You are here

ਬਰਸੀ ਸੰਤ ਅਤਰ ਸਿੰਘ ਮਸਤੂਆਣਾ 30 ਜਨਵਰੀ ਤੋਂ 1 ਫ਼ਰਵਰੀ ਤੱਕ

ਬਰਸੀ ’ਤੇ ਵਿਸ਼ੇਸ਼ ਸੇਵਾ ਤੇ ਸਿਮਰਨ ਦੇ ਪੁੰਜ-ਸੰਤ ਅਤਰ ਸਿੰਘ ਮਸਤੂਆਣਾ
ਪੰਜਾਬ ਦੀ ਧਰਤੀ ਰਿਸ਼ੀਆਂ-ਮੁਨੀਆਂ, ਪੀਰਾਂ-ਫ਼ਕੀਰਾਂ, ਗੁਰੂਆਂ-ਅਵਤਾਰਾਂ ਦੀ ਧਰਤੀ ਹੈ। ਇੱਥੇ ਕਈ ਨਾਮਵਰ ਮਹਾਂਪੁਰਸ਼ ਹੋਏ ਹਨ। ਜਿਨ੍ਹਾਂ ਨੇ ਸਿੱਖ ਕੌਮ ਨੂੰ ਗੁਰਮਤਿ ਦਾ ਗਿਆਨ ਦੇ ਕੇ ਜੋਤ ਜਗਾਈ। ਅਜਿਹੇ ਮਹਾਂਪੁਰਸ਼ਾਂ ਵਿੱਚੋਂ ਹੀ ਸਨ ਸੰਤ ਅਤਰ ਸਿੰਘ ਮਸਤੂਆਣਾ ਵਾਲੇ।
ਸੰਤ ਅਤਰ ਸਿੰਘ ਦਾ ਜਨਮ ਪਿੰਡ ਚੀਮਾ ਤਹਿਸੀਲ ਸੁਨਾਮ, ਰਿਆਸਤ ਪਟਿਆਲਾ ਹੁਣ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਸ੍ਰ: ਕਰਮ ਸਿੰਘ ਦੇ ਘਰ ਮਾਤਾ ਭੋਲੀ ਜੀ ਦੀ ਕੁੱਖ ਤੋਂ ਸੰਮਤ 1923 ਬਿਕਰਮੀ ਦਿਨ ਬੁੱਧਵਾਰ ਚੇਤ ਸੁਦੀ ਏਕਮ 28 ਮਾਰਚ 1866 ਈ: ਨੂੰ ਹੋਇਆ। ਬਚਪਨ ਆਪ ਨੇ ਪਿੰਡ ਵਿੱਚ ਹੀ ਗੁਜ਼ਾਰਿਆ। ਬਾਲ ਅਵਸਥਾ ਵਿੱਚ ਸੰਤ ਜੀ ਦੀਆਂ ਰੁਚੀਆਂ ਆਪਣੀ ਉਮਰ ਦੇ ਬੱਚਿਆਂ ਨਾਲੋਂ ਵਿਲੱਖਣ ਹੁੰਦੀਆਂ ਸਨ। ਸੰਤ ਜੀ ਟਾਕੀਆਂ (ਲੀਰਾਂ) ਦੀ ਮਾਲਾ ਬਣਾ ਕੇ ਸਿਮਰਨ ਕਰਦੇ ਸਨ। ਸੱਤ ਸਾਲ ਦੀ ਉਮਰ ਵਿੱਚ ਪਿਤਾ ਨੇ ਸ਼੍ਰੀਮਾਨ ਭਾਈ ਰਾਮ ਸਿੰਘ ਨਿਰਮਲੇ ਦੇ ਡੇਰੇ ਰਾਮ ਸਿੰਘ ਕੋਲ ਪੜ੍ਹਨੇ ਪਾਇਆ। ਆਪ ਨੇ ਸੰਤ ਬੂਟਾ ਸਿੰਘ, ਭਾਈ ਰਾਮ ਸਿੰਘ, ਭਾਈ ਗੁਲਾਬ ਸਿੰਘ ਕੋਲੋਂ ਗੁਰਮੁਖੀ ਵਿੱਦਿਆ ਹਾਸਲ ਕੀਤੀ।
ਕੁਝ ਚਿਰ ਮਗਰੋਂ ਪਿਤਾ ਨੇ ਪਸ਼ੂ ਚਾਰਨ ਤੇ ਲਾ ਦਿੱਤਾ। ਸੰਤ ਜੀ ਜਦ ਪਸ਼ੂ ਬਾਹਰ ਲਿਜਾਂਦੇ ਤਾਂ ਚੁੰਨੀ ਦੇ ਪੱਲੇ ਨਾਲ ਹੱਕਦੇ, ਸੋਟੀ ਕਦੇ ਵੀ ਨਾ ਆਪ ਮਾਰਦੇ ਤੇ ਨਾ ਮੁੰਡਿਆਂ ਨੂੰ ਮਾਰਨ ਦਿੰਦੇ। ਸੰਮਤ 1940 ਬਿਕਰਮੀ ਸੰਨ 1883 ਈ: ਵਿੱਚ ਸੰਤ ਜੀ ਧਰਮਕੋਟ ਵਿੱਚ ਭਰਤੀ ਹੋ ਕੇ ਕੋਹਾਟ ਤੋਪਖਾਨੇ ਵਿੱਚ ਚਲੇ ਗਏ। ਇਸ ਸਮੇਂ ਸੰਤ ਜੀ ਦੀ ਉਮਰ 17 ਸਾਲ ਦੀ ਸੀ। ਤੋਪਖਾਨੇ ਵਿੱਚ ਸੰਤ ਜੀ ਨੇ ਇੱਕ ਸਾਲ ਟਰੇਨਿੰਗ ਤਾਂ ਕੀਤੀ ਪਰ ਗੁਰਮੁਖੀ ਪੜ੍ਹਨ ਤੇ ਭਜਨ-ਪਾਠ ਕਰਨ ਲਈ ਸਮਾਂ ਨਹੀਂ ਸੀ ਮਿਲਦਾ।
ਸੰਤ ਅਤਰ ਸਿੰਘ ਨੇ ਪਿੰਡ ਦੇ ਸੂਬੇਦਾਰ ਦਲੇਲ ਸਿੰਘ ਨੂੰ ਇੱਕ ਦਿਨ ਕਿਹਾ ਕਿ ਅਸੀਂ ਤਾਂ ਫ਼ੌਜ ਵਿੱਚ ਇਸ ਖ਼ਿਆਲ ਨਾਲ ਭਰਤੀ ਹੋਏ ਸੀ ਕਿ ਧਰਮ ਦੀ ਕਮਾਈ ਦਾ ਅੰਨ ਛਕ ਕੇ ਬੰਦਗੀ ਕਰਾਂਗੇ ਅਤੇ ਨਾਲ-ਨਾਲ ਵਿੱਦਿਆ ਵਿੱਚ ਵਾਧਾ ਕਰਾਂਗੇ ਪਰ ਤੋਪਖਾਨੇ ਵਿੱਚ ਤਾਂ ਇੰਨਾ ਕੰਮ ਹੁੰਦਾ ਹੈ ਕਿ ਪੜ੍ਹਨ ਲਈ ਸਮਾਂ ਹੀ ਨਹੀਂ ਮਿਲਦਾ। ਸੰਤ ਜੀ ਦੀ ਗੱਲ ਸੁਣ ਕੇ ਸੂਬੇਦਾਰ ਦਲੇਲ ਸਿੰਘ ਨੇ ਉਹਨਾਂ ਦੀ ਬਦਲੀ ਪਲਟਨ ਕੰਪਨੀ ਨੰਬਰ 7 ਵਿੱਚ ਕਰਵਾ ਦਿੱਤੀ। ਇੱਥੇ ਆਪ ਸੰਤ ਠਾਕੁਰ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕਰਕੇ ਸਿੰਘ ਸਜ ਗਏ। ਪਰੇਡ ਮਗਰੋਂ ਸੰਤ ਜੀ ਸਾਰਾ ਦਿਨ ਹੀ ਗੁਰਦੁਆਰੇ ਦੀ ਸੇਵਾ ਕਰਦੇ। ਝਾੜੂ ਨਾਲ ਸਫ਼ਾਈ ਕਰਕੇ ਦਰੀਆਂ ਝਾੜ ਕੇ ਵਿਛਾਉਂਦੇ। ਇੱਥੇ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਅਭਿਆਸ ਲਗਾਤਾਰ ਕੀਤਾ। ਜਦ ਮਾਪਿਆਂ ਨੇ ਆਪ ਦਾ ਵਿਆਹ ਕਰਨ ਲਈ ਕਿਹਾ ਤਾਂ ਆਪ ਨੇ ਪੂਰਾ ਠੋਕ ਕੇ ਜਵਾਬ ਦੇ ਦਿੱਤਾ। ਸੰਮਤ 1944 ਬਿਕਰਮੀ ਸੰਨ 1887 ਈ: ਵਿੱਚ ਪਿਤਾ ਜੀ ਦੇ ਸੁਰਗਵਾਸ ਹੋਣ ਤੋਂ ਬਾਅਦ ਫ਼ੌਜ ਵਿੱਚੋਂ ਵਾਪਸ ਘਰ ਆਉਣ ਦੀ ਬਜਾਏ ਗੁਰਦੁਆਰਾ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ, ਰਿਸ਼ੀਕੇਸ਼, ਹਰਿਦੁਆਰ, ਪੰਜਾ ਸਾਹਿਬ, ਤਪਿਆਣਾ ਸਾਹਿਬ ਕਨੋਹਾ (ਪਾਕਿਸਤਾਨ) ਆਦਿ ਥਾਵਾਂ ਤੇ ਲੰਮੀ ਘਾਲਣਾ ਵਾਲੇ ਆਸਣ ਜਮਾਏ, ਤਪ ਸਾਧੇ ਅਤੇ ਨਾਮ-ਬਾਣੀ ਦਾ ਸਿਮਰਨ ਕੀਤਾ।
ਕੁਝ ਸਮੇਂ ਬਾਅਦ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਆ ਗਏ। ਇੱਥੇ ਰੋਜ਼ਾਨਾ ਦੀਵਾਨ ਸਜਦੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ। ਸੰਤ ਜੀ ਉੱਚੀ ਲੈਅ ਵਿੱਚ ਸਿੱਧੀਆਂ ਧਾਰਨਾਵਾਂ ਪੜ੍ਹਦੇ ਤਾਂ ਸੰਗਤ ਨਿਹਾਲ ਹੋ ਜਾਂਦੀ। ਮਾਲਵੇ ਦੇ ਇਸ ਪੱਛੜੇ ਇਲਾਕੇ ਵਿੱਚ ਇਹ ਅੱਜ ਦਾ ਮਸਤੂਆਣਾ ਉਸ ਸਮੇਂ ਸੰਘਣੇ ਜੰਗਲ ਦੀ ਨਿਆਈ ਸੀ, ਜਿੱਥੇ ਇੱਕ ਮਸਤੂ ਨਾਂ ਦਾ ਜੱਟ ਇੱਕ ਝਿੜੀ ਵਿੱਚ ਰਿਹਾ ਕਰਦਾ ਸੀ। ਉਸ ਦੇ ਨਾਂ ਤੇ ਸੰਤਾਂ ਨੇ ਇਸ ਸਥਾਨ ਦਾ ਨਾਂ ‘ਮਸਤੂਆਣਾ’ ਰੱਖਿਆ। ਸੰਤ ਜੀ ਨੇ ਗੁਰਦੁਆਰੇ ਦੀ ਨੀਂਹ ਆਪਣੇ ਕਰ ਕਮਲਾਂ ਨਾਲ ਰੱਖੀ। ਸੰਤ ਅਤਰ ਸਿੰਘ ਜੀ ਨੇ ਕਨੋਹੇ ਦੀ ਇੱਕ ਝਿੜੀ ਵਿੱਚ ਇਕੱਲਿਆਂ ਹੀ ਅਖੰਡ-ਪਾਠ ਕੀਤਾ। ਉੱਥੇ ਉਹਨਾਂ ਪਹਿਲੀ ਵਾਰ 40 ਦਿਨ, ਦੂਜੀ ਵਾਰ 6 ਮਹੀਨੇ ਤੇ ਤੀਜੀ ਵਾਰ ਪੂਰਾ ਇੱਕ ਸਾਲ ਤਪ ਕੀਤਾ। ਸੰਤ ਅਤਰ ਸਿੰਘ ਜੀ ਅੰਮ੍ਰਿਤ ਵੇਲੇ 12 ਵਜੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਦੇ। ਨਿੱਤ-ਨੇਮ ਕਰਨ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਆਪ ਪੜ੍ਹਦੇ ਤੇ ਫਿਰ ਸੰਗਤਾਂ ਤੋਂ ਪੜ੍ਹਾਉਂਦੇ ।  
ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਦੇ ਸਨ ਤਾਂ ਕਿ ਸਿੱਖ ਸੰਗਤਾਂ ਪੈਰੀਂ ਹੱਥ ਨਾ ਲਾਉਣ। ਸੰਤ ਜੀ ਨੇ ਰਾਵਲਪਿੰਡੀ, ਪੋਠੋਹਾਰ, ਲਾਹੌਰ, ਅੰਮ੍ਰਿਤਸਰ, ਮੁੰਬਈ, ਕਰਾਚੀ, ਕਸ਼ਮੀਰ ਤੇ ਹੋਰ ਕਈ ਥਾਵਾਂ ਤੇ ਜਾ ਕੇ ਲੱਖਾਂ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਿਆ। ਸੰਤ ਅਤਰ ਸਿੰਘ ਜੀ ਵਹਿਮਾਂ-ਭਰਮਾਂ, ਭੂਤਾਂ-ਪੇ੍ਰਤਾਂ, ਮੰਨਤਾਂ-ਮਨੌਤਾਂ, ਇੱਧਰ-ਉਧਰ ਭਟਕਣ ਵਾਲੀਆਂ ਕੁਰੀਤੀਆਂ ਤੋਂ ਮੋੜ ਕੇ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ, ਅੰਮ੍ਰਿਤ ਛਕ ਕੇ ਤੇ ਸਿੰਘ ਸਜਾ ਕੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਨ ਖ਼ਾਲਸਾ ਬਣਾਉਣ ਦਾ ਹਰ ਸਮੇਂ ਪ੍ਰਚਾਰ ਕਰਦੇ।
ਸੰਤ ਅਤਰ ਸਿੰਘ ਜੀ ਪੂਰਨ ਬ੍ਰਹਮ-ਗਿਆਨੀ ਤੇ ਵਿੱਦਿਆ ਦੇ ਧਨੀ ਸਨ। ਆਪ ਦੇ ਮਨ ਵਿੱਚ ਵਿੱਦਿਆ ਦੀ ਬਹੁਤ ਕਦਰ ਸੀ। ਉਹ ਚਾਹੁੰਦੇ ਸਨ ਕਿ ਸਿੱਖ ਕੌਮ ਪੜਿ੍ਹਆਂ-ਲਿਖਿਆਂ ਦੀ ਕੌਮ ਬਣ ਜਾਵੇ ਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿੱਤ, ਸਵੱਈਏ, ਸਿੱਖ ਇਤਿਹਾਸ ਦਾ ਪੂਰਨ ਗਿਆਨ ਹੋਵੇ। ਹਰ ਸਿੱਖ ਨੂੰ ਉਹ ਪੜਿ੍ਹਆ-ਲਿਖਿਆ ਸਿੱਖ ਬਣਾਉਣਾ ਚਾਹੁੰਦੇ ਸਨ। ਉਹਨਾਂ ਨੇ ਪੋਠੇਹਾਰ ਦੇ ਇਲਾਕੇ ਵਿੱਚ ਵੀ ਅਨੇਕਾਂ ਸਕੂਲ ਤੇ ਕਾਲਜ ਹੋਂਦ ਵਿੱਚ ਲਿਆਂਦੇ। ਸੰਤ ਅਤਰ ਸਿੰਘ ਨੇ 1907 ਵਿੱਚ ਉਪਦੇਸ਼ਕ ਕਾਲਜ ਗੁਜ਼ਰਾਂਵਾਲਾ, 1908 ਵਿੱਚ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੇ ਚੱਕਵਾਲ ਦਾ ਨੀਂਹ-ਪੱਥਰ ਖ਼ੁਦ ਰੱਖਿਆ। ਸੰਤ ਜੀ ਨੇ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ 6 ਸਾਵਣ (ਨਾਨਕਸ਼ਾਹੀ ਸੰਮਤ 450) ਨੂੰ ਆਪਣੇ ਕਰ-ਕਮਲਾਂ ਨਾਲ ਨੀਂਹ ਵਿੱਚ ਪੰਜ ਇੱਟਾਂ ਰੱਖ ਕੇ ਅਕਾਲ ਕਾਲਜ ਦੀ ਇਮਾਰਤ ਦੀ ਨੀਂਹ ਰੱਖੀ। ਇਮਾਰਤ ਦੀ ਉਸਾਰੀ ਲਈ 140 ਰਾਜ ਮਿਸਤਰੀ ਅਤੇ 200 ਮਜ਼ਦੂਰ ਪੱਕੇ ਤੌਰ ’ਤੇ ਰੱਖੇ ਗਏ। ਕਾਲਜ ਦਾ ਸਮੁੱਚਾ ਪ੍ਰਬੰਧ ਅਕਾਲ ਕਾਲਜ ਕੌਂਸਲ ਨੂੰ ਸੌਂਪ ਕੇ ਪ੍ਰਧਾਨ ਸ੍ਰ: ਸੇਵਾ ਸਿੰਘ ਠੀਕਰੀਵਾਲਾ ਨੂੰ ਥਾਪਿਆ ਗਿਆ। 1920-21 ਵਿੱਚ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਕਾਲਜ ਚਾਲੂ ਕਰਨ ਦੀ ਰਸਮ ਅਦਾ ਕੀਤੀ।
1911 ਈ: ਨੂੰ ਜਾਰਜ ਪੰਚਮ ਦਾ ਜਲੂਸ ਦਿੱਲੀ ਨਿਕਲਿਆ। ਸੰਤ ਅਤਰ ਸਿੰਘ ਜੀ ਨੂੰ ਸਿੱਖ ਰਾਜੇ ਨਾਲ ਲੈ ਕੇ ਗਏ। ਇੱਕ ਹਾਥੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੰਤ ਜੀ ਨੂੰ ਗੁਰੂ ਮਹਾਰਾਜ ਦੀ ਤਾਬਿਆ ਬਿਠਾਇਆ ਗਿਆ। ਜਾਰਜ ਪੰਚਮ ਦੀ ਨਿਗ੍ਹਾ ਸੰਤ ਜੀ ਦੇ ਤੇਜੱਸਵੀ ਚਿਹਰੇ ਤੇ ਪਈ। ਉਸ ਨੇ ਪੁੱਛਿਆ ਕਿ ਇਹ ਕੌਣ ਹਨ? ਮਹਾਰਾਜਾ ਹੀਰਾ ਸਿੰਘ ਨਾਭਾ ਨੇ ਉੱਤਰ ਦਿੱਤਾ ਕਿ ਇਹ ਸਿੱਖ ਕੌਮ ਦੇ ਸ਼੍ਰੋਮਣੀ ਸੰਤ ਹਨ। ਉਸ ਨੇ ਕਿਹਾ ਕਿ ਇਹੋ ਜਿਹਾ ਚਿਹਰਾ ਮੈਂ ਅੱਜ ਤੱਕ ਕਿਧਰੇ ਨਹੀਂ ਦੇਖਿਆ। ਜਾਰਜ ਪੰਚਮ ਅਤੇ ਵਾਇਸਰਾਏ ਖ਼ੁਦ ਹੈਰਾਨ ਅਤੇ ਪ੍ਰੇਸ਼ਾਨ ਸਨ। ਸੰਤ ਜੀ ਦਾ ਜਲੂਸ ਅਤੇ ਦਰਬਾਰ ਵਿੱਚ ਜੋ ਸਨਮਾਨ ਹੋਇਆ, ਉਹ ਬਹੁਤ ਹੀ ਸਲਾਹੁਣਯੋਗ ਸੀ। 1914 ਈ: ਸੰਮਤ 1971 ਬਿਕਰਮੀ ਵਿੱਚ ਸੰਤ ਅਤਰ ਸਿੰਘ ਜੀ ਨੇ ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ ’ਤੇ ਪੰਜ ਸ਼੍ਰੀ ਅਖੰਡ-ਪਾਠਾਂ ਦੀ ਸਮਾਪਤੀ ਉਪਰੰਤ ਇੱਕ ਸੋਨੇ ਦੀ ਕਰੰਡੀ ਅਤੇ 11 ਸੋਨੇ ਦੀਆਂ ਇੱਟਾਂ ਨਾਲ ‘ਬਨਾਰਸ ਹਿੰਦੂ ਯੂਨੀਵਰਸਿਟੀ’ ਦਾ ਨੀਂਹ-ਪੱਥਰ ਰੱਖਿਆ। ਆਪ ਨੂੰ ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਯੋਜਿਤ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸਾਂ ਦਾ ਪ੍ਰਧਾਨ ਬਣਾਇਆ ਜਾਂਦਾ ਸੀ। ਸੰਤ ਅਤਰ ਸਿੰਘ ਜੀ ਵਿੱਦਿਆਦਾਨੀ, ਪਰ-ਉਪਕਾਰੀ, ਗੁਰਮਤਿ ਦੇ ਧਾਰਨੀ ਸਨ। ਆਪ ਨੇ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਅਕਾਲ ਪੁਰਖ ਦੇ ਹੁਕਮ ਅਨੁਸਾਰ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ 31 ਜਨਵਰੀ 1927 ਈ: ਸੰਮਤ 1984 ਬਿਕਰਮੀ ਦੀ ਰਾਤ ਨੂੰ ਭਾਈ ਗੋਬਿੰਦਰ ਸਿੰਘ ਦੀ ਕੋਠੀ ਸੰਗਰੂਰ ਵਿਖੇ ਸੱਚ-ਖੰਡ ਜਾ ਬਿਰਾਜੇ।
ਸੰਤ ਅਤਰ ਸਿੰਘ ਜੀ ਦੀ 96ਵੀਂ ਬਰਸੀ 30, 31 ਜਨਵਰੀ ਤੇ 1 ਫ਼ਰਵਰੀ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਮਸਤੂਆਣਾ (ਸੰਗਰੂਰ) ਵਿਖੇ ਬੜੇ ਪੇ੍ਰਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਵੀ, ਸੰਤ ਮਹਾਂਪੁਰਸ਼ ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।