ ਬੁਲਾ ਕੇ ਬੀਬੀ ਭਾਨੀ ਦਾ ਰਿਸ਼ਤਾ ਪਕਾ ਕਰ ਦਿਤਾ ਅਗਲੇ ਸਾਲ ਜੇਠਾ ਜੀ ਨੂੰ ਸਭ ਗੁਣ ਸੰਪੂਰਨ ਦੇਖਕੇ, ਬੀਬੀ ਭਾਨੀ ਦਾ ਵਿਆਹ ਜੇਠਾ ਜੀ ਨਾਲ ਕਰਵਾ ਦਿਤਾ ।
ਸਾਹਿਬ ਸ੍ਰੀ ਗੁਰੂ ਅਮਰ ਦਾਸ ਜੇਠਾ ਜੀ ਦੀ ਸਖਸ਼ੀਅਤ ਤੋ ਕਾਫੀ ਪਰਭਾਵਤ ਸਨ । ਉਨ੍ਹਾ ਦੀ ਅਦੁਤੀ ਸੇਵਾ, ਨਿਮਰਤਾ ਮਿਠਾ ਬੋਲਣਾ, ਤੇ ਚੇਹਰੇ ਤੇ ਅਲਾਹੀ ਨੂਰ ਸੀ । ਵਿਆਹ ਤੋ ਬਾਅਦ ਵੀ ਓਹ ਗੁਰੂ ਅਮਰਦਾਸ ਦੀ ਤਨ-ਮਨ ਨਾਲ ਸੇਵਾ ਕਰਦੇ ਗੋਇੰਦਵਾਲ ਦੀ ਬਾਓਲੀ ਸੇਵਾ ਦੀ ਤਿਆਰੀ ਕੀਤੀ, ਜਿਸਦਾ ਸਾਰਾ ਕਾਰਜ ਰਾਮਦਾਸ ਜੀ ਨੇ ਸੰਭਾਲ ਲਿਆ । ਸੇਵਾ ਕਰਦੇ ਕਰਦੇ ਓਹ ਖੁਦ ਵੀ ਟੋਕਰੀਆਂ ਢੋਂਦੇ ਸਾਰਾ ਸਾਰਾ ਦਿਨ ਗੁਰੂ ਘਰ ਦੀ ਸੇਵਾ, ਕਾਰ ਸੇਵਾ ਤੇ ਲੰਗਰ ਦੀ ਸੇਵਾ ਵਿਚ ਲਗੇ ਰਹਿੰਦੇ ਉਨਾ ਦੀ ਹਲੀਮੀ, ਬਾਣੀ ਦੀ ਮਿਠਾਸ , ਤੇ ਤਾਂਤੀ ਵਜਾਕੇ ਕੀਰਤਨ ਕਰਨ ਨਾਲ ਸੰਗਤਾਂ ਨਿਹਾਲ ਹੋ ਜਾਂਦੀਆ ਬੀਬੀ ਭਾਨੀ ਦਾ ਵੀ ਸਮੁਚਾ ਜੀਵਨ ਗੁਰੂ ਘਰ ਦੀ ਸੇਵਾ ਵਿਚ ਹੀ ਲੰਘਿਆ ਓਹ ਵੀ ਆਪਣੇ ਪਿਤਾ ਨੂੰ ਗੁਰੂ ਨਾਨਕ ਦਾ ਰੂਪ ਜਾਣ ਸੇਵਾ ਵਿਚ ਲਗੇ ਰਹਿੰਦੇ ਇਕ ਦਿਨ ਭਾਨੀ ਜੀ ਗੁਰੂ ਅਮਰ ਦਾਸ ਜੀ ਨੂੰ ਨੁਹਾ ਰਹੇ ਸੀ ਅਚਾਨਕ ਚੌਕੀ ਦਾ ਪਾਵਾ ਟੁਟ ਗਿਆ,ਇਹ ਸੋਚਕੇ ਕੀ ਗੁਰੂ ਸਾਹਿਬ ਡਿਗ ਨਾ ਪੈਣ ਆਪਣਾ ਹਥ ਥਲੇ ਰਖ ਦਿਤਾ, ਲਹੂ ਦੇ ਫੋਹਾਰੇ ਛੁਟੇ ਜਦੋਂ ਗੁਰੂ ਅਮਰ ਦਾਸ ਜੀ ਨੇ ਪੁਛਿਆ ਤਾਂ ਇਨਾ ਦੀ ਸੇਵਾ ਦੇਖਕੇ ਬਹੁਤ ਖੁਸ਼ ਹੋਏ ਕੁਝ ਮੰਗਣ ਨੂੰ ਕਿਹਾ ਬੀਬੀ ਭਾਨੀ ਨੇ ਘਰ ਦੀ ਗਦੀ ਘਰ ਵਿਚ ਰਹੇ ਦੀ ਮੰਗ ਕੀਤੀ ।
ਇਕ ਦਿਨ ਰਾਮ ਦਾਸ ਜੀ ਨੇ ਬਾਓਲੀ ਦੀ ਸੇਵਾ ,ਕਰਦੇ ਸਿਰ ਤੇ ਤਸਲਾ ਚੁਕਿਆ ਹੋਇਆ ਸੀ । ਕਪੜੇ ਸਾਰੇ ਮਿਟੀ ਤੇ ਗਾਰੇ ਨਾਲ ਲਿਬੜੇ ਹੋਏ ਸੀ ਓਨ੍ਹਾ ਦੇ ਰਿਸ਼ਤੇਦਾਰ ਤੇ ਗੁਆਂਢੀ ,ਜੋ ਲਾਹੌਰ ਦੀਆਂ ਸੰਗਤਾ ਨਾਲ ਗੁਰੂ ਸਾਹਿਬ ਦੇ ਦਰਸ਼ਨਾ ਲਈ ਆਈਆਂ ਹੋਈਆਂ ਸੀ ,ਜਦ ਜੇਠੇ ਜੀ ਨੂੰ ਦੇਖਿਆ ਤੇ ਬੁਰਾ ਭਲਾ ਕਿਹਾ ” ਤੂੰ ਪੇਟ ਦੀ ਖਾਤਿਰ ਸਹੁਰਿਆਂ ਦੀ ਟੋਕਰੀ ਢੋਂਦਾ ਹੈ , ਤੂੰ ਤਾਂ ਸਾਡੇ ਪਿੰਡ ਦਾ ਨਕ ਵਢਾ ਦਿਤਾ ਹੈ । ਗੁਰੂ ਸਾਹਿਬ ਨੂੰ ਵੀ ਓਲਾਹਬਾ ਦਿਤਾ ਕਿ ਤੁਸੀਂ ਜਵਾਈ ਕੋਲੋਂ ਮਜਦੂਰੀ ਕਰਾ ਰਹੇ ਹੋ ਜਦੋਂ ਭਾਈ ਜੇਠਾ ਜੀ ਨੂੰ ਪਤਾ ਲਗਾ ਤਾਂ ਬਹੁਤ ਦੁਖੀ ਹੋਏ । ਗੁਰੂ ਸਾਹਿਬ ਦੇ ਚਰਨਾ ਵਿਚ ਡਿਗ ਪਏ ਤੇ ਕਹਿਣ ਲਗੇ ਇਹ ਮੈਨੂੰ ਬਹੁਤ ਪਿਆਰ ਕਰਦੇ ਹਨ ਇਨਾ ਤੋਂ ਭੁਲ ਹੋ ਗਈ ਹੈ ,ਮਾਫ਼ ਕਰ ਦਿਓ ਮੈਨੂੰ ਸੇਵਾ ਵਿਚ ਕਿਤਨਾ ਅਨੰਦ ਤੇ ਸੁਖ ਮਿਲਦਾ ਹੈ ਓਹ ਇਹ ਨਹੀ ਜਾਣਦੇ ।
ਏਨੀ ਨਿਮਰਤਾ ਸੇਵਾ, ਸਬਰ, ਸੰਤੋਖ ,ਸਿਦਕ ਤੇ ਸਾਦਗੀ ਇਨਾ ਸਭ ਗੁਣਾ ਕਰਕੇ ਇਕ ਦਿਨ ਓਹ ਗਦੀ ਦੇ ਵਾਰਿਸ ਬਣ ਗਏ , ਗੁਰੂ ਅਮਰ ਦਾਸ ਨੇ ਆਪਣੇ ਸਚ ਖੰਡ ਦੀ ਵਾਪਸੀ ਦਾ ਸਮਾ ਜਾਣ ਕੇ ,ਭਾਈ ਜੇਠਾ ਜੀ ਨੂੰ ਗੱਦੀ ਦੇਕੇ ਗੁਰੂ ਰਾਮ ਦਾਸ ਬਣਾ ਦਿਤਾ ।
ਬਾਣੀ
ਗੁਰੂ ਰਾਮ ਦਾਸ ਜੀ ਦੀ ਬਾਣੀ ਅਗਿਆਨਤਾ ਦੇ ਹਨੇਰੇ ਵਿਚ ਪਈ ਮਨੁਖਤਾ ਲਈ ਚਾਨਣ ਮੁਨਾਰਾ ਹੈ ਗੁਰੂ ਗਰੰਥ ਸਾਹਿਬ ਦੇ 31 ਰਾਗਾਂ ਵਿਚੋਂ 30 ਰਾਗਾਂ ਵਿਚ ਬਾਣੀ ਉਚਾਰੀ ਜਿਸ ਵਿਚ ਬੜੀ ਵੇਦਨਾ, ਨਿਮਰਤਾ ਤੇ ਤੜਪ ਦੀ ਝਲਕ ਮਿਲਦੀ ਹੈ । ਓਨ੍ਹਾ ਦੀ ਬਾਣੀ ਵਿਚ ਮੁਖ ਰੂਪ ਵਿਚ , ਚਉਪਦੇ , ਅਸ਼ਟਪਦੀਆ , ਛੰਦ ,ਸਲੋਕ ,ਵਾਰਾਂ ,ਪਉੜੀਆਂ,ਪਹਰੇ , ਵਣਜਾਰੇ ,ਕਰਹਲੇ , ਅਤੇ ਘੋੜੀਆਂ ਸ਼ਾਮਲ ਹਨ ,246 ਸ਼ਬਦ, 33,ਅਸ਼ਟਪਦੀਆਂ ,28 ਛੰਦ 183 ਪਉੜੀਆਂ, (135) 138 ਸਲੋਕ 8 ,ਪਹਰੇ, ਵਣਜਾਰਾ , ਕਰਹਲੇ ,ਘੋੜੀਆਂ ਤੇ ਸੋਹਲੇ ਹਨ । ਉਨ੍ਹਾ ਨੇ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲੇ ਵਿੱਚ ਵੀ ਬਾਣੀ ਉਚਾਰੀ ਜੋ ਨਿਤਨੇਮ ਵਿਚ ਪੜੀ ਜਾਣ ਲਗੀ ਹਿੰਦੂਆਂ ਦੀਆ 7 ਲਾਵਾਂ ਛਡਕੇ ਰਾਗ ਸੂਹੀ ਵਿਚ 4 ਲਾਵਾਂ ਦੇ ਸ਼ਬਦ ਜੋੜ ਕੇ ਅਨੰਦੁ ਕਾਰਜ ਦੀ ਰਸਮ ਪੂਰੀ ਕਰਕੇ ਸਿਖਾਂ ਦੀ ਵਖਰੀ ਪਹਿਚਾਨ ਬਣਾਈ । ਆਸਾ ਦੀ ਵਾਰ ਦੇ ਮੁਢਲੇ 24 ਛੰਦ ਰਚਕੇ ਆਸਾ ਦੀ ਵਾਰ ਦਾ ਵਿਧੀ ਅਨੁਸਾਰ ਕੀਰਤਨ ਕਰਨ ਦੀ ਰਵਾਇਤ ਪ੍ਰਚਲਿਤ ਕੀਤੀ ।
ਆਪਜੀ ਨੇ ਗੁਰਬਾਣੀ ਰਾਹੀਂ ਸਿਖਾ ਨੂੰ ਜੀਵਨ ਜਾਚ ਸਿਖਾਈ ਤੇ ਸਿਖੀ ਮਰਯਾਦਾਵਾਂ ਨੂੰ ਪਕਿਆਂ ਕੀਤਾ ਜਿਸ ਵਿਚ ਸਿਖ ਪਰਿਭਾਸ਼ਾ , ਸਿਖ ਦੇ ਕਰਮ,ਸੰਸਕਾਰ ਤੇ ਖਾਸ ਕਰਕੇ ਅਰਦਾਸ ਦੀ ਮਹਾਨਤਾ ਆਪਜੀ ਨੇ ਲੋਕਾਂ ਨੂੰ ਸਮਝਾਇਆ ਕੀ ਕੋਈ ਵੀ ਕੰਮ ਕਰਨ ਤੋ ਪਹਿਲਾ ਅਕਾਲ ਪੁਰਖ ਅਗੇ ਅਰਦਾਸ ਕਰਨੀ ਹਰੇਕ ਸਿਖ ਦਾ ਫਰਜ਼ ਹੈ । ਹਰੇਕ ਕੰਮ ਚਾਹੇ ਖੁਸ਼ੀ ਦਾ ਹੋਵੇ ਜਾ ਗੰਮੀ, ਕਰਤਾਰ ਤੇ ਭਰੋਸਾ ਰਖ ਕੇ ਅਰਦਾਸ ਕਰਕੇ ਆਰੰਭ ਕਰਨ ਦਾ ਉਪਦੇਸ਼ ਦਿਤਾ ਆਪਣੇ ਵਡਹੰਸ ਰਾਗ ਵਿਚ 2 ਸ਼ਬਦ “ਘੋੜੀਆਂ” ਵਿਆਹ ਵਿਚ ਗਾਓਣ ਦੇ ਅਧਾਰ ਤੇ ਰਚੇ, ਜਿਸਦਾ ਮੁਖ ਉਦੇਸ਼ ਸੀ ਕਿ ਖੁਸ਼ੀ ਦੇ ਕਾਰਜਾਂ ਸਮੇ ਵੀ ਕਰਤਾਰ ਨੂੰ ਭੁਲਿਆ ਨਾ ਜਾਏ ਇਸੇ ਤਰਹ ਆਪਨੇ ਛੰਦ ਵੀ ਰਚੇ ।
ਇਹ ਪਉੜੀ ਗੁਰ ਮਰਿਆਦਾ ਦਾ ਮੁਢ ਬਣ ਗਈ ਤੇ ਹਰ ਸ਼ੁਭ ਕਾਰਜ ਕਰਨ ਤੋਂ ਪਹਿਲੇ ਉਚਾਰੀ ਜਾਂਦੀ ਹੈ ।
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਅਖਿਐ
ਕਾਰਜ ਦੇਇ ਸਵਾਰਿ ਸਤਿਗੁਰੁ ਸਚੁ ਸਾਖੀਐ ।।
ਸਾਹਿਬ ਸ੍ਰੀ ਗੁਰੂ ਰਾਮਦਾਸ ਨੇ ਸਿਖੀ ਦੇ ਮੁਢਲੇ ਸਿਧਾਂਤਾ ਅਤੇ ਰਵਾਇਤਾਂ ਨੂੰ ਉਲੀਕਿਆ ਸਿਖ ਦੀ ਮੁਢਲੀ ਪਹਚਾਨ ਕਰਵਾਈ ।
ਉਨ੍ਹਾ ਨੇ ਹਰ ਸਿਖ ਨੂੰ ਬਾਣੀ, ਰਹਿਤ ਤੇ ਗੁਰਮਤਿ ਅਨੁਸਾਰ ਜੀਓਣ ਦੀ ਪ੍ਰੇਰਨਾ ਦਿਤੀ ।
ਗੁਰੂ ਦੀ ਬਾਣੀ ਗੁਰੂ ਹੈ , ਗੁਰੂ ਬਾਣੀ ਵਿਚ ਵਿਆਪਕ ਹੈ ਜੋ ਉਸਤੇ ਸਹਾਰਾ ਤੇ ਸ਼ਰਧਾ ਰਖਦਾ ਹੈ ਓਹ ਯਕੀਨੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ । ਸਿਖਾਂ ਦੇ ਨਿਤ ਨੇਮ -ਤੇ ਰਹਿਣੀ- ਬਹਿਣੀ ਬਾਰੇ ਸਪਸ਼ਟ ਫੁਰਮਾਨ ਹੈ ਰੋਜ਼ਾਨਾ ਦੇ ਕਾਰਜਾਂ ਵਿਚ ਨਿਤਨੇਮ ਦੀ ਮਹਾਨਤਾ ਨੂੰ ਦਰਸਾਇਆ ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤੁ ਸਾਰੇ
ਗੁਰੂ ਬਾਣੀ ਕਹੈ ਸੇਵਕੁ ਜਨੁ ਮਨਾਈ ਪਰਤਖਿ ਗੁਰੂ ਨਿਸਤਾਰੈ ।।
“ਗੁਰੂ ਸਤਿਗੁਰੁ ਕਾ ਜੋ ਸਿਖ ਅਖਾਵੇ “
ਸੁ ਭਲਕੇ ਉਠਿ ਹਰਿ ਨਾਮ ਧਿਆਵੈ
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ
ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ
ਬਹਿੰਦਿਆਂ ਉਠਦਿਆਂ ਹਰਿ ਨਾਮੁ ਧਿਆਵੈ ।
ਆਪਜੀ ਨੇ ਆਸਾ ਦੀ ਵਾਰ ਦੇ ਮੁਢਲੇ 24 ਛੰਦ ਰਚਕੇ ਆਸਾ ਦੀ ਵਾਰ ਦਾ ਵਿਧੀ ਅਨੁਸਾਰ ਕੀਰਤਨ ਕਰਨ ਦੀ ਰਵਾਇਤ ਕਾਇਮ ਕੀਤੀ ਆਪ ਖੁਦ ਵੀ ਆਪ ਉਚ ਦਰਜੇ ਦੇ ਸੰਗੀਤਕਾਰ ਸਨ ਤੰਤੀ ਸਾਜ਼ ਵਜਾ ਕੇ ਆਪ ਵੀ ਕੀਰਤਨ ਕਰਦੇ ਰਹੇ ।
ਵਾਹਿਗੁਰੂ ਨੂੰ ਯਾਦ ਰਖੋ , ਪਿਆਰ ਕਰੋ, ਭਰੋਸਾ ਕਰੋ ਤੇ ਗ੍ਰਹਿਸਤ ਵਿਚ ਰਹਿੰਦਿਆਂ ਉਸ ਨੂੰ 24 ਘੰਟੇ ਮਨ ਵਿਚ ਰਖੋ ।
“ਵਿਚੇ ਗ੍ਰਿਹਿ ਸਦਾ ਰਹੇ ਉਦਾਸੀ
ਜੀਓ ਕਮਲ ਰਹੇ ਵਿਚਿ ਪਾਣੀ ਹੇ
ਇਸ ਕਲਿਜੁਗ ਵਿਚ ਕੋਈ ਵਿਕਾਰਾਂ ਦੇ ਜਾਲ ਵਿਚੋਂ ਬਾਹਰ ਨਿਕਲਣਾ ਚਾਹੇ ਤਾ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਤੁਹਾਡੇ ਦੁਖਾਂ ਨੂੰ ਹਰ ਸਕਦਾ ਹੈ ਤੇ ਤੁਹਾਨੂੰ ਸੰਸਾਰ ਸਮੁੰਦਰ ਤੋਂ ਬਾਹਰ ਕਢ ਸਕਦਾ ਹੈ । ਅਜ ਅਸੀਂ ਕੁਰਾਹੇ ਤੁਰੇ ਜਾ ਰਹੇ ਹਾਂ ਨਾਮ-ਸਿਮਰਨ ਤੋ ਵਧ ਫੋਕਟ ਦੇ ਕਰਮਾਂ ਨੂੰ ਤਰਜੀਹ ਦੇਣ ਲਗੇ ਹਾਂ । ਗੁਰੂ ਸਾਹਿਬ ਨੇ ਸਮਝਾਇਆ ਹੈ ਕੀ ਸਾਰੇ ਤੀਰਥ, ਵਰਤ,ਯਗ ਅਤੇ ਪੁਨ-ਦਾਨ ਕਰਨ ਤੇ ਵੀ ਇਹ ਨਾਮ -ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ ਪ੍ਰਭੁ ਦਾ ਸਿਮਰਨ ਹੀ ਜਪ-ਤਪ ਅਤੇ ਪੂਜਾ ਹੈ ।
ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਪ੍ਰਮਾਤਮਾ ਆਦਿ ਪੁਰਖ ਅਪਰੰਪਰ , ਸ਼੍ਰਿਸ਼ਟੀ ਕਰਤਾ, ਜੁਗਾਂ ਜੁਗੰਤਰ ਤਕ ਇਕੋ ਤੇ ਸਦੀਵੀ ਹੈ
” ਤੂੰ ਆਦਿ ਪੁਰਖ ਅਪਰੰਪਰ ਤੁਧ ਜੇਵਡੁ ਅਵਰ ਨਾ ਕੋਇ ।
ਤੂੰ ਜੁਗਿ ਜੁਗਿ ਏਕੋ ਸਦਾ ਸਦਾ ਤੂੰ ਨਿਹਿਚ੍ਲ ਕਰਤਾ ਸੋਇ ।
ਸੁਆਰਥ ਵਸ ਝੂਠੀ ਮਾਣ ਪ੍ਰਤਿਸ਼ਟਾ ਜਾਂ ਧੰਨ- ਦੋਲਤ ਦੀ ਪ੍ਰਾਪਤੀ ਲਈ ਦੁਨਿਆ ਦੀ ਵਡਿਆਈ ਜਾ ਖੁਸ਼ਾਮਤ ਕਰਦੇ ਜੀਵਨ ਨੂੰ ਵਿਅਰਥ ਗੁਆ ਲੈਣ ਵਾਲੇ ਜੀਆਂ ਨੂੰ ਸੁਚੇਤ ਕਰਦੇ ਫੁਰਮਾਂਦੇ ਹਨ ਵਡਿਆਈ ਕਰਨੀ ਹੈ ਤਾ ਸਿਰਫ ਉਸ ਪ੍ਰਮਾਤਮਾ ਦੀ ਕਰੋ ਬਾਕੀ ਸਭ ਫਿਕਾ ਤੇ ਵਿਅਰਥ ਹੈ ।
ਵਿਣੁ ਨਾਵੈ ਹੋਰ ਸਲਾਹਣਾ ਸਭੁ ਬੋਲਣ ਫਿਕਾ ਸਾਦੁ ।।
ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਗੁਰੂ ਨਾਨਕ ਦੇ ਅਸੂਲਾਂ ਦੇ ਨਾਲ ਨਾਲ ਆਪਣੇ ਪਰਿਵਾਰਕ ਜਿਮੇਦਾਰੀਆਂ ਲਈ ਤੇ ਸਮਾਜਿਕ ਵਿਕਾਸ ਲਈ ਸੇਵਾ ਨੂੰ ਉਤਮ ਮੰਨਿਆ, ਜਿਸ ਲਈ ਕਾਮ, ਕ੍ਰੋਧ, ਲੋਭ ,ਮੋਹ, ਹੰਕਾਰ,ਕਪਟ ਝੂਠ ਨਿੰਦਾ , ਦੁਬਿਧਾ, ਤੇ ਈਰਖਾ ਨੂੰ ਤਿਆਗਣਾ ਬਹੁਤ ਜਰੂਰੀ ਹੈ । ਮਾਇਆ ਦਾ ਮਾਨ ਕੂੜਾ ਹੈ ਮਾਇਆ ਪਰਛਾਵੈ ਦੀ ਨਿਆਈ ਹੈ ਜੋ ਕਦੇ ਚੜਦੇ ਤੇ ਕਦੀ ਲਹਿੰਦੇ ਪਾਸੇ ਹੋ ਜਾਂਦੀ ਹੈ ਘੁਮਿਆਰ ਦੇ ਚਕਰ ਵਾਂਗ ਤੁਰਦੀ ਫਿਰਦੀ ਰਹਿੰਦੀ ਹੈ । ਗੁਰਮਤਿ ਸਿਧਾਂਤਾਂ ਦਾ ਪਾਲਣ ਕਰਨ ਵਾਲਾ ਹੀ ਗੁਰਸਿਖ ਅਖਵਾਣ ਦਾ ਅਧਿਕਾਰੀ ਹੈ ।
ਹਰਨਰਾਇਣ ਸਿੰਘ ਮੱਲੇਆਣਾ