You are here

ਪੰਜਾਬ

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੌਕੇ ਲਹਿਰਾਇਆ ਤਿਰੰਗਾ

ਮਾਨ ਸਰਕਾਰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ - ਕੈਬਨਿਟ ਮੰਤਰੀ ਸ. ਹਰਭਜਨ ਸਿੰਘ

27 ਜਨਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ

ਗੁਰਦਾਸਪੁਰ, 26 ਜਨਵਰੀ (ਹਰਪਾਲ ਸਿੰਘ ਦਿਓਲ) - ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਗੁਰਦਾਸਪੁਰ ਵਿਖੇ 74ਵੇਂ ਗਣਤੰਤਰ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਮਾਣਯੋਗ ਊਰਜਾ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਨੇ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਦੇਸ਼ ਵਿਦੇਸ਼ ਵਿਚ ਵੱਸਦੇ ਸਾਰੇ ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਨੂੰ ਗਣਤੰਤਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਸਿਜ਼ਦਾ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਚ ਸੂਬਾ ਸਿਹਤ, ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਤੋਂ ਇਲਾਵਾ ਆਰਥਿਕ ਪੱਖੋਂ ਮਜ਼ਬੂਤੀ ਦੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੂੰ ਘਰਾਂ ਦੇ ਨੇੜੇ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ 100 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ ਅਤੇ ਭਲਕੇ 27 ਜਨਵਰੀ ਨੂੰ ਰਾਜ ਅੰਦਰ 500 ਹੋਰ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 33 ਆਮ ਆਦਮੀ ਕਲੀਨਿਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਸ਼ੁਰੂ ਹੋਣਗੇ।

ਕੈਬਨਿਟ ਮੰਤਰੀ ਸ. ਹਰਭਜਨ ਸੰਘ ਨੇ ਕਿਹਾ ਕਿ ਪੰਜਾਬ ਦੇ ਰੌਸ਼ਨ ਭਵਿੱਖ ਲਈ ਅਸੀਂ ਬੱਚਿਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਜਿਸ ਤਹਿਤ ਰਾਜ ਸਰਕਾਰ ਵੱਲੋਂ ਸੂਬੇ ਅੰਦਰ 100 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਵਿਚ 58 ਕਰੋੜ ਦੀ ਲਾਗਤ ਨਾਲ ਇੰਟਰਨੈਟ ਅਤੇ ਵਾਈ ਫਾਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਜ਼ਿਲ੍ਹਾ ਲਾਇਬ੍ਰੇਰੀਆਂ ਵਿਚ 30 ਕਰੋੜ ਦੇ ਬਜਟ ਨਾਲ ਬੁਨਿਆਦੀ ਸਹੂਲਤਾਂ ਦੀ ਵਿਵਸਥਾ ਵੀ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਹੁਣ ਤੱਕ ਸੂਬੇ ਦੇ ਕਰੀਬ 26 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਤੋਂ ਇਲਾਵਾ ਲਗਭਗ 9 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਾਕ ਤੋਂ ਸੂਬਾ ਪੱਧਰ ਤੱਕ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ-2022 ’ਚ ਕਰੀਬ 3 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਅਤੇ 9961 ਜੇਤੂ ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮੁਹੱਈਆ ਕਰਵਾਈ ਗਈ।

ਕੈਬਨਿਟ ਮੰਤਰੀ ਸ. ਹਰਭਜਨ ਸੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 335 ਕਿਲੋਮੀਟਰ ਪੇਂਡੂ ਸੜਕਾਂ ਨੂੰ 221 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ ਅਤੇ 1047 ਕਰੋੜ ਰੁਪਏ ਦੀ ਲਾਗਤ ਨਾਲ 1464 ਕਿਲੋਮੀਟਰ ’ਤੇ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਨਿੱਜੀ ਆਧਾਰ ’ਤੇ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ 1 ਲੱਖ 10 ਹਜ਼ਾਰ ਤੋਂ ਵੱਧ ਖੇਤੀ ਮਸ਼ੀਨਾਂ ਮੁਹੱਈਆ ਕਰਵਾ ਕੇ ਪੰਜਾਬ ਮੋਹਰੀ ਸੂਬਾ ਬਣਿਆ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਪਰਿਵਾਰਾਂ ਨੂੰ ਲੜਕੀ ਦੇ ਵਿਆਹ ’ਤੇ 51 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਸੈਨੀਟੇਸ਼ਨ ਨੂੰ ਯਕੀਨੀ ਬਣਾਉਣ ਲਈ 40 ਕਰੋੜ ਰੁਪਏ ਦੀ ਲਾਗਤ ਦੇ 1894 ਕਮਿਊਨਿਟੀ ਸੈਨੇਟਰੀ ਕੰਪਲੈਕਸ ਦੇ ਕੰਮ ਸ਼ੁਰੂ ਕੀਤੇ ਗਏ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜ਼ੀਰੋ ਬਿਜਲੀ ਬਿੱਲ ਦੇ ਵਾਅਦੇ ਨੂੰ ਪੂਰਾ ਕਰਦਿਆਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਹੈ ਅਤੇ ਹੁਣ ਸੂਬੇ ਦੇ 90 ਫ਼ੀਸਦੀ ਤੋਂ ਵੱਧ ਜ਼ੀਰੋ ਬਿਲ ਆ ਰਹੇ ਹਨ।

ਉਨ੍ਹਾਂ ਕਿਹਾ ਪਾਵਰਕਾਮ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਵਚਨਬੱਧ ਹੈ। ਪਾਵਰਕਾਮ ਵੱਲੋਂ ਰੀਵੈਂਪਡ ਡਿਸਟਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐੱਸ.ਐੱਸ.) ਤਹਿਤ ਜ਼ਿਲ੍ਹਾ ਗੁਰਦਾਸਪੁਰ ਲਈ 113 ਕਰੋੜ ਰੁਪਏ ਦੀ ਡਿਟੇਲਡ ਪ੍ਰੋਜੈਕਟ ਰੀਪੋਰਟ ਮਨਜ਼ੂਰ ਕੀਤੀ ਗਈ ਹੈ। ਇਸ ਸਕੀਮ ਤਹਿਤ ਜ਼ਿਲ੍ਹੇ ਵਿੱਚ ਨਵੇਂ ਬਿਜਲੀ ਫੀਡਰਾਂ ਦੀ ਉਸਾਰੀ ਕੀਤੀ ਜਾਵੇਗੀ, ਨਵੇਂ ਬਿਜਲੀ ਟਰਾਂਸਫਾਰਮ ਲਗਾਏ ਜਾਣਗੇ ਅਤੇ ਪੁਰਾਣੇ ਟਰਾਸ਼ਫਾਰਮ ਦੀ ਕਪੈਸਟੀ ਵਧਾਈ ਜਾਵੇਗੀ। ਇਸ ਸਕੀਮ ਤਹਿਤ ਕੰਮ ਹੋਣ ਨਾਲ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਚਨਬੱਧ ਹੈ।

ਇਸ ਤੋਂ ਬਾਅਦ ਪਰੇਡ ਕਮਾਂਡਰ ਡੀ.ਐਸ.ਪੀ. ਸ. ਗੁਰਵਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਸ ਅਤੇ ਪੰਜਾਬ ਪੁਲਿਸ ਦੇ ਬੈਂਡ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਕੌਮੀ ਝੰਡੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ।

ਇਸ ਤੋਂ ਬਾਅਦ ਬੀ.ਐੱਸ.ਐੱਫ ਵੱਲੋਂ ਵਿਸ਼ੇਸ਼ ਝਾਕੀ ਰਾਹੀਂ ਸਰਹੱਦਾਂ ’ਤੇ ਦੇਸ਼ ਦੀ ਸੁਰੱਖਿਆ ਲਈ ਵਰਤੇ ਜਾ ਰਹੇ ਅਤਿ-ਆਧੁਨਿਕ ਹਥਿਆਰ ਪ੍ਰਦਰਸ਼ਿਤ ਕੀਤੇ ਗਏ। ਬੀ.ਐੱਸ.ਐੱਫ ਦੇ ਜਵਾਨਾਂ ਨੂੰ ਇਸ ਝਾਕੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਉਪਰੰਤ ਪਾਵਰਕਾਮ, ਪੰਚਾਇਤ ਵਿਭਾਗ, ਰੋਜ਼ਗਾਰ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ. ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਮਿਲਕਫੈਡ, ਮੱਛੀ ਪਾਲਣ, ਪੁਲਿਸ ਵਿਭਾਗ ਅਤੇ ਵਿਰਸਾ ਗੁਰਦਾਸਪੁਰ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਬਾਖੂਬੀ ਦਰਸਾਇਆ ਗਿਆ। ਮੱਛੀ ਪਾਲਣ ਵਿਭਾਗ ਦੀ ਝਾਕੀ ਨੂੰ ਬੈਸਟ ਝਾਕੀ ਐਲਾਨਿਆ ਗਿਆ। ਉਪਰੰਤ ਵੱਖ-ਵੱਖ ਸਿੱਖਿਆ ਸੰਸਥਾਵਾਂ ਵੱਲੋਂ ਸ਼ਬਦ ਗਾਇਨ, ਮਾਸ ਪੀ.ਟੀ. ਸ਼ੋਅ, ਦੇਸ਼ ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ, ਗਿੱਧਾ ਅਤੇ ਭੰਗੜਾ ਪੇਸ਼ ਕੀਤੇ ਗਏ। ਸੱਭਿਾਚਾਰਕ ਪ੍ਰੋਗਰਾਮ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਹਯਾਤਨਗਰ ਨੂੰ, ਦੂਸਰਾ ਸਥਾਨ ਸੇਂਟ ਕਬੀਰ ਸੀਨੀਅਰ ਸਕੈਂਡਰੀ ਸਕੂਲ ਸੁਲਤਾਨਪੁਰ, ਗੁਰਦਾਸਪੁਰ ਅਤੇ ਤੀਸਰਾ ਸਥਾਨ ਸਰਕਾਰੀ ਸਕੂਲਾਂ ਦੀ ਗਿੱਧੇ ਦੀ ਟੀਮ ਨੇ ਹਾਸਲ ਕੀਤਾ।

ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਟੁਕੜੀਆਂ ਦੀ ਅਗਵਾਈ ਕਰ ਰਹੇ ਪਲਟੂਨ ਕਮਾਂਡਰਾਂ ਸਮੇਤ ਪਰੇਡ ਦੀ ਅਗਵਾਈ ਕਰ ਰਹੇ ਡੀ.ਐਸ.ਪੀ. ਸ. ਗੁਰਵਿੰਦਰ ਸਿੰਘ ਸਮੇਤ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਵੱਲੋਂ ਸ਼ਹੀਦੀ ਗੈਲਰੀ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਪਰੰਤ ਵੀਰ ਨਾਰੀਆਂ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਦਿਵਿਆਂਗਜਨਾਂ ਨੂੰ ਟਰਾਈਸਾਇਕਲਾਂ ਦੀ ਵੰਡ ਕੀਤੀ ਗਈ। ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ ਕੌਮੀ ਗੀਤ ਨਾਲ ਹੋਈ। ਮੁੱਖ ਮਹਿਮਾਨ ਜੀ ਵੱਲੋਂ ਗਣਤੰਤਰ ਦਿਹਾੜੇ ਦੀ ਖੁਸ਼ੀ ਵਿਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਵਿਚ 27 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਬਟਾਲਾ ਤੋਂ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ, ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਸ੍ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਸੁਹਿੰਦਰ ਕੌਰ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ, ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ, ਐੱਸ.ਡੀ.ਐੱਮ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ ਡਾ. ਵਰੁਣ ਕੁਮਾਰ, ਤਹਿਸੀਲਦਾਰ ਜਗਤਾਰ ਸਿੰਘ, ਉੱਘੇ ਜਨਤਕ ਆਗੂ ਸ਼ਮਸ਼ੇਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਹਾਜ਼ਰ ਸਨ।

ਪੰਜਾਬ ਨਾਨ ਗਜਟਿਡ ਫਾਰੈਸਟ ਆਫੀਸਰਜ਼ ਯੂਨੀਅਨ (ਰਜਿ.) ਸੂਬਾ ਕਮੇਟੀ

ਚੰਡੀਗੜ੍ਹ, 26 ਜਨਵਰੀ (ਹਰਪਾਲ ਸਿੰਘ ਦਿਓਲ )ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਪੱਤਰਾਂ/ਮੁਲਾਕਾਤਾਂ ਅਤੇ ਮੀਟਿੰਗਾਂ ਦੇ ਦੌਰ ਤੋ ਬਾਅਦ ਮਾਣਯੋਗ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ, ਪੰਜਾਬ ਜੀ ਵੱਲੋਂ ਜਥੇਬੰਦੀ ਦੀ ਮੰਗ ਅਨੁਸਾਰ ਇੱਕ ਉੱਚ ਪੱਧਰੀ ਪੈਨਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਸੀ।

ਜਿਸ ਸਬੰਧੀ ਅੱਜ ਮਾਣਯੋਗ ਵਣ ਮੰਤਰੀ, ਪੰਜਾਬ ਜੀ ਵੱਲੋਂ ਪ੍ਰਧਾਨ ਮੁੱਖ ਵਣ ਪਾਲ (HoFF) ਪੰਜਾਬ , ਪ੍ਰਧਾਨ ਮੁੱਖ ਵਣ ਪਾਲ ਪ੍ਰਸ਼ਾਸਨ ਜੀ ਦੀ ਹਾਜ਼ਰੀ ਵਿੱਚ ਜਥੇਬੰਦੀ ਦੀ ਸਾਂਝੀ ਪੈਨਲ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਜਥੇਬੰਦੀ ਦਾ ਸੂਬਾਈ ਵਫਦ ਸਾਥੀ ਰਣਬੀਰ ਸਿੰਘ ਉੱਪਲ ਸੂਬਾ ਪ੍ਰਧਾਨ ਅਤੇ ਸਾਥੀ ਬੋਬਿੰਦਰ ਸਿੰਘ ਸੂਬਾਈ ਜਨਰਲ ਸਕੱਤਰ ਦੀ ਅਗਵਾਈ ਵਿੱਚ ਸ਼ਾਮਲ ਹੋਇਆ।

ਮੀਟਿੰਗ ਦੀ ਕਾਰਵਾਈ ਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਾਥੀ ਅਮਨ ਅਰੋੜਾ ਅਤੇ ਸਾਥੀ ਸਚਿਨਦੀਪ ਸੂਬਾਈ ਪ੍ਰੈਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਜਥੇਬੰਦੀ ਦੀ ਮੰਗ ਅਨੁਸਾਰ ਵਿਭਾਗ ਵੱਲੋ ਸਰਕਾਰ ਨੂੰ ਭੇਜੀਆਂ ਸਿਫਾਰਿਸ਼ਾ ਜਿਸ ਵਿੱਚ ਮੁੱਖ ਤੌਰ ਤੇ ਵਣ ਕਾਰਜਕਾਰੀ ਅਮਲੇ ਨੂੰ ਪੈਟਰੌਲ ਭੱਤਾ, ਪੱਕਾ ਰਿਸਕ ਭੱਤਾ, ਤੇਰਵੀਂ ਤਨਖਾਹ, ਵਣ ਗਾਰਡ ਦਾ ਨਾਮ ਬਦਲਣ, ਵੱਖਰੀ ਬਦਲੀ ਨੀਤੀ ਬਣਾਉਣ ਤੋਂ ਇਲਾਵਾ ਪ੍ਰਮੋਸ਼ਨਾ, ਰਿਕਵੀਰੀਆਂ, ਟੋਲ ਟੈਕਸ ਤੋ ਛੂਟ ਆਦਿ ਮੁੱਦਿਆ ਤੇ ਵਿਚਾਰ ਚਰਚਾ ਹੋਈ। ਜਿਸ ਵਿੱਚ ਉਹਨਾ ਵੱਲੋ ਜਥੇਬੰਦੀ ਦੀਆ ਮੰਗਾ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਸਾਥੀ ਸਤਨਾਮ ਸਿੰਘ ਮਾਨ ਅਤੇ ਸਾਥੀ ਜਸਵੀਰਪਾਲ ਸੂਬਾਈ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅੰਕੜਿਆਂ ਅਤੇ ਪੁਖਤਾ ਦਸਤਾਵੇਜ਼ਾਂ ਨਾਲ ਸਰਕਾਰ ਸਾਹਮਣੇ ਮੁਲਾਜਮਾਂ ਦਾ ਪੱਖ ਰੱਖਿਆ ਗਿਆ ਅਤੇ ਮੌਜੂਦਾ ਸਮੇਂ ਵਿੱਚ ਵਣ ਕਾਰਜਕਾਰੀ ਫ਼ੀਲਡ ਅਮਲਾ ਜਿੰਨਾ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ, ਉਸ ਬਾਰੇ ਵੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ।

ਸਾਥੀ ਸੰਦੀਪ ਸਿੰਘ ਬੰਗੜ, ਸਾਥੀ ਅਪਿੰਦਰ ਸਿੰਘ, ਸਾਥੀ ਤੀਰਥ ਸਿੰਘ ਮੀਤ ਪ੍ਰਧਾਨ ਫੂਲਾ ਸਿੰਘ ਪੱਡਾ ਵਿੱਤ ਸਕੱਤਰ ਨੇ ਦੱਸਿਆ ਕਿ ਜਿਹੜੇ ਮੁੱਦੇ ਸਰਕਾਰ ਪੱਧਰ ਤੇ ਹੱਲ ਹੋਣੇ ਹਨ, ਉਹਨਾਂ ਦੇ ਮਾਨਯੋਗ ਵਣ ਮੰਤਰੀ ਪੰਜਾਬ ਜੀ ਵੱਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਵਿਭਾਗ ਪੱਧਰ ਦੇ ਮਸਲੇ ਹੱਲ ਲਈ ਮੌਕੇ ਤੇ ਪ੍ਰਧਾਨ ਮੁੱਖ ਵਣ ਪਾਲ (HoFF) ਪੰਜਾਬ ਜੀ ਨੂੰ ਆਦੇਸ਼ ਕੀਤੇ ਗਏ।

ਸਾਥੀ ਸੁਭਾਸ਼ ਚੰਦਰ ਸਹਾਇਕ ਸਕੱਤਰ, ਸਾਥੀ ਗੁਰਦੀਪ ਸਿੰਘ ਪੂਹਲਾ ਪ੍ਰਚਾਰ ਸਕੱਤਰ, ਸਾਥੀ ਜਗਮੀਤ ਸਿੰਘ ਜਥੇਬੰਦਕ ਸਕੱਤਰ, ਸਾਥੀ ਰਣਜੀਤ ਸਿੰਘ ਸਹਾਇਕ ਵਿੱਤ ਸਕੱਤਰ, ਸਾਥੀ ਬਲਦੇਵ ਰਾਜ ਆਡੀਟਰ ਵੱਲੋ ਦੱਸਿਆ ਕਿ ਮੀਟਿੰਗ ਦੌਰਾਨ ਜਿੰਨਾ ਮੁੱਦਿਆ ਤੇ ਸਹਿਮਤੀ ਬਣੀ ਹੈ, ਜਥੇਬੰਦੀ ਓਹਨਾ ਮਸਲਿਆਂ ਦੀ ਲਗਾਤਾਰ ਪੈਰਵਾਈ ਕਰਕੇ ਅਮਲੀ ਜਾਮਾ ਪਹਿਨਾਉਣ ਤੱਕ ਸੰਘਰਸ਼ ਜਾਰੀ ਰੱਖੇਗੀ।

ਇਸ ਮੌਕੇ ਸਾਥੀ ਸਤਵੰਤ ਸਿੰਘ, ਹਰਦੀਪ ਰੱਖੜਾ, ਕੰਚਨਜੀਤ ਰੰਧਾਵਾ, ਗੁਰਪ੍ਰੀਤ ਗਿੱਲ ਸਪੈਸ਼ਲ ਮੈਬਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਿਛਲੇ ਦਿਨੀ ਵਣ ਮੁਲਾਜਮਾਂ ਤੇ ਡਿਊਟੀ ਦੌਰਾਨ ਲੱਕੜ ਮਾਫੀਆ, ਭੂ-ਮਾਫੀਆ, ਰੇਤ ਮਾਈਨਿੰਗ ਮਾਫੀਆ ਵੱਲੋ ਹੋਏ ਜਾਨਲੇਵਾ ਹਮਲਿਆ ਬਾਰੇ ਵੀ ਚਰਚਾ ਹੋਈ। ਜਥੇਬੰਦੀ ਵੱਲੋ ਇਹਨਾ ਹਮਲਿਆਂ ਤੋਂ ਵਣ ਮੁਲਾਜਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਈ ਠੋਸ ਨੀਤੀ ਬਣਾਉਣ ਅਤੇ ਹਰ ਮੰਡਲ ਵਿੱਚ ਹਥਿਆਰਬੰਦ ਸੁਰੱਖਿਆ ਬਲ ਤਾਇਨਾਤ ਕਰਨ ਅਤੇ ਜਖਮੀ ਮੁਲਾਜਮਾਂ ਤੇ ਸ਼ਹੀਦ ਮੁਲਾਜਮਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਗਈ ।

ਇਸ ਮੌਕੇ ਹਰਵਿੰਦਰ ਸਿੰਘ ਗੜਸ਼ੰਕਰ, ਸੁਖਜਿੰਦਰ ਸਿੰਘ ਭੋਮਾ, ਰਵੀਇੰਦਰਜੀਤ ਸਿੰਘ, ਕੁਲਦੀਪ ਸਿੰਘ ਆਦਿ ਹਾਜਰ ਸਨ।

(ਬੋਬਿੰਦਰ ਸਿੰਘ) ਸੂਬਾਈ ਜਨਰਲ ਸਕੱਤਰ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲ਼ੋਂ ਜੀਂਦ ਵਿਖੇ ਮਹਾਂ ਕਿਸਾਨ ਪੰਚਾਇਤ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਹੋਏ ਸ਼ਾਮਲ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲ਼ੋਂ ਜੀਂਦ ਵਿਖੇ ਮਹਾਂ ਕਿਸਾਨ ਪੰਚਾਇਤ ਵਿੱਚ ਪੰਜਾਬ ਦੇ 20 ਜ਼ਿਲ੍ਹਿਆਂ ਤੋਂ ਹਜ਼ਾਰਾਂ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨ ਮਜ਼ਦੂਰ ਹੋਏ ਸ਼ਾਮਲ

ਚੰਡੀਗੜ੍ਹ 26 ਜਨਵਰੀ (ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ   ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਦੇਸ਼ ਵਿਆਪੀ ਅੰਦੋਲਨ ਦੇ ਅੰਗ ਵਜੋਂ ਅੱਜ ਉੱਤਰੀ ਭਾਰਤ ਦੇ 6 ਸੂਬਿਆਂ ਦੇ ਕਿਸਾਨਾਂ ਦੀ ਜੀਂਦ (ਹਰਿਆਣਾ) ਵਿਖੇ ਕੀਤੀ ਗਈ ਮਹਾਂ ਕਿਸਾਨ ਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਝੰਡੇ ਥੱਲੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਦੇ 20 ਜ਼ਿਲ੍ਹਿਆਂ ਤੋਂ ਹਜ਼ਾਰਾਂ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੋਦੀ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਕਿਸਾਨਾਂ ਖੇਤ-ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ ਵਿੱਚ ਰੋਹ ਭਰਪੂਰ ਨਾਹਰੇ ਲਾਉਂਦੇ ਹੋਏ ਲੋਕ-ਕਾਫਲੇ ਦੋ ਘੰਟੇ ਲਗਾਤਾਰ ਮਹਾਂ ਪੰਚਾਇਤ ਦੇ ਪੰਡਾਲ ਵਿੱਚ ਪੁੱਜਦੇ ਰਹੇ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੰਬੋਧਨ ਕਰਤਾ ਬੁਲਾਰਿਆਂ ਨੇ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਦੀਆਂ ਕਿਸਾਨਾਂ ਅੰਦਰ ਫੁੱਟ ਪਾਊ ਸਾਜ਼ਸ਼ਾਂ ਨੂੰ ਨਾਕਾਮ ਕਰਨ ਲਈ ਵੱਖ ਵੱਖ ਧਰਮਾਂ ਨਾਲ ਸਬੰਧਤ ਇਨ੍ਹਾਂ ਛੇ ਸੂਬਿਆਂ ਦੇ ਕਿਸਾਨਾਂ ਦੀ ਇੱਕਜੁੱਟ ਵਿਸ਼ਾਲ ਜੁਝਾਰੂ ਕਿਸਾਨ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਐੱਸ ਵਾਈ ਐੱਲ ਤੇ ਚੰਡੀਗੜ੍ਹ ਵਰਗੇ ਪੰਜਾਬ ਹਰਿਆਣੇ ਦੇ ਲੋਕਾਂ ਦੁਆਰਾ ਭਰਾਤਰੀ ਤੌਰ 'ਤੇ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਫ਼ਿਰਕੂ ਬਦਨੀਅਤ ਨਾਲ ਤੂਲ਼ ਦਿੱਤੇ ਜਾਣ ਦਾ ਪਰਦਾਫਾਸ਼ ਕਰਦੇ ਹੋਏ ਇਨ੍ਹਾਂ ਫੁੱਟਪਾਊ ਕਪਟੀ ਚਾਲਾਂ ਨੂੰ ਦੇਸ਼ ਭਰ ਦੇ ਸਾਂਝੇ ਕਿਸਾਨ ਮਸਲਿਆਂ ਦੇ ਪੁਖਤਾ ਹੱਲ ਲਈ ਜਾਨਹੂਲਵੇਂ ਸੰਘਰਸ਼ ਲੜਨ 'ਤੇ ਜ਼ੋਰ ਦਿੱਤਾ। ਇਸ ਮਹਾਂ ਪੰਚਾਇਤ ਦੇ ਠਾਠਾਂ ਮਾਰਦੇ ਲੱਖਾਂ ਦੇ ਇਕੱਠ ਨੇ ਸਰਕਾਰ ਨੂੰ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰਨ ਵਾਲ਼ੇ ਜੁਝਾਰੂ ਦਿੱਲੀ ਅੰਦੋਲਨ ਦੀਆਂ ਯਾਦਾਂ ਤਾਜ਼ਾ ਕਰਵਾਉਂਦਿਆਂ ਸੱਤਾਧਾਰੀ ਹਲਕਿਆਂ ਦੇ ਇਸ ਕੂੜ ਪ੍ਰਚਾਰ ਦਾ ਭਾਂਡਾ ਵੀ ਚੌਰਾਹੇ ਭੰਨ ਦਿੱਤਾ ਕਿ ਸੰਯੁਕਤ ਕਿਸਾਨ ਮੋਰਚਾ ਤਾਂ ਖਿੰਡ ਪੁੰਡ ਗਿਆ ਹੈ।

         ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਸਾਰੀਆਂ ਫਸਲਾਂ ਦੀ ਲਾਭਕਾਰੀ ਐੱਮ ਐੱਸ ਪੀ 'ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ, ਲਖੀਮਪੁਰ ਖੀਰੀ ਕਤਲਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਵੇ ਅਤੇ ਉਸ ਦੇ ਬਾਪ ਨੂੰ ਮੰਤਰੀ ਪਦ ਤੋਂ ਬਰਖ਼ਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਮੁਕਾਬਲੇ ਦੇ ਝੂਠੇ ਕੇਸ ਵਿੱਚ ਜੇਲ੍ਹੀਂ ਡੱਕੇ 4 ਕਿਸਾਨ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਬਿਜਲੀ ਬਿੱਲ 2021 ਰੱਦ ਕੀਤਾ ਜਾਵੇ, ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਦਾ ਖਾਤਮਾ ਕੀਤਾ ਜਾਵੇ, 60 ਸਾਲ ਤੋਂ ਉੱਪਰ ਹਰ ਕਿਸਾਨ ਤੇ ਖੇਤ ਮਜ਼ਦੂਰ ਸਮੇਤ ਔਰਤਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਫ਼ਸਲਾਂ ਦੀ ਤਬਾਹੀ ਦੇ ਪੂਰੇ ਮੁਆਵਜ਼ੇ ਦੀ ਗਰੰਟੀ ਵਾਲੇ ਫਸਲੀ ਬੀਮੇ ਦਾ ਕਾਨੂੰਨ ਬਣਾਇਆ ਜਾਵੇ, ਦਿੱਲੀ ਅੰਦੋਲਨ ਸਮੇਂ ਮੜ੍ਹੇ ਸਾਰੇ ਪੁਲਿਸ ਕੇਸਾਂ ਦੀ ਵਾਪਸੀ ਅਤੇ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਤੇ ਪ੍ਰਵਾਰ ਦੇ ਗੁਜ਼ਾਰੇ ਲਈ ਇਕ ਇਕ ਜੀਅ ਨੂੰ ਪੱਕੀ ਨੌਕਰੀ ਦਿੱਤੀ ਜਾਵੇ। ਆਕਾਸ਼ ਗੁੰਜਾਊ ਨਾਹਰਿਆਂ ਨਾਲ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕਰਨ ਦਾ ਅਹਿਦ ਕਰਦਿਆਂ ਮਹਾਂ ਪੰਚਾਇਤ ਦਾ ਅੰਤ ਕੀਤਾ ਗਿਆ।

           

        ਜਾਰੀ ਕਰਤਾ: ਸੁਖਦੇਵ ਸਿੰਘ ਕੋਕਰੀ ਕਲਾਂ

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ-ਮੋਗਾ ਵਿਖੇ ਇੰਦਰਬੀਰ ਸਿੰਘ ਨਿੱਜਰ ਨੇ ਲਹਿਰਾਇਆ ਤਿਰੰਗਾ

 ਕਿਹਾ! ਜੇਕਰ ਹਰੇਕ ਦੇਸ਼ ਵਾਸੀ ਸੰਵਿਧਾਨ ਮੁਤਾਬਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਇਹ ਹੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

ਪੰਜਾਬ ਵਾਸੀਆਂ ਨੂੰ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਸੱਦਾ

 ਵੱਖ ਵੱਖ ਸਕੂਲਾਂ ਦੇ 450 ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ

ਵਿਸ਼ੇਸ਼ ਸ਼ਖਸੀਅਤਾਂ ਅਤੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਸਨਮਾਨ

ਮੋਗਾ, 26 ਜਨਵਰੀ -(ਕੁਲਦੀਪ ਸਿੰਘ ਦੌਧਰ ) ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਥਾਨਕ ਦਾਣਾ ਮੰਡੀ ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ।ਜਿਸ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਇੰਦਰਬੀਰ ਸਿੰਘ ਨਿੱਜਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ ਵੀ ਹਾਜ਼ਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰ ਨਿੱਜਰ ਨੇ ਭਾਰਤੀ ਸੰਵਿਧਾਨ ਦੇ ਰਚਨਾਹਾਰ ਡਾ. ਭੀਮ ਰਾਓ ਅੰਬੇਦਕਰ ਦੇ ਭਾਰਤੀ ਲੋਕਤੰਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਸਲਾਮ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਸੰਵਿਧਾਨ ਨੂੰ ਲੋਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਚਾਰਟਰ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਹਰੇਕ ਦੇਸ਼ ਵਾਸੀ ਸੰਵਿਧਾਨ ਮੁਤਾਬਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਇਹ ਹੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਉਨ੍ਹਾਂ ਦੇਸ਼ ਦੀ ਫੌਜ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਗਣਤੰਤਰਤਾ ਅਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਦੀ ਵੀ ਸ਼ਲਾਘਾ ਕੀਤੀ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਕਿਸੇ ਸੂਬੇ ਜਾਂ ਖਿੱਤੇ ਦਾ ਵਿਕਾਸ ਲੋਕਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ। ਇਸ ਮੌਕੇ ਉਨ੍ਹਾਂ ਨੇ ਜਿੱਥੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ, ਉਥੇ ਹੀ ਦੇਸ਼ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਅਤੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ।

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ ਹੈ। ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ 'ਤੋਂ ਨਾਜਾਇਜ਼ ਕਬਜੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ।

ਪੰਜਾਬ ਸਰਕਾਰ ਨੇ ਆਪਣੇ ਲਗਭੱਗ 10 ਮਹੀਨੇ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਜਿਸ ਦਾ ਉਹਨਾਂ ਪੂਰਾ ਵੇਰਵਾ ਪੇਸ਼ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕੀਤੀ ਹੈ।ਇਸ ਸਹੂਲਤ ਰਾਹੀਂ ਆਮ ਨਾਗਰਿਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸਦੀ ਜਾਂਚ ਕਰਕੇ ਸਰਕਾਰ ਸਬੰਧਤ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰੇਗੀ।ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਸਿਆਸਤਦਾਨ ਜਾਂ ਅਧਿਕਾਰੀ ਨਾਲ ਵੀ ਲਿਹਾਜ਼ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਅਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਜ਼ਿਲ੍ਹਾ ਮੋਗਾ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ।ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ, ਵ੍ਹੀਲ ਚੇਅਰ ਅਤੇ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ।

ਸਮਾਗਮ ਤੋਂ ਬੇਹੱਦ ਪ੍ਰਭਾਵਿਤ ਹੋਏ ਸ੍ਰ ਨਿੱਜਰ ਨੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਮਿਤੀ 27 ਜਨਵਰੀ ਨੂੰ ਛੁੱਟੀ ਦੇਣ ਦਾ ਐਲਾਨ ਵੀ ਕੀਤਾ।

ਦੱਸਣਯੋਗ ਹੈ ਕਿ ਸਮਾਗਮ ਦੌਰਾਨ 450 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਪੂਰੀ ਲਗਨ ਨਾਲ ਭਾਗ ਲਿਆ ਅਤੇ ਪੂਰੇ ਸਟੇਡੀਅਮ ਨੂੰ ਉਤਸ਼ਾਹ ਨਾਲ ਭਰ ਦਿੱਤਾ।ਸੱਭਿਆਚਾਰਕ ਵੰਨਗੀਆਂ, ਗਿੱਧਾ, ਭੰਗੜਾ ਅਤੇ ਹੋਰ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬਹੁਤ ਹੀ ਸਰਾਹਿਆ।ਇਸ ਮੌਕੇ ਸੂਬੇ ਅਤੇ ਦੇਸ਼ ਦੇ ਵਿਕਾਸ ਨੂੰ ਦਰਸਾਉਂਦੇ ਬੈਨਰ ਵੀ ਪਰੇਡ ਮੈਦਾਨ ਵਿੱਚ ਲਗਾਏ ਗਏ ਸਨ।

ਸਮਾਗਮ ਦੌਰਾਨ ਸ੍ਰ ਮਨਜੀਤ ਸਿੰਘ ਬਿਲਾਸਪੁਰ, ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ (ਚਾਰੇ ਵਿਧਾਇਕ), ਆਈ ਜੀ ਪੁਲਿਸ ਸ਼੍ਰੀ ਸ਼ਿਵੇ ਕੁਮਾਰ ਵਰਮਾ, ਸਾਬਕਾ ਮੰਤਰੀ ਸ਼੍ਰੀਮਤੀ ਮਾਲਤੀ ਥਾਪਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਅਤੁਲ ਕਸਾਨਾ, ਸ੍ਰ ਹਰਮਨਜੀਤ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ਼੍ਰੀ ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Vidhan Sabha Speaker dedicates Freedom Fighters' Wall in DAC

Punjab government making strenuous efforts to cherish memories of freedom fighters

Ludhiana, January 26 ( Gurkirt Jagraon/ Manjinder Gill)

Paying tributes to the heroes of the independence struggle, Punjab Vidhan Sabha Speaker Kultar Singh Sandhwan on Thursday dedicated the 'Freedom Fighters' wall in the district administrative complex.

Hailing the initiative of Deputy Commissioner Surabhi Malik, Speaker said that this was a wonderful effort by administration to keep younger generation abreast about freedom fighters belonging to Ludhiana and their vital contribution for the country. He said that the younger generation must take inspiration from them to serve the motherland.

The Speaker glanced on the photographs of the freedom fighters on the wall and said that they laid their lives for us and this wall was just a humble tribute to these real heroes of the country.

Sandhwan said that the Punjab government was taking historic and public welfare decisions to make the state for which dreams were seen by our freedom fighters.

Later, he also inaugurated a child corner in the administrative complex.

He also interacted with family members of freedom fighters, who appreciated district administration for always redressing to the issues related to them.

Prominent amongst present on the occasion included Deputy Commissioner Surabhi Malik, Commissioner of Police Mandeep Singh Sidhu and others.

ਬਾਬਾ ਦੀਪ ਸਿੰਘ ਜੀ ਜਨਮ-ਦਿਨ ’ਤੇ ਵਿਸ਼ੇਸ਼ ✍️ ਕਰਨੈਲ ਸਿੰਘ ਐੱਮ.ਏ

ਸੀਸ ਤਲੀ ਤੇ ਰੱਖ ਕੇ ਲੜਨ ਵਾਲੇ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਸੰਨ 1682 ਈ: ਨੂੰ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜਿਉੂਣੀ ਜੀ ਦੇ ਘਰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ (ਪੰਜਾਬ) ਵਿਖੇ ਹੋਇਆ। ਦੋਵੇਂ ਗੁਰੂ ਘਰ ਦੇ ਬੜੇ ਪੇ੍ਰਮੀ ਸਨ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਰਹੇ ਤੇ ਸੇਵਾ ਕਰਦੇ ਰਹੇ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਨਿਮਾਣਾ ਸਿੱਖ ਸਮਝਦੇ ਸਨ। ਮਾਤਾ-ਪਿਤਾ ਨੇ ਬਚਪਨ ਵਿੱਚ ਉਹਨਾਂ ਦਾ ਨਾਂ ‘ਦੀਪਾ’ ਰੱਖਿਆ। ਬਾਬਾ ਦੀਪ ਸਿੰਘ ਚੜ੍ਹਦੀ ਜਵਾਨੀ ’ਚ ਤਕਰੀਬਨ 18 ਸਾਲ ਦੀ ਉਮਰ ਵਿੱਚ  ਆਪਣੇ ਮਾਤਾ-ਪਿਤਾ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਉਣ ਲਈ ਪਹੁੰਚੇ। ਗੁਰੂ ਸਾਹਿਬ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਹੀ ਰੱਖ ਲਿਆ ਤੇ ਮਾਤਾ-ਪਿਤਾ ਆਪਣੇ ਪਿੰਡ ਵਾਪਸ ਆ ਗਏ ਆਪ ਤਿੰਨ ਸਾਲ ਗੁਰੂ ਜੀ ਦੇ ਚਰਨਾਂ ਵਿੱਚ ਰਹੇ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿੱਚ ਜਦ ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਉਸ ਸਮੇਂ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਖੰਡੇ-ਬਾਟੇ ਦਾ ਅੰਮ੍ਰਿਤਸਰ ਛਕਿਆ। ਬਾਬਾ ਦੀਪ ਸਿੰਘ ਜੀ ਵੀ ਅੰਮ੍ਰਿਤਸਰ ਛਕ ਕੇ ਸਿੰਘ ਸਜ ਗਏ ਅਤੇ ਨਾਂ ਦੀਪ ਸਿੰਘ ਰੱਖ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਸ਼ਸਤਰ ਵਿੱਦਿਆ ਗ੍ਰਹਿਣ ਕੀਤੀ। ਬਾਬਾ ਜੀ ਨੇ ਸੰਸਕਿਤ, ਬਿਰਜ, ਫ਼ਾਰਸੀ ਅਤੇ ਗੁਰਮੁਖੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਕੇ ਜਿੱਥੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਉੱਥੇ ਹੀ ਬਾਣੀ ਦਾ ਪ੍ਰਚਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
1704 ਈ: ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਪੁਰਖ ਦੇ ਹੁਕਮ ਨਾਲ ਅਨੰਦਪੁਰ ਸਾਹਿਬ ਛੱਡਣਾ ਪਿਆ। ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਦੀਨਾ ਕਾਂਗੜ, ਆਲਮਗੀਰ, ਕੋਟਕਪੁੂਰਾ, ਮੁਕਤਸਰ, ਲੱਖੀ-ਜੰਗਲ ਤੋਂ ਹੁੰਦੇ ਹੋਏ ਦਮਦਮਾ ਸਾਹਿਤ ਤਲਵੰਡੀ ਸਾਬੋ ਪਹੁੰਚੇ। ਗੁਰੂ ਸਾਹਿਬ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਪੂਰਨ ਰੂਪ ਦੇਣ ਦਾ ਕਾਰਜ ਭਾਈ ਮਨੀ ਸਿੰਘ ਦੁਆਰਾ ਨੇਪਰੇ ਚਾੜ੍ਹਿਆ। ਇਸ ਮਹਾਨ ਕਾਰਜ ਵਿੱਚ ਭਾਈ ਮਨੀ ਸਿੰਘ ਜੀ ਦੇ ਸਹਾਇਕ ਬਾਬਾ ਦੀਪ ਸਿੰਘ ਜੀ ਸਨ। ਉਹਨਾਂ ਇਸ ਸੇਵਾ ਨੂੰ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਨਿਭਾਇਆ।
ਬਾਬਾ ਦੀਪ ਸਿੰਘ ਜੀ ਜਿੱਥੇ ਨਿਧੜਕ ਯੋਧੇ ਸਨ ਉੱਥੇ ਗੁਰਬਾਣੀ ਦੇ ਮਹਾਨ ਵਿਦਵਾਨ ਅਤੇ ਲਿਖਾਰੀ ਵੀ ਸਨ। ਉਹ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਕਰਕੇ ਵੀ ਦਸਦੇ ਰਹੇ ਅਤੇ ਆਦਿ ਗ੍ਰੰਥ ਦੇ ਹੱਥ ਲਿਖਤ ਉਤਾਰੇ ਵੀ ਕਰਦੇ ਰਹੇ। ਬਾਬਾ ਦੀਪ ਸਿੰਘ ਜੀ ਨੇ 1705 ਈ: ਵਿੱਚ ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਤਿਆਰ ਕੀਤੀਆਂ। ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੱਖ-ਵੱਖ ਤਖ਼ਤ ਸਾਹਿਬਾਨ ਤੇ ਭੇਜੇ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਨੇ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ।
ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਮ ਯੁੱਧਾਂ ਵਿੱਚ ਮਦਦ ਕੀਤੀ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰ: ਦਰਬਾਰਾ ਸਿੰਘ ਜੀ ਅਤੇ ਨਵਾਬ ਕਪੂਰ ਸਿੰਘ ਜੀ ਨੇ ਸਿੱਖ ਕੌਮ ਨੂੰ ਜਥਿਆਂ ਵਿੱਚ ਵੰਡ ਕੇ ਲਾਮਬੰਦ ਕੀਤਾ। ਇਹਨਾਂ ਜਥਿਆਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੂੰ 12 ਮਿਸਲਾਂ ਵਿੱਚੋਂ ‘ਸ਼ਹੀਦ ਮਿਸਲ’ ਦੇ ਜਥੇਦਾਰ ਦੀ ਸੇਵਾ ਵੀ ਸੌਂਪੀ ਗਈ।
ਅਹਿਮਦਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਪੇ੍ਰਸ਼ਾਨ ਸੀ। ਉਸ ਦੇ ਹੁਕਮ ਤੇ ਹੀ ਜਹਾਨ ਖਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਜਦ ਤੱਕ ਸਿੱਖਾਂ ਦੀ ਸ਼ਕਤੀ ਦੇ ਸੋਮੇ  ਸ਼੍ਰੀ ਹਰਿਮੰਦਰ ਸਾਹਿਬ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਿੱਖ ਨਾ ਆਪ ਚੈਨ ਨਾਲ ਬੈਠਣਗੇ ਅਤੇ ਨਾ ਹੀ ਹਾਕਮਾਂ ਨੂੰ ਸੁੱਖ ਦਾ ਸਾਹ ਲੈਣ ਦੇਣਗੇ। ਇਹ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਨਵਾਂ ਜੀਵਨ ਤੇ ਉਤਸ਼ਾਹ ਪ੍ਰਾਪਤ ਕਰ ਲੈਂਦੇ ਹਨ। ਜਹਾਨ ਖਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰਵਾ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰ (ਭਰ) ਦਿੱਤਾ। ਬੇਪਤੀ ਦੀ ਇਹ ਖ਼ਬਰ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਮਿਲ ਗਈ। ਉਹਨਾਂ ਖੰਡਾ ਹੱਥ ਵਿੱਚ ਚੁੱਕ ਕੇ ਅਕਾਲ ਪੁਰਖ ਅੱਗੇ ਸ਼ਕਤੀ ਪ੍ਰਦਾਨ ਕਰਨ ਦੀ ਅਰਦਾਸ ਕੀਤੀ।
ਬਾਬਾ ਦੀਪ ਸਿੰਘ ਜੀ ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਏ ਤਾਂ ਉਹਨਾਂ ਨਾਲ 20 ਸਿੰਘ ਸਨ। ਜਦ ਉਹ ਮਾਲਵੇ ਦੇ ਇਲਾਕੇ ਵਿੱਚੋਂ ਲੰਘੇ ਤਾਂ ਸਿੰਘਾਂ ਦੀ ਗਿਣਤੀ 5000 ਹੋ ਗਈ। ਬਾਬਾ ਦੀਪ ਸਿੰਘ ਜੀ ਜਥੇ ਸਮੇਤ ਤਰਨਤਾਰਨ ਸਾਹਿਬ ਪਹੁੰਚੇ। ਸ਼੍ਰੀ ਤਰਨਤਾਰਨ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਅਰਦਾਸ ਕੀਤੀ। ਪੁਸ਼ਾਕੇ ਬਦਲੇ, ਸ਼ਹੀਦੀ ਗਾਨੇ ਬੰਨ੍ਹ ਲਏ। ਬਾਬਾ ਜੀ ਨੇ ਇੱਕ ਲਕੀਰ ਖਿੱਚ ਕੇ ਕਿਹਾ ਕਿ ਜੋ ਸਿੰਘ ਸ਼ਹੀਦ ਹੋਣ ਲਈ ਤਿਆਰ ਹਨ ਸਿਰਫ਼ ਉਹੀ ਲਕੀਰ ਟੱਪਣ, ਬਾਕੀ ਵਾਪਸ ਚਲੇ ਜਾਣ। ਸਾਰੇ ਸਿੰਘ ਗੁਰਧਾਮਾਂ ਦੀ ਰਾਖੀ ਲਈ ਆਪਾ ਕੁਰਬਾਨ ਕਰਨ ਦੇ ਚਾਉ ਨਾਲ ਜੈਕਾਰੇ ਛੱਡਦੇ ਲਕੀਰ ਲੰਘ (ਟੱਪ) ਗਏ।

ਸ਼੍ਰੀ ਤਰਨਤਾਰਨ ਸਾਹਿਬ ਤੋਂ 8 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਗੋਹਲਵੜ ਵਿਖੇ ਘਮਸਾਣ ਦਾ ਯੁੱਧ ਹੋਇਆ। ਜਹਾਨ ਖਾਂ ਨੇ 20,000 ਦੀ ਸ਼ਕਤੀਸ਼ਾਲੀ ਸੈਨਾ ਲੈ ਕੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੂੰ ਦੁਸ਼ਮਣ ਦੀਆਂ ਫ਼ੌਜਾਂ ’ਤੇ ਟੁੱਟ ਪੈਣ ਲਈ ਲਲਕਾਰਿਆ। ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਆਪਣੇ 18 ਸੇਰ ਦੇ (ਦੋ ਧਾਰੇ) ਖੰਡੇ ਨਾਲ ਜ਼ਾਲਮਾਂ ਦੇ ਆਹੂ ਲਾਹੁੰਦਿਆਂ ਅੱਗੇ ਵੱਧ ਰਹੇ ਸਨ। ਜਹਾਨ ਖਾਂ ਦੇ ਬਹੁਤ ਸਾਰੇ ਸਿਪਾਹੀ ਦੌੜ ਗਏ ਤੇ ਵੱਡੀ ਗਿਣਤੀ ਵਿੱਚ ਮਾਰੇ ਗਏ। ਬਾਬਾ ਦੀਪ ਸਿੰਘ ਜੀ ਦੇ ਕਈ ਸਾਥੀ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਅਮਾਨ ਖਾਂ ਨਾਲ ਆਹਮਣੇ-ਸਾਹਮਣੇ ਦੀ ਜੰਗ ਦੌਰਾਨ ਦੋਹਾਂ ਦੇ ਸਾਂਝੇ ਵਾਰ ਨਾਲ ਦੋਨਾਂ ਦੇ ਸੀਸ ਧੜ ਨਾਲੋਂ ਅੱਡ ਹੋ ਗਏ। ਅਮਾਨ ਖਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਪਰ ਬਾਬਾ ਦੀਪ ਸਿੰਘ ਜੀ ਨੇ ਇੱਕ ਹੱਥ ਦੀ ਤਲੀ ਨਾਲ ਆਪਣੇ ਸੀਸ ਨੂੰ ਸੰਭਾਲਿਆ ਅਤੇ ਦੂਜੇ ਹੱਥ ਨਾਲ ਖੰਡਾ ਚਲਾਉਂਦੇ (ਵਾਹੁੰਦੇ) ਹੋਏ ਅੱਗੇ ਵਧਦੇ ਗਏ। ਬਾਬਾ ਜੀ ਦਾ ਦਿਰੜ੍ਹ ਨਿਸ਼ਚਾ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਉਪਰੰਤ ਆਪਣਾ ਸੀਸ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਹੀ ਸ਼ਹੀਦੀ ਪ੍ਰਾਪਤ ਕਰਨਗੇ। ਬਾਬਾ ਦੀਪ ਸਿੰਘ ਜੀ ਨੂੰ ਪ੍ਰਣ ਚੇਤੇ ਆਇਆ, ਉਹਨਾਂ ਆਪਣਾ ਸੀਸ ਖੱਬੇ ਹੱਥ ਦੀ ਤਲੀ ਨਾਲ ਸੰਭਾਲਦੇ ਹੋਏ, ਜ਼ਾਲਮਾਂ ਨਾਲ ਲੜਦੇ ਹੋਏ, ਸ਼੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਆਪਣਾ ਸੀਸ ਭੇਟ ਕਰਕੇ 11 ਨਵੰਬਰ ਸੰਨ 1757 ਈ: ਨੂੰ 75 ਸਾਲ ਦੀ ਉਮਰ ਬਤੀਤ ਕਰਕੇ ਸ਼ਹੀਦੀ ਪ੍ਰਾਪਤ ਕੀਤੀ।
ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ, ਉਹ ਸਥਾਨ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਰਕਰਮਾ ਵਿੱਚ ਸਸ਼ੋਭਿਤ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਹੋਰ ਸਿੰਘਾਂ ਦਾ ਜਿੱਥੇ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦਾਂ ਸਸ਼ੋਭਿਤ ਹੈ।
ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਅੰਮ੍ਰਿਤਸਰ ਵੱਲੋਂ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਿਤੀ 26 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਉੱਘੀਆਂ ਸ਼ਖ਼ਸੀਅਤਾਂ ਗੁਰਮਤਿ ਵਿਚਾਰਾਂ ਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।    

 

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੱਡੀ ਰਾਹਤ ਹਾਈ ਕੋਰਟ ਨੇ ਦਿੱਤੀ ਰੈਗੂਲਰ ਜ਼ਮਾਨਤ

ਚੰਡੀਗੜ੍ਹ, 25 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਹਾਈ ਕੋਰਟ ਨੇ ਬੁੱਧਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਇਸ ਮਾਮਲੇ ’ਚ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਅਨੂਪ ਚਿਤਕਾਰਾ ਨੇ ਬੈਂਸ ਨੂੰ ਰੈਗੂਲਰ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਨੂੰ ਇਸ ਕੇਸ ਦੇ ਗਵਾਹਾਂ ਤੇ ਪੀੜਤਾਂ ਤੋਂ ਦੂਰ ਰਹਿਣ ਤੇ ਉਨ੍ਹਾਂ ਨੂੰ ਫੋਨ, ਮੈਸੇਜ ਜਾਂ ਕਿਸੇ ਵੀ ਹੋਰ ਸਾਧਨ ਨਾਲ ਸੰਪਰਕ ਨਾ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ।   ਜ਼ਿਕਰਯੋਗ ਹੈ ਕਿ ਇਕ ਮਹਿਲਾ ਦੀ ਸ਼ਿਕਾਇਤ ’ਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ 10 ਜੁਲਾਈ ਨੂੰ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਐੱਫਆਈਆਰ ਦਰਜ ਕੀਤੇ ਜਾਣ ਦੇ ਹੁਕਮ ਦਿੱਤੇ ਸਨ। ਇਸ ਮਾਮਲੇ ਦੇ ਟ੍ਰਾਇਲ ’ਚ ਸ਼ਾਮਿਲ ਨਾ ਹੋਣ ’ਤੇ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਆਖ਼ਰਕਾਰ ਬੈਂਸ ਨੇ 11 ਜੁਲਾਈ ਨੂੰ ਅਦਾਲਤ ’ਚ ਸਮਰਪਨ ਕਰ ਦਿੱਤਾ ਸੀ। ਇਸ ਮਾਮਲੇ ’ਚ ਸਿਮਰਜੀਤ ਬੈਂਸ ਨੇ ਪਹਿਲਾਂ ਲੁਧਿਆਣਾ ਦੀ ਅਦਾਲਤ ’ਚ ਰੈਗੂਲਰ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ ਜਿਹੜੀ 9 ਸਤੰਬਰ ਨੂੰ ਖਾਰਜ ਹੋ ਗਈ ਸੀ। ਲਿਹਾਜ਼ਾ ਹੁਣ ਬੈਂਸ ਨੇ ਇਸ ਮਾਮਲੇ ’ਚ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਰੈਗੂਲਰ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ। ਜਸਟਿਸ ਅਨੂਪ ਚਿਤਕਾਰਾ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਇਸ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਸ਼ਰਤਾਂ ਸਹਿਤ ਜ਼ਮਾਨਤ ਦੇ ਦਿੱਤੀ ਹੈ।

ਨਵਜੋਤ ਸਿੱਧੂ ਅੱਜ ਨਹੀਂ ਹੋਣਗੇ ਰਿਹਾਅ, ਰਾਜ ਭਵਨ ਨਹੀਂ ਗਈ ਕੈਦੀਆਂ ਦੀ ਰਿਹਾਈ ਦੀ ਫਾਈਲ

ਚੰਡੀਗੜ੍ਹ, 25 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ )  ਚੰਗੇ ਵਿਹਾਰ ਵਾਲੇ ਕੈਦੀਆਂ ਨੂੰ ਗਣਤੰਤਰ ਦਿਵਸ ’ਤੇ ਪੰਜਾਬ ਸਰਕਾਰ ਵੱਲੋਂ ਰਿਹਾਅ ਕਰਨ ਵਾਲੀ ਫਾਈਲ ਬੁੱਧਵਾਰ ਨੂੰ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਨਹੀਂ ਭੇਜੀ ਗਈ। ਇਸ ਨਾਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ’ਤੇ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਲਗਾਈ ਜਾ ਰਹੀ ਕਿਆਸ ਅਰਾਈ ਖ਼ਤਮ ਹੋ ਗਈ। ਸਿੱਧੂ ਵੀਰਵਾਰ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਣਗੇ।  ਹਾਲਾਂ ਕਿ ਸਿੱਧੂ ਕੈਂਪ ਦੇ ਨੇਤਾਵਾਂ ਨੂੰ ਪੂਰਾ ਭਰੋਸਾ ਸੀ ਕਿ ਸਿੱਧੂ ਵੀਰਵਾਰ ਨੂੰ ਰਿਹਾਅ ਹੋ ਜਾਣਗੇ। ਇਸ ਦੌਰਾਨ ਬੁੱਧਵਾਰ ਨੂੰ ਸਿੱਧੂ ਦਾ ਨਿੱਜੀ ਤੌਰ ’ਤੇ ਪਟਿਆਲਾ ਜੇਲ੍ਹ ’ਚ ਰਖਵਾਇਆ ਸਾਮਾਨ ਵੀ ਵਾਪਸ ਲਿਜਾਇਆ ਗਿਆ। ਇਸ ’ਚ ਸਿੱਧੂ ਦੀਆਂ ਕਸਰਤ ਕਰਨ ਵਾਲੀਆਂ ਮਸ਼ੀਨਾਂ ਤੇ ਕੁਝ ਹੋਰ ਸਾਮਾਨ ਸ਼ਾਮਿਲ ਹਨ। ਜੇਲ੍ਹ ’ਚ ਰੱਖੀ ਉਨ੍ਹਾਂ ਦੀ ਆਧੁਨਿਕ ਟ੍ਰੇਡ ਮਿੱਲ ਕਮ ਸਾਈਕਲਿੰਗ ਮਸ਼ੀਨ ਵੀ ਬੁੱਧਵਾਰ ਨੂੰ ਵਾਪਸ ਉਨ੍ਹਾਂ ਦੇ ਘਰ ਲਿਜਾਈ ਗਈ, ਪਰ ਦੇਰ ਸ਼ਾਮ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਮੋਹਰ ਨਾ ਲੱਗਣ ਕਾਰਨ ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਨੂੰ ਨਹੀਂ ਭੇਜੀ ਜਾ ਸਕੀ। ਜ਼ਿਕਰਯੋਗ ਹੈ ਕਿ ਜੇਲ੍ਹ ਵਿਭਾਗ ਵੱਲੋਂ ਨਵਜੋਤ ਸਿੰਘ ਸਿੱਧੂ ਸਮੇਤ ਚਾਰ ਦਰਜਨ ਤੋਂ ਵੱਧ ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਵਿਹਾਰ ਨੂੰ ਦੇਖਦੇ ਹੋਏ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਲਈ ਫਾਈਲ ਮੁੱਖ ਮੰਤਰੀ ਕੋਲ ਭੇਜੀ ਗਈ ਸੀ।

 

ਜਨਮਦਿਨ ✍️ ਕਰਮਜੀਤ ਕੌਰ-ਸ਼ਹਿਰ-ਮਲੋਟ

ਪੈਸੇ ਜਾਂ ਕੋਈ ਗਿਫ਼ਟ ਨਾ ਮੰਗਾਂ

ਪਰ ਮੰਗਣੋਂ ਭੋਰਾ ਨਾ ਸੰਗਾਂ

ਦੇ ਦਿਓ ਬਸ ਦਿਲੋਂ ਦੁਆਵਾਂ

ਹੌਂਸਲੇ ਨਾਲ ਜਿਉਂਦੀ ਜਾਵਾਂ।

 

ਵਧੀਆ ਲਿਖ-ਲਿਖ ਲਿਖਤਾਂ ਪਾਵਾਂ

ਪਿਆਰ ਤੁਹਾਡੇ ਤੋਂ ਪਾਉਂਦੀ ਜਾਵਾਂ

ਵਧੀਆ ਲੰਘਿਆ ਸਾਥ ਤੁਹਾਡਾ

ਅੱਗੋਂ ਸਾਥ ਨਿਭਾਉਂਦੀ ਜਾਵਾਂ।

 

ਜਨਮਦਿਨ ਤੇ "ਕੰਮੋ" ਸਭਦੀ

ਧੁਰ ਅੰਦਰੋਂ ਮੈਂ ਖੈਰ ਮਨਾਵਾਂ

ਜਿੰਦਗੀ ਥੋੜ੍ਹੀ ਇਸ ਦੁਨੀਆਂ ਤੇ

ਹਰ ਪਲ ਖੁਸ਼ੀਆਂ ਨਾਲ ਬਿਤਾਵਾਂ।

 

ਕਰਮਜੀਤ ਕੌਰ,ਸ਼ਹਿਰ-ਮਲੋਟ

ਜਿਲ੍ਹਾ -,ਸ਼੍ਰੀ ਮੁਕਤਸਰ ਸਾਹਿਬ, ਪੰਜਾਬ

ਜ਼ਿਲ੍ਹਾ ਫ਼ਾਜ਼ਿਲਕਾ ਦੇ ਤਿੰਨ ਪ੍ਰਿੰਸੀਪਲ ਸਿਖਲਾਈ ਲਈ ਜਾਣਗੇ ਸਿੰਗਾਪੁਰ

ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਹੁਨਰ ਵਿਕਾਸ ਵਿੱਚ ਹੋਵੇਗੀ ਸਹਾਈ : ਡਾ. ਬੱਲ,ਪੰਕਜ਼ ਅੰਗੀ

ਫਾਜ਼ਿਲਕਾ 25 ਜਨਵਰੀ (ਰਣਜੀਤ ਸਿੱਧਵਾਂ) : ਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਭਗਵੰਤ ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਸਿੱਖਿਆ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦੇ ਪਹਿਰਾ ਦਿੰਦਿਆਂ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਢਾਚਾਗਤ ਵਿਕਾਸ ਅਤੇ ਸਿੱਖਿਆ ਸੁਧਾਰਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ 36 ਪ੍ਰਿੰਸੀਪਲਾਂ ਨੂੰ ਅੰਤਰਰਾਸ਼ਟਰੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਹਾਜ਼ਰ ਖਾਂ ਦੇ ਪ੍ਰਿੰਸੀਪਲ ਕਮ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਪ੍ਰਦੀਪ ਕੰਬੋਜ,ਡਾਇਟ ਪ੍ਰਿੰਸੀਪਲ ਡਾ. ਰਚਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤਰੇ ਵਾਲਾ ਦੇ ਪ੍ਰਿੰਸੀਪਲ ਮੈਡਮ ਨਵਜੋਤ ਖੈਰਾ ਦੀ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਚੋਣ ਹੋਈ ਹੈ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾ. ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਚੁਣੇ ਗਏ  ਪ੍ਰਿੰਸੀਪਲ ਸਿੰਗਾਪੁਰ ਦੀਪ੍ਰਿੰਸੀਪਲ ਅਕੈਡਮੀ ਤੋਂ ਸਿਖਲਾਈ ਪ੍ਰਾਪਤ ਕਰਕੇ ਆਪਣੇ ਹੁਨਰ ਨੂੰ ਹੋਰ ਨਿਖਾਰਨਗੇ। ਉਨ੍ਹਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਸਿਖਲਾਈ ਨਾਲ ਇਹਨਾਂ ਪ੍ਰਿੰਸੀਪਲਾਂ ਦੇ ਲੀਡਰਸ਼ਿਪ ਦੇ ਗੁਣਾਂ ਵਿੱਚ ਹੋਰ ਨਿਖਾਰ ਆਵੇਗਾ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰਦੀਪ ਕੰਬੋਜ, ਡਾ. ਰਚਨਾ ਅਤੇ ਮੈਡਮ ਨਵਜੋਤ ਖੈਰਾ ਨੇ ਕਿਹਾ ਕਿ ਵਿਭਾਗ ਵੱਲੋਂ ਉਹਨਾਂ ਤੇ ਪ੍ਰਗਟਾਏ ਵਿਸ਼ਵਾਸ ਤੇ ਪੂਰੀ ਤਰ੍ਹਾਂ ਖਰਾ ਉਤਰਨਗੇ ਅਤੇ ਟਰੇਨਿੰਗ ਲੈ ਕੇ ਇਸ ਦਾ ਅੱਗੇ ਪ੍ਰਸਾਰ ਕਰਨਗੇ। ਇਸ ਮੌਕੇ ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਬੀਐਨਓ,ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਡੀਜੀਪੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਲੁਧਿਆਣਾ ਪੁਲਿਸ ਦੇ 76 ਪੁਲਿਸ ਅਧਿਕਾਰੀਆਂ ਨੂੰ ਮਿਲੀ ਤਰੱਕੀ 

ਲੁਧਿਆਣਾ 25 ਜਨਵਰੀ (ਰਣਜੀਤ ਸਿੱਧਵਾਂ)  ਡੀਜੀਪੀ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੀਪੀ ਲੁਧਿਆਣਾ ਨੇ ਲੁਧਿਆਣਾ ਪੁਲਿਸ ਦੇ 76 ਪੁਲਿਸ ਅਧਿਕਾਰੀਆਂ (2 ਇੰਸਪੈਕਟਰ ਵਜੋਂ, 35 ਨੂੰ ਐਸਆਈ ਅਤੇ 39 ਏਐਸਆਈ ਵਜੋਂ) ਨੂੰ ਗਣਤੰਤਰ ਦਿਵਸ ਮੌਕੇ ਵੱਖ-ਵੱਖ ਰੈਂਕਾਂ ਵਿੱਚ ਤਰੱਕੀ ਦਿੱਤੀ। ਸੀ.ਪੀ.ਲੁਧਿਆਣਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਜਿਨ੍ਹਾਂ ਉੱਚਾ ਰੈਂਕ ਹੁੰਦਾ ਹੈ, ਓਨੀ ਹੀ ਜ਼ਿੰਮੇਵਾਰੀ ਹੁੰਦੀ ਹੈ। ਪਦਉੱਨਤ ਹੋਏ ਸਾਰੇ ਅਧਿਕਾਰੀਆਂ ਨੇ ਖੁਸ਼ੀ ਮਹਿਸੂਸ ਕੀਤੀ ਅਤੇ ਹੋਰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਵਾਅਦਾ ਕੀਤਾ।

ਸੰਵੇਦਨਾ ਭਰਪੂਰ ਅਤੇ ਪ੍ਰੇਰਣਾਦਾਇਕ ਰਿਹਾ ਪੂਨਮ ਸਿੰਘ ( ਪ੍ਰੀਤਲੜੀ ) ਜੀ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ 

ਬਰਨਾਲਾ, 25 ਜਨਵਰੀ  ( ਅਵਤਾਰ ਸਿੰਘ ਰਾਏਸਰ )  ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਜੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਦੀ ਯੋਗ ਅਗਵਾਈ ਵਿੱਚ ਔਨਲਾਈਨ ਮਹੀਨਾਵਾਰ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਯਾਦਗਾਰੀ ਹੋ ਨਿੱਬੜਿਆ।ਇਸ ਪ੍ਰੋਗਰਾਮ ਦਾ ਅਰੰਭ ਪ੍ਰਧਾਨ ਰਿੰਟੂ ਭਾਟੀਆ ਜੀ ਨੇ ਪੂਨਮ ਸਿੰਘ ਜੀ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਕੀਤਾ। ਉਪਰੋਕਤ ਇਸ ਪ੍ਰੋਗਰਾਮ ਦੇ ਸੰਚਾਲਕ ਪ੍ਰੋ ਕੁਲਜੀਤ ਕੌਰ ਨੇ ਪੂਨਮ ਜੀ ਅਤੇ ਪ੍ਰੀਤਲੜੀ ਮੈਗਜ਼ੀਨ ਦੀ ਗੂੜੀ ਸਾਂਝ ਬਾਰੇ ਦੱਸ ਦਿਆਂ ਪੂਨਮ ਜੀ ਦੇ ਬਚਪਨ ਤੋਂ ਹੁਣ ਤੱਕ ਦੇ ਜੀਵਨ ਸਫ਼ਰ ਬਾਰੇ ਗੱਲਬਾਤ ਕੀਤੀ। ਪੂਨਮ ਸਿੰਘ ਨੇ ਆਪਣੇ ਬਚਪਨ ਵਿੱਚ ਆਪਣੇ ਕਮਿਊਨਿਸਟ ਮਾਪਿਆਂ ਕਾਮਰੇਡ ਸ੍ਰੀ ਮਦਨ ਅਤੇ ਮਾਂ ਸ਼ੀਲਾ ਦੀਦੀ ਦਾ ਆਪਣੀ ਸੋਚ ਉਪਰ ਪ੍ਰਭਾਵ, ਕੀਨੀਆ ਅਤੇ ਹੋਰ ਦੇਸ਼ਾਂ ਵਿੱਚ ਬਿਤਾਏ ਸਾਲ, ਸਕੂਲ ਅਤੇ ਕਾਲਜ ਨਾਲ ਜੁੜੀਆਂ ਯਾਦਾਂ, ਰੰਗਮੰਚ ਨਾਲ ਸੰਬੰਧਿਤ ਕਲਾ, ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਵਿਚਾਰਧਾਰਾ ਦਾ ਜੀਵਨ ਉਪਰ ਪ੍ਰਭਾਵ, ਨਵਤੇਜ ਸਿੰਘ ਜੀ ਵੱਲੋਂ ਮਿਲਿਆ ਹੌਂਸਲਾ ਉਤਸ਼ਾਹ,ਸ੍ਰੀ ਸੁਮੀਤ ਸਿੰਘ ਦਾ ਪਿਆਰ ਭਰਪੂਰ ਸਾਥ ,ਸੁਮੀਤ ਸਿੰਘ ਜੀ ਦੇ ਵਿਛੜਨ ਤੋਂ ਬਾਅਦ ਪਰਿਵਾਰ ਵੱਲੋਂ ਮਿਲਿਆ ਢਾਰਸ,ਸ੍ਰੀ ਰਤੀ ਕੰਤ ਸਿੰਘ ਜੀ ਦਾ ਸਹਿਯੋਗ ਅਤੇ ਸਾਥ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਪ੍ਰੀਤਲੜੀ ਮੈਗਜ਼ੀਨ ਦਾ ਚੌਥੀ ਪੀੜ੍ਹੀ ਦੇ ਹੱਥਾਂ ਵਿੱਚ ਪੂਨਮ ਸਿੰਘ ਜੀ ਦੀ ਬੇਟੀ ਸਮੀਆਂ ਸਿੰਘ ਦੇ ਹੱਥਾਂ ਵਿੱਚ ਵਿਕਸਤ ਹੋਣ ਤੇ ਪੂਨਮ ਸਿੰਘ ਨੇ ਤਸੱਲੀ ਪ੍ਰਗਟ ਕੀਤੀ।

ਮੀਡੀਆ ਅਤੇ ਪੱਤਰਕਾਰੀ ਵਿਚ ਔਰਤਾਂ ਨੂੰ ਪੈਦਾ ਹੋਣ ਵਾਲੀਆਂ ਚੁਨੌਤੀਆਂ ਬਾਰੇ ਵੀ ਉਹਨਾਂ ਚਰਚਾ ਕੀਤੀ। ਸੋਸ਼ਲ ਮੀਡੀਆ ਦਾ ਸਥਾਪਿਤ ਪੱਤਰਕਾਰੀ ਉਪਰ ਪ੍ਰਭਾਵ ਬਾਰੇ ਵੀ ਦੱਸਿਆ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਜੀ ਨੇ ਪੂਨਮ ਸਿੰਘ ਦਾ ਧੰਨਵਾਦ ਕਰਦਿਆਂ  ਪੰਜਾਬੀ ਪੱਤਰਕਾਰੀ ਵਿਚ ਉਹਨਾਂ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ। ਰਮਿੰਦਰ ਰੰਮੀ ਜੀ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਨਵਤੇਜ ਸਿੰਘ ਜੀ ਨਾਲ ਆਪਣੇ ਵਿਦਿਆਰਥੀ ਜੀਵਨ ਦੌਰਾਨ ਬਿਤਾਏ ਸਮੇਂ ਬਾਰੇ ਇਕ ਆਰਟੀਕਲ ਸਾਂਝਾ ਕੀਤਾ ਉਹਨਾਂ ਵਲੋਂ ਦਿੱਤੇ ਆਟੋਗਰਾਫ ਅਤੇ ਆਸ਼ੀਰਵਾਦ ਵੀ ਸਾਂਝੇ ਕੀਤੇ। ਸੁਰਜੀਤ ਕੌਰ ਟਰਾਂਟੋ ਸਰਪ੍ਰਸਤ,ਪ੍ਰੋ ਨਵਰੂਪ ਮੀਤ ਪ੍ਰਧਾਨ ਨੇ ਵੀ ਪੂਨਮ ਸਿੰਘ ਦਾ ਧੰਨਵਾਦ ਕੀਤਾ। ਮੁਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਮੁੱਚੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਸਾਂਝੇ ਕੀਤੇ ਅਤੇ ਪੂਨਮ ਸਿੰਘ ਜੀ ਦੇ ਜੀਵਨ ਨੂੰ ਵਰਤਮਾਨ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਨਾਦਾਇਕ ਮੰਨਿਆ। ਉਹਨਾਂ ਪੂਨਮ ਸਿੰਘ ਜੀ ਦੀ ਇਸ ਗੱਲ ਲਈ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ਬਹੁਤ ਖੂਬਸੂਰਤ ਅਤੇ ਭਾਵਪੂਰਤ ਢੰਗ ਨਾਲ ਆਪਣੇ ਜੀਵਨ ਸਫ਼ਰ ਤੋਂ ਜਾਣੂੰ ਕਰਵਾਇਆ। 

ਇਸ ਅੰਤਰਰਾਸ਼ਟਰੀ ਰੂਬਰੂ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਅਮਨਬੀਰ ਸਿੰਘ ਧਾਮੀ , ਦੀਪ ਕੁਲਦੀਪ,ਗੁਰਚਰਨ ਸਿੰਘ ਜੋਗੀ, ਰਵਿੰਦਰ ਕੌਰ ਭਾਟੀਆ, ਅੰਮ੍ਰਿਤਾ ਦਰਸ਼ਨ , ਪੋਲੀ ਬਰਾੜ , ਵਰਿੰਦਰ ਸਿੰਘ ਵਿਰਦੀ , ਅਵਤਾਰ ਸਿੰਘ ਢਿੱਲੋਂ , ਡਾ ਸਤਿੰਦਰਜੀਤ ਕੌਰ ਬੁੱਟਰ , ਡਾ ਜਸਪਾਲ ਸਿੰਘ ਦੇਸੂਵੀ , ਪ੍ਰੋ ਸ਼ਰਨਜੀਤ ਕੌਰ , ਬਲਜਿੰਦਰ ਕੌਰ ਖਾਲਸਾ , ਵਤਨਵੀਰ ਸਿੰਘ , ਇੰਜੀਨੀਅਰ ਮਾਂਗਟ ਤੇ ਬੋਰ ਵੀ ਬਹੁਤ ਸਾਰੇ ਵਿਦਵਾਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਹ ਵਰਨਣਯੋਗ ਹੈ ਕਿ ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਦਾ ਇਸ ਪ੍ਰੋਗਰਾਮ ਦੇ ਪੋਸਟਰ ਲਈ ਵਿਸ਼ੇਸ਼ ਸਹਿਯੋਗ ਦੇਂਦੇ ਹਨ। ਅੰਤ ਵਿੱਚ ਇਸ ਮਹੀਨੇ ਦਾ ਔਨਲਾਈਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ ਜਿਸ ਦਾ ਸਾਰਾ ਸੰਪਾਦਨ ਕਾਰਜ ਰਮਿੰਦਰ ਰੰਮੀ ਵੱਲੋਂ ਬੜੀ ਮਿਹਨਤ ਨਾਲ ਕੀਤਾ ਜਾਂਦਾ ਹੈ । ਇਹ ਰਿਪੋਰਟ ਪ੍ਰੋ ਕੁਲਜੀਤ ਕੌਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ । 

                          ਰਮਿੰਦਰ ਰੰਮੀ ਫ਼ਾਊਂਡਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ

25 ਜਨਵਰੀ ਵੋਟਰ ਦਿਵਸ ਤੇ ਵੋਟ ਦੀ ਵਰਤੋਂ ਕਿਵੇਂ ਕਰੀਏ ✍️ ਸੁਰਜੀਤ ਸਿੰਘ ਸਾਬਕਾ ਈ ਓ

ਅੱਜ ਪੱਚੀ ਜਨਵਰੀ ਭਾਰਤੀ ਚੋਣ ਕਮਿਸ਼ਨ ਵੱਲੋਂ 2011 ਨੂੰ ਵੋਟਰ ਦਿਵਸ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। 25-1-2011 ਤੋਂ ਬਾਅਦ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਪੂਰਨ ਦਿਨ ਹੈ। ਇਸ ਦਿਨ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਹੈ। ਵੋਟ ਦੀ ਵਰਤੋਂ ਹਰ ਹਾਲਤ ਵਿੱਚ ਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਆਰਟੀਕਲ 5 ਤੋ22 ਤੱਕ ਸੱਭ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ। ਜਿਸ ਕਰਕੇ ਇੱਕ ਅਰਬ ਪਤੀ ਦੀ ਵੋਟ ਅਤੇ ਇੱਕ ਅਤਿਅੰਤ ਗਰੀਬ ਦੀ ਵੋਟ ਬਰਾਬਰ ਹੈ।

ਭਾਰਤ ਦੇ ਹਰ ਇੱਕ ਵਾਸੀ ਨੂੰ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸੀ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੀ ਸਰਕਾਰ ਆਪ ਚੁਣਨ ਵਿੱਚ ਸ਼ਾਮਲ ਹੁੰਦੇ ਹਾਂ।

ਭਾਰਤ ਦੇ ਹਰ ਵਿਆਕਤੀ ਜਿਸ ਦੀ ਉਮਰ 18 ਸਾਲ ਹੋਵੇ ਵੋਟ ਦਾ ਇਸਤੇਮਾਲ ਕਰਨ ਦਾ ਹੱਕ ਰੱਖਦਾ ਹੈ। ਜਿਸ ਵਿਆਕਤੀ ਨੇਂ ਆਪਣੀ ਵੋਟ ਦਾ ਪਹਿਲੀ ਵਾਰ ਇਸਤੇਮਾਲ ਕਰਨਾ ਹੁੰਦਾ ਹੈ ਉਸ ਦਾ ਪੋਲਿੰਗ ਬੂਥ ਉਤੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਭਾਰਤ ਵਿੱਚ 8.50 ਲੱਖ ਪੋਲਿੰਗ ਸਟੇਸ਼ਨ ਹਨ। ਜਿੰਨਾਂ ਉੱਤੇ ਜਾ ਕੇ ਵੋਟਰ ਆਪਣਾ ਮੱਤਦਾਨ ਕਰਦਾ ਹੈ।

ਵੋਟਰ ਬਿਨਾਂ ਕਿਸੇ ਲਾਲਚ ਦੇ ਆਪਣੀਂ ਵੋਟ ਆਪਣੇ ਮਨਪਸੰਦ ਉਮੀਦਵਾਰ ਨੂੰ ਪਾ ਸਕਦਾ ਹੈ।

ਵੋਟਰ ਬਿਨਾਂ ਕਿਸੇ ਡਰ ਤੋਂ ਵੋਟ ਦਾ ਇਸਤੇਮਾਲ ਕਰਨ।

ਸਾਡਾ ਸੰਵਿਧਾਨ ਹਰ ਇਕ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ।ਪਰ ਅਨੂਸੂਚਿਤ ਜਾਤੀਆਂ ਅਤੇ ਅਨੂਸੂਚਿਤ ਜਨ ਜਾਤੀਆਂ, ਪਛੜੀਆਂ ਜਾਤੀਆਂ ਅਤੇ ਭਾਰਤੀ ਔਰਤਾਂ ਜੋ ਕਿ ਸਦੀਆਂ ਤੋਂ ਅਧਿਕਾਰਾਂ ਤੋਂ ਵੰਚਿਤ ਰੱਖਿਆ ਹੋਇਆ ਸੀ। ਭਾਰਤ ਦੀ 90%ਵੱਸੋ ਇਹ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਹ ਸੰਵਿਧਾਨ ਦੀ ਦੇਣ ਹੈ ਕਿ ਅੱਜ ਸੁਦਰ ਸ਼ਮਾਜ ਦੇ ਲੋਕ ਅਤੇ ਭਾਰਤੀ ਔਰਤਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ,ਸਥਾਨਕ ਸਰਕਾਰਾਂ ਦੀਆ ਚੋਣਾਂ ਵਿੱਚ ਰਾਖਵਾਂਕਰਨ ਦਾ ਹੱਕ ਦਿੱਤਾ ਗਿਆ ਹੈ। ਪੰਜਾਬ ਨੇ ਤਾਂ ਸਥਾਨਕ ਸਰਕਾਰਾਂ ਜਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀਆਂ ਅਤੇ ਪੰਚਾਇਤਾਂ ਵਿੱਚ ਔਰਤਾਂ ਵਾਸਤੇ 50% ਰਾਖਵਾਂਕਰਨ ਲਾਗੂ ਕੀਤਾ ਗਿਆ ਹੈ। ਪਹਿਲਾਂ ਐਸ ਸੀ,ਐਸ ਟੀ , ਪਛੜੇ ਵਰਗ ਅਤੇ ਭਾਰਤੀ ਔਰਤਾਂ ਨੂੰ 26-1-1950 ਤੋਂ ਪਹਿਲਾਂ ਸਾਂਝੀਆਂ ਥਾਵਾਂ ਤੇ ਜਾਣ ਦੀ ਰੋਕ ਹੁੰਦੀ ਸੀ।ਅੱਜ ਉਹ ਭਾਰਤ ਦੀ ਕਿਸਮਤ ਨਿਰਧਾਰਿਤ ਕਰਦੇ ਹਨ। 

ਹਰ ਇਕ ਪੋਲਿੰਗ ਸਟੇਸ਼ਨ ਤੇ ਬੂਠ ਲੈਵਲ ਆਫ਼ੀਸਰ ਨਿਯੁਕਤ ਕੀਤਾ ਗਿਆ ਹੈ। ਜਿਸ ਨੇ ਨਵੀਂ ਵੋਟ ਬਣਾਉਣੀ ਹੋਵੇ ਕਿਸੇ ਕਾਰਨ ਵੋਟ ਕਟਾਉਣੀ ਹੋਵੇ ਜਾਂ ਕਿਸੇ ਕਿਸਮ ਦੀ ਕੋਈ ਸੋਧ ਕਰਨੀ ਹੋਵੇ ਤਾਂ ਉਹ ਬੀ ਐਲ ਓ ਕੋਲ ਜਾ ਕੇ ਫਾਰਮ ਨੰਬਰ 6,7,8 ਭਰਕੇ ਵੋਟਰ ਸੂਚੀ ਵਿੱਚ ਸ਼ਾਮਲ ਹੋ ਸਕਦਾ ਹੈ। 

ਸੰਤੋਖ ਸਿੰਘ ਧੀਰ ਨੇ ਲਿਖਿਆ ਹੈ

ਪਰਚੀ ਬੜੀ ਅਮੋਲਕ ਮਿੱਤਰਾਂ

ਸੋਚ ਸਮਝ ਕੇ ਪਾਵੀ ਤੂੰ

ਇੱਟ ਚੁਬਾਰੇ ਵਾਲੀ ਵੇਖੀ

ਚੁੱਕ ਮੋਰੀ ਨਾ ਲਾਵੀ ਤੂੰ

ਬਹੂਜਨ ਸ਼ਮਾਜ ਨੂੰ ਆਪਣੀ ਵੋਟ ਦਾ ਇਸਤੇਮਾਲ ਉਸ ਪਾਰਟੀ ਨੂੰ ਕਰਨਾ ਚਾਹੀਦਾ ਹੈ ਜੋ ਰੋਜ਼ਗਾਰ ਦੇ ਮੌਕੇ ਦੇਵੇਂ ਖਾਲੀ ਪੲੀ ਜ਼ਮੀਨ ਬੇ ਜਮੀਨੇ ਲੋਕਾਂ ਵਿੱਚ ਵੰਡੇ ਆਰਥਿਕ ਸਾਧਨ ਬਰਾਬਰ ਕਰੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਫੈਸਲਾ ਕਰੇ

ਜੈ ਭੀਮ ਜੈ ਭਾਰਤ ਜੈ ਸੰਵਿਧਾਨ

ਸੁਰਜੀਤ ਸਿੰਘ ਸਾਬਕਾ ਈ ਓ

9888814593

ਇੰਟਰਨੈਸ਼ਨਲ ਮਨੁੱਖੀ ਤਸਕਰਾਂ ਨੂੰ 2 ਕਰੋੜ 13 ਲੱਖ ਰੁਪਏ ਅਤੇ 64 ਤੋਲੇ ਸੋਨੇ ਦੇ ਗਹਿਣਿਆ ਸਮੇਤ ਗ੍ਰਿਫ਼ਤਾਰ ਕਰਕੇ ਕੀਤਾ ਪਰਦਾਫਾਸ਼

ਐਸ.ਏ.ਐਸ. ਨਗਰ 25 ਜਨਵਰੀ (ਰਣਜੀਤ ਸਿੱਧਵਾਂ) ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿਖੇ ਕਿਡਨੈਪ ਕਰਕੇ ਤਸ਼ੱਦਦ ਢਾਹ ਕੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਵਿਅਕਤੀਆਂ ਪਾਸੋ ਘਰਦਿਆਂ ਨੂੰ ਫੋਨ ਕਰਵਾ ਕੇ ਫਰੋਤੀ ਦੀ ਮੰਗ ਕਰਦੇ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 08 ਮਿਤੀ 06-01-2023 ਅ/ਧ 406,420,470,386 ਆਈ.ਪੀ.ਸੀ., 13 ਪੀ.ਟੀ.ਪੀ.(ਆਰ) ਐਕਟ 2014 ਥਾਣਾ ਸਦਰ ਖਰੜ ਮੋਹਾਲੀ ਅਤੇ ਮੁਕੱਦਮਾ ਨੰਬਰ 03 ਮਿਤੀ 03-01-2023 ਅ/ਧ 364ਏ,370,386,120ਬੀ ਆਈ.ਪੀ.ਸੀ. ਥਾਣਾ ਬਲੌਂਗੀ ਦਰਜ ਰਜਿਸਟਰ ਹਨ। ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ਼ ਮੋਹਾਲੀ ਦੀ ਟੀਮ ਵੱਲੋਂ ਮੁਕੱਦਮਿਆਂ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿੱਚ (1) ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ (2) ਗੁਰਜੀਤ ਸਿੰਘ ਉਰਫ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ (3) ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ (4) ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ (5) ਵੀਨਾ ਪਤਨੀ ਸੰਨੀ ਕੁਮਾਰ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਸ਼ੀ ਪੰਜਾਬ ਵਿੱਚ ਆਪਣੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਵਿਦੇਸ਼ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਬੈਠੇ ਮਨੁੱਖੀ ਤਸਕਰ ਅਤੇ ਕਿਡਨੈਪਰ ਦੇ ਆਕਾ (1) ਸੰਨੀ ਕੁਮਾਰ ਉਰਫ ਸੰਨੀ ਪੁੱਤਰ ਸੋਮਰਾਜ ਵਾਸੀ ਪਿੰਡ ਸਲੇਰੀਆ ਖੁਰਦ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਇੰਡੋਨੇਸ਼ੀਆ ਅਤੇ (2) ਜਸਵੀਰ ਸਿੰਘ ਉਰਫ ਸੰਜੇ ਹਾਲ ਵਾਸੀ ਸਿੰਘਾਪੁਰ ਦੀ ਸਹਾਇਤਾ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਦੀ ਬਾਏ ਏਅਰ ਟਿਕਟ ਕਟਵਾ ਕੇ ਭੇਜ ਦਿੰਦੇ ਸੀ ਅਤੇ ਉੱਥੇ ਬੈਠੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ ਸੰਜੇ (ਸਿੰਘਾਪੁਰ) ਇਹਨਾ ਭੇਜੇ ਹੋਏ ਵਿਅਕਤੀਆ ਨੂੰ ਕਿਡਨੈਪ ਕਰਕੇ ਬੰਦ ਕਮਰੇ ਵਿੱਚ ਰੱਖ ਕੇ ਤਸ਼ੱਦਤ ਢਾਹ ਕੇ ਅਤੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਦੋ ਹਫਤਿਆ ਬਾਅਦ ਅਗਵਾ ਕੀਤੇ ਹੋਏ ਵਿਅਕਤੀਆਂ ਪਾਸੋ ਘਰਦਿਆਂ ਨੂੰ ਫੋਨ ਕਰਵਾਉਂਦੇ ਸਨ ਕਿ ਅਸੀਂ ਮੈਕਸੀਕੋ ਪਹੁੰਚ ਗਏ ਹਾਂ ਤੇ 40 ਲੱਖ ਰੁਪਏ ਇਹਨਾ ਏਜੰਟਾ ਨੂੰ ਦੇ ਦੇਵੋ, ਜੋ ਘਰਵਾਲੇ ਪੰਜਾਬ ਵਿੱਚ ਬੈਠੇ ਮਨੁੱਖੀ ਤਸਕਰ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮ ਰਾਜ ਅਤੇ ਗੁਰਜੀਤ ਸਿੰਘ ਉੱਰਫ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ ਸਿੰਘ, ਟੋਨੀ, ਭੁਪਿੰਦਰ ਸਿੰਘ ਉਰਫ ਭਿੰਦਾ, ਸੰਦੀਪ ਆੜਤੀਆ ਅਤੇ ਸੁਮਨ ਵੱਲੋ ਵੱਖ ਵੱਖ ਮਾਰਕਾ ਦੇ ਲੇਵਿਸ ਮੋਬਾਇਲ ਫੋਨਾਂ ਰਾਹੀ ਤਾਲਮੇਲ ਕਰਕੇ ਦੱਸੀ ਜਗ੍ਹਾਂ ਤੇ ਪੈਸੇ ਵਸੂਲ ਕਰ ਲੈਂਦੇ ਸਨ। ਜੋ ਇਸ ਸਾਰੇ ਗਿਰੋਹ ਦਾ ਹੁਣ ਤੱਕ ਦੀ ਤਫਤੀਸ਼ ਤੋਂ ਸੈਂਕੜੇ ਨੌਜਵਾਨਾਂ ਨੂੰ ਅਗਵਾਹ ਕਰਕੇ ਕਰੋੜਾ ਰੁਪਏ ਵਸੂਲ ਕਰ ਚੁੱਕੇ ਹਨ।

ਕੁੱਲ ਬ੍ਰਾਮਦਗੀ :-

1. 2 ਕਰੋੜ 13 ਲੱਖ ਰੁਪਏ ਭਾਰਤੀ ਕਰੰਸੀ
2. 64 ਤੋਲੇ ਸੋਨਾ (ਕੀਮਤ 33 ਲੱਖ ਰੁਪਏ)
3. ਇਕ ਕਾਰ ਸਵਿਫਟ ਰੰਗ ਚਿੱਟਾ
4. ਇੱਕ ਕਾਰ ਫੀਗੋ ਰੰਗ ਚਿੱਟਾ 
5. ਇਕ ਕਾਰ ਟਾਏਗਨ ਰੰਗ ਚਿੱਟਾ 
6. ਇਕ ਕਾਰ/ਜੀਪ ਥਾਰ 
7. ਵੱਖ ਵੱਖ ਮਾਰਕਾਂ ਦੇ 7 ਲੇਵਿਸ ਮੋਬਾਇਲ ਫੋਨ 

ਗ੍ਰਿਫਤਾਰ ਵਿਅਕਤੀ:-

1. ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ। 
2. ਗੁਰਜੀਤ ਸਿੰਘ ਉਰਫ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆਂ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ।
3. ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੈਰੀਆ ਖੁਰਦ ਥਾਣਾ ਮੁਕਰੀਆ ਜ਼ਿਲ੍ਹਾ ਹੁਸ਼ਿਆਰਪੁਰ।
4. ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੈਰੀਆ ਖੁਰਦ ਥਾਣਾ ਮੁਕਰੀਆ ਜ਼ਿਲ੍ਹਾ ਹੁਸ਼ਿਆਰਪੁਰ।
5. ਵੀਨਾ ਪਤਨੀ ਸੰਨੀ ਕੁਮਾਰ ਵਾਸੀ ਮਲੈਰੀਆ ਖੁਰਦ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ

1. ਇਹਨਾ ਮਨੁੱਖੀ ਤਸਕਰਾ ਅਤੇ ਅਗਵਾਹਕਾਰਾਂ ਦੀ ਚੱਲ ਅਤੇ ਅਚੱਲ ਜਾਇਦਾਦ, ਬੈਂਕ ਦੇ ਲੋਕਰਾ ਤੇ ਬੈਂਕ ਦੇ ਖਾਤਿਆ ਦੀ ਜਾਂਚ ਕੀਤੀ ਜਾ ਰਹੀ ਹੈ। ਜਿੰਨਾਂ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

2. ਮਨੁੱਖੀ ਤਸਕਰਾਂ ਅਤੇ ਅਗਵਾਹਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਅਗਵਾਹ ਕੀਤੇਹੋਏ ਕਰੀਬ 25 ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਇਸ ਸਬੰਧੀ ਇੱਕ ਹੈਲਪ ਲਾਈਨ ਨੰਬਰ 99140-55677, 95019-91108 ਜਿਲ੍ਹਾ ਪੁਲਿਸ ਮੋਹਾਲੀ ਵੱਲੋਂ ਜਾਰੀ ਕੀਤੇ ਗਏ ਹਨ।

ਆਸਟ੍ਰੇਲੀਆ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜਾਉਣੀ ਸਵਾਗਤਯੋਗ- ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 25 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬੀ ਭਾਸ਼ਾ ਸਬੰਧੀ ਅਸਟ੍ਰੇਲੀਆਂ ਦੇਸ਼ ਦੇ ਪ੍ਰੀ-ਪ੍ਰਾਇਮਰੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੱਛਮੀ ਆਸਟਰੇਲੀਆ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਵੇਗੀ ਬਾਰੇ ਚੰਗਾ ਫੈਸਲਾ ਹੈ। ਉਥੇ 2021 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਹ ਗਿਣਤੀ 2,39,000 ਸੀ।ਏਸੇ ਨਾਲ ਤਾਮਿਲ, ਹਿੰਦੀ ਅਤੇ ਕੋਰੀਅਨ ਭਾਸ਼ਾਵਾਂ ਨੂੰ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਪੰਜਾਬੀ ਨੂੰ ਕੀਤਾ ਜਾਵੇਗਾ। ਆਸਟਰੇਲੀਅਨ ਸਰਕਾਰ ਅਨੁਸਾਰ ਦੇਸ਼ ਵਿਚ 190 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੈਨੇਡਾ ਵਿਚ ਪੰਜਾਬੀ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਂਟਾਰੀਓ ਤੇ ਕਈ ਹੋਰ ਖੇਤਰਾਂ ਦੇ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿਸੇ ਵੀ ਭੂਗੋਲਿਕ ਖਿੱਤੇ ਦੇ ਲੋਕ ਉਸ ਖ਼ਿੱਤੇ ਨਾਲ ਕਈ ਤਰੀਕਿਆਂ ਅਤੇ ਪ੍ਰਕਿਰਿਆਵਾਂ ਰਾਹੀਂ ਜੁੜੇ ਹੁੰਦੇ ਹਨ; ਇਨ੍ਹਾਂ ਵਿਚੋਂ ਭਾਸ਼ਾ ਪ੍ਰਮੁੱਖ ਹੈ। ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ ਤੇ ਕਈ ਹੋਰ ਦੇਸ਼ਾਂ ਵਿਚ ਵੀ ਵਸਦਾ ਹੈ। ਪਰਵਾਸ ਕਰਦੇ ਪੰਜਾਬੀ ਆਪਣੇ ਸਭਿਆਚਾਰ ਤੇ ਭੋਇੰ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪਰਵਾਸ ਵਿਚ ਉਨ੍ਹਾਂ ਨੂੰ ਵੱਖਰੀ ਜੀਵਨ-ਜਾਚ ਅਪਣਾਉਣੀ ਪੈਂਦੀ ਹੈ ਪਰ ਨਾਲ ਨਾਲ ਉਨ੍ਹਾਂ ਦੇ ਮਨਾਂ ਵਿਚ ਪੰਜਾਬ ਅਤੇ ਪੰਜਾਬੀ ਪ੍ਰਤੀ ਪਿਆਰ ਵੀ ਪਨਪਦਾ ਰਹਿੰਦਾ ਹੈ। ਕੈਨੇਡਾ, ਆਸਟਰੇਲੀਆ, ਇੰਗਲੈਂਡ, ਅਮਰੀਕਾ ਤੇ ਹੋਰ ਦੇਸ਼ਾਂ ਵਿਚ ਪੰਜਾਬੀ ਪੜ੍ਹਾਉਣ ਦੇ ਪ੍ਰਬੰਧ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਹਿੰਮਤ ਸਦਕਾ ਹੀ ਸੰਭਵ ਹੋਏ ਹਨ। ਉਨ੍ਹਾਂ ਕਿਹਾ ਵੱਖ ਵੱਖ ਅਨੁਮਾਨ ਤੇ ਮਾਹਿਰ ਸਾਰੀ ਦੁਨੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10ਵੇਂ ਤੇ 12ਵੇਂ ਦਰਜੇ ਵਿਚਕਾਰ ਰੱਖਦੇ ਹਨ। ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲਹਿੰਦੇ ਪੰਜਾਬ ਵਿਚ ਰਹਿੰਦੇ ਹਨ ਪਰ ਦੁਖਾਂਤ ਇਹ ਹੈ ਕਿ ਉੱਥੇ ਪੰਜਾਬੀ ਨੂੰ ਨਾ ਤਾਂ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਨਾ ਹੀ ਬੱਚਿਆਂ ਦੀ ਮੁੱਢਲੀ ਪੜ੍ਹਾਈ ਪੰਜਾਬੀ ਵਿਚ ਕਰਵਾਈ ਜਾਂਦੀ ਹੈ। ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਪੰਜਾਬੀ ਸਦੀਆਂ ਤੋਂ ਜਿਊਂਦੀ ਆਈ ਹੈ ਅਤੇ ਪੰਜਾਬੀਆਂ ਦੇ ਮਨੋਭਾਵਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣੀ ਹੈ। ਪੱਛਮੀ ਆਸਟਰੇਲੀਆ ਦੇ ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਪੜ੍ਹਾਏ ਜਾਣ ਦੀ ਖ਼ਬਰ ਸਵਾਗਤਯੋਗ ਹੈ।

 

"ਕਿਵੇਂ ਬਣਿਆ ਭਾਰਤੀ ਸੰਵਿਧਾਨ"✍️ ਕੁਲਦੀਪ ਸਿੰਘ ਰਾਮਨਗਰ

 

ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਦਿਨ ਬਹੁਤ ਮਹੱਤਵਪੂਰਨ ਹੈ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ। ਡਾਕਟਰ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਘੜਨੀ ਸਭਾ (Constituent Assembly) ਦਾ ਮੈਂਬਰ ਬਣਨਾ ਅਤੇ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਨਾ, ਇਸਦਾ ਵੀ ਇੱਕ ਰੌਚਕ ਇਤਿਹਾਸ ਹੈ। ਡਾਕਟਰ ਅੰਬੇਡਕਰ ਅਤੇ ਕਾਂਗਰਸ ਵਿਚਕਾਰ ਖਾਸਕਰ ਗਾਂਧੀ ਜੀ ਨਾਲ ਉਹਨਾਂ ਦੇ ਹਮੇਸ਼ਾ ਮੱਤ-ਭੇਦ ਰਹੇ। ਇਸ ਲਈ ਸੀਨੀਅਰ ਕਾਂਗਰਸ ਲੀਡਰ ਡਾਕਟਰ ਅੰਬੇਡਕਰ ਨੂੰ ਦਿਲੋਂ ਨਹੀਂ ਸਨ ਚਾਹੁੰਦੇ ਕਿ ਉਹ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਵੀ ਬਣਨ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉੱਘੇ ਕਾਂਗਰਸੀ ਲੀਡਰ ਸ੍ਰੀ ਪਟੇਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਸੰਵਿਧਾਨ ਘੜਨੀ ਸਭਾ ਦੇ ਸਾਰੇ ਦਰਵਾਜ਼ੇ, ਤਾਕੀਆਂ ਅਤੇ ਰੌਸ਼ਨਦਾਨ ਬੰਦ ਕਰ ਦਿੱਤੇ ਹਨ, ਦੇਖਦਾ ਹਾਂ ਕਿ ਅੰਬੇਡਕਰ ਕਿਵੇਂ ਦਾਖਲ ਹੁੰਦਾ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਡਾਕਟਰ ਅੰਬੇਡਕਰ ਪਹਿਲਾ ਕਾਨੂੰਨ ਮੰਤਰੀ ਵੀ ਬਣਿਆ ਅਤੇ ਦੇਸ਼ ਦਾ ਸੰਵਿਧਾਨ ਲਿਖਣ ਦਾ ਸੁਭਾਗ ਵੀ ਉਹਨਾਂ ਨੂੰ ਹੀ ਪ੍ਰਾਪਤ ਹੋਇਆ।
1885 ਤੋਂ ਕਾਂਗਰਸ ਨੇ ਅਜ਼ਾਦੀ ਦੀ ਲੜਾਈ ਆਰੰਭੀ ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਨੇ 1890 ਤੋਂ ਬਾਅਦ ਇੱਕ ਜ਼ਿੰਮੇਵਾਰ ਸਰਕਾਰ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਅਤੇ ਅੰਗਰੇਜ਼ ਸਰਕਾਰ ਵੱਲੋਂ 1909, 1919 ਅਤੇ 1935 ਦੇ ਐਕਟਾਂ ਰਾਹੀਂ ਹੌਲੀ-ਹੌਲੀ ਭਾਰਤੀਆਂ ਨੂੰ ਥੋੜ੍ਹੀਆਂ-ਥੋੜ੍ਹੀਆਂ ਰਿਆਇਤਾਂ ਦਿੱਤੀਆਂ। 1916 ਤੋਂ ਸ਼ੁਰੂ ਹੋ ਕੇ ਅਜ਼ਾਦੀ ਘੁਲਾਟੀਆਂ ਨੇ ‘ਦੇਸ਼ ਦਾ ਆਪਣਾ ਸੰਵਿਧਾਨ’ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ। ਇਸ ਲਈ ਸਵੈ-ਨਿਰਣੇ (self determination) ਦੇ ਆਧਾਰ ’ਤੇ ਭਾਰਤੀ ਸੰਵਿਧਾਨ ਦੀ ਇੱਛਾ ਦਾ ਜਨਮ 1916 ਵਿੱਚ ਹੋ ਚੁੱਕਾ ਸੀ। ਸੰਵਿਧਾਨਿਕ ਅਧਿਕਾਰ ਦੇਣ ਲਈ ਅੰਗਰੇਜ਼ ਸਰਕਾਰ ਨੇ 1927 ਵਿੱਚ ਸਾਇਮਨ ਕਮਿਸ਼ਨ ਦੀ ਸਥਾਪਨਾ ਕੀਤੀ। ਲਾਰਡ ਬੋਰਕਨਹੈੱਡ ਜੋ ਕਿ ਭਾਰਤ ਦਾ ਇੰਚਾਰਜ (Secretary of state) ਸੀ ਨੇ 1925 ਵਿੱਚ ਭਾਰਤੀਆਂ ਨੂੰ ਵੰਗਾਰਦੇ ਹੋਏ ਕਿਹਾ, “ਭਾਰਤੀਆਂ ਨੂੰ ਆਪਣਾ ਅਜਿਹਾ ਸੰਵਿਧਾਨ ਲਿਖ ਕੇ ਪੇਸ਼ ਕਰਨ ਦਿਓ ਜੋ ਭਾਰਤ ਦੇ ਵੱਖ-ਵੱਖ ਵਰਗਾਂ ਦੇ ਮਹਾਨ ਲੋਕਾਂ ਦੀ ਤਰਜਮਾਨੀ ਕਰੇ।” 1927 ਵਿੱਚ ਉਹਨਾਂ ਨੇ ਆਪਣੀ ਇਸ ਵੰਗਾਰ ਨੂੰ ਫਿਰ ਦੁਹਰਾਇਆ ਅਤੇ ਸਾਇਮਨ ਕਮਿਸ਼ਨ ਦੀ ਨਿਯੁਕਤੀ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ। ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਅਤੇ ਖਾਸ ਕਰ ਕਾਂਗਰਸ ਨੇ ਸਾਇਮਨ ਕਮਿਸ਼ਨ ਦਾ ਬਾਈਕਾਟ ਕੀਤਾ ਅਤੇ ਮੋਤੀ ਲਾਲ ਨਹਿਰੂ ਨੂੰ ਭਾਰਤ ਦਾ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਸੌਂਪੀਂ। 1928 ਵਿੱਚ ਮੋਤੀ ਲਾਲ ਨਹਿਰੂ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਬਾਅਦ ਵਿੱਚ ਨਹਿਰੂ ਰਿਪੋਰਟ ਕਿਹਾ ਗਿਆ। 1936-37 ਦੌਰਾਨ ਭਾਰਤ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ। ਇਹਨਾਂ ਚੋਣਾਂ ਦੌਰਾਨ ਕਾਂਗਰਸ ਮੈਨੀਫੈਸਟੋ ਦਾ ਇੱਕ ਅਹਿਮ ਹਿੱਸਾ ਸੰਵਿਧਾਨ ਘੜਨੀ ਸਭਾ (Constituent Assembly) ਦੀ ਸਿਰਜਣਾ ਬਾਰੇ ਸੀ। 1939 ਵਿੱਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਅਤੇ ਅੰਗਰੇਜ਼ ਸਰਕਾਰ ਨੇ ਭਾਰਤੀ ਲੋਕਾਂ ਦਾ ਸਹਿਯੋਗ ਲੈਣ ਲਈ ਪਹਿਲੀ ਵਾਰ ਅਗਸਤ 1940 ਵਿੱਚ ਇਹ ਘੋਸ਼ਣਾ ਕੀਤੀ ਕਿ ਭਾਰਤ ਦਾ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਨਿਰੋਲ ਭਾਰਤੀਆਂ ਦੀ ਹੋਵੇਗੀ। ਅੰਗਰੇਜ਼ ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਕਿ ਵਿਸ਼ਵ ਯੁੱਧ ਤੋਂ ਬਾਅਦ ਨਵਾਂ ਸੰਵਿਧਾਨ ਬਣਾਉਣ ਲਈ ਭਾਰਤ ਦੇ ਮੁੱਖ ਵਰਗਾਂ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ ਦੀ ਰੂਪ ਰੇਖਾ ਕੀ ਹੋਵੇਗੀ, ਇਹ ਕੰਮ ਕਿਵੇਂ ਕਰੇਗੀ, ਇਸ ਬਾਰੇ ਕੁੱਝ ਵੀ ਸਪਸ਼ਟ ਨਾ ਕੀਤਾ ਗਿਆ। ਇਸ ਲਈ ਅੰਗਰੇਜ਼ ਸਰਕਾਰ ਦੀ ਇਹ ਪੇਸ਼ਕਸ਼ ਅੰਦੋਲਨਕਾਰੀਆਂ ਵੱਲੋਂ ਠੁਕਰਾ ਦਿੱਤੀ ਗਈ। 1942 ਵਿੱਚ ਕਰਿਪਸ ਮਿਸ਼ਨ ਹੋਂਦ ਵਿੱਚ ਆਇਆ ਜਿਸ ਨੇ ਭਾਰਤੀਆਂ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਭਾਰਤ ਦਾ ਸੰਵਿਧਾਨ ਲਿਖਣਾ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਵੇਗੀ। ਸੰਵਿਧਾਨ ਘੜਨੀ ਸਭਾ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ ਪਰ ਗੱਲ ਕਿਸੇ ਸਿਰੇ ਨਾ ਲੱਗੀ। ਅੰਗਰੇਜ਼ ਸਰਕਾਰ ਅਤੇ ਕਾਂਗਰਸ ਵਿਚਕਾਰ ਮਤਭੇਦ ਜਾਰੀ ਰਹੇ ਅਤੇ ਇਸ ਦਾ ਨਤੀਜਾ “ਭਾਰਤ ਛੱਡੋ ਅੰਦੋਲਨ” ਵਿੱਚ ਨਿਕਲਿਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇੰਗਲੈਂਡ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣ ਗਈ ਅਤੇ ਨਵੀਂ ਬਣੀ ਸਰਕਾਰ ਨੇ 1946 ਵਿੱਚ ਕੈਬਨਿਟ ਮਿਸ਼ਨ ਦੀ ਸਥਾਪਨਾ ਕੀਤੀ। ਕੈਬਨਿਟ ਮਿਸ਼ਨ 24 ਮਾਰਚ 1946 ਨੂੰ ਭਾਰਤ ਆਇਆ ਜਿਸ ਨੇ ਕਾਂਗਰਸ ਅਤੇ ਮੁਸਲਿਮ ਲੀਗ ਨਾਲ ਗੱਲ-ਬਾਤ ਕਰ ਕੇ ਸੰਵਿਧਾਨ ਘੜਨੀ ਸਭਾ ਦੀ ਨੀਂਹ ਰੱਖੀ। ਸੰਵਿਧਾਨ ਘੜਨੀ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ। ਇਸ ਸਭਾ ਦੇ ਕੁੱਲ 389 ਮੈਂਬਰ ਸਨ। 11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਸੰਵਿਧਾਨ ਘੜਨੀ ਸਭਾ ਦਾ ਪੱਕਾ ਚੇਅਰਮੈਨ ਨਿਯੁਕਤ ਕੀਤਾ ਗਿਆ। 15 ਅਗਸਤ 1947 ਨੂੰ ਦੇਸ਼ ਜਿੱਥੇ ਅਜ਼ਾਦ ਹੋਇਆ, ਉੱਥੇ ਦੋ ਭਾਗਾਂ ਵਿੱਚ ਵੰਡਿਆ ਗਿਆ। ਨਵੇਂ ਭਾਰਤ ਵਾਸਤੇ ਸੰਵਿਧਾਨ ਘੜਨੀ ਸਭਾ ਦਾ ਰੋਲ ਵੀ ਦੁੱਗਣਾ ਹੋ ਗਿਆ। ਜਿੱਥੇ ਇਸ ਸਭਾ ਨੇ ਨਵੇਂ ਸੰਵਿਧਾਨ ਦੀ ਸਿਰਜਨਾ ਕਰਨੀ ਸੀ ਉੱਥੇ ਨਵੇਂ ਦੇਸ਼ ਵਾਸਤੇ ਨਵੇਂ ਕਾਨੂੰਨ ਬਣਾਉਣਾ ਵੀ ਇਸੇ ਦੀ ਜ਼ਿੰਮੇਵਾਰੀ ਸੀ। ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ। ਇੱਕ ਕਮੇਟੀ, ਜਿਸ ਦੀ ਜ਼ਿੰਮੇਵਾਰੀ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਸੀ ਉਸ ਦਾ ਚੇਅਰਮੈਨ ਡਾਕਟਰ ਬੀ.ਆਰ ਅੰਬੇਡਕਰ ਨੂੰ ਲਗਾਇਆ ਗਿਆ। ਇਸ ਤੋਂ ਪਹਿਲਾਂ 1946 ਵਿੱਚ ਸੰਵਿਧਾਨ ਲਿਖਣ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਜਵਾਹਰ ਲਾਲ ਨਹਿਰੂ ਇਸ ਕਮੇਟੀ ਦੇ ਚੇਅਰਮੈਨ ਸਨ, ਆਸਿਫ ਅਲੀ, ਕੇ.ਟੀ ਸਿੰਘ, ਡਾਕਟਰ ਗਡਗਿੱਲ, ਕੇ.ਐੱਮ ਮੁਨਸ਼ੀ, ਹੁਮਾਯੂੰ ਕਬੀਰ, ਆਰ ਸੰਥਾਨਮ ਅਤੇ ਐੱਨ ਗੋਪਾਲਾਸਵਾਮੀ ਆਇੰਗਰ ਇਸ ਕਮੇਟੀ ਦੇ ਮੈਂਬਰ ਸਨ। ਭਾਰਤ ਦੇ ਸੰਵਿਧਾਨ ਨੂੰ ਬਣਾਉਣਾ ਅਤੇ ਪਾਰਲੀਮੈਂਟ ਤੋਂ ਪ੍ਰਵਾਨ ਕਰਵਾਉਣਾ, ਇਸਦਾ ਸਿਹਰਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ। ਭਾਰਤ ਵਿੱਚ ਇੰਗਲੈਂਡ ਅਤੇ ਅਮਰੀਕਾ ਤੋਂ ਵੱਖਰੀ ਕਿਸਮ ਦਾ ਜਮਹੂਰੀਅਤ ਦਾ ਢਾਂਚਾ ਬਣਾਉਣਾ ਅਤੇ ਲਾਗੂ ਕਰਨਾ ਡਾਕਟਰ ਅੰਬੇਡਕਰ ਦੀ ਦੇਣ ਹੈ। ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਵੋਟ ਦਾ ਅਧਿਕਾਰ, ਛੂਆ-ਛਾਤ ਦਾ ਖਾਤਮਾ, ਧਰਮ ਦੀ ਅਜ਼ਾਦੀ, ਕਾਨੂੰਨੀ ਬਰਾਬਰਤਾ (ਵਰਣ ਵਿਵਸਥਾ ਅਧਾਰਤ ਭੇਦ-ਭਾਵ ਦਾ ਖਾਤਮਾ), ਔਰਤਾਂ ਨੂੰ ਬਰਾਬਰ ਹੱਕ, ਅਛੂਤਾਂ ਨੂੰ ਨੌਕਰੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਰਾਖਵਾਂਕਰਣ ਅਜਿਹੀਆਂ ਵਿਵਸਥਾਵਾਂ ਸਨ ਜੋ ਭਾਰਤ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਪਰੀ ਦੇਸ਼ ਦੀਆਂ ਗੱਲਾਂ ਸਨ। ਡਾਕਟਰ ਅੰਬੇਡਕਰ ਨੇ ਸੰਵਿਧਾਨ ਨੂੰ ਇੰਨਾ ਲਚਕੀਲਾ ਵੀ ਰੱਖਿਆ ਕਿ ਲੋੜ ਅਨੁਸਾਰ ਜਦੋਂ ਵੀ ਜ਼ਰੂਰਤ ਹੋਵੇ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ। ਸੰਵਿਧਾਨ ਦਾ ਮੁੱਖ ਮਕਸਦ ਭਾਰਤ ਦੇ ਹਰ ਨਾਗਰਿਕ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਅਜ਼ਾਦੀ ਦੇ ਨਾਲ-ਨਾਲ ਬਰਾਬਰਤਾ ਅਤੇ ਭਾਈਚਾਰੇ ਨੂੰ ਸੁਦ੍ਰਿੜ੍ਹ ਕਰਨਾ ਹੈ। ਸੰਵਿਧਾਨ ਵਿੱਚ ਨਾਗਰਿਕ ਦੇ ਮੌਲਿਕ ਅਧਿਕਾਰਾਂ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਘੱਟ ਗਿਣਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ-ਪੂਰਾ ਖਿਆਲ ਰੱਖਿਆ ਗਿਆ ਹੈ। ਹਰ ਨਾਗਰਿਕ ਨੂੰ ਕੋਈ ਵੀ ਧਰਮ ਮੰਨਣ ਦੀ ਅਜ਼ਾਦੀ ਹੈ। ਕਿਸੇ ਨਾਲ ਵੀ ਧਰਮ ਅਧਾਰਤ, ਜਾਤ-ਪਾਤ ਅਧਾਰਤ ਜਾਂ ਲਿੰਗ ਅਧਾਰਤ ਵਿਤਕਰਾ ਕਾਨੂੰਨਨ ਮਨਾਹੀ ਹੈ। ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਕੋਈ ਵੀ ਨਾਗਰਿਕ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ।ਡਾਕਟਰ ਅੰਬੇਡਕਰ ਨੇ ਰਾਜਾਂ ਦੀ ਖ਼ੁਦ ਮੁਖ਼ਤਿਆਰੀ ਅਤੇ ਤਾਕਤਵਰ ਕੇਂਦਰ ਸਰਕਾਰ ਦੀ ਵਕਾਲਤ ਕੀਤੀ। ਭਾਰਤ ਦੇਸ਼ ਦੀ ਇੱਕਜੁੱਟਤਾ ਅਤੇ ਤਾਕਤ ਨੂੰ ਮਜ਼ਬੂਤ ਕਰਨ ਲਈ ਪੂਰੇ ਦੇਸ਼ ਦਾ ਜੁਡੀਸ਼ੀਅਲ ਢਾਂਚਾ ਅਤੇ ਸਰਵ-ਭਾਰਤੀ ਸੇਵਾਵਾਂ (All India Services) ਦੀ ਨੀਂਹ ਰੱਖੀ। ਡਾਕਟਰ ਅੰਬੇਡਕਰ ਦੇ ਹੇਠ ਲਿਖੇ ਮਾਅਰਕੇ ਦੇ ਕੰਮ ਉਹਨਾਂ ਇਕੱਲਿਆਂ ਦੀ ਲਿਆਕਤ ਦਾ ਸਿੱਟਾ ਹਨ:
ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਅਜ਼ਾਦੀ ਦੀ ਗਰੰਟੀ।
ਹਰ ਤਰ੍ਹਾਂ ਦੇ ਧਰਮ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਨਸ਼ਟ ਕਰਨਾ, ਧਰਮ ਦੀ ਅਜ਼ਾਦੀ ਅਤੇ ਛੂਆ-ਛਾਤ ਦਾ ਖਾਤਮਾ।
ਭਾਰਤੀ ਔਰਤਾਂ ਲਈ ਸਮਾਜਿਕ ਅਤੇ ਆਰਥਿਕ ਅਜ਼ਾਦੀ ਦੇ ਪੂਰੇ ਅਧਿਕਾਰ।
ਅਨੁਸੂਚਿਤ ਜਾਤੀ/ਜਨ-ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਲਈ ਨੌਕਰੀਆਂ ਵਿੱਚ ਰਾਖਵਾਂਕਰਣ ਅਤੇ ਉਹਨਾਂ ਦਾ ਪਛੜਿਆਪਣ ਦੂਰ ਕਰਨ ਲਈ ਸੰਵਿਧਾਨ ਵਿੱਚ ਪ੍ਰਬੰਧ।
ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ ਸਨ ਅਤੇ ਇਹਨਾਂ ਨੂੰ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਪਾਸ ਕਰਾਉਣ ਦਾ ਸਿਹਰਾ ਵੀ ਡਾਕਟਰ ਅੰਬੇਡਕਰ ਨੂੰ ਜਾਂਦਾ ਹੈ। ਭਾਰਤੀ ਸੰਵਿਧਾਨ ਦੁਨੀਆਂ ਦੇ ਬਿਹਤਰੀਨ ਸੰਵਿਧਾਨਾਂ ਵਿੱਚੋਂ ਲਈਆਂ ਗਈਆਂ ਵਿਸ਼ੇਸ਼ਤਾਵਾਂ ਦਾ ਸਮੂਹ ਹੈ। ਇਸ ਵਿੱਚ ਅਮਰੀਕਾ ਦੇ ਸੰਵਿਧਾਨ ਦੀ ਸਿਆਣਪ, ਆਇਰਿਸ਼ ਸੰਵਿਧਾਨ ਦਾ ਨਵਾਂਪਣ, ਇੰਗਲੈਂਡ ਦੇ ਸੰਵਿਧਾਨ ਦੀਆਂ ਸਮੇਂ ਦੀ ਕਸੌਟੀ ’ਤੇ ਖਰੀਆਂ ਉੱਤਰੀਆਂ ਵਿਸ਼ੇਸ਼ਤਾਈਆਂ ਅਤੇ ਭਾਰਤ ਦੇ 1935 ਦੇ ਐਕਟ ਵਿੱਚੋਂ ਲਈਆਂ ਗਈਆਂ ਖਾਸ-ਖਾਸ ਗੱਲਾਂ ਦੀ ਝਲਕ ਸਾਫ਼ ਅਤੇ ਸਪਸ਼ਟ ਮਿਲਦੀ ਹੈ। ਸਭ ਤੋਂ ਜ਼ਿਆਦਾ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦਾ ਅਜ਼ਾਦੀ ਦੇ ਘੋਲ ਦਾ ਅਤੇ ਉਹਨਾਂ ਦੀਆਂ ਖੁਆਹਿਸ਼ਾਂ ਅਤੇ ਉਮੀਦਾਂ ਦਾ ਪ੍ਰਤੀਬਿੰਬ ਹੈ। ਡਾਕਟਰ ਅੰਬੇਡਕਰ ਦੀ ਮੋਹਰ ਹੇਠ ਲਿਖੇ ਸ਼ਬਦਾਂ ਤੋਂ ਸਾਫ਼-ਸਾਫ਼ ਝਲਕਦੀ ਹੈ:ਇਸ ਤਰ੍ਹਾਂ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੇ ਹੋਏ ਭਾਰਤ ਨੂੰ ਜੋ ਕਾਨੂੰਨਨ ਸੰਵਿਧਾਨ ਮਿਲਿਆ ਅਤੇ ਜਿਸ ਨੂੰ ਲਾਗੂ ਕਰ ਕੇ ਭਾਰਤ ਦੇਸ਼ ਅੱਜ ਦੁਨੀਆਂ ਵਿੱਚ ਇੱਕ ਮਾਣ ਵਾਲਾ ਮੁਕਾਮ ਹਾਸਲ ਕਰਦਾ ਜਾ ਰਿਹਾ ਹੈ, ਉਸ ਦਾ ਸਿਹਰਾ ਯੁੱਗ ਪੁਰਸ਼ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ। ਸੰਵਿਧਾਨ ਨੂੰ ਅੰਤਿਮ ਰੂਪ ਦੇਣ ਲਈ ਦੋ ਸਾਲ ਗਿਆਰਾਂ ਮਹੀਨੇ ਅਤੇ ਸੱਤ ਦਿਨ ਦਾ ਸਮਾਂ ਲੱਗਿਆ। ਇਸ ਸੰਵਿਧਾਨ ਵਿੱਚ 7600 ਸੋਧਾਂ ਵਿਚਾਰਨ ਲਈ ਪੇਸ਼ ਹੋਈਆਂ ਜਿਸ ਵਿੱਚੋਂ 2473 ਮਤਿਆਂ ਅਤੇ ਬਹਿਸ ਹੋਣ ਉਪਰੰਤ ਨਿਪਟਾਰਾ ਹੋਇਆ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਡਾਕਟਰ ਅੰਬੇਡਕਰ ਦੀ ਤਾਰੀਫ਼ ਕਰਦਿਆਂ ਕਿਹਾ ਸੀ, “ਮੈਂ ਸੰਵਿਧਾਨ ਬਣਦਿਆਂ ਦੇਖਿਆ ਹੈ, ਜਿਸ ਲਗਨ ਅਤੇ ਮਿਹਨਤ ਨਾਲ ਸੰਵਿਧਾਨ ਖਰੜਾ ਕਮੇਟੀ ਦੇ ਮੈਂਬਰਾਂ ਨੇ ਅਤੇ ਖਾਸ ਕਰ ਡਾਕਟਰ ਅੰਬੇਡਕਰ ਨੇ ਆਪਣੀ ਮਾੜੀ ਸਿਹਤ ਦੇ ਬਾਵਜੂਦ ਕੰਮ ਕੀਤਾ, ਮੈਂ ਸਮਝਦਾ ਹਾਂ ਕਿ ਡਾਕਟਰ ਅੰਬੇਡਕਰ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਉਣ ਤੋਂ ਹੋਰ ਕੋਈ ਚੰਗਾ ਕੰਮ ਅਸੀਂ ਨਹੀਂ ਕੀਤਾ। ਉਸਨੇ ਨਾ ਸਿਰਫ਼ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ ਹੈ ਬਲਕਿ ਆਪਣੇ ਕੀਤੇ ਕੰਮ ਨੂੰ ਵੀ ਚਾਰ ਚੰਨ ਲਾ ਦਿੱਤੇ ਹਨ।”

ਇੰਜ ਕੁਲਦੀਪ ਸਿੰਘ ਰਾਮਨਗਰ
9417990040

ਕਹਾਣੀ  - ਮੌਜਾਂ ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ    

                                   "ਬਾਬਾ ਜੀ! ਬਾਬਾ ਜੀ!! ਲਓ ਮੈਂ ਸਾਰਾ ਸਾਮਾਨ ਲੈ ਆਇਆ ਜਿਹੜਾ- ਜਿਹੜਾ ਤੁਸਾਂ ਕਿਹਾ ਸੀ", ਜਗਤਾਰ ਨੇ ਡੇਰੇ ਚ ਵੜਦਿਆਂ ਬਾਬੇ ਦੇ ਸਾਹਮਣੇ ਜਾਂਦੀਆਂ   ਹੀ ਕਿਹਾ। "ਹੁਣ ਤਾਂ ਮੇਰੀ ਧੀ ਦਾ ਸਾਕ ਹੋ ਜੂ ਗਾ ਨਾ ਬਾਬਾ ਜੀ ?"                 

      "ਬਹਿ ਜਾ ਪੁੱਤਰ..... ਸਮਾਨ ਤਾ ਤੂੰ  ਲੈ ਆਇਆ। ਹੁਣ ਥੋੜ੍ਹੀ ਹੋਰ ਮਿਹਨਤ ਕਰ।" "ਦੱਸੋ ਬਾਬਾ ਜੀ ਮੈਂ ਤਾਂ ਸਭ ਕੁਝ ਕਰਨ ਨੂੰ ਤਿਆਰ।"                                                                          "ਚੰਗਾ, ਪਹਿਲਾਂ ਤਾਂ ਇੱਕੀ ਸੌ ਰੁਪਈਏ ਦੀ ਡੇਰੇ ਦੇ ਨਾਂਅ ਤੇ ਪਰਚੀ ਕਟਾ ,ਪਾਠ ਕਰਾਂਗੇ ।ਤੇਰੀ ਧੀ ਦਾ ਸਾਕ ਝੱਟ ਹੋ ਜਾਣਾ। ਦੂਜਾ ਇਸ ਰਸਦ ਚੋਂ ਜੋ ਤੂੰ ਲਿਆਇਆ ਦੇਸੀ ਘਿਉ ਡੇਰੇ ਚੜ੍ਹਾ ਦੇ ਤੇ ਬਾਕੀ ਦਰਿਆ ਚ ਤਾਰ ਆ ਤੇ .......।"                 

    "ਚੰਗਾ ਬਾਬਾ ਜੀ " ਤੇ ਜਗਤਾਰ ਨੇ ਉਵੇਂ ਹੀ  ਕੀਤਾ ।ਡੇਰੇ ਤੋਂ ਬਾਹਰ ਨਿਕਲ ਉਹ ਦਰਿਆ ਤੱਕ ਜਾਣ ਲਈ ਰਿਕਸ਼ਾ ਦੇਖਣ ਲੱਗਾ । ਅੱਤ ਦੀ ਗਰਮੀ ਨੇ ਉਸ ਦਾ ਬੁਰਾ ਹਾਲ ਕੀਤਾ ਹੋਇਆ ਸੀ। ਅਚਾਨਕ ਹੀ ਇੱਕ ਰਿਕਸ਼ੇ ਵਾਲੇ ਨੂੰ ਦੇਖ ਉਹ ਖੁਸ਼ ਹੋ ਗਿਆ।                                                                        "ਹਾਂ ਬਾਈ ......ਦਰਿਆ ਤੱਕ ਚੱਲੇਗਾ ?" "ਚਲੋ .......ਪਰ ਸੌ ਰੁਪਈਏ ਲੱਗੂ।"       "ਹੈ ਸੋ ..... ਮੱਤ ਮਾਰੀ ਗਈ ਹੈ ਤੇਰੀ ਜੋ ਤਿੰਨ ਗੁਣਾਂ ਪੈਸੇ ਮੰਗੀ ਜਾਨੇ ।"            "ਚਲੋ ਥੋਡੀ ਮਰਜ਼ੀ.......।" ਤੇ ਉਸ ਨੇ ਰਿਕਸ਼ਾ ਮੋੜ ਲਈ।                         "ਉਹ ਠਹਿਰ ।ਚੰਗਾ ਚੱਲ ਫੇਰ ......ਜਗਤਾਰ ਘਬਰਾ ਗਿਆ ਕਿ ਕਿਧਰੇ ਕੋਈ ਅਪਸ਼ਗਨ ਹੀ ਨਾ ਹੋ ਜਾਏ। ਦਰਿਆ ਦੇ ਕੰਢੇ ਪਹੁੰਚ ਕੇ ਉਸ ਨੇ ਰਿਕਸ਼ੇ ਵਾਲੇ ਨੂੰ ਉੱਥੇ ਹੀ ਰੁਕਣ ਦਾ ਕਿਹਾ ਤੇ ਆਪ ਬਾਬੇ ਦੇ  ਦੱਸੇ ਅਨੁਸਾਰ ਦਰਿਆ ਦੇ ਕੰਢੇ ਜਾ ਕੇ ਨਾਰੀਅਲ ਲਾਲ ਧਾਗਾ ਬੰਨ੍ਹ ਕੇ   ਪਾਣੀ 'ਚ ਵਹਾ ਦਿੱਤਾ ਤੇ ਨਾਲ ਕੁਝ ਹੋਰ ਸਾਮਾਨ ਵੀ ......ਤੇ ਕੁਝ ਚੀਜ਼ਾਂ ਦਰਿਆ ਦੇ ਕੰਢੇ ਤੇ ਹੀ ਰੱਖ ਵਾਪਸ ਰਿਕਸ਼ਾ ਤੇ ਆ ਬੈਠਾ ।                                       

     'ਹੁਣ ਜਿਹੜਾ ਕਿਸੇ ਬੰਨ੍ਹ ਪਾਇਆ ਛੇਤੀ ਟੁੱਟ ਜੂ ......ਮੇਰੀ ਧੀ ਦੇ ਸੰਯੋਗ ਖੁੱਲ੍ਹ ਜੂ ਹੁਣ। ਬੱਸ ਹੁਣ ਤਾਂ ਰਿਸ਼ਤਾ ਵੱਟ ਤੇ ਪਿਐ..... ਉਹ ਮਨ ਹੀ ਮਨ ਸੋਚਦਾ  ਅੰਤਾਂ ਦਾ ਖ਼ੁਸ਼ ਹੋ ਗਿਆ।                     ਰਿਕਸ਼ਾ ਵਾਲਾ ਉਸ ਨੂੰ ਛੇਤੀ -ਛੇਤੀ ਬੱਸ ਸਟੈਂਡ ਤੇ ਛੱਡ ਦੁਬਾਰਾ ਦਰਿਆ ਦੇ ਕੰਢੇ ਤੇ ਆ ਗਿਆ। ਉਸ ਨੇ ਖੁਸ਼ੀ ਚ ਜਿਵੇਂ ਉਛਲਦਿਆਂ ਝੱਟ ਪੱਟ ਸਾਰਾ ਸਾਮਾਨ ਨਵਾਂ ਨਕੋਰ ਸੂਟ ,ਸ਼ੀਸ਼ਾ , ਚਾਂਦੀ ਦੀ ਮੁੰਦਰੀ, ਸੁਰਖੀ ,ਬਿੰਦੀ ,ਨੇਲਪਾਲਿਸ਼ ,ਮਠਿਆਈ ਦਾ ਡੱਬਾ..... ਕੁਝ ਸਿੱਕੇ  ਜਲਦੀ ਨਾਲ ਲਿਫਾਫੇ ਚ ਪਾਏ...... ਤੇ ਦੂਰ ਪਾਣੀ  'ਚ ਤਰਦੇ ਜਾਂਦੇ ਨਾਰੀਅਲ  ਨੂੰ ਦੇਖ ਗੁੱਸੇ 'ਚ  ਬੁੜਬੁੜਾਇਆ "ਉਹ ਸ਼ੁਦਾਈ ਬਾਬਾ ਇਹਨੂੰ ਵੀ ਕਿਨਾਰੇ ਦੇ ਰੱਖਣ ਲਈ ਨਹੀਂ ਸੀ ਕਹਿ ਸਕਦਾ। ਬੱਚੇ ਖਾ ਲੈਂਦੇ ....ਤੇ ਫਿਰ ਲਿਫ਼ਾਫ਼ੇ ਵੱਲ ਦੇਖਦੇ ਹੀ ਮੁਸਕੁਰਾਇਆ, "ਆਹਾ! ਅੱਜ ਵੀ ਮੌਜਾਂ...... ਤੇ ਉਹ ਕਾਹਲੀ- ਕਾਹਲੀ  ਰਿਕਸ਼ਾ ਚਲਾ ਘਰ ਆਇਆ। ਗਲੀ 'ਚ ਖੇਡਦੇ ਬੱਚਿਆਂ ਨੂੰ ਉਸ ਨੇ ਮਠਿਆਈ ਵੰਡੀ ਤੇ ਘਰ ਅੰਦਰ ਵੜ ਪਤਨੀ ਨੂੰ ਆਵਾਜ਼ਾਂ ਮਾਰਨ ਲੱਗਾ। "ਭਾਪਾ .....ਬੜੇ ਖੁਸ਼ ਜੇ  ਨਾਲੇ ਮੰਮੀ ਤਾਂ ਮੰਦਿਰ ਗਈ ਹੈ ।" "ਲੈ ਪੁੱਤ ਮਠਿਆਈ ਖਾ।" " ਵਾਹ ਪਾਪਾ ! ਇੰਨਾ ਸਾਮਾਨ .....ਉਸ ਨੇ ਮਠਿਆਈ ਖਾਂਦੇ  ਕਿਹਾ।                                      "ਆਹੋ ਕਾਕਾ ਜਦ ਤਕ ਲੋਕ ਇਨ੍ਹਾਂ ਅਖੌਤੀ ਬਾਬਿਆਂ ਮਗਰ ਲੱਗ ਆਪਣਾ ਧਨ ਉਜਾੜਨੇ ਤਦ ਤਕ ਸਾਡੀ ਗਰੀਬਾਂ ਦੀ ਵੀ  ਚਾਂਦੀ ਆ।  ਉਂਝ ਤਾਂ ਦਸ ਰੁਪਏ ਨਹੀਂ ਦਿੰਦੇ ਆ ਲੋਕ ਸਾਨੂੰ ਗਰੀਬਾਂ ਨੂੰ।" "  ਲੈ ਫੜ ਸਾਂਭ ਸਾਮਾਨ ਮੰਮੀ ਨੂੰ ਦੇਈਂ।"       

   "ਪਾਪਾ ਤੁਸੀਂ ਕਿੱਥੇ ਚੱਲੇ ?" " ਪੁੱਤ ਡੇਰੇ ਦੇ ਬਾਹਰ ਖੜ੍ਹਦਾ ਜਾ ਕੇ ......ਅਗਲੀ ਅਸਾਮੀ ਲਈ....... ਤੇ ਦੋਵੇਂ ਪਿਓ- ਪੁੱਤ ਖਿੜ ਖਿੜਾ ਕੇ ਹੱਸ ਪਏ।                                       

 ਮਨਪ੍ਰੀਤ ਕੌਰ ਭਾਟੀਆ 

ਐਮ ਏ, ਬੀਐੱਡ  

 ਫਿਰੋਜ਼ਪੁਰ ਸ਼ਹਿਰ।

ਆਪਣਾ ਕੌਣ ✍️ ਹਰਪ੍ਰੀਤ ਕੌਰ ਸੰਧੂ

ਚੀਕੂ ਨੇ ਦਸਵੀਂ ਵਿਚ ਪੜ੍ਹਦਿਆਂ ਹੀ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕਰ ਲਿਆ ਸੀ। ਮੰਮੀ ਡੈਡੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਤਾਂ ਬਸ ਚੀਕੂ ਨੂੰ ਖੁਸ਼ ਦੇਖਣਾ ਚਾਹੁੰਦੇ ਸੀ। ਬਾਰ੍ਹਵੀਂ ਦਾ ਨਤੀਜਾ ਆਉਂਦੇ ਹੀ ਚੀਕੂ ਦੀ ਟੋਰੰਟੋ ਦੀ ਯੂਨੀਵਰਸਿਟੀ ਵਿੱਚ ਏਡਮਿਸ਼ਨ ਹੋ ਗਈ। ਮੰਮੀ ਨੇ ਕਾਲਜ ਤੋ ਛੁੱਟੀਆਂ ਲੈ ਕੇ ਉਸਦੀ ਸ਼ੌਪਿੰਗ ਕਰਵਾ ਦਿੱਤੀ। ਡੈਡੀ ਨੇ ਵੀ ਆਪਣੀ ਲਾਡਲੀ ਨਾਲ ਸਮਾਂ ਬਿਤਾਉਣ ਲਈ ਬੈਂਕ ਤੋਂ ਛੁੱਟੀ ਲੈ ਲਈ।ਸਾਰੇ ਬਹੁਤ ਖੁਸ਼ ਸਨ, ਉਦਾਸ ਸੀ ਤਾਂ ਸਿਰਫ ਬੀਜੀ। ਬੀਜੀ ਨੂੰ ਆਪਣੀ ਪੋਤੀ ਦੇ ਦੂਰ ਜਾਣ ਦਾ ਗਮ ਸੀਂ ਤੇ ਕਿਤੇ ਅੰਦੇਸ਼ਾ ਵੀ ਦੀ ਕਿ ਉਸਦਾ ਬੁਢਾਪਾ ਇਕੱਲੇਪਨ ਵਿਚ ਰੁਲੇਗਾ।ਬੀਜੀ ਨੂੰ ਪਤਾ ਸੀ ਕਿ ਚੀਕੂ ਨੇ ਮੁੜਨਾ ਨਹੀਂ ਤੇ ਉਸਦੇ ਨੂੰਹ ਪੁੱਤ ਨੇ ਇਕੱਲੇ ਰਹਿਣਾ ਨਹੀਂ। ਇੱਕ ਨਾ ਇਕ ਦਿਨ ਉਹ ਵੀ ਚੀਕੂ ਕੋਲ ਚਲੇ ਜਾਣਗੇ। ਪਰ ਚੀਕੂ ਨੂੰ ਖੁਸ਼ ਦੇਖ ਬੀਜੀ ਖੁਸ਼ ਸੀ। ਬੁਢਾਪੇ ਵਿੱਚ ਪੋਤੇ ਪੋਤੀਆ ਦਾ ਪਿਆਰ ਸਾਰਾ ਖਾਲੀਪਨ ਭਰ ਦਿੰਦਾ ਹੈ। ਚੀਕੂ ਦੇ ਕੈਨੇਡਾ ਜਾਣ ਤੋਂ ਬਾਅਦ ਘਰ ਸੁੰਨ ਪਰ ਗਈ। ਜਿਵੇਂ ਘਰ ਦੀ ਰੌਣਕ ਹੀ ਚਲੀ ਗਈ। ਚੀਕੂ ਜਦੋਂ ਵੀ ਵੀਡਿਓ ਕਾਲ ਕਰਦੀ ਤਾਂ ਮੰਮੀ ਡੈਡੀ ਦੇ ਨਾਲ ਨਾਲ ਬੀਜੀ ਨਾਲ ਵੀ ਗੱਲ ਕਰਦੀ। ਘਰ ਵਿੱਚ ਇਕ ਮੁੰਡਾ ਕੰਮ ਕਰਨ ਤੇ ਬੀਜੀ ਦੀ ਦੇਖਭਾਲ ਕਰਨ ਲਈ ਰੱਖਿਆ ਸੀ। ਮਹੇਸ਼ ਸਾਰਾ ਦਿਨ ਬੀਜੀ ਨਾਲ ਗੱਲਾਂ ਕਰਦਾ ਰਹਿੰਦਾ। ਆਪਣੇ ਪਿੰਡ ਦੀਆਂ ਗੱਲਾਂ ਸੁਣਾਉਂਦਾ। ਬੀਜੀ ਦਾ ਉਸ ਨਾਲ ਪਿਆਰ ਪੈ ਗਿਆ। ਕੁਛ ਸਾਲ ਬਾਅਦ ਜਦੋਂ ਚੀਕੂ ਨੂੰ ਪੀ ਆਰ ਮਿਲ ਗਈ ਤਾਂ ਉਸਨੇ ਮੰਮੀ ਡੈਡੀ ਨੂੰ ਆਪਣੇ ਕੋਲ ਆਉਣ ਲਈ ਕਿਹਾ। ਪਰ ਦੋਵੇਂ ਜੀਅ ਬੀਜੀ ਕਰਕੇ ਨਾ ਗਏ। ਚੀਕੂ ਨੇ ਕੈਨੇਡਾ ਵਿੱਚ ਹੀ ਮੁੰਡਾ ਪਸੰਦ ਕਰ ਲਿਆ। ਮੁੰਡਾ ਬੰਗਾਲੀ ਸੀ। ਦੋਹਾਂ ਦੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਸੀ।ਕੈਨੇਡਾ ਵਿੱਚ ਹੀ ਵਿਆਹ ਹੋਇਆ ਜੋ ਬੀਜੀ ਤੇ ਮਹੇਸ਼ ਨੇ ਆਨਲਾਈਨ ਦੇਖਿਆ। ਮੰਮੀ ਡੈਡੀ ਨੂੰ ਚੀਕੂ ਕੋਲ ਰੱਖਣਾ ਚਾਹੁੰਦੀ ਸੀ। ਬੀਜੀ ਨੇ ਵੀ ਬੱਚਿਆਂ ਦੀ ਖੁਸ਼ੀ ਦੇਖ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਦ ਜਾਂ ਲਈ ਕਿਹਾ। ਪੁੱਤ ਨੂੰ ਬੀਜੀ ਦਾ ਫ਼ਿਕਰ ਸੀ।ਓਹ ਪਿੱਛੇ ਬੀਜੀ ਕੋਲ ਰਿਹਾ। ਪਰ ਕੁਛ ਡਰ ਬਾਅਦ ਚੀਕੂ ਦੇ ਘਰ ਆਏ ਨਿੱਕੇ ਆਰਵ ਦੀ ਖਿੱਚ ਉਸਨੂੰ ਵੀ ਕੈਨੇਡਾ ਲੈ ਗਈ। ਬੀਜੀ ਦੀ ਸਾਂਭ ਸੰਭਾਲ ਲਈ ਮਹੇਸ਼ ਆਪਣੀ ਪਤਨੀ ਮੀਰਾ ਨੂੰ ਪਿੰਡੋ ਲੈ ਆਇਆ। ਬੀਜੀ ਨੂੰ ਬੇਸ਼ਕ ਮੁਸ਼ਕਿਲ ਲੱਗਾ ਪ੍ਰ ਕੋਈ ਚਾਰਾ ਨਹੀਂ ਸੀ। ਬਿਹਾਰ ਦੇ ਵਾਸੀ ਮਹੇਸ਼ ਤੇ ਮੀਰਾ ਹੀ ਹੁਣ ਉਹਨਾਂ ਦਾ ਪਰਿਵਾਰ ਸਨ।ਅਕਸਰ ਬੀਜੀ ਆਪਣੇ ਆਪ ਨੂੰ ਗੁਵਾਚਿਆ ਮਹਿਸੂਸ ਕਰਦੇ। ਸਾਰਾ ਘਰ ਮਹੇਸ਼ ਤੇ ਮੀਰਾ ਹੀ ਸੰਭਾਲਦੇ। ਬੀਜੀ ਤੋਂ ਹੁਣ ਜ਼ਿਆਦਾ ਤੁਰ ਫਿਰ ਨਾ ਹੋਣ ਕਰਕੇ ਉਹ ਆਪਣੇ ਕਮਰੇ ਚੋਣ ਬੀਜੀ ਦੇ ਨਾਲ ਵਾਲੇ ਕਮਰੇ ਵਿਚ ਆ ਗਏ। ਬੀਜੀ ਦੇ ਨੂੰਹ ਪੁੱਤ ਵੀਡਿਓ ਕਾਲ ਕਰ ਲੈਂਦੇ ਤੇ ਬੀਜੀ ਨੂੰ ਦੇਖ ਨਿਸਚਿੰਤ ਹੋ ਜਾਂਦੇ। ਬੀਜੀ ਦਾ ਅੰਦਰ ਖਾਲੀ ਹੋ ਗਿਆ ਸੀ। ਉਹ ਅਕਸਰ ਸੋਚਦੇ ਕਿਵੇਂ ਓਹਨਾਂ ਆਪਨੇ ਪਤੀ ਨਾਲ ਮਿਲ ਕੇ ਘਰ ਬਣਾਇਆ ਸੀ। ਉਦਾਸ ਹੋ ਜਾਂਦੇ ਸੋਚ ਦੇ ਕਿ ਇਸ ਵਿਚ ਕੌਣ ਰਹੇਗਾ? ਕਈ ਵਾਰ ਜਾਪਦਾ ਜਿਵੇਂ ਹੁਣ ਮਹੇਸ਼ ਤੇ ਮੀਰਾ ਹੀ ਓਹਨਾਂ ਦਾ ਪਰਿਵਾਰ ਹੋਵੇ। ਆਪਣੇ ਪਰਿਵਾਰ ਤੋਂ ਦੂਰੀ ਤੇ ਇਕੱਲੇਪਨ ਦਾ ਸੰਤਾਪ ਭੋਗਣਾ ਸੌਖਾ ਨਹੀਂ।ਇਕ ਦਿਨ ਪਤਾ ਨਹੀਂ ਕੀ ਸੋਚ ਬੀਜੀ ਨੇ ਮਹੇਸ਼ ਨੂੰ ਕਿਹਾ ਕਿ ਮੇਰੇ ਬਾਦ ਤੁਸੀਂ ਇਸੇ ਘਰ ਵਿਚ ਰਹਿਣਾ।ਮਹੇਸ਼ ਉਦਾਸ ਹੋ ਗਿਆ। ਉਸਨੂੰ ਬੀਜੀ ਵਿੱਚ ਹੀ ਆਪਣੀ ਮਾਂ ਦਿਸਦੀ ਸੀ। ਓਹ ਵੀ ਨਿੱਕਾ ਹੁੰਦਾ ਘਰੋ ਆ ਗਿਆ ਸੀ।ਉਸਨੇ ਬੀਜੀ ਦੀ ਸੇਵਾ ਆਪਣਿਆ ਤੋ ਵੀ ਵੱਧ ਕੀਤੀ ਸੀ। ਬੀਜੀ ਨੇ ਆਪਣੇ ਪੁੱਤ ਨੂੰ ਫ਼ੋਨ ਕਰਕੇ ਤਾਕੀਦ ਕੀਤੀ ਕਿ ਮੇਰੇ ਬਾਦ ਮਹੇਸ਼ ਇਸੇ ਘਰ ਵਿਚ ਰਹੇਗਾ। ਪੁੱਤ ਨੇ ਕਿਹਾ ਇੰਝ ਹੀ ਹੋਵੇਗਾ। ਇਸ ਗੱਲ ਤੋਂ ਕੁਝ ਦਿਨ ਬਾਅਦ ਬੀਜੀ ਤੇ ਆਪਣੇ ਕੋਲ ਜੀ ਪੈਸੇ ਸਨ ਮਹੇਸ਼ ਨੂੰ ਦੇ ਦਿੱਤੇ ਤੇ ਕਿਹਾ,"ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕਿਸੇ ਦਾ ਇੰਤਜ਼ਾਰ ਨਾ ਕਰੀਂ। ਤੂੰ ਮੇਰਾ ਪੁੱਤ ਹੈ। ਤੂੰ ਹੀ ਮੇਰਾ ਅੰਤਿਮ ਸੰਸਕਾਰ ਕਰਨਾ ਹੈ" ਮਹੇਸ਼ ਉਦਾਸ ਹੋ ਗਿਆ। ਓਹ ਸਾਰਾ ਦਿਨ ਬੀਜੀ ਦੇ ਨੇੜੇ ਹੀ ਰਹਿੰਦਾ।ਆਪਣੀ ਮਾਂ ਦੇ ਅਖੀਰਲੇ ਸਮੇਂ ਉਹ ਮਾਂ ਦੇ ਕੋਲ ਨਹੀਂ ਸੀ। ਪਰ ਬੀਜੀ ਨੂੰ ਓਹ ਆਖਰੀ ਸਮੇਂ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ। ਦੋ ਦਿਨ ਬਾਅਦ ਬੀਜੀ ਸਵਰਗਵਾਸ ਹੋ ਗਏ।ਬੀਜੀ ਦੀਆਂ ਅੰਤਿਮ ਰਸਮਾਂ ਮਹੇਸ਼ ਨੇ ਨਿਭਾਈਆਂ। ਬੀਜੀ ਦੇ ਨੂੰਹ ਪੁੱਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ।ਕੈਨੇਡਾ ਵਾਪਿਸ ਜਾਂ ਤੋਂ ਪਹਿਲਾਂ ਓਹਨਾਂ ਘਰ ਦੇ ਜ਼ਿੰਮੇਵਾਰੀ ਮਹੇਸ਼ ਤੇ ਮੀਰਾ ਨੂੰ ਸੌਂਪ ਦਿੱਤੀ।ਬੀਜੀ ਦੀ ਅੰਤਿਮ ਇੱਛਾ ਦਾ ਓਹਨਾਂ ਮਾਣ ਰੱਖਿਆ ਤੇ ਬੀਜੀ ਦਾ ਘਰ ਹਮੇਸ਼ਾ ਵੱਸਦਾ ਰਿਹਾ।

 

ਹਰਪ੍ਰੀਤ ਕੌਰ ਸੰਧੂ

ਬਸੰਤ ਰੁੱਤ ✍️ ਮਹਿੰਦਰ ਸਿੰਘ ਮਾਨ

ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ।

ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ।

ਮਨੁੱਖੀ ਸਰੀਰ 'ਚ ਖੂਨ ਦਾ ਵਹਾਅ ਹੈ ਤੇਜ ਹੋਇਆ,

ਏਸੇ ਲਈ ਮਨੁੱਖਾਂ 'ਚ ਨਵੀਂ ਫੁਰਤੀ ਹੈ ਆਈ।

ਖਿੜੇ ਫੁੱਲਾਂ ਤੇ ਬੈਠਣ ਭੌਰੇ ਤੇ ਮਧੂ ਮੱਖੀਆਂ।

ਰੰਗ ਬਰੰਗੀਆਂ ਤਿਤਲੀਆਂ ਵੀ ਉਡਾਰੀ ਨੇ ਭਰਦੀਆਂ।

ਬੱਚੇ ਉਡਾਂਦੇ ਰੰਗ ਬਰੰਗੇ ਪਤੰਗ ਛੱਤਾਂ ਤੇ ਚੜ੍ਹ ਕੇ,

ਕੱਢੀਆਂ ਉਨ੍ਹਾਂ ਨੇ ਦਿਲਾਂ ਚੋਂ ਚਿੰਤਾਵਾਂ ਸਾਰੀਆਂ।

ਚਾਈਨਾ ਡੋਰ ਨੇ ਅੱਜ ਕੱਲ੍ਹ ਪੁਆੜੇ ਨੇ ਪਾਏ।

ਕਈ ਉੱਡਦੇ ਪੰਛੀ ਇਸ ਨੇ ਮਾਰ ਮੁਕਾਏ।

ਇਸ ਨੂੰ ਛੱਡ ਕੇ ਸਾਰੇ ਭਾਰਤੀ ਡੋਰ ਵਰਤੋ,

ਇਹ ਕਿਸੇ ਨੂੰ ਵੀ ਯਾਰੋ ਨੁਕਸਾਨ ਨਾ ਪੁਚਾਏ।

ਬਸੰਤ ਪੰਚਮੀ ਨੂੰ ਲੱਗਦੇ ਪਿੰਡਾਂ ਤੇ ਸ਼ਹਿਰਾਂ 'ਚ ਮੇਲੇ।

ਲੋਕ ਸਰ੍ਹੋਂ ਦੇ ਫੁੱਲਾਂ ਵਾਂਗ ਖਿੜ ਕੇ ਵੇਖਣ ਜਾਂਦੇ ਮੇਲੇ।

ਇਸ ਦਿਨ ਤੀਵੀਆਂ ਬਸੰਤੀ ਰੰਗ ਦੇ ਕਪੜੇ ਪਾ ਕੇ,

ਗਿੱਧਾ ਪਾਣ ਤੇ ਗੀਤ ਗਾਣ ਛੱਡ ਕੇ ਸਭ ਝਮੇਲੇ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554

 

ਛੱਬੀ ਜਨਵਰੀ ‘ਤੇ ਵਿਸ਼ੇਸ਼ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਂਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉੱਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ।ਇਹ ਤਿਉਹਾਰ ਹਿੰਦੂ ,ਮੁਸਲਿਮ ,ਸਿੱਖ ,ਇਸਾਈ ਰਲ ਕੇ ਮਨਾਉਂਦੇ ਹਨ ।
ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ।ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ ।ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ।
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।