You are here

ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਰੀੜ੍ਹ ਦੀ ਹੱਡੀ, ਦਿਮਾਗ ਦੇ ਰੋਗਾਂ ਤੇ ਫਿਜ਼ੀਓਥਰੈਪੀ ਕੈਂਪ ਲਾਇਆ

ਕੈਂਪ ਦਾ ਉਦਘਾਟਨ ਪ੍ਰੋ: ਸੁਖਵਿੰਦਰ ਸਿੰਘ ਨੇ ਕੀਤਾ
ਜਗਰਾਉ 26 ਜੂਨ (ਅਮਿਤਖੰਨਾ) ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਦਿਮਾਗ ਦੇ ਰੋਗਾਂ ਦਾ, ਰੀੜ੍ਹ ਦੀ ਹੱਡੀ ਦੇ ਰੋਗਾਂ ਦਾ ਅਤੇ ਫਿਜ਼ੀਓਥਰੈਪੀ ਕੈਂਪ ਅਗਵਾੜ ਲੋਪੋ-ਡਾਲਾ ਵਿਵੇਕ ਕਲੀਨਿਕ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋ: ਸੁਖਵਿੰਦਰ ਸਿੰਘ ਨੇ ਰੀਬਨ ਕੱਟ ਕੇ ਕੀਤਾ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਕੈਂਪ ਦੌਰਾਨ ਲੁਧਿਆਣਾ ਏਮਜ਼ ਬੱਸੀ ਹਸਪਤਾਲ ਤੋਂ ਡਾ: ਅਮਿਤ ਮਿੱਤਲ ਨੇ 70 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਅੱਧੇ ਰੇਟਾਂ 'ਤੇ ਟੈਸਟ ਕੀਤੇ ਗਏ | ਇਸ ਤੋਂ ਇਲਾਵਾ ਡਾ: ਰਜਤ ਖੰਨਾ ਨੇ ਮਰੀਜ਼ਾਂ ਦੀ ਮੁਫ਼ਤ ਫਿਜ਼ੀਓਥਰੈਪੀ ਕੀਤੀ | ਇਸ ਮੌਕੇ ਡਾ: ਅਮਿਤ ਮਿੱਤਲ ਨੇ ਦੱਸਿਆ ਕਿ ਏਮਜ਼ ਹਸਪਤਾਲ ਬੱਸੀ ਲੁਧਿਆਣਾ ਵਿਖੇ ਮਰੀਜ਼ ਦਿਮਾਗ ਦੇ ਰੋਗਾਂ, ਰੀੜ੍ਹ ਦੀ ਹੱਡੀ ਦੇ ਰੋਗਾਂ, ਪਿੱਠ ਦੇ ਹੇਠਲੇ ਹਿੱਸੇ 'ਚ ਦਰਦ, ਡਿਸਕ ਦੀ ਤਕਲੀਫ਼, ਰੀੜ੍ਹ ਦੇ ਮਣਕੇ ਕਾਰਨ ਨਾੜੀਆਂ 'ਤੇ ਦਬਾਅ, ਮਿਰਗੀ ਦੇ ਦੌਰੇ ਦਾ ਇਲਾਜ, ਸਿਰ ਦੀ ਸੱਟ, ਅਧਰੰਗ ਦਾ ਇਲਾਜ਼, ਗਰਦਨ ਦਾ ਦਰਦ, ਰੀੜ੍ਹ ਦੀ ਹੱਡੀ ਦੀ ਟੀ. ਵੀ., ਦਿਮਾਗ ਦੀ ਰਸੌਲੀ ਦਾ ਇਲਾਜ, ਰੀੜ੍ਹ ਦੀ ਹੱਡੀ ਦਾ ਕੈਂਸਰ, ਦਿਮਾਗ ਦੀ ਨੱਸ ਫੱਟਣਾ ਤੇ ਬੱਚਿਆਂ ਦੀ ਦਿਮਾਗ ਦੀ ਸਰਜਰੀ ਦਾ ਘੱਟ ਰੇਟਾਂ 'ਤੇ ਇਲਾਜ ਕਰਵਾ ਸਕਦੇ ਹਨ | ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਨੇ ਥੋੜੇ ਸਮੇਂ 'ਚ ਸਮਾਜ ਅੰਦਰ ਚੰਗਾ ਨਾਮ ਬਣਾਇਆ ਹੈ | ਉਨ੍ਹਾਂ ਕਿਹਾ ਕਿ ਅੱਜ ਅਜਿਹੇ ਕੈਂਪਾਂ ਦੀ ਬਹੁਤ ਲੋੜ ਹੈ, ਜਿਹੜੇ ਮਰੀਜ਼ ਮਹਿੰਗੇ ਹਸਪਤਾਲਾਂ 'ਚ ਨਹੀਂ ਜਾ ਸਕਦੇ, ਉਨ੍ਹਾਂ ਲਈ ਅਜਿਹੇ ਕੈਂਪ ਲਾਭਦਾਇ ਹੁੰਦੇ ਹਨ | ਇਸ ਮੌਕੇ ਕੈਪਟਨ ਨਰੈਸ਼ ਵਰਮਾ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ ਨੇ ਕਿਹਾ ਕਿ ਸੰਸਥਾ ਸਮੇਂ-ਸਮੇਂ 'ਚ ਅਜਿਹੇ ਉਪਰਾਲੇ ਕਰਦੀ ਰਹਿੰਦੀ ਹੈ, ਜਿਸ ਨਾਲ ਗਰੀਬ ਤੇ ਲੋੜਵੰਦਾਂ ਨੂੰ  ਫਾਇਦਾ ਹੋਵੇ | ਉਨ੍ਹਾਂ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਲਗਾਏ ਕੈਂਪ 'ਚ ਲੋਕਾਂ ਨੇ ਵੱਡੀ ਗਿਣਤੀ 'ਚ ਲਾਭ ਉਠਾਇਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਗੁਰਸ਼ਰਨ ਸਿੰਘ ਮਿਗਲਾਨੀ, ਜਨਰਲ ਸਕੱਤਰ ਇੰਰਦਪ੍ਰੀਤ ਸਿੰਘ ਵਛੇਰ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮਿਗਲਾਨੀ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਅਮਨ ਵਰਮਾ, ਜਸਵਿੰਦਰ ਸਿੰਘ ਡਾਂਗੀਆਂ, ਪ੍ਰੀਤਮ ਸਿੰਘ ਅਖਾੜਾ ਤੇ ਰਿਖੀ ਆਦਿ ਵੀ ਹਾਜ਼ਰ ਸਨ |