ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-
ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਕਪੂਰਥਲਾ ਦਾਣਾ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਵਿਚ ਕਣਕ ਦੀ ਖ਼ਰੀਦ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿੳੂ ਦੌਰਾਨ ਵੀ ਕਿਸਾਨਾਂ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਸੁਚੱਜੀ ਖ਼ਰੀਦ ਲਈ ਪੂਰੇ ਸੂਬੇ ਵਿਚ ਯੋਜਨਾਬੱਧ ਢੰਗ ਸਾਰੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜ਼ਿਲੇ ਵਿਚ ਸੁਚੱਜੀ ਖ਼ਰੀਦ ਪ੍ਰਕਿਰਿਆ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸਾਰੇ 98 ਖ਼ਰੀਦ ਕੇਂਦਰਾਂ ’ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਖ਼ਰੀਦ ਕੇਂਦਰਾਂ ਵਿਚ ਸੈਨੀਟਾਈਜ਼ੇਸ਼ਨ ਮੁਹਿੰਮ ਚਲਾਈ ਗਈ ਹੈ। ਇਸੇ ਤਰਾਂ ਬਾਕੀ ਸਾਵਧਾਨੀਆਂ, ਜਿਵੇਂ ਕਿ ਸਾਫ਼-ਸਫ਼ਾਈ, ਹੱਥ ਧੋਣ, ਸੋਸ਼ਲ ਡਿਸਟੈਂਸਿੰਗ, ਮਾਸਕ, ਗਲੱਵਜ਼ ਆਦਿ ਵਰਤਣ ਦੀ ਵੀ ਤਾਕੀਦ ਕੀਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਉਹ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 1334 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਨਗ੍ਰੇਨ ਵੱਲੋਂ 536 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 375 ਮੀਟਿ੍ਰਕ ਟਨ, ਪਨਸਪ ਵੱਲੋਂ 313 ਮੀਟਿ੍ਰਕ ਟਨ ਅਤੇ ਪੰਜਾਬ ਸਟੇਟ ਵੇਅਰਹਾੳੂਸ ਕਾਰਪੋਰੇਸ਼ਨ ਵੱਲੋਂ 90 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਮੌਕੇ ਮੰਡੀ ਵਿਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਹਾਰ ਪਾ ਕੇ ਉਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ ਡੀ. ਐਫ. ਐਸ. ਸੀ ਸਰਤਾਜ ਸਿੰਘ ਚੀਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ ਤੇ ਉੱਪ ਚੇਅਰਮੈਨ ਰਾਜਿੰਦਰ ਕੌੜਾ, ਡਿਪਟੀ ਡੀ. ਐਮ. ਓ ਰੁਪਿੰਦਰ ਮਿਨਹਾਸ, ਸਕੱਤਰ ਸੰਜੀਵ ਕੁਮਾਰ, ਮੰਡੀ ਸੁਪਰਵਾਈਜ਼ਰ ਪਿ੍ਰਥੀਪਾਲ ਸਿੰਘ ਘੁੰਮਣ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਓ. ਪੀ ਬਹਿਲ, ਪਨਗ੍ਰੇਨ ਇੰਸਪੈਕਟਰ ਸੁਖਚੈਨ ਸਿੰਘ, ਵਿਪਨ ਟੋਨੀ ਆਜ਼ਾਦ, ਅਸ਼ੋਕ ਕੌੜਾ, ਪਵਨ ਕੌੜਾ, ਪਰਮਿੰਦਰ ਚੰਦੀ, ਸਤਪਾਲ ਆਨੰਦ, ਸਾਹਿਲ ਕੌੜਾ, ਵਿਸ਼ਾਲ ਸੋਨੀ, ਰਾਜੀਵ ਗੁਪਤਾ, ਕੁਲਦੀਪ ਸ਼ਰਮਾ, ਓਂਕਾਰ ਕਾਲੀਆ, ਬਿੱਟੂ ਵਧਵਾ ਤੋਂ ਇਲਾਵਾ ਆੜਤੀ ਅਤੇ ਕਿਸਾਨ ਹਾਜ਼ਰ ਸਨ।
ਕੈਪਸ਼ਨ :-ਕਪੂਰਥਲਾ ਦਾਣਾ ਮੰਡੀ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ।