You are here

ਕੋਰੋਨਾ ਦੇ ਨਾਲ-ਨਾਲ ਡੇਂਗੂ ਤੇ ਮਲੇਰੀਆ ਤੋਂ ਵੀ ਬਚਾਅ ਜ਼ਰੂਰੀ-ਸਿਵਲ ਸਰਜਨ

ਜਾਗਰੂਕਤਾ ਤੇ ਸਾਵਧਾਨੀਆਂ ਸਮੇਂ ਦੀ ਲੋੜ

ਸਭਨਾਂ ਦੇ ਸਹਿਯੋਗ ਨਾਲ ਰਹੇਗਾ ਜ਼ਿਲਾ ਰੋਗ ਮੁਕਤ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਦਾ ਕਹਿਰ ਹਰ ਪਾਸੇ ਫੈਲਿਆ ਹੋਇਆ ਹੈ ਅਤੇ ਇਸ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਵੀ ਹੈ। ਸਿਹਤ ਵਿਭਾਗ ਇਸ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਅਤੇ ਫੈਲੇ ਡਰ ਨੂੰ ਖ਼ਤਮ ਕਰਨ ਲਈ ਜੀਅ-ਤੋੜ ਮਿਹਨਤ ਕਰ ਰਿਹਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਰਦਿਆਂ ਦੱਸਿਆ ਕਿ ਹੁਣ ਡੇਂਗੂ ਤੇ ਮਲੇਰੀਏ ਦਾ ਸੀਜ਼ਨ ਆ ਰਿਹਾ ਹੈ, ਇਸ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਜਿਵੇਂ ਕਿ ਵਾਰ-ਵਾਰ ਹੱਥ ਧੋਣਾ, ਸੋਸ਼ਲ ਡਿਸਟੈਂਸ ਮੇਨਟੇਨ ਕਰਨਾ, ਬਿਨਾਂ ਵਜਾ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਆਦਿ ’ਤੇ ਅਮਲ ਤਾਂ ਕਰਨਾ ਹੀ ਹੈ, ਇਸ ਦੇ ਨਾਲ ਹੀ ਡੇਂਗੂ ਤੇ ਮਲੇਰੀਆ ਬਿਮਾਰੀਆਂ ਤੋਂ ਬਚਣ ਲਈ ਪੂਰੀਆਂ ਸਾਵਧਾਨੀਆਂ ਵਰਤਣੀਆਂ ਹਨ। ਉਨਾਂ ਦੱਸਿਆ ਕਿ ਡੇਂਗੂ ਤੇ ਮਲੇਰੀਆ ਦਾ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੱਛਰ ਪੈਦਾ ਹੋਣ ਵਾਲੇ ਸਰੋਤਾਂ ਦੀ ਸਾਫ਼-ਸਫ਼ਾਈ ਵੱਲ ਹੁਣੇ ਤੋਂ ਹੀ ਧਿਆਨ ਦਿੱਤਾ ਜਾਵੇ, ਤਾਂ ਕਿ ਡੇਂਗੂ ਅਤੇ ਮਲੇਰੀਆ ਤੋਂ ਬਚਾਅ  ਹੋ ਸਕੇ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਕੋਰੋਨਾ ਤੋਂ ਤਾਂ ਸਾਨੂੰ ਬਚਾਅ ਕਰਨਾ ਹੀ ਹੈ, ਨਾਲ ਹੀ ਹੋਰਨਾਂ ਬਿਮਾਰੀਆਂ ਤੋਂ ਵੀ ਜ਼ਿਲੇ ਨੂੰ ਰੋਗ ਮੁਕਤ ਰੱਖਣ ਲਈ ਇਕ-ਦੂਜੇ ਦਾ ਸਹਿਯੋਗ ਕਰਨਾ ਹੈ। 

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਤ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਡੇਂਗੂ ਤੇ ਮਲੇਰੀਆ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣਾ ਬੇਹੱਦ ਜ਼ਰੂਰੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਡਰਾਈ ਡੇਅ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਕੂਲਰਾਂ ਨੂੰ ਚਲਾਉਣ ਤੋਂ ਪਹਿਲਾਂ ਉਨਾਂ ਨੂੰ ਸੱਕਰਬਰ ਨਾਲ ਰਗੜ-ਰਗੜ ਕੇ ਸਾਫ਼ ਕੀਤਾ ਜਾਵੇ। ਇਸੇ ਤਰਾਂ ਫਰਿੱਜਾਂ ਦੀਆਂ ਟਰੇਆਂ ਅਤੇ ਗਮਲਿਆਂ ਆਦਿ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਛੱਤਾਂ ’ਤੇ ਪਈਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ। ਉਨਾਂ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਬਚਣ ਦੀ ਸਲਾਹ ਵੀ ਦਿੱਤੀ। 

ਆਈਸੋਲੇਸ਼ਨ ਵਿਚ ਰਹਿ ਰਹੇ ਅਫ਼ਜ਼ਲ ਦਾ 14 ਦਿਨ ਬਾਅਦ ਦੁਬਾਰਾ ਭੇਜਿਆ ਟੈਸਟ :

ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਵਿਚ ਰਹਿ ਰਹੇ ਦੋਵਾਂ ਮਰੀਜ਼ਾਂ ਦੀ ਹਾਲਤ ਸਥਿਰ ਹੈ। ਅੱਜ 14 ਦਿਨ ਪਹਿਲਾਂ ਦਾਖ਼ਲ ਹੋਏ ਅਫ਼ਜ਼ਲ ਦਾ ਟੈਸਟ ਦੁਬਾਰਾ ਲਿਆ ਗਿਆ ਹੈ ਅਤੇ ਕੱਲ 24 ਘੰਟਿਆਂ ਬਾਅਦ ਦੂਸਰਾ ਟੈਸਟ ਲਿਆ ਜਾਵੇਗਾ। ਇਸ ਤੋਂ ਇਲਾਵਾ ਦੂਜੀ ਮਰੀਜ਼ ਨੀਤੂ ਦੀ ਈ. ਸੀ. ਜੀ ਕੀਤੀ ਗਈ ਹੈ, ਜੋ ਕਿ ਬਿਲਕੁਲ ਠੀਕ ਹੈ। ਉਨਾਂ ਦੋਹਾਂ ਮਰੀਜ਼ਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ ਅਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ, ਵਾਰ-ਵਾਰ ਹੱਥ ਧੋਣ, ਮਾਸਕ ਪਾ ਕੇ ਰੱਖਣ ਅਤੇ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਣ। ਉਨਾਂ ਕਿਹਾ ਕਿ ਲੋਕਾਂ ਵੱਲੋਂ ਇਹ ਸਾਵਧਾਨੀਆਂ ਵਰਤਣਾ ਸਿਹਤ ਵਿਭਾਗ ਨੂੰ ਉਨਾਂ ਦਾ ਸਭ ਤੋਂ ਵੱਡਾ ਸਹਿਯੋਗ ਹੋਵੇਗਾ।  

ਫੋਟੋ : -ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ।