ਜ਼ਿਲ੍ਹਾ ਮੋਗਾ ਦੇ ਕਿਸਾਨ 21 ਜੂਨ ਤੋਂ ਪਹਿਲਾਂ ਨਾ ਕਰਨ ਝੋਨੇ ਦੀ ਬਿਜਾਈ-ਮੁੱਖ ਖੇਤੀਬਾੜੀ ਅਫ਼ਸਰ
ਮੋਗਾ, 13 ਜੂਨ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਬਿਜਾਈ 21 ਜੂਨ ਤੋਂ ਕਰਨੀ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਵੀ ਕਿਸਾਨ 21 ਜੂਨ ਤੋਂ ਪਹਿਲਾਂ ਝੋਨਾ ਲਗਵਾਏਗਾ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਇਸ ਉੱਪਰ ਲਗਾਤਾਰ ਨਿਗਰਾਨੀ ਬਣਾ ਕੇ ਰੱਖ ਰਹੀਆਂ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਕਰਦਿਆਂ ਦੱਸਿਆ ਕਿ ਅੱਜ ਪਿੰਡ ਬਾਘਾਪੁਰਾਣਾ ਦੇ ਕਿਸਾਨ ਜਸਵੰਤ ਸਿੰਘ ਦੁਆਰਾ ਤਕਰੀਬਨ ਸਵਾ ਏਕੜ ਰਕਬੇ ਵਿਚ ਅਗੇਤੇ ਝੋਨੇ ਦੀ ਲਵਾਈ ਕਰ ਦਿੱਤੀ ਗਈ ਸੀ। ਇਸ ਅਗੇਤੀ ਬਿਜਾਈ ਵਾਲੇ ਝੋਨੇ ਨੂੰ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਧਿਆਨ ਵਿੱਚ ਆਉਣ ਉੱਤੇ ਮੌਕੇ ਉੱਪਰ ਹੀ ਵਹਾ ਦਿੱਤਾ ਗਿਆ। ਖੇਤੀਬਾੜੀ ਵਿਭਾਗ ਦੀ ਬਲਾਕ ਪੱਧਰੀ ਟੀਮ ਵਿੱਚ ਡਾ:ਨਵਦੀਪ ਸਿੰਘ ਜੌੜਾ ਬਲਾਕ ਖੇਤੀਬਾੜੀ ਅਫ਼ਸਰ ਬਾਘਾਪੁਰਾਣਾ, ਡਾ: ਮਨਦੀਪ ਸਿੰਘ, ਡਾ. ਧਰਮਵੀਰ ਸਿੰਘ, ਡਾ. ਹਰਿੰਦਰਪਾਲ ਸ਼ਰਮਾ ਖੇਤੀਬਾੜੀ ਵਿਕਾਸ ਅਫ਼ਸਰ, ਸ਼ਮਸ਼ੇਰ ਸਿੰਘ ਏ.ਐਸ.ਆਈ, ਹਰਜੀਤ ਸਿੰਘ ਹੈਡ ਕਾਂਸਟੇਬਲ, ਲਵਪ੍ਰੀਤ ਸਿੰਘ ਹੈੱਡ ਕਾਂਸਟੇਬਲ, ਸੰਦੀਪ ਸਿੰਘ ਪਟਵਾਰੀ, ਨਰਦੇਵ ਸਿੰਘ ਬੀ.ਟੀ.ਐਮ, ਜਸਵੀਰ ਸਿੰਘ ਅਤੇ ਗੁਰਮੁੱਖ ਸਿੰਘ ਏ.ਟੀ.ਐਮ ਸ਼ਾਮਲ ਸਨ।
ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਥੇ ਸਮੇਂ ਤੇ ਹੀ ਝੋਨੇ ਦੀ ਲਵਾਈ ਕਰਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ।