ਫੂਲਾ ਸਿੰਘ ਅਕਾਲੀ ਇਕ ਖੁੱਦਾਰ, ਸੂਰਵੀਰ ਅਤੇ ਨਿਧੜਕ ਨਿਹੰਗ ਜੱਥੇਦਾਰ ਸਨ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਵਿਸਤਾਰ ਵਿਚ ਅਦੁੱਤੀ ਸਹਿਯੋਗ ਦਿੱਤਾ।
ਆਪ ਜੀ ਦਾ ਜਨਮ 14 ਜਨਵਰੀ ਜਾਂ 1 ਜਨਵਰੀ,1760 ਨੂੰ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਪੰਜ ਕਿ.ਮੀ. ਪੱਛਮ ਵਾਲੇ ਪਾਸੇ ਸਥਿਤ ਸੀਹਾਂ ਪਿੰਡ ਦੇ ਨਿਵਾਸੀ ਸ. ਈਸ਼ਰ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ।
ਈਸ਼ਰ ਸਿੰਘ ਨਿਸ਼ਾਨਾਂ ਵਾਲੀ ਮਿਸਲ ਦਾ ਇਕ ਬਹਾਦਰ ਯੋਧਾ ਸੀ। ਕਹਿੰਦੇ ਹਨ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ 5 ਫਰਵਰੀ,1762 ਈ. ਨੂੰ ਕੁੱਪ ਰਹੀੜੇ ਦੇ ਮੁਕਾਮ’ਤੇ ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਸਿੰਘ ਸ਼ਹੀਦ ਕੀਤੇ, ਉਦੋਂ ਈਸ਼ਰ ਸਿੰਘ ਵੀ ਘਾਇਲ ਹੋਇਆ ਅਤੇ ਜ਼ਖ਼ਮ ਠੀਕ ਨ ਹੋਣ ਕਾਰਣ ਕੁਝ ਸਮੇਂ ਬਾਦ ਗੁਜ਼ਰ ਗਿਆ। ਉਦੋਂ ਫੂਲਾ ਸਿੰਘ ਜੀ ਦੀ ਉਮਰ ਦੋ ਵਰ੍ਹਿਆਂ ਦੇ ਨੇੜੇ ਸੀ। ਮਰਨ ਤੋਂ ਪਹਿਲਾਂ ਈਸ਼ਰ ਸਿੰਘ ਨੇ ਆਪਣੇ ਦੋਹਾਂ ਪੁੱਤਰਾਂ—ਫੂਲਾ ਸਿੰਘ ਅਤੇ ਸੰਤ ਸਿੰਘ ਨੂੰ ਆਪਣੇ ਮਿੱਤਰ ਬਾਬਾ ਨਰੈਣ ਸਿੰਘ (ਨੈਣਾ ਸਿੰਘ) ਦੇ ਸਪੁਰਦ ਕੀਤਾ।
ਧਰਮ ਗ੍ਰੰਥਾਂ ਦੇ ਅਧਿਐਨ ਤੋਂ ਬਾਦ ਫੂਲਾ ਸਿੰਘ ਨੂੰ ਸ਼ਸਤ੍ਰ ਵਿਦਿਆ , ਘੋੜ ਸਵਾਰੀ ਅਤੇ ਜੰਗੀ ਕਰਤਬਾਂ ਦੀ ਸਿਖਲਾਈ ਕਰਾਈ ਗਈ। 14 ਵਰ੍ਹਿਆਂ ਦੀ ਉਮਰ ਵਿਚ ਹੀ ਫੂਲਾ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ। ਆਪ ਨੇ ਆਪਣੀ ਸਾਰੀ ਜਾਇਦਾਦ ਅਤੇ ਘਰ ਬਾਰ ਛੋਟੇ ਭਰਾ ਸੰਤ ਸਿੰਘ ਨੂੰ ਦੇ ਕੇ ਖ਼ੁਦ ਨਿਹੰਗ ਬਣ ਕੇ ਸ਼ਹੀਦਾਂ ਦੀ ਮਿਸਲ ਵਿਚ ਜਾ ਰਲੇ। ਬਾਬਾ ਨਰੈਣ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਅਤੇ ਉਸ ਦੇ ਜੱਥੇ ਵਿਚ ਰਹਿ ਕੇ ਕਈ ਗੁਰਦੁਆਰਿਆਂ ਦੀ ਸੇਵਾ ਕੀਤੀ ਅਤੇ ਜਦੋਂ ਕੋਈ ਅਵਸਰ ਬਣਿਆ, ਲੜਾਈਆਂ ਵਿਚ ਆਪਣੀ ਸੂਰਵੀਰਤਾ ਵੀ ਵਿਖਾਈ।
ਸੰਨ 1800 ਵਿਚ ਬਾਬਾ ਨਰੈਣ ਸਿੰਘ ਦੀ ਮੌਤ ਤੋਂ ਬਾਦ ਆਪਣੇ ਜਥੇ ਦਾ ਜੱਥੇਦਾਰ ਥਾਪਿਆ ਗਿਆ। ਜੱਥੇਦਾਰ ਬਣਨ ਉਪਰੰਤ ਇਹ ਸ੍ਰੀ ਦਰਬਾਰ ਸਾਹਿਬ , ਸ੍ਰੀ ਅਕਾਲ -ਤਖ਼ਤ ਅਤੇ ਪਾਵਨ ਸਰੋਵਰ ਦੀ ਕਾਰ-ਸੇਵਾ ਲਈ ਅੰਮ੍ਰਿਤਸਰ ਪਹੁੰਚੇ ਅਤੇ ਸਥਾਈ ਤੌਰ ’ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਨਿਵਾਸ ਬਣਾ ਲਿਆ। ਇਸ ਦੇ ਡੇਰੇ ਵਾਲੀ ਥਾਂ ਉਤੇ ਹੁਣ ‘ਬੁਰਜ ਬਾਬਾ ਫੂਲਾ ਸਿੰਘ ਅਕਾਲੀ’ (ਛਾਓਣੀ ਨਿਹੰਗਾਂ) ਬਣਿਆ ਹੋਇਆ ਹੈ।
ਜਨਵਰੀ 1802 ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਦੇ ਭੰਗੀ ਸਰਦਾਰ ਉਤੇ ਕੀਤੇ ਹਮਲੇ ਵੇਲੇ ਆਪ ਜੀ ਨੇ ਵਿਚ ਪੈ ਕੇ ਖ਼ੂਨ ਖ਼ਰਾਬਾ ਹੋਣੋਂ ਬਚਾ ਲਿਆ ਅਤੇ ਮਹਾਰਾਜੇ ਦਾ ਅੰਮ੍ਰਿਤਸਰ ਉਪਰ ਸਹਿਜ ਢੰਗ ਨਾਲ ਅਧਿਕਾਰ ਹੋ ਗਿਆ। ਇਸ ਘਟਨਾ ਦੇ ਫਲਸਰੂਪ ਆਪ ਜੀ ਦਾ ਮਾਣ ਸਤਿਕਾਰ ਬਹੁਤ ਵਧਿਆ। ਮਹਾਰਾਜੇ ਦੇ ਕਹੇ ’ਤੇ ਆਪ ਜੀ ਨੇ ਅੰਗ੍ਰੇਜ਼ ਸਫ਼ੀਰ ਮਿ. ਮੈਟਕਾਫ਼ ਦੇ ਨਾਲ ਆਏ ਮੁਸਲਮਾਨ ਸੈਨਿਕਾਂ ਦੁਆਰਾ ਦਰਬਾਰ ਸਾਹਿਬ ਦੇ ਨੇੜਿਓਂ ਮੁਹੱਰਮ ਦੇ ਅਵਸਰ ’ਤੇ ਤਾਜ਼ੀਆ ਕਢਣ ਨਾਲ ਹੋਈ ਅਮਰਯਾਦਾ ਕਾਰਣ ਦੰਡ ਦੇਣਾ ਰੋਕ ਦਿੱਤਾ। ਸ੍ਰੀ ਅੰਮ੍ਰਿਤਸਰ ਦੇ ਨਿਵਾਸ ਦੌਰਾਨ ਆਪ ਜੀ ਨੇ ਹੋਰ ਵੀ ਕਈ ਗੁਰੂ-ਧਾਮਾਂ ਦੀ ਸੇਵਾ ਕੀਤੀ।
ਅਕਾਲੀ ਫ਼ੌਜ ਦੇ ਕਮਾਂਡਰ ਵਜੋਂ ਆਪ ਜੀ ਨੇ ਮਹਾਰਾਜੇ ਦੀ ਫ਼ੌਜ ਦੀ ਸਹਾਇਤਾ ਕਰਕੇ ਕਸੂਰ , ਮੁਲਤਾਨ , ਕਸ਼ਮੀਰ ਵਿਚ ਅਦੁੱਤੀ ਵੀਰਤਾ ਦਿਖਾਈ ਅਤੇ ਇਨ੍ਹਾਂ ਇਲਾਕਿਆਂ ਨੂੰ ਸਿੱਖ ਰਾਜ ਵਿਚ ਸ਼ਾਮਲ ਕੀਤਾ। ਆਪ ਸਿੱਖ- ਰਾਜ ਦੇ ਸੱਚੇ ਹਿਤੈਸ਼ੀ ਸਨ। ਆਮ ਤੌਰ ’ਤੇ ਆਪ ਜੀ ਫਰੰਗੀਆਂ, ਅਫ਼ਗ਼ਾਨਾਂ, ਡੋਗਰਿਆਂ ਅਤੇ ਵਿਦੇਸ਼ੀ ਕਾਰਿੰਦਿਆਂ ਉਤੇ ਵਿਸ਼ਵਾਸ ਨਹੀਂ ਕਰਦਾ ਸੀ।
ਇਕ ਵਾਰ ਕਿਸੇ ਕਾਰਣ ਮਹਾਰਾਜੇ ਨਾਲ ਨਾਰਾਜ਼ ਹੋ ਕੇ ਆਨੰਦਪੁਰ ਚਲੇ ਗਏ, ਪਰ ਜਦੋਂ ਕੌਮੀ ਕਰਤੱਵ ਨਿਭਾਉਣ ਲਈ ਮਹਾਰਾਜੇ ਨੇ ਸੁਨੇਹਾ ਭੇਜਿਆ, ਤਾਂ ਸਾਰੀ ਨਾਰਾਜ਼ਗੀ ਛਡ ਕੇ ਅੰਮ੍ਰਿਤਸਰ ਸਾਹਿਬ ਪਰਤ ਆਏ।
ਖ਼ਾਲਸਾਈ ਨਿਯਮਾਂ ਦੀ ਰਾਖੀ ਕਰਨ ਵੇਲੇ ਆਪ ਮਹਾਰਾਜੇ ਨੂੰ ਵੀ ਭਰੇ ਦੀਵਾਨ ਵਿਚ ਤਨਖ਼ਾਹ ਲਾਉਣ ਤੋਂ ਸੰਕੋਚ ਨਹੀਂ ਕਰਦੇ ਸੀ। ਆਪ ਨੇ ਆਖ਼ਰੀ ਲੜਾਈ ਨੌਸ਼ਹਿਰੇ ਵਿਚ ਲੜੀ ਅਤੇ ਆਪਣੀ ਅਦੁੱਤੀ ਬਹਾਦਰੀ ਨਾਲ ਹਾਰ ਨੂੰ ਜਿਤ ਵਿਚ ਬਦਲ ਕੇ 14 ਮਾਰਚ, 1823 ਨੂੰ ਇਹ ਮਹਾਨ ਸਿੱਖ ਯੋਧਾ ਵੀਰਗਤੀ ਪ੍ਰਾਪਤ ਕਰਗਿਆ।
ਆਪ ਜੀ ਦੀ ਸਮਾਧ ਨੌਸ਼ਹਿਰੇ ਤੋਂ 6 ਕਿ.ਮੀ. ਦੀ ਵਿਥ ’ਤੇ ਲੁੰਡੇ ਦਰਿਆ (ਕਾਬੁਲ ਨਦੀ) ਦੇ ਕੰਢੇ ਮੌਜੂਦ ਹੈ। ਦੇਸ਼ ਵੰਡ ਤੋਂ ਬਾਦ ਇਹ ਧਰਮ-ਧਾਮ ਪਾਕਿਸਤਾਨ ਵਿਚ ਰਹਿ ਗਿਆ ਹੈ।
ਅਕਾਲੀ ਜੀ ਦੀ ਯਾਦ ਵਿਚ ਪੂਸਾ ਰੋਡ ਦਿੱਲੀ ਵਿਚ ਇਕ ਗੁਰਦੁਆਰਾ ਅਤੇ ਸਕੂਲ ਬਣਾਇਆ ਗਿਆ ਹੈ। ਬਾਬਾ ਜੀ ਦੀ ਬਾਣੀ ਅਤੇ ਬਾਣੇ ਨਾਲ ਬਹੁਤ ਪਿਆਰ ਕਰਦੇ ਸਨ। ਇਹ ਸਚੇ ਅਰਥਾਂ ਵਿਚ ਸੰਤ ਸਿਪਾਹੀ ਸਨ।