ਜੇ ਜੀਵਨ ਵਿਕਾਰਾਂ ਵੱਲ ਲਗਾਵਾਂਗੇ ਤਾਂ ਪ੍ਰਭੂ ਦੀ ਦਰਗਾਹ ਅੰਦਰ ਕਾਉਡੀ ਜਿਨ੍ਹਾ ਵੀ ਮੁੱਲ ਨਹੀਂ ਪਵੇਗਾ
ਲੁਧਿਆਣਾ 4 ਅਗਸਤ (ਕਰਨੈਲ ਸਿੰਘ ਐੱਮ.ਏ.)ਗੁਰਮਤਿ ਸੰਗੀਤ ਅਤੇ ਗੁਰਬਾਣੀ ਪ੍ਰਚਾਰ ਪ੍ਰਸਾਰ ਲਈ ਕਾਰਜ਼ਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਫੁਰਮਾਇਆ ਕਿ “ਅਧਿਆਤਮ ਪੱਖ ਕੋਈ ਵੱਖਰਾ ਪੱਖ ਨਹੀਂ, ਨਾ ਹੀ ਕਿਸੇ ਦਾ ਏਕਾਧਿਕਾਰ ਹੈ, ਪਰ ਜਿਸ ਤਰ੍ਹਾਂ ਨਾਲ ਅਧਿਆਤਮ ਨੂੰ ਗੁੰਝਲਦਾਰ ਬਣਾਇਆ ਜਾਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਸਹੀ ਨਹੀਂ। ਗੁਰਮਤਿ ਅਨੁਸਾਰ ਜੀਵਨ ਨੂੰ ਸਮਝਣ, ਗੁੰਝਲਦਾਰ ਪੱਖ ਤੋਂ ਬਾਹਰ ਨਿਕਲਣ ਵਰਗੇ ਪੱਖਾਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਇੱਕ ਰਸਤਾ ਚੱਲਦਿਆਂ ਆਪਾਂ ਪ੍ਰਭੂ ਦੇ ਦਰ ਤੱਕ ਜਾ ਸਕਦੇ ਹਾਂ, ਦੂਜੇ ਰਾਸਤੇ ਉਸਦੇ ਉਲਟ। ਇੱਕ ਰਾਸਤਾ ਪ੍ਰਭੂ ਦੀ ਕ੍ਰਿਪਾ ਦਾ ਹੱਕਦਾਰ ਬਣਦਾ ਹੈ, ਦੂਜਾ ਨਹੀਂ ਬਣ ਸਕਦਾ। ਇਹ ਦੋਨੋਂ ਰਾਸਤੇ ਆਚਾਰ ਨਾਲ ਸੰਬੰਧਿਤ ਹਨ। ਗੁਰਮਤਿ ਨੇ ਇਸ ਰਾਹ ਨੂੰ ਗੁਰਮੁਖ, ਦੂਜੇ ਨੂੰ ਮਨਮੁੱਖ ਕਿਹਾ ਹੈ। ਬਾਬਾ ਜੀ ਨੇ ਗੁਰਬਾਣੀ ਦੇ ਸ਼ਬਦਾਂ ਦੇ ਹਵਾਲਿਆਂ ਨਾਲ ਜ਼ੋਰ ਦਿੱਤਾ ਕਿ ਇੱਕ ਸੰਕਲਪ ਲਈਏ ਕਿ ਆਪਾਂ ਸੰਸਾਰਕ ਵਿਸ਼ ਦੇ ਵਪਾਰੀ ਨਹੀਂ ਬਣਨਾ, ਸਗੋਂ ਕਸਤੂਰੀ ਦੇ ਗਾਹਕ ਬਣਨਾ ਹੈ। ਕਿਉਂਕਿ ਜੇ ਜੀਵਨ ਵਿਕਾਰਾਂ ਵੱਲ ਲਗਾਵਾਂਗੇ ਤਾਂ ਪ੍ਰਭੂ ਦੀ ਦਰਗਾਹ ਅੰਦਰ ਕਾਉਡੀ ਜਿਨ੍ਹਾ ਵੀ ਮੁੱਲ ਨਹੀਂ ਪਵੇਗਾ, ਸਗੋਂ ਜੋ ਕੁਝ ਕੋਲ ਹੈ ਉਹ ਵੀ ਗਵਾ ਹੀ ਰਹੇ ਹਾਂ। ਆਪਾਂ ਪਾਪਾਂ ਦੀਆਂ ਪੰਡਾਂ ਬੰਨ੍ਹ ਕੇ ਨਹੀਂ ਜਾਣਾ, ਸਗੋਂ ਗੁਰਮਤਿ ਰੂਪੀ ਸਿੱਧੇ ਰਾਹ ਦੇ ਪਾਂਧੀ ਬਣਨਾ ਹੈ। ਪ੍ਰਭੂ ਅਤੇ ਪ੍ਰਭੂ ਦੇ ਪ੍ਰਤੀ ਸਮਰਪਣ ਰੂਪੀ ਕਸਤੂਰੀ ਦੀ ਭਾਲ ਅਤੇ ਸੰਭਾਲ ਕਰਨ ਵਾਲੇ ਬਣਨਾ ਹੈ। ਮਨੁੱਖ ਜੂਨੀ ਵਿੱਚ ਜਨਮ ਲੈਣਾ ਅਤੇ ਧਰਮੀ ਜੀਵਨ ‘ਚ ਢਲਣਾ ਸਾਡਾ ਮੰਤਵ ਹੋਣਾ ਚਾਹੀਦਾ ਹੈ। ਇਹ ਸਭ ਕੁਝ ਵਿਚਾਰ ਅਤੇ ਆਚਾਰ ਪੱਖੋਂ ਮਨਮੁੱਖਾਂ ਤੋਂ ਉਲਟ ਹੋਵੇਗਾ। ਸਮਾਗਮ ਦੇ ਅੰਤ ‘ਚ ਸੰਤ ਬਾਬਾ ਸੁਚਾ ਸਿੰਘ ਜੀ ਦੀ 22ਵੀਂ ਸਲਾਨਾਂ ਬਰਸੀ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੇਸ਼-ਵਿਦੇਸ਼ ਤੋਂ ਸੰਗਤਾਂ ਨੂੰ ਸਮੂਲੀਅਤ ਕਰਨ ਦੀ ਅਪੀਲ ਕੀਤੀ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।