You are here

ਜੰਗਲਾਤ ਵਿਭਾਗ ਵੱਲੋਂ ਕੰਟਰੋਲ ਰੂਮ ਨੰਬਰ ਜਾਰੀ

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਵਣ ਮੰਡਲ ਜਲੰਧਰ ਐਟ ਫਿਲੌਰ ਵੱਲੋਂ ਜ਼ਿਲਾ ਕਪੂਰਥਲਾ ਅਤੇ ਜਲੰਧਰ ਵਿਚ ਗਰਮੀ ਦੇ ਮੌਸਮ ਦੀ ਸ਼ੁਰੂਆਤ ਨੂੰ ਧਿਆਨ ਵਿਚ ਰੱਖਦਿਆਂ ਜੰਗਲਾਂ ਵਿਚ ਅੱਗ ਲੱਗਣ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਨੰਬਰ 01826-222537 ਉੱਤੇ ਦੇਣ ਦੀ ਅਪੀਲ ਕੀਤੀ ਗਈ ਹੈ। ਮੰਡਲ ਵਣ ਅਫ਼ਸਰ ਸ੍ਰੀ ਰਾਜੇਸ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਂ ਦੀ ਅੱਗ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਥੇ ਨਾਲ ਹੀ ਜੰਗਲੀ ਜੀਵ-ਜੰਤੂ, ਕੀਮਤੀ ਜੜੀ-ਬੂਟੀਆਂ ਅਤੇ ਹੋਰ ਕਈ ਪ੍ਰਕਾਰ ਦੀ ਕੁਦਰਤੀ ਸੰਪਤੀ ਨਸ਼ਟ ਹੋ ਜਾਂਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੰਗਲਾਂ ਵਿਚ ਅੱਗ ਲੱਗਣ ਦੀ ਸੂਚਨਾ ਉਕਤ ਕੰਟਰੋਲ ਰੂਮ ਨੰਬਰ ਨੂੰ ਦਿੱਤੀ ਜਾਵੇ ਤਾਂ ਜੋ ਵਣ ਵਿਭਾਗ ਵੱਲੋਂ ਤੁਰੰਤ ਅੱਗ ’ਤੇ ਕਾਬੂ ਕਰਨ ਲਈ ਪ੍ਰਬੰਧ ਕੀਤੇ ਜਾ ਸਕਣ। ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਜਾਣ-ਬੁੱਝ ਕੇ ਜੰਗਲ ਵਿਚ ਅੱਗ ਲਗਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ਼ ਭਾਰਤੀ ਵਣ ਐਕਟ-1927 (ਆਈ. ਐਫ. ਏ 1927) ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ ਦੇ ਇਸ ਸੀਜ਼ਨ ਦੌਰਾਨ ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਅੱਗ ਨਾ ਲਗਾਉਣ, ਕਿਉਂਕਿ ਇਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਨੇੜਲੇ ਦਰੱਖਤਾਂ ਅਤੇ ਜੰਗਲਾਂ ਨੂੰ ਵੀ ਅੱਗ ਲੱਗਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।