ਚੰਡੀਗੜ੍ਹ, 28 ਜਨਵਰੀ (ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ) ਖੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਕਾਰਵਾਈ ਕਰਦਿਆਂ, ਪੰਜਾਬ ਪੁਲਸ ਵੱਲੋਂ 2 ਰਾਜਸਥਾਨ ਅਧਾਰਿਤ ਹਥਿਆਰਾਂ ਦੇ ਤਸਕਰਾਂ ਨੂੰ ਫਾਜ਼ਿਲਕਾ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 8 ਪਿਸਤੌਲ ਅਤੇ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਫੜੇ ਗਏ ਵਿਅਕਤੀ ਹਥਿਆਰਾਂ ਦੀ ਖੇਪ ਪੰਜਾਬ ਵਿੱਚ ਅਰਸ਼ ਡੱਲਾ ਗਿਰੋਹ ਦੇ ਮੈਂਬਰਾਂ ਨੂੰ ਸੌਂਪਣ ਜਾ ਰਹੇ ਸਨ ਅਤੇ ਉਹ ਜੋਧਪੁਰ ਦੇ ਵਿਅਕਤੀ ਨੂੰ ਫਿਰੌਤੀ ਲਈ ਅਗਵਾ ਕਰਨ ਦੀ ਵੀ ਯੋਜਨਾ ਬਣਾ ਰਹੇ ਸਨ। ਮੱਧ ਪ੍ਰਦੇਸ਼ ਤੋਂ ਸੁਰਾਗ ਲੱਭਣ ਲਈ ਅਗਲੇਰੀ ਜਾਂਚ ਜਾਰੀ ਹੈ।