ਫੈਸ਼ਨ ਡਿਜਾਈਨਿੰਗ, ਫਾਸਟ ਫੂਡ, ਬੇਕਰੀ ਦੇ ਖੇਤਰ ਵਿੱਚ ਰੁਚੀ ਰੱਖਣ ਵਾਲੇ ਨੌਜਵਾਨ 19 ਜੂਨ ਤੱਕ ਕਰਨ ਸੰਪਰਕ
ਮੋਗਾ, 13 ਜੂਨ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਬੁਟੀਕ, ਫੈਸ਼ਨ ਡਿਜਾਈਨਿੰਗ, ਫਾਸਟ ਫੂਡ ਅਤੇ ਬੇਕਰੀ ਦੇ ਖੇਤਰ ਵਿੱਚ ਸਵੈ-ਰੋਜ਼ਗਾਰ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਹਿੱਤ ਇੱਕ ਵਿਲੱਖਣ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਦੇ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਉਮਰ 17 ਤੋਂ 40 ਸਾਲ ਨੂੰ ਵਿਸ਼ਾ ਮਾਹਿਰਾਂ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਉਪਰੰਤ ਬੁਟੀਕ ਫੈਸ਼ਨ ਡਿਜਾਈਨਿੰਗ ਅਤੇ ਫਾਸਟ ਫੂਡ ਬੇਕਰੀ ਦੇ ਖੇਤਰ ਵਿੱਚ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਵੀ ਕੀਤੀ ਜਾਵੇਗੀ। ਆਮ ਤੌਰ ਉੱਪਰ ਇਹ ਸੁਵਿਧਾਵਾਂ ਬੈਂਕਾਂ ਪਾਸੋਂ ਲੋਨ ਜਰੀਏ ਦਿੱਤੀਆਂ ਜਾਂਦੀਆਂ ਹਨ ਪ੍ਰੰਤੂ ਸਰਕਾਰੀ ਸਕੀਮ ਤਹਿਤ ਇਸ ਟ੍ਰੇਨਿੰਗ ਤੋਂ ਬਾਅਦ ਨੌਜਵਾਨ ਬਿਨ੍ਹਾਂ ਕੋਈ ਲੋਨ ਲਏ ਆਪਣਾ ਕਾਰੋਬਾਰ ਸਰਕਾਰੀ ਸਹਾਇਤਾ ਪ੍ਰਾਪਤ ਕਰਕੇ ਚਲਾ ਸਕਦਾ ਹੈ।
ਇਸ ਪ੍ਰੋਗਰਾਮ ਦਾ ਉਦੇਸ਼ ਬੇਰੋਜ਼ਗਾਰੀ ਨਾਲ ਜੂਝ ਰਹੇ, ਪ੍ਰੰਤੂ ਉਤਸ਼ਾਹੀ ਅਤੇ ਹੁਨਰਮੰਦ ਕਾਮਿਆਂ ਦੀ ਮੱਦਦ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਲੈ ਕੇ ਜਾਣਾ ਹੈ। ਇਹ ਪ੍ਰੋਗਰਾਮ ਆਪਣੇ ਆਪ ਵਿੱਚ ਖਾਸ ਪ੍ਰੋਗਰਾਮ ਇਸ ਕਰਕੇ ਹੈ ਕਿ ਨੌਜਵਾਨਾਂ ਨੂੰ ਕੰਮ ਦੀ ਸਿਖਲਾਈ ਵੀ ਦਿੱਤੀ ਜਾਵੇਗੀ, ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਅਤੇ ਜਿੱਥੇ ਵੀ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਹੁੰਦੇ ਹਨ ਉਹ ਜਗ੍ਹਾ ਦਾ ਵੀ ਪ੍ਰਬੰਧ ਸੰਭਵਤਾ ਅਨੁਸਾਰ ਕਰਵਾ ਕੇ ਦਿੱਤਾ ਜਾਵੇਗਾ। ਜਿਹੜੇ ਨੌਜਵਾਨ ਉਕਤ ਕਿੱਤਿਆਂ ਵਿੱਚ ਮੁਹਾਰਤ ਰੱਖਦੇ ਹਨ ਅਤੇ ਆਪਣਾ ਕਾਰੋਬਾਰ ਸਥਾਪਿਤ ਕਰਨਾ ਚਹੁੰਦੇ ਹਨ ਉਹ ਵੀ ਸੰਪਰਕ ਕਰ ਸਕਦੇ ਹਨ। ਉਕਤ ਖੇਤਰਾਂ ਵਿੱਚ ਆਪਣਾ ਧੰਦਾ ਚਲਾਉਣ ਦੇ ਚਾਹਵਾਨ ਨੌਜਵਾਨ ਮਿਤੀ 19 ਜੂਨ, 2023 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚਿਨਾਬ ਜਿਹਲਮ ਬਿਲਡਿੰਗ ਤੀਜੀ ਮੰਜ਼ਿਲ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਦੇ ਕਮਰਾ ਨੰਬਰ ਸੀ-313 (ਏ) ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਮੋਬਾੲਲ ਨੰਬਰ 94651-59813, 70739-11757 ਤੇ ਸੰਪਰਕ ਵੀ ਕਰ ਸਕਦੇ ਹਨ।
ਨੌਜਵਾਨਾਂ ਨੂੰ ਇਸ ਵਿਲੱਖਣ ਪ੍ਰੋਗਰਾਮ ਦਾ ਲਾਹਾ ਜਰੂਰ ਲੈਦਾ ਚਾਹੀਦਾ ਹੈ।